ਦੇਸ਼ ਦੇ ਜਿਸ ਖਿੱਤੇ ਅੰਦਰ ਇਕ ਹਰੇ-ਭਰੇ ਦਰੱਖ਼ਤ , ਜਿਸ ਨੇ ਅਨੇਕਾਂ ਮਨੁੱਖੀ ਜ਼ਿੰਦਗੀਆਂ ਨੂੰ 'ਮੌਤ ਦੀ ਆਗੋਸ਼' ਵਿੱਚ ਜਾਣ ਤੋਂ ਰੋਕਿਆ ਹੋਵੇ ਤੇ ਇਨਸਾਨਾਂ ਨੂੰ ਆਕਸੀਜਨ ਰੂਪੀ ਜ਼ਿੰਦਗੀ ਬਖ਼ਸ਼ੀ ਹੋਵੇ , ਉੱਥੇ ਹੀ ਉੱਥੋਂ ਦੇ ਬਸ਼ਿੰਦਿਆਂ ਵੱਲੋਂ ਉਸ ਦੀ ਕੀਮਤ ਮਹਿਜ਼ ਸਾਢੇ 16 ਰੁਪਏ ਪਾਈ ਹੋਵੇ ਤੇ ਫਿਰ ਲੱਖਾਂ ਹੀ ਪੁੱਤਾਂ ਵਾਂਗੂ ਪਾਲੇ ਹੋਏ ਉਨ੍ਹਾਂ ਹੀ ਦਰੱਖਤਾਂ ਦਾ ਕਤਲੇਆਮ ਕਰਨ ਦੀ ਖੁੱਲ੍ਹ 'ਪੈਸੇ ਦੇ ਸੁਦਾਗਰਾਂ' ਨੂੰ ਦਿੱਤੀ ਹੋਵੇ , ਉਸ ਧਰਤੀ ਦੇ ਵਾਰਸਾਂ ਨੂੰ ਅਸੀਂ ਕਿਸ ਨਾਮ ਨਾਲ ਪੁਕਾਰੀਏ ਕੁਝ ਵੀ ਸਮਝ ਨਹੀਂ ਪੈਂਦਾ , ਜਿੱਥੇ ਅਸੀਂ ਕਚਨਾਰ ਬਨਸਪਤੀ ਨੂੰ ਉਜਾੜਨ ਦੇ ਦੋਸ਼ੀ ਹਾਂ ਉੱਥੇ ਹੀ ਅੰਮ੍ਰਿਤ ਵਰਗੇ 'ਪਾਣੀ ਦੇ ਕਾਤਲ' ਵੀ ਅਖਵਾਵਾਂਗੇ , ਸੋਚਦਿਆਂ ਹੀ ਰੂਹ ਕੰਬ ਜਾਂਦੀ ਹੈ ਕਿ ਜੇਕਰ ਅਸੀਂ ਲਗਭਗ 40 ਸਾਲਾਂ ਦੇ ਵਕਫ਼ੇ ਦੌਰਾਨ ਧਰਤੀ ਹੇਠਲੇ ਘਟ ਰਹੇ ਪਾਣੀ ਦੀ ਰਫ਼ਤਾਰ ਨੂੰ ਪ੍ਰਤੀ ਸਾਲ 2 ਫੁੱਟ ਤਕ ਜਾਰੀ ਰੱਖਣ ਤੋਂ ਇਲਾਵਾ ਹਰ ਪਿੰਡ ਤੇ ਸਹਿਰ ਅੰਦਰੋਂ ਤਕਰੀਬਨ 60 ਹਜ਼ਾਰ ਲੀਟਰ ਪਾਣੀ ਰੋਜ਼ਾਨਾ ਛੱਪੜਾਂ ਸੁੱਟਣ ਦੀ ਪਿਰਤ ਜਾਰੀ ਰੱਖੀ ਤਾਂ ਸਾਡੀ ਆਉਣ ਵਾਲੀ ਨਸਲ ਦਾ ਭਵਿੱਖ ਕੀ ਹੋਵੇਗਾ ਕਹਿਣ ਦੀ ਲੋੜ ਨਹੀਂ , ਅਸੀਂ ਆਪ ਖ਼ੁਦ ਆਪਣੀ ਜ਼ਰਖੇਜ਼ ਜ਼ਮੀਨ ਅੰਦਰ ਖ਼ਤਰਨਾਕ ਰਸਾਇਣਾਂ ਨੂੰ ਮਿਲਾ ਕੇ ਪੰਜਾਬ ਨੂੰ ਇਕ ਜ਼ਹਿਰੀਲੇ ਮਾਰੂਥਲ ਬਣਨ ਵੱਲ ਤੋਰ ਰਹੇ ਹਾਂ
ਕਾਫੀ ਸਮਾਂ ਪਹਿਲਾਂ ਹੋਰਨਾ ਭਾਰਤੀ ਸੂਬਿਆਂ ਦੇ ਰੇਲਵੇ ਸਟੇਸ਼ਨਾਂ ਤੇ ਪਾਣੀ ਵੇਚਣ ਵਾਲਿਆਂ ਦੇ ਹੋਕੇ ਉੱਥੋਂ ਦੇ ਧਰਤੀ ਹੇਠਲੇ ਪਾਣੀ ਦੀ ਅਸਲ ਸਥਿਤੀ ਨੂੰ ਬਿਆਨ ਕਰਦੇ ਸਨ ਕਿ ਦੂਰ ਦੁਰਾਡੇ ਰੋਹੀ ਬੀਆਬਾਨ , ਨੁਕੀਲੇ ਤਪਦੇ ਪਹਾੜਾਂ ਤੇ ਰੇਤ ਦੇ ਡਰਾਵਣੇ ਟਿੱਬਿਆਂ ਅੰਦਰ ਜੇਕਰ ਇਨਸਾਨ ਨੂੰ ਪਾਣੀ ਦੀ ਪਿਆਸ ਲੱਗੇ ਤਾਂ ਇੱਕ ਬੂੰਦ ਵੀ ਮਿਲਣੀ ਨਾਮੁਮਕਿਨ ਹੈ , ਕਈ ਵਾਰ ਇਨ੍ਹਾਂ ਹਾਲਤਾਂ ਵਿੱਚ ਬਹੁਤੇ ਇਨਸਾਨ ਇਸ ਸੰਸਾਰ ਤੋਂ ਪਾਣੀ ਨੂੰ ਤਰਸਦੇ ਕੂਚ ਕਰ ਚੁੱਕੇ ਹਨ , ਕਹਿੰਦੇ ਇੱਕ ਵਾਰ ਕੋਈ ਜਿਊਂਦਾ ਜਾਗਦਾ ਇਨਸਾਨ ਰਾਜਸਥਾਨ ਦੇ ਮਾਰੂਥਲ 'ਚ ਰਾਹ ਭਟਕ ਕੇ ਰੇਤ ਦੇ ਟਿੱਬਿਆਂ ਅੰਦਰ ਪਾਣੀ ਖੁਣੋਂ ਸਦਾ ਲਈ ਗੁਆਚ ਗਿਆ ਮੁੜ ਕੇ ਉੱਧਰ ਨੂੰ ਕਿਸੇ ਨੇ ਜਾਣਾ ਤਾਂ ਦੂਰ ਦੀ ਗੱਲ ਝਾਕਣਾ ਵੀ ਮੁਨਾਸਬ ਨਾ ਸਮਝਿਆ , ਜੇਕਰ ਮਈ , ਜੂਨ ਦੇ ਮਹੀਨੇ ਮਹਾਰਾਸ਼ਟਰ , ਕਰਨਾਟਕ , ਆਂਧਰਾ ਪ੍ਰਦੇਸ਼ , ਬੰਗਾਲ ਤੇ ਤਾਮਿਲਨਾਡੂ ਦੇ ਉਨ੍ਹਾਂ ਹਿੱਸਿਆਂ ਦਾ ਗੇੜਾ ਕੱਢੀਏ ਜਿੱਥੇ ਪਾਣੀ ਨੂੰ ਰੱਬ ਵਾਂਗ ਪੂਜਿਆ ਜਾਂਦੈ ਤਾਂ ਪਾਣੀ ਦੀ ਕਦਰ ਸ਼ਾਇਦ ਸਾਡੀ ਸਮਝ ਵਿੱਚ ਆ ਜਾਵੇ , ਦੇਸ਼ ਦੇ ਕਈ ਹਿੱਸੇ ਅਜਿਹੇ ਵੀ ਨੇ ਜਿੱਥੇ ਪਾਣੀ ਨੂੰ ਲੁੱਟਿਆ ਜਾਂਦੈ ਤੇ ਪਾਣੀ ਖਾਤਰ ਕਿਸੇ ਦੀ ਜਾਨ ਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ
ਮੱਧ ਪ੍ਰਦੇਸ਼ ਦਾ ਇੱਕ ਹਿੱਸਾ ਅਜਿਹਾ ਵੀ ਹੈ ਜਿੱਥੇ ਸ਼ਹਿਰ ਤੋਂ ਬਹੁਤ ਦੂਰ ਪਿੰਡਾਂ ਅੰਦਰ ਪਾਣੀ ਦੀ ਗੱਡੀ ਆਉਣ ਤੇ ਢੋਲ ਢਮੱਕੇ ਨਾਲ ਉਸਦਾ ਸੁਆਗਤ ਕੀਤਾ ਜਾਂਦਾ ਹੈ ਤੇ ਫਿਰ ਮਾਰਾਮਾਰੀ ਰਾਹੀਂ ਪਾਣੀ ਨੂੰ ਇੱਕ ਦੂਜੇ ਤੋਂ ਖੋਹਿਆ ਜਾਂਦੈ , ਬਹੁਤ ਥਾਈਂ ਇਹ ਵਰਤਾਰਾ ਅੱਜ ਵੀ ਜਾਰੀ , ਇਸ ਦੇ ਮੁਕਾਬਲੇ ਤੇ ਕੁਦਰਤ ਨੇ ਪੰਜਾਬ ਦੀ ਰੰਗਲੀ ਧਰਤੀ ਨੂੰ ਜ਼ਰਖੇਜ਼ ਜ਼ਮੀਨ ਦੇ ਨਾਲ-ਨਾਲ ਅੰਮ੍ਰਿਤ ਵਰਗਾ ਪਾਣੀ ਵੀ ਦਿੱਤਾ , ਪੰਜਾਬ ਦੇ ਤਿੰਨਾਂ ਖਿੱਤਿਆਂ ਮਾਝਾ , ਮਾਲਵਾ ਤੇ ਦੋਆਬਾ ਤੋਂ ਬਾਅਦ ਪੁਆਧ ਦੇ ਹਿੱਸੇ ਅੰਦਰ ਕਈ ਇਲਾਕਿਆਂ ਦਾ ਮਿੱਠਾ ਪਾਣੀ ਜਿਸ ਨੂੰ ਪੀ ਕੇ ਇਨਸਾਨੀ ਜਿਸਮ ਅੰਦਰ 'ਸਰੂਰ' ਦੀਆਂ ਬੁਛਾੜਾਂ ਖਿੜ ਜਾਂਦੀਆਂ ਸਨ ਤੇ ਪਾਣੀ ਦੇ ਚਸ਼ਮਿਆਂ ਵਿਚੋਂ ਅੰਮ੍ਰਿਤ ਦੀ ਵਰਖਾ ਹੋਇਆ ਕਰਦੀ ਸੀ , ਚਿੱਟੀ ਕਪਾਹ ਦੀਆਂ ਫੁੱਟੀਆਂ ਵਰਗਾ ਪਾਣੀ ਮਨੁੱਖ ਨੂੰ ਕੁਦਰਤ ਦਾ ਕਦਰਵਾਨ ਹੋਣ ਦੀਆਂ ਦੁਹਾਈਆਂ ਪਾਉਂਦਾ ਜਾਪਦਾ ਸੀ , ਪਾਣੀ ਨੂੰ ਪਵਿੱਤਰ ਮੰਨ ਕੇ ਇਨਸਾਨ ਉਸ ਦੀ ਝੂਠੀ ਸਹੁੰ ਖਾਣ ਤੋਂ ਵੀ ਖ਼ੌਫ ਮੰਨਦਾ ਸੀ , ਸ਼ਾਇਦ ਉਸ ਸਮੇਂ ਸਾਨੂੰ ਅੱਜ ਜਿੰਨਾ ਗਿਆਨ ਹੀ ਨਹੀਂ ਸੀ ਇਸੇ ਲਈ ਅਸੀਂ ਪਾਣੀ ਦੇ ਕਦਰਦਾਨ ਸੀ
ਅਫ਼ਸੋਸ ਹੁਣ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਰੇਲਵੇ ਸਟੇਸ਼ਨ ਤੇ ਹੋਰ ਥਾਂਵਾਂ ਉੱਤੇ ਵੀ ਪਾਣੀ ਨੂੰ ਖਰੀਦਣ ਦੇ ਲਈ ਕਤਾਰਾਂ ਲੱਗਦੀਆਂ ਹਨ ਤੇ ਉੱਚੀ ਆਵਾਜ਼ ਵਿੱਚ ਲੱਗ ਰਹੇ ਹੋਕੇ ਇੱਥੋਂ ਦੀ ਆਉਣ ਵਾਲੀ 'ਦਰਦ ਕਹਾਣੀ' ਨੂੰ ਸ਼ਰ੍ਹੇਆਮ ਬਿਆਨਦੇ ਹਨ , ਕੋਈ ਸਮਝੇ ਜਾਂ ਨਾ , ਕਿਸੇ ਨੂੰ ਕੋਈ ਫ਼ਰਕ ਨਹੀਂ ਪਰ ਹਾਲਾਤ ਜਿਸ 'ਭਿਆਨਕ ਹੋਣੀ' ਵੱਲ ਇਸ਼ਾਰਾ ਕਰਦੇ ਹਨ ਉਹ ਕਿਸੇ ਤੋਂ ਲੁਕੀ ਵੀ ਨਹੀਂ ਹੈ , ਧਰਤੀ ਦਾ ਜਿਸਮ ਪਾੜ ਕੇ 450 ਫੁੱਟ ਤੱਕ ਕੀਤੇ ਸਬਮਰਸੀਬਲਾਂ ਦੇ ਬੋਰਾਂ ਅੰਦਰੋਂ ਹੁਣ ਉਹ ਮਹਿਕ ਨਹੀਂ ਆਉਂਦੀ ਜੋ ਕਈ ਵਰ੍ਹੇ ਪਹਿਲਾਂ ਇਕ ਕਿਸਾਨ ਵੱਲੋਂ ਗ਼ਰੀਬੀ ਨਾਲ ਜੂਝਦਿਆਂ 70 ਫੁੱਟ ਤੱਕ ਕੀਤੇ ਬੋਰ ਵਿਚੋਂ ਆਉਂਦੀ ਸੀ , ਪੰਜਾਬ ਦੇ ਬਹੁਤ ਸਾਰੇ ਇਲਾਕੇ ਇਸ ਸਮੇਂ ਖਤਰੇ ਦੇ ਜੋਨ ਵਿੱਚ ਪ੍ਰਵੇਸ਼ ਕਰ ਚੁੱਕੇ ਹਨ ਕਈ ਹਲਕਿਆਂ ਅੰਦਰ ਧਰਤੀ ਹੇਠਲੇ ਪਾਣੀ ਦੀ ਸੱਤਾ ਦਾ ਲੇਬਲ 165 ਫੁੱਟ ਤਕ ਜਾ ਪਹੁੰਚਿਆ ਹੈ , ਉਸ ਵਿੱਚੋਂ ਵੀ ਸੜੇਹਾਂਦ ਮਾਰਦੀ ਬਦਬੂ ਤੇ ਜਿਲਬ ਦੀ ਪਕੜ ਸਾਫ਼ ਵਿਖਾਈ ਦਿੰਦੀ ਹੈ ਕਿ ਕਿੰਝ ਅਸੀਂ ਬੇਰਹਿਮੀ ਨਾਲ ਕੰਕਰੀਟ ਦੇ ਜੰਗਲ ਉਸਾਰਦਿਆਂ-ਉਸਾਰਦਿਆਂ 'ਅੰਮ੍ਰਿਤ ਦਾ ਕਤਲ' ਕਰ ਦਿੱਤਾ , ਜਿਸ ਦਾ ਦੋਸ਼ੀ ਕੋਈ ਹੋਰ ਨਹੀਂ ਸਗੋਂ ਅਸੀਂ ਆਪ ਹਾਂ
ਸਾਨੂੰ ਤਾਂ ਕੁਦਰਤ ਨੇ ਪੰਜ ਪਾਣੀਆਂ ਦੇ ਮਾਲਕ ਬਣਾ ਦਿੱਤਾ ਸੀ ਪਰ ਅਸੀਂ ਇਕ ਦੇ ਵੀ ਨਾ ਰਹੇ , 1970 ਤੋਂ ਹਰੇ ਇਨਕਲਾਬ ਦੀ ਸ਼ੁਰੂਆਤ ਫੈਕਟਰੀਆਂ ਅੰਦਰੋਂ ਨਿਕਲ ਰਹੇ ਜ਼ਹਿਰੀਲੇ ਇਨਸਾਨੀ ਜ਼ਿੰਦਗੀਆਂ ਨੂੰ ਮੌਤ ਦੇ ਦਰਵਾਜ਼ੇ ਤੱਕ ਲੈ ਕੇ ਜਾਣ ਵਾਲੇ ਜ਼ਹਿਰੀਲੇ ਰਸਾਇਣ , ਅੰਨ੍ਹੇਵਾਹ ਬੇਰਹਿਮੀ ਨਾਲ ਪੁੱਤਾਂ ਵਾਂਗੂ ਪਾਲੇ ਦਰੱਖਤਾਂ ਦੀ ਕਟਾਈ ਜਾਂ ਸਾਡੀ ਮੂਰਖਤਾ ਦੀ ਸਿਖਰ , ਦੋਸ਼ੀ ਕਿਸ ਨੂੰ ਮੰਨੀਏ ਫ਼ੈਸਲਾ ਅਸੀਂ ਆਪ ਕਰਨਾ ਹੈ , ਕਿੰਨੇ ਖ਼ੁਦਗਰਜ਼ ਤੇ ਜ਼ਾਲਮ ਹੋ ਚੁੱਕੇ ਹਾਂ ਅਸੀਂ ਧਰਤੀ ਦੀ ਹਿੱਕ ਪਾੜ ਕੇ ਉਸ ਵਿਚ ਯੂਰੀਏ ਵਰਗੀ ਰਸਾਇਣ ਨੂੰ ਮਿਲਾ ਕੇ ਪਤਾ ਨੀ ਕੀ ਸਿੱਧ ਕਰਨਾ ਚਾਹੁੰਦੇ ਹਾਂ , ਫੈਕਟਰੀਆਂ ਅੰਦਰ ਮਨੁੱਖੀ ਜ਼ਿੰਦਗੀਆਂ ਨੂੰ ਤਬਾਹ ਕਰਨ ਵਾਲੇ ਰਸਾਇਣਾਂ ਦੇ 10 ਇੰਚੀ ਪਾਇਪ ਧਰਤੀ ਦੀ ਹਿੱਕ ਵਿੱਚ ਸੁੱਟ ਕੇ ਉਸ ਨੂੰ 'ਅੱਗ ਦੇ ਭਾਂਬੜ ਬਣਨ ਲਈ ਮਜਬੂਰ' ਕਰਨ ਦੀ ਕਹਾਣੀ ਕਿਸੇ ਦੀ ਸਮਾਜ ਵਿੱਚ ਕਿਉਂ ਨਹੀਂ ਆ ਰਹੀ , ਆਖਰ 'ਪੈਸੇ ਰੂਪੀ ਗਲਫਤ' ਦੀ ਚਾਦਰ ਸਾਡੀਆਂ ਅੱਖਾਂ ਦੇ ਸਾਹਮਣਿਓਂ ਕਦ ਹਟੇਗੀ , ਪੰਜਾਬੀਓ ਹੁਣ ਖ਼ੈਰ ਬਹੁਤਾ ਸਮਾਂ ਨਹੀਂ ਲੱਗਣਾ , ਪਾਣੀ ਦੇ ਖ਼ਤਮ ਹੋਣ ਦੀ ਕਹਾਣੀ ਨੇੜੇ ਆ ਪਹੁੰਚੀ ਹੈ , ਛੇਤੀ ਹੀ ਪੰਜਾਬ ਜ਼ਹਿਰੀਲਾ ਮਾਰੂਥਲ ਬਣਨ ਵੱਲ ਵਧ ਰਿਹਾ ਹੈ , ਏਅਰਪੋਰਟ , ਰੇਲਵੇ ਸਟੇਸ਼ਨ , ਬੱਸ ਸਟੈਂਡ , ਬਾਜ਼ਾਰਾਂ ਤੇ ਦੁਕਾਨਾਂ ਅੰਦਰ 'ਪੰਜਾਂ ਪਾਣੀਆਂ ਦੇ ਮਾਲਕਾਂ' ਨੂੰ ਬੋਤਲਾਂ ਵਿੱਚ ਭਰੇ ਪਾਣੀ ਦੀ ਖ਼ਰੀਦ ਕਰਦਿਆਂ ਆਮ ਵੇਖਿਆ ਜਾ ਸਕਦਾ ਹੈ , ਜੇ ਅਸੀਂ ਸੱਚੇ ਮਨੋਂ ਅੰਮ੍ਰਿਤ ਰੂਪੀ ਪਾਣੀ ਦੀ ਕਦਰ ਕਰਨਾ ਚਾਹੁੰਦੇ ਹਾਂ ਤਾਂ ਕਿਸੇ ਵੀ ਰੂਪ ਵਿੱਚ ਪਾਣੀ ਦੀ ਹੋ ਰਹੀ ਦੁਰਵਰਤੋਂ ਨੂੰ ਰੋਕ ਕੇ ਆਪਣਾ ਫ਼ਰਜ਼ ਜ਼ਰੂਰ ਨਿਭਾਓ , ਜੇਕਰ ਫਿਰ ਵੀ ਸਾਡੀ ਸਮਝ ਵਿੱਚ ਕੁਝ ਨਾ ਆਵੇ ਤਾਂ ਰਾਜਸਥਾਨ ਦੇ ਉਸ 'ਬੰਦੇ ਖਾਣੇ' ਭਿਆਨਕ ਮਾਰੂਥਲ ਨੂੰ ਇੱਕ ਵਾਰ ਯਾਦ ਜ਼ਰੂਰ ਕਰੋ ਤਾਂ ਸਾਨੂੰ ਆਪਣੇ ਆਪ ਪਾਣੀ ਦੀ ਕਦਰ ਪਤਾ ਲੱਗ ਜਾਵੇਗੀ
-
ਮਨਜਿੰਦਰ ਸਿੰਘ ਸਰੌਦ, ਮੁੱਖ ਪ੍ਰਚਾਰ ਸਕੱਤਰ ( ਵਿਸ਼ਵ ਪੰਜਾਬੀ ਲੇਖਕ ਮੰਚ )
manjindersinghkalasaroud@gmail.com
9463463136
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.