ਯਾਹੀਆ ਖਾਨ ਤੇ ਲਖਪਤ ਰਾਏ ਨੇ ਸਿੱਖਾਂ ਨੂੰ ਦਹਿਸ਼ਤਜ਼ਦਾ ਕਰਨ ਹਿੱਤ ਲਾਹੌਰ ਸ਼ਹਿਰ ਵਿਚ ਚਰਖੜੀਆਂ ਗੱਡ ਦਿੱਤੀਆਂ ਸਨ। ਸਿੱਖਾਂ ਦੇ ਸਿਰਾਂ ਦੇ ਮੁੱਲ ਪੁਆ ਦਿੱਤੇ ਤੇ ਕਾਹਨੂੰਵਾਣ(ਗੁਰਦਾਸਪੁਰ) ਛੰਭ 'ਚੋਂ ਅਣਖ਼ੀ ਲੋਕਾਂ ਦੇ ਸਿਰ ਗੱਡਿਆਂ ਵਿਚ ਲੱਦ ਕੇ ਵੱਡਾ ਢੇਰ ਲੁਆ ਦਿੱਤਾ।
ਚਰਖੜੀ ਜਿਸ ਦੇ ਕਈ ਹੋਰ ਵੀ ਅਰਥ ਸਨ ਇੱਕ ਹੀ ਅਰਥ ਵਿਚ ਸਿਮਟ ਗਈ।
ਅੱਜ ਵੀ ਵਕਤ ਚਰਖੜੀ ਉਤੇ ਚਾੜ੍ਹ ਦਿੱਤਾ ਗਿਆ ਹੈ। ਇਸੇ ਵਾਸਤੇ ਗੁਰਭਜਨ ਗਿੱਲ ਦੀ ਕਾਵਿ ਪੁਸਤਕ ਲਾਹੌਰੀ ਚਰਖ਼ੜੀ ਦੀ ਤਰਜਮਾਨੀ ਕਰਦੀ ਹੈ। ਇਹ ਕਾਵਿ ਪੁਸਤਕ ਅਮਰੀਕਾ ਵੱਸਦੀ ਪੰਜਾਬੀ ਲੇਖਕ ਪਰਵੇਜ਼ ਸੰਧੂ ਦੀ ਬੇਟੀ ਸਵੀਨਾ ਦੀ ਯਾਦ ਵਿੱਚ ਸਵੀਨਾ ਪ੍ਰਕਾਸ਼ਨ ਕੈਲੀਫੋਰਨੀਆ ਯੂਐਸਏ ਅਤੇ ਸਾਤਵਿਕ ਬੁੱਕਸ ਸਿਟੀ ਸੈਂਟਰ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਕਰਕੇ ਸਿੰਘ ਬ੍ਰਦਰਜ਼ ਅੰਮ੍ਰਿਤਸਰ ਵੱਲੋਂ ਵਿਤਰਿਤ ਕੀਤੀ ਗਈ ਹੈ। ਵਧੀਆ ਦਿੱਖ ਵਾਲੀ ਤੇ ਸਵਰਨਜੀਤ ਸਵੀ ਦੇ ਕਵਰ ਡਿਜ਼ਾਈਨ ਵਾਲੀ ਇਸ 232 ਪੰਨਿਆਂ ਦੀ ਪੁਸਤਕ ਦੀ ਕੀਮਤ ਕੇਵਲ 300 ਰੁਪਏ ਰੱਖੀ ਗਈ ਹੈ।
ਗੁਰਭਜਨ ਨੇ ਆਪਣੀ ਇਹ ਪੁਸਤਕ ਗੁਰੂ ਤੇਗ ਬਹਾਦਰ ਸਾਹਿਬ ਦੀ ਚੌਥੀ ਪ੍ਰਕਾਸ਼ ਸ਼ਤਾਬਦੀ ਲਈ ਵਿਸ਼ੇਸ਼ ਸਮਰਪਣ ਕੀਤੀ ਹੈ।
ਗੁਰਭਜਨ ਗਿੱਲ ਪੰਜਾਬੀ ਸ਼ਾਇਰੀ ਦਾ ਸਿਰਮੌਰ ਹਸਤਾਖ਼ਰ ਹੈ। ਉਸ ਨੇ ਡੇਢ ਦਰਜਨ ਕਾਵਿ / ਗ਼ਜ਼ਲ /ਰੁਬਾਈ ਅਤੇ ਗੀਤ ਸੰਗ੍ਰਹਿ ਪ੍ਰਕਾਸ਼ਿਤ ਕੀਤੇ ਨੇ ਜੋ ਕਿ ਪੰਜਾਬੀਆਂ ਵਿੱਚ ਹਰਮਨ ਹੋਏ ਹਨ।
ਮੈਂ ਵੀ ਉਸ ਦੀਆਂ ਚੋਣਵੀਆਂ ਗ਼ਜ਼ਲਾਂ ਦਾ ਸੰਗ੍ਰਹਿ ਤਾਰਿਆਂ ਦੇ ਨਾਲ ਗੱਲਾਂ ਕਰਦਿਆਂ ਸਾਲ 2014 ਵਿੱਚ ਸੰਪਾਦਿਤ ਕੀਤਾ ਸੀ ਜਿਸ ਦੇ ਮੁੱਖ ਬੰਦ ਵਿੱਚ ਮੈਂ ਉਸ ਨੂੰ ਪੰਜਾਬੀ ਦਾ ਵਾਰਸ ਕਿਹਾ ਸੀ। ਜਿਸ ਤਰ੍ਹਾਂ ਦੀ ਕਾਵਿ ਖ਼ੂਬੀ ਤੇ ਲੋਕਾਂ ਵਿੱਚ ਖਲੋ ਕੇ ਲੋਕਾਂ ਦੇ ਦੁੱਖੜੇ ਹੀਰ ਰਾਂਝੇ ਦੀ ਪ੍ਰਥਾਇ ਵਾਰਸ ਨੇ ਸੁਣਾਏ ਉਹੀ ਅੰਦਾਜ਼ ਗੁਰਭਜਨ ਗਿੱਲ ਨੇ ਵੀ ਅਪਣਾਇਆ ਹੈ।
ਗੁਰਭਜਨ ਗਿੱਲ ਨੇ ਜਦੋਂ ਤੋਂ ਸਾਹਿੱਤਕ ਹੋਸ਼ ਸੰਭਾਲੀ ਹੈ ਉਹ ਪੰਜਾਬੀ ਲੋਕਾਂ ਦੇ ਦੁਖ ਸੁਖ ਨਾਲ ਵਿਚਰ ਰਿਹਾ ਹੈ। ਅਤਿਵਾਦ ਵਿੱਚ ਜਦ ਸਮਾਂ ਚਰਖਡ਼ੀ ਚਾਡ਼੍ਹ ਦਿੱਤਾ ਗਿਆ ਸੀ ਤਾਂ ਗਿੱਲ ਦੀਆਂ ਗ਼ਜ਼ਲਾਂ ਗੀਤਾਂ ਅਤੇ ਕਵਿਤਾਵਾਂ ਨੇ ਸਾਰੀਆਂ ਸਬੰਧਿਤ ਧਿਰਾਂ ਨਾਲ ਕਾਵਿ - ਵਾਰਤਾ ਕੀਤੀ ਸੀ ਤੇ ਉਨ੍ਹਾਂ ਨੂੰ ਖਲਨਾਇਕਾਂ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਸੀ।
ਮਾਦਾ ਭਰੂਣ ਹੱਤਿਆ ਸਬੰਧੀ ਉਸ ਦੀਆਂ ਕਵਿਤਾਵਾਂ ਤੇ ਗੀਤ ਘਰ ਘਰ ਪਹੁੰਚੇ ਸਨ। ਛੋਟੇ ਜਿਹੇ ਪਿੰਡ ਬਸੰਤ ਕੋਟ ਗੁਰਦਾਸਪੁਰ ਦਾ ਇਹ ਨਿਮਨ ਕਿਸਾਨ ਦਾ ਮੁੰਡਾ ਏਨਾ ਸਮਰੱਥ ਕਵੀ ਬਣ ਜਾਵੇਗਾ ਇਹ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ।
ਇਸ ਨਵੀਂ ਕਾਵਿ ਪੁਸਤਕ ਚਰਖ਼ੜੀ ਵਿਚ ਕੀ ਹੈ ? ਜਿਸ ਦੀ ਏਨੀ ਸਾਰਥਿਕ ਚਰਚਾ ਹੈ ? ਦੇ ਉੱਤਰ ਵਿੱਚ ਮੈਂ ਕੇਵਲ ਕੁਝ ਸ਼ਬਦ ਕਹਿਣੇ ਹਨ ਬਾਕੀ ਇਸ ਸੰਗ੍ਰਹਿ ਦੀ ਕਵਿਤਾ ਬਾਰੇ ਬਹੁਤੇ ਪੰਡਤਾਉ ਸਮਾਲੋਚਕਾਂ ਦੀ ਲੋੜ ਨਹੀਂ ਕਿਉਂਕਿ ਇਹ ਕਵਿਤਾ ਆਮ ਲੋਕਾਂ ਦੀ ਉਂਗਲ ਫੜ ਕੇ ਆਪ ਹੀ ਉਨ੍ਹਾਂ ਨੂੰ ਵਕਤ ਨੂੰ ਚਰਖੜੀ ਚਡ਼੍ਹਿਆ ਵਿਖਾ ਲਿਆਉਂਦੀ ਹੈ। ਕੇਵਲ ਪੁਸਤਕ ਪੜ੍ਹਨ ਦੀ ਲੋੜ ਹੈ।
ਮੈਨੂੰ ਗੁਰਭਜਨ ਗਿੱਲ ਦੀ ਕਾਵਿ ਮਰਦਾਨਗੀ ਪਸੰਦ ਹੈ ਉਹ ਦਲੇਰੀ ਨਾਲ ਨਿੱਜੀ ਅਹਿਸਾਸ ਨੂੰ ਲੋਕ ਅਹਿਸਾਸ ਵਿਚ ਘੋਲ ਕੇ ਕਵਿਤਾ ਸਿਰਜਦਾ ਹੈ।
ਫਿਰ ਤੁਰ ਕੇ ਮੇਲਾ ਦੇਖਣ ਵਾਲੇ,
ਆਇਆ ਰਾਮ ਗਇਆ ਰਾਮ,
ਰਾਤੋ ਰਾਤ ਜੀਭ ਬਦਲ ਲੈਂਦੇ ਨੇ ।
ਮੈਨੂੰ ਬਹੁਤ ਚੇਤੇ ਆ ਰਹੇ ਨੇ,
ਇਸ ਵੇਲੇ ਖ਼ਾਲਸਾ ਕਾਲਿਜ ਵਾਲੇ ਪ੍ਰੋਫ਼ੈਸਰ ਰਤਨ ਸਿੰਘ ਵਿਰਦੀ,
ਜੋ ਇਸ ਨਸਲ ਬਾਰੇ
ਉਹ ਅਕਸਰ ਕਹਿੰਦੇ,
ਹਰਾਮਜ਼ਾਦੇ ਈਮਾਨ ਦੇ ਬੜੇ ਪੱਕੇ ਹੁੰਦੇ ਨੇ ।
ਈਮਾਨ ਛੱਡ ਸਕਦੇ ਹਨ
ਹਰਾਮਜ਼ਦਗੀ ਨਹੀਂ।
ਤਬਦੀਲੀ ਜ਼ਿੰਦਗੀ ਦਾ ਆਧਾਰ ਹੈ ਪਰ ਇਹ ਤਬਦੀਲੀ ਪੀੜ੍ਹੀਆਂ ਤੋਂ ਪੀੜ੍ਹੀਆਂ ਵਿੱਚ ਐਸਾ ਟੋਆ ਨਾ ਪੁੱਟੇ ਕਿ ਦੋਵੇਂ ਪੀੜ੍ਹੀਆਂ ਚਾਹੁੰਦਿਆਂ ਵੀ ਕਦੇ ਮਿਲ ਨਾ ਸਕਣ।
ਇਸ ਸਬੰਧੀ ਇਸ ਪੁਸਤਕ ਦੀ ਕਵਿਤਾ ਬਦਲ ਗਏ ਮੰਡੀਆਂ ਦੇ ਭਾਅ ਪੜ੍ਹਨਯੋਗ ਹੈ:
ਘਰ ਦੀਆਂ ਗ਼ਰਜ਼ਾਂ ਤੇ ਫ਼ਰਜ਼ਾਂ ਪੂਰਨ ਲਈ,
ਪੱਲੇ ਪੂੰਜੀ ਹਰ ਵੇਲੇ ਥੁੜੀ ਰਹਿੰਦੀ ਹੈ ਸਰਕਾਰ!
ਦੋ-ਪੱਟੇ ਖੜ ਖੜ ਕਰਦੇ,
ਚਿੱਟੇ ਚਾਦਰੇ ਵਾਲਾ ਸਰਦਾਰ ਜਰਨੈਲ ਸਿੰਘ,
ਮੈਲੇ ਪਰਨੇ ਵਾਲਾ ਜੈਲੂ ਕਦੋਂ ਬਣਿਆ?
ਦੋ-ਪੱਟਾ ਚਾਦਰਾ ਸੁੰਗੜ ਕੇ,
ਪਰੋਲੇ ਜਿਹਾ ਪਰਨਾ ਕਦੋਂ ਬਣਿਆ?
ਹੇਠ ਵਿਛੀ ਦਰੀ,
ਕਦੋਂ ਖਿੱਚ ਕੇ ਕੋਈ ਲੈ ਗਿਆ ।
ਪਤਾ ਹੀ ਨਹੀਂ ਲੱਗਿਆ
ਨੰਦੋ ਬਾਜ਼ੀਗਰਨੀ ਦਾ ਕਾਵਿ ਚਿੱਤਰ ਕੇਵਲ ਬਾਜ਼ੀਗਰਾਂ ਦੀ ਵਿਥਿਆ ਹੀ ਨਹੀਂ ਹੈ ਸਗੋਂ ਪੰਜਾਬ ਦੀਆਂ ਸਾਰੀਆਂ ਉਪ-ਜਾਤੀਆਂ ਹੁਣ ਤੀਕ ਇੰਜ ਹੀ ਰੀਂਗਦੀਆਂ ਰਹੀਆਂ ਨੇ। ਨੰਦੋ ਦਾ ਜੀਵਨ ਪੰਜਾਬ ਦਾ ਸਵੈਲੰਬੀ ਜੀਵਨ ਹੈ।
ਨੰਦੋ ਜਦ ਵੀ ਜਵਾਨ ਉਮਰੇ
ਬਾਜ਼ੀ ਪਾਉਂਦੇ ਮੋਏ ਪੁੱਤ ਦੀ ਗੱਲ ਕਰਦੀ
ਤਾਂ ਹੌਕੇ ਵੀ ਸਾਹ ਰੋਕ ਰੋਕ ਸੁਣਦੇ ।
ਪਿੱਪਲ ਪੱਤਿਆਂ ਦੀ ਅੱਖੋਂ ਨੀਰ ਕਿਰਦਾ
ਬੋਹੜ ਜੜ੍ਹੋਂ ਡੋਲ ਜਾਂਦਾ ਪੂਰੇ ਵਜੂਦ ਸਣੇ ।
ਕਹਿੰਦੀ ਤੀਹਰੀ ਛਾਲ ਲਾਉਂਦਿਆਂ
ਧੌਣ ਦਾ ਮਣਕਾ ਟੁੱਟ ਗਿਆ
ਮੁੜ ਨਹੀਂ ਉੱਠਿਆ ਸਿਵਿਆਂ ਤੀਕ ।
ਮੋਈ ਮਿੱਟੀ ਮੈਨੂੰ ਵੀ ਨਾਲ ਲੈ ਜਾਂਦਾ
ਕੋਈ ਹੱਜ ਨਹੀਂ ਭੈਣੇ
ਤੁਹਾਡੇ ਆਸਰੇ ਤੁਰੀ ਫਿਰਦੀ ਆਂ ।
ਸਾਹ ਵਰੋਲਦੀ, ਜਿੰਦ ਘਸੀਟਦੀ ।
ਨੰਦੋ ਹੁਬਕੀਂ ਰੋਂਦੀ ਧਰਤੀ ਅੰਬਰ ਨੂੰ ਲੇਰ ਸੁਣਦੀ
ਸੁੱਕੇ ਨੇਤਰੀਂ ਮੁੱਕੇ ਅੱਥਰੂ,
ਖੂਹ ’ਚੋਂ ਟਿੰਡਾਂ ਖਾਲੀ ਆਉਂਦੀਆਂ ।
ਪਰਨਾਲੇ ’ਚ ਦਰਦ ਵਹਿੰਦੇ,
ਮੈਂ ਵੱਡਾ ਹੋਇਆ ਤਾਂ ਜਦ ਕਦੇ
ਮਾਲ੍ਹੇ ਵਾਲੇ ਖੂਹ ਤੇ ਔਲੂ ’ਚ ਟੁੱਟੀਆਂ ਠੀਕਰੀਆਂ ਵੇਖਦਾ
ਤਾਂ ਮੈਨੂੰ ਲੱਗਦਾ, ਨੰਦੋ ਦੇ ਤਿੜਕੇ ਸੁਪਨੇ ਨੇ ।
ਕੰਕਰ ਕੰਕਰ, ਠੀਕਰ ਠੀਕਰ।
ਬੁਰਜੁਆਜੀ ਸਰਮਾਏਦਾਰੀ ਸਿਸਟਮ ਲੋਕਾਂ ਦੀ ਲੋੜ ਵਾਸਤੇ ਨਹੀਂ ਆਪਣੇ ਹਿਟਲਰੀ ਰਾਜ ਦੀ ਉਮਰ ਦਰਾਜ਼ੀ ਵਾਸਤੇ ਹੀ ਐਟਮ ਬੰਬਾਂ ਤੇ ਮੀਜ਼ਾਈਲਾਂ ਬਣਾਉਂਦਾ ਹੈ। ਭਾਰਤ ਨੂੰ ਗੁਆਂਢੀ ਦੇਸ਼ਾਂ ਦੀ ਦੋਸਤੀ ਦੀ ਨਹੀਂ,ਦੁਸ਼ਮਣੀ ਚਾਹੀਦੀ ਹੈ। ਏਸੇ ਲਈ ਉਹ ਦੁਸ਼ਮਣੀ ਖੱਟ ਕੇ ਆਪਣੀਆਂ ਮੀਜ਼ਾਈਲਾਂ ਦੀ ਜਾਇਜ਼ਤਾ ਪੇਸ਼ ਕਰਦਾ ਹੈ। ਪਰਮਾਣੂੰ ਦੇ ਖ਼ਿਲਾਫ਼ ਕਵਿਤਾ ਵਿਚ ਗੁਰਭਜਨ ਗਿੱਲ ਕਹਿੰਦਾ ਹੈ:
ਪਹਿਲਾਂ ਤੂੰ ਫੌਜਾਂ ਚਾੜ੍ਹਦਾ ਸੈਂ,
ਤਾਂ ਸਰਹੱਦਾਂ ਕੰਬਦੀਆਂ ਸਨ ।
ਹੁਣ ਪੂਰਾ ਗਲੋਬ ਕੰਬਦਾ ਹੈ ।
ਪਰਮਾਣੂੰ ਦੇ ਹੰਕਾਰ ’ਚ ਅੰਨ੍ਹਾ ਮਸਤਿਆ ਹਾਥੀ ਹੈਂ ।
ਬੇਲਗਾਮ ਘੋੜਾ ਸੁਪਨੇ ਲਿਤਾੜਦਾ ।
ਪੌਣਾਂ ਵਿੱਚ ਭਰ ਦਿੰਦਾ ਹੈਂ ।
ਮੌਤ ਦਾ ਜ਼ਹਿਰੀ ਸਮਾਨ ਵੇਚਦਿਆ ।
ਸੁਸਰੀ ਵਾਂਗ ਸੌਂ ਜਾਂਦੀ ਹੈ ਕਾਇਨਾਤ
ਤੈਨੂੰ ਚਿਤਵਦਿਆਂ ।
ਤੂੰ ਹੀ ਖਿਲਾਰੇ ਸਨ ਸਵੇਰ ਸਾਰ,
ਸਕੂਲੀ ਬੱਚਿਆਂ ਦੇ ਬਸਤੇ ।
ਕਾਮਿਆਂ ਦੇ ਦੁਪਹਿਰ ਦੀ ਰੋਟੀ ਵਾਲੇ ਡੱਬੇ ।
ਚੌਂਕੇ ’ਚ ਗੁੰਨੇ ਆਟੇ ’ਚ ਜ਼ਹਿਰ ਪਾਇਆ ।
ਉਡਾਏ ਭੜੋਲੀਆਂ ਸਣੇ ਅੰਨ ਭੰਡਾਰ ।
ਹਵਾ ’ਚ ਉਡਾਏ ਸੀ ਪਰਖ਼ਚੇ ਕਰਕੇ ਤੂੰਬੇ ।
ਸੂਰਜ ਨੇ ਸੁਣਿਆ ਤੇਰਾ ਰਾਵਣੀ ਹਾਸਾ ।
ਵੇਖਿਆ ਤੇਰਾ ਜਬਰ ਤੇ ਧਰਤੀ ਦਾ ਸਬਰ।
ਸੰਸਾਰ ਪੱਧਰ ਉੱਤੇ ਰਾਜਨੀਤਕ ਸਥਿਤੀ ਐਸੀ ਹੈ ਕਿ ਲੋਕ ਰਾਜ ਤੇ ਲੋਕ ਤੰਤਰ ਨੂੰ ਰੱਦਿਆ ਨਹੀਂ ਜਾ ਸਕਦਾ ਪ੍ਰੰਤੂ ਇਸ ਲੋਕ ਰਾਜੀ ਸਰਕਸ ਵਿਚ ਘੋੜਿਆਂ ਨੂੰ ਤੁਸੀਂ ਬਿਜਲੀ ਦੇ ਛਾਂਟਿਆ ਅਧੀਨ ਰੀਂਘਦੇ ਵੇਖ ਸਕਦੇ ਹੋ। ਗੁਰਭਜਨ ਗਿੱਲ ਦੀ ਕਵਿਤਾ ਅਜਬ ਸਰਕਸ ਵੇਖਦਿਆਂ ਵਿਚ ਤੁਸੀਂ ਅਜੀਬ ਡਿਕਟੇਟਰੀਆਂ ਦੀਆਂ ਅਰਧ ਨਗਨ ਮੂਰਤੀਆਂ ਨੂੰ ਲੋਕ ਰਾਜੀ ਬਾਜ਼ੀਆਂ ਲਾਉਂਦੀਆਂ ਵੇਖ ਸਕਦੇ ਹੋ:
ਅਜਬ ਸਰਕਸ ਵੇਖ ਰਹੇ ਦੋਸਤੋ ।
ਸ਼ਹੀਦ ਪੁੱਛਦੇ ਹਨ!
ਅਸੀਂ ਕੁਰਬਾਨੀਆਂ ਇਸ ਲਈ ਨਹੀਂ ਦਿੱਤੀਆਂ ਸਨ,
ਕਿ ਫਰੰਗੀਆਂ ਦੇ ਜੁੱਤੀ ਚੱਟ
ਟੱਬਰਾਂ ਦੇ ਫਰਜ਼ੰਦ,
ਬਾਘੀਆਂ ਪਾਉਂਦੇ ਫਿਰਨ,
ਤੇ ਤੁਸੀਂ ਚੁੱਪ ਰਹੋ ।
ਲੋਕ ਤੰਤਰ ਦੇ ਇਹ ਅਰਥ,
ਕਿਸ ਸ਼ਬਦਕੋਸ਼ ’ਚੋਂ ਲੱਭੀਏ ।
ਕਿ ਟੈਕਸ ਦੀਆਂ ਸੁਰੱਖਿਆ ਦਸਤਿਆਂ ਲਈ,
ਤਨਖਾਹਾਂ ਬਣੀ ਜਾਣ ਤੇ
ਕਰੀ ਜਾਣ ਬਦਹਵਾਸ ਮਿਹਣੇਬਾਜ਼ੀਆਂ ਕਰਨ ਵਾਲਿਆਂ ਦੀ ਰਖਵਾਲੀ ।
ਬੇ ਲਗਾਮ ਅੱਥਰੇ ਘੋੜੇ,
ਸਾਡੀ ਹਰੀ ਅੰਗੂਰੀ ਫ਼ਸਲ
ਚਰੀ ਜਾਣ,
ਜੇ ਕੋਈ ਡੱਕੇ ਵਰਜੇ ਤਾਂ
ਉਸ ਨੂੰ ਹੀ ਬੁਰਕ ਭਰਨ।
ਉਸ ਦੀ ਕਵਿਤਾ ਡਾਰਵਿਨ ਝੂਠ ਬੋਲਦਾ ਹੈ ਵਿਗਿਆਨ ਉੱਤੇ ਸਮਾਜ ਵਿਗਿਆਨ ਦਾ ਮਜਬੂਤ ਕਟਾਖ਼ਸ਼ ਹੈ:
ਡਾਰਵਿਨ ਝੂਠ ਬੋਲਦਾ ਹੈ
ਸਾਡਾ ਵਿਕਾਸ ਬਾਂਦਰ ਤੋਂ ਨਹੀਂ
ਭੇਡਾਂ ਤੋਂ ਹੋਇਆ ਹੈ
ਭੇਡਾਂ ਸਾਂ ,ਭੇਡਾਂ ਹਾਂ
ਤੇ ਭੇਡਾਂ ਹੀ ਰਹਾਂਗੀਆਂ ।
ਜਦ ਤੀਕ ਸਾਨੂੰ ਆਪਣੀ
ਉੱਨ ਦੀ ਕੀਮਤ ਦਾ
ਪਤਾ ਨਹੀਂ ਲੱਗਦਾ ।
ਕਿ ਸਾਨੂੰ ਚਾਰਨ ਵਾਲਾ ਹੀ
ਸਾਨੂੰ ਮੁੰਨਦਾ ਹੈ ।
ਬਾਂਦਰ ਤਾਂ ਬਾਜ਼ਾਰ ਵਿੱਚ,
ਖ਼ਰੀਦ ਵੇਚ ਦਾ ਕਾਰੋਬਾਰੀ ਹੈ ।
ਬਿਨਾਂ ਕੁਝ ਖ਼ਰਚਿਆਂ
ਮੁਨਾਫ਼ੇ ਦਾ ਅਧਿਕਾਰੀ ਹੈ ।
ਅਸੀਂ ਵੈਰੀ ਨਹੀਂ ਪਛਾਣਦੇ
ਸਾਡੀ ਹੀ ਮੱਤ ਮਾਰੀ ਹੈ ।
ਡਾਰਵਿਨ ਨੂੰ ਕਹੋ!
ਆਪਣੇ ਵਿਕਾਸਵਾਦੀ ਸਿਧਾਂਤ ਨੂੰ
ਮੁੜ ਵਿਚਾਰੇ!
ਹੁਣ ਵਕਤ ਬਦਲ ਗਿਆ ਹੈ ।
ਗੁਰਭਜਨ ਗਿੱਲ ਆਪਣੇ ਸਮਕਾਲੀ ਹਾਕਮਾਂ ਨੂੰ ਪੁੱਛਦਾ ਹੈ ਕਿ ਤੁਸੀਂ ਸ਼ਹੀਦ ਭਗਤ ਸਿੰਘ ਦੀ ਕਲਮ ਦੀ ਥਾਂ ਜਵਾਨੀ ਨੂੰ ਪਿਸਤੌਲ ਕਿਉਂ ਪਰੋਸ ਰਹੇ ਹੋ।
ਉਸ ਦੀ ਕਵਿਤਾ ਉਹ ਕਲਮ ਕਿੱਥੇ ਹੈ ਜਨਾਬ
ਵਿਚ ਪੜੋ:ਕਿੱਥੇ ਹੈ ਉਹ ਕਿਤਾਬ ।
ਜਿਸ ਦਾ ਪੰਨਾ ਮੋੜ ਕੇ,
ਇਨਕਲਾਬੀ ਨਾਲ ਰਿਸ਼ਤਾ ਜੋੜ ਕੇ,
ਸੂਰਮੇ ਨੇ ਕਿਹਾ ਸੀ ।
ਬਾਕੀ ਇਬਾਰਤ,
ਮੁੜ ਮੁੜ ਉਦੋਂ ਤੀਕ ਪੜ੍ਹਦਾ ਰਹਾਂਗਾ ।
ਜਦ ਤੀਕ ਨਹੀਂ ਮੁੱਕਦੀ,
ਗੁਰਬਤ ਤੇ ਜ਼ਹਾਲਤ ।
ਮੈਂ ਬਾਰ ਬਾਰ ਜੰਮ ਕੇ
ਕਰਦਾ ਰਹਾਂਗਾ ਚਿੜੀਆਂ ਦੀ ਵਕਾਲਤ ।
ਮਾਸ ਨੋਚਦੇ ਬਾਜ਼ਾਂ ਦੇ ਖ਼ਿਲਾਫ਼,
ਲੜਦਾ ਰਹਾਂਗਾ ।
ਯੁੱਧ ਕਰਦਾ ਰਹਾਂਗਾ ।
ਕਿੱਥੇ ਹੈ ਉਹ ਦਸਤਾਰ?
ਜਿਸ ਨੂੰ ਸਾਂਭਣ ਲਈ ਚਾਚੇ ਅਜੀਤ ਸਿੰਘ ਨੇ
ਬਾਰਾਂ ਬੇਲਿਆਂ ਨੂੰ ਜਗਾਇਆ ਸੀ ।
ਜਾਬਰ ਹਕੂਮਤਾਂ ਨੂੰ ਲਿਖ ਕੇ ਸੁਣਾਇਆ ਸੀ ।
ਧਰਤੀ ਹਲਵਾਹਕ ਦੀ ਮਾਂ ਹੈ ।
ਹੁਣ ਸਾਨੂੰ ਸੂਰਮੇ ਦਾ
ਪਿਸਤੌਲ ਸੌਂਪ ਕੇ ਕਹਿੰਦੇ ਹੋ,
ਤਾੜੀਆਂ ਵਜਾਓ ਖ਼ੁਸ਼ ਹੋਵੇ ।
ਮੋੜ ਦਿੱਤਾ ਹੈ ਅਸਾਂ ਸ਼ਸਤਰ ।
ਪਰ ਅਸੀਂ ਇੰਜ ਨਹੀਂ ਪਰਚਦੇ ।
ਸੂਰਮੇ ਦੀ ਉਹ ਕਲਮ ਤਾਂ ਪਰਤਾਓ ।
ਉਹ ਵਰਕਾ ਤਾਂ ਵਿਖਾਓ !
ਜਿਸ ਤੇ ਅੰਕਿਤ ਹੈ ਸੂਹੀ ਲਾਟ ਵਾਲਾ
ਮੁਕਤੀ ਮਾਰਗ ਦਾ ਨਕਸ਼ਾ ।
ਗੁਰਭਜਨ ਗਿੱਲ ਦੀ ਹਥਲੀ ਕਾਵਿ ਪੁਸਤਕ ਨੂੰ ਨਮਨ ਹੈ।
ਸਾਰੀ ਪੁਸਤਕ ਪੜਣ ਵਾਲੀ ਹੀ ਨਹੀਂ ਮਰਦ ਬੱਚਿਆਂ ਨੂੰ ਪ੍ਰੇਰਕ ਪੁਸਤਕ ਵਾਂਗ ਸਤਿਕਾਰ ਸਹਿਤ ਸਾਂਭਣ ਤੇ ਵਾਚਣ ਦੀ ਲੋੜ ਹੈ।
-
ਸੁਲੱਖਣ ਸਿੰਘ ਸਰਹੱਦੀ, ਲੇਖਕ
*****************
94174-84337
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.