ਵੀਹਵੀਂ ਬਰਸੀ 'ਤੇ ਕੁੱਕੂ ਨੂੰ ਯਾਦ ਕਰਦਿਆਂ
ਸਮਾਜ ਵਿੱਚ ਕਈ ਵਰਤਾਰੇ ਅਜਿਹੇ ਵਾਪਰਦੇ ਹਨ ਕਿ ਉਹ ਬਹੁਤ ਅਹਿਮ ਹੋਣ ਦੇ ਬਾਵਜੂਦ ਵੀਅਣਗੌਲੇ ਹੀ ਰਹਿ ਜਾਂਦੇ ਹਨ । ਐਸੇ ਹੀ ਇੱਕ ਵਰਤਾਰੇ ਦੀ ਗੱਲ ਮਰਹੂਮ ਰਵਿੰਦਰ ਸਿੰਘਸੋਹੀ ਉਰਫ ਕੁੱਕੂ ਸੋਹੀ ਦੇ ਹਵਾਲੇ ਨਾਲ ਕਰਦੇ ਹਾਂ। ਅੱਜ ਕੱਲ ਜਿਲ੍ਹਾ ਮੁਹਾਲੀ, ਤਹਿਸੀਲ ਡੇਰਾ ਬਸੀ ਦੇ ਪਿੰਡ ਬਰਟਾਣਾ ਦਾ ਜੰਮਪਲ ਸੀ ਰਵਿੰਦਰ ਸੋਹੀ। ਉਹ 42 ਸਾਲ ਦੀ ਉਮਰ ਵਿੱਚ ਤਿੰਨ ਜੁਲਾਈ 2001 ਨੂੰ ਇਸ ਜਹਾਨੋਂ ਕੂਚ ਕਰਨ ਤੋਂ ਪਹਿਲਾ ਬਹੁਤ ਕੁੱਝ ਅਜਿਹਾ ਕਰ ਗਿਆ ਜੀਹਦਾ ਜਲੌਅ ਉਹਦੀ ਮੌਤ ਤੋਂ ਬਾਅਦ ਹੀ ਜਾਹਰ ਹੋਇਆ।ਹਲਕੇ ਦੇ ਜੇਹੜੇ ਲੋਕ ਉਹਨੂੰ ਕਦੇ ਮਿਲੇ ਵੀ ਨਹੀਂ ਸੀਗੇ ਉਹ ਵੀ ਕਹਿੰਦੇ ਸੁਣੇ ਸੀ ਕਿ ਜੇ ਕੁੱਕੂ ਕਿਤੇ ਵੋਟਾਂ ਚ ਖੜ ਜੇ ਤਾਂ ਲਾਜ਼ਮੀ ਜਿੱਤੂਗਾ, ਇਸ ਲੋਕ ਅਵਾਜ਼ ਦੀ ਜਨਤਕ ਤਸਦੀਕ ਉਹਦੀ ਮੌਤ ਮਗਰੋਂ ਵੀ ਹੋਈ।ਲੋਕਾਂ ਵਿੱਚ ਉਹਦੀ ਇਨੀ ਮਕਬੂਲੀਅਤ ਵਾਲਾ ਇਹ ਵਰਤਾਰਾ ਅੱਜ ਤੱਕ ਵੀ ਅਣਗੌਲਿਆ ਰਿਹਾ ਹੈ ।
ਲੋਕਾਂ ਦੇ ਮਨਾਂ ਵਿੱਚ ਜੋ ਰਵਿੰਦਰ ਸੋਹੀ ਦੀ ਗਹਿਰੀ ਛਾਪ ਸੀ ਉਹਨੂੰ ਨਾਪਣ ਤੋਂ ਪਹਿਲਾਂ ਰਵਿੰਦਰ ਸੋਹੀ ਦਾ ਪਿਛੋਕੜ ਅਤੇ ਮੌਕੇ ਦੇ ਸਿਆਸੀ ਮਾਹੌਲ ਬਾਰ੍ਹੇ ਦੱਸਣਾ ਜਰੂਰੀ ਹੈ। 1959 ਚ ਜਨਮੇ ਰਵਿੰਦਰ ਸੋਹੀ ਦੇ ਪਿਤਾ ਸ੍ਰ. ਬਲਵੀਰ ਸਿੰਘ ਬਰਟਾਣਾ ਮਾਰਚ 1969 ਤੋਂ ਲੈ ਕੇ ਜੂਨ 1971 ਤੱਕ ਪੰਜਾਬ ਦੇ ਸਿਰਫ ਦੋ ਸਾਲ ਹੀ ਐਮ.ਐਲ.ਏ ਰਹੇ ਜੋ ਬਾਅਦ ਵਿੱਚ ਸਿਆਸੀ ਮੈਦਾਨ ਚੋਂ ਲਗਭਗ ਅਲੋਪ ਹੀ ਰਹੇ ਜਾਂ ਇਓ ਕਹਿ ਲੋ ਕਿ ਰਵਿੰਦਰ ਸੋਹੀ ਨੂੰ ਆਪਦੇ ਪਿਤਾ ਦੀ ਕੋਈ ਖ਼ਾਸ ਸਿਆਸੀ ਜਾਇਦਾਦ ਨਹੀਂ ਮਿਲੀ। ਰਵਿੰਦਰ ਸੋਹੀ 1993 ਵਿੱਚ ਪਿੰਡ ਦੇ ਸਰਪੰਚ ਬਣੇ। 1994 ਵਿੱਚ ਉਹ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਣੇ ਜੋ ਕਿ ਉਨ੍ਹੰ ਦੀ ਜਿੰਦਗੀ ਦਾ ਸਭ ਤੋਂ ਉੱਚਾ ਸਿਆਸੀ ਐਜਾਜ਼ ਸੀ। ਪਰ ਜਿਲ੍ਹਾ ਪ੍ਰੀਸ਼ਦ ਚੇਅਰਮੈਨੀ ਦਾ ਆਹੁਦਾ ਸਿਆਸੀ ਤਾਕਤ ਵਜੋਂ ਕੁੱਝ ਵੀ ਨਹੀਂ ਹੁੰਦਾ। ਇਹਦਾ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਹੈ, ਜਿਲ੍ਹੇ ਦੇ ਲਗਭਗ ਸੌ ਫੀਸਦੀ ਲੋਕਾਂ ਨੂੰ ਆਪਦੀ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦੇ ਨਾਂ ਤੱਕ ਵੀ ਨਹੀਂ ਪਤਾ ਹੁੰਦਾ ਅਤੇ ਨਾ ਹੀ ਕਦੇ ਜਿਲ੍ਹ ਪ੍ਰੀਸ਼ਦ ਤੱਕ ਕੋਈ ਕੰਮ ਪੈਂਦਾ ਹੈ। ਭਾਵ ਕਿ ਉਹਦੀ ਹਰਮਨ ਪਿਆਰਤਾ ਵਿੱਚ ਕਿਸੇ ਸਿਆਸੀ ਆਹੁਦੇ ਜਾਂ ਸਿਆਸੀ ਵਿਰਾਸਤ ਦਾ ਕੋਈ ਹੱਥ ਸੀ।
ਮਰਨ ਵੇਲੇ ਤੱਕ ਉਹ ਕਾਂਗਰਸ ਪਾਰਟੀ ’ਚ ਸ਼ਾਮਲ ਤਾਂ ਜਰੂਰ ਸੀ ਪਰ ਪਾਰਟੀ ਦੀ ਕੋਈਅਹੁਦੇਦਾਰੀ ਉਹਦੇ ਕੋਲ ਨਹੀਂ ਸੀ ।ਹਾਂ ਉਹ ਬਨੂੜ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਟਿਕਟ ਦਾ ਜਰੂਰ ਚਾਹਵਾਨ ਸੀ ਪਰ ਉਹ ਟਿਕਟ ਦੇ ਚਾਹਵਾਨਾਂ ਵਾਂਗ ਉਵੇਂ ਸਗਰਗਮ ਨਹੀਂ ਸੀ ਜਿਵੇਂ ਅਕਸਰ ਟਿਕਟ ਮੰਗਣ ਵਾਲੇ ਬੰਦੇ ਲੋਕਾਂ ਵਿੱਚ ਭੱਜ ਨੱਠ ਕਰਦੇ ਹਨ। ਉਹਦਾ ਠਿਕਾਣਾ ਆਪਣੀ ਚੰਡੀਗੜ੍ਹ ਦੇ 2 ਸੈਕਟਰ ਵਾਲੀ ਰਿਹਾਇਸ਼, ਜੀਕਰਪੁਰ ਵਾਲਾ ਬਜਰੀ ਦਾ ਕਰੈਸ਼ਰ ਜਾਂ ਜਿਲਾ ਜਗਾਧਰੀ ’ਚ ਬਿਲਾਸਪੁਰ ਵਾਲਾ ਖੇਤੀਬਾੜੀ ਵਾਲਾ ਫਾਰਮ ਸੀ। ਹੁਣ ਗੱਲ ਕਰਦੇ ਹਾਂ ਉਸ ਵੇਲੇ ਦੇ ਹਲਕਾ ਬਨੂੜ ਦੀ ਸਿਆਸੀ ਸੂਰਤੇਹਾਲ ਦੀ। ਉਸ ਵੇਲੇ ਬਾਦਲ ਸਾਹਿਬ ਦੀ ਸਰਕਾਰ ਸੀ ਤੇ ਹਲਕਾ ਬਨੂੜ ਤੋਂ ਕੈਪਟਨ ਕੰਵਲਜੀਤ ਸਿੰਘ ਐਮ.ਐਲ.ਏ ਤੇ ਪੰਜਾਬ ਦੇ ਖਜਾਨਾ ਮੰਤਰੀ ਅਤੇ ਮੁੱਖ ਮੰਤਰੀ ਤੋਂ ਬਾਅਦ ਸਭ ਤੋਂ ਤਾਕਤਵਰ ਵਜੀਰ ਸਨ। ਹਲਕੇ ਵਿੱਚ ਕੈਪਟਨ ਸਾਹਿਬ ਦੀ ਮਰਜੀ ਤੋਂ ਬਿਨ੍ਹਾ ਪੱਤਾ ਨਹੀਂ ਸੀ ਹਿੱਲਦਾ। ਨਿੱਤ ਦਿਹਾੜੀ ਉਹ ਹਲਕੇ ਦੇ ਸੈਕੜੇ ਲੋਕਾਂ ਨੂੰ ਮਿਲਦੇ ਸਨ ਤੇ ਉਨ੍ਹਾਂ ਦੇ ਕੰਮ ਕਰਦੇ ਸਨ। ਕਿਸੇ ਅਫਸਰ ਦੀ ਮਜਾਲ ਨਹੀਂ ਸੀ ਕਿ ਕੈਪਟਨ ਸਾਹਿਬ ਦੇ ਹੁਕਮ ਦੀ ਅਦੂਲੀ ਕਰ ਸਕੇ।
ਕੈਪਟਨ ਸਾਹਿਬ ਨੇ ਹਲਕੇ ਵਿੱਚ ਇੰਨ੍ਹਾਂ ਪੈਸਾ ਸਰਕਾਰੀ ਖਜਾਨੇ ਵਿੋਚੋਂ ਖਰਚਿਆ ਜਿਨ੍ਹਾਂ ਕਿ ਮੁੱਖ ਮੰਤਰੀ ਨੇ ਆਪਣੇ ਹਲਕੇ ਵਿੱਚ ਸ਼ਾਇਦ ਹੀ ਖਰਚਿਆ ਹੋਵੇ। ਛੋਟੇ-ਛੋਟੇ ਪਿੰਡਾਂ ਨੂੰ ਵੀ ਮੰਗ ਕਰਨ ’ਤੇ 50-50 ਲੱਖ ਦੀ ਗ੍ਰਾਂਟ ਦੇ ਚੈੱਕ ਮੌਕੇ ’ਤੇ ਹੀ ਸਰਪੰਚਾਂ ਦੇ ਹੱਥ ’ਤੇ ਧਰ ਦੇਣੇ ਕੈਪਟਨ ਸਾਹਿਬ ਵਾਸਤੇ ਮਾਮੂਲੀ ਜਿਹੀ ਗੱਲ ਸੀ।ਪਿੰਡਾਂ ਦੇ ਦੌਰਿਆਂ ਦੌਰਾਨ ਜਿਹੜੀ ਵੀ ਸਮੱਸਿਆ ਵਜੀਰ ਸਾਹਿਬ ਦੇ ਧਿਆਨ ਵਿੱਚ ਲਿਆਂਦੀ ਜਾਂਦੀ ਸੀ ਉਹਦਾ ਹੱਲ ਕਰਨ ਵਾਸਤੇ ਮੌਕੇ ’ਤੇ ਹੀ ਅਫਸਰਾਂ ਨੂੰ ਹੁਕਮ ਹੋ ਜਾਂਦੇ ਸੀ। ਰੋਅਬਦਾਰ ਸੁਭਾਅ ਵਾਲੇ ਕਪਤਾਨ ਸਾਹਿਬ ਦੀ ਇੰਨੀ ਦਹਿਸ਼ਤ ਸੀ ਕਿ ਕਿਸੇ ਵੱਲੋਂ ਉਨ੍ਹਾਂ ਦੇ ਵਿਰੋਧ ਹਿਆਂ ਕਰਨਾ ਤਾਂ ਇੱਕ ਪਾਸੇ ਰਿਹਾ ਜੇ ਕੋਈ ਜਣਾ ਕਿਸੇ ਹੋਰ ਲੀਡਰ ਨੂੰ ਚਾਹ ਵੀ ਪਿਆ ਦਿੰਦਾ ਸੀ ਤਾਂ ਉਹਨੂੰ ਵੀ ਕੈਪਟਨ ਸਾਹਿਬ ਦੇ ਗ਼ੁੱਸੇ ਦਾ ਸ਼ਿਕਾਰ ਹੋਣਾ ਪੈਂਦਾ ਸੀ।ਕਪਤਾਨ ਸਾਹਿਬ ਦੀ ਦਹਿਸ਼ਤ ਦਾ ਆਲਮ ਇਹ ਸੀ ਕਿ ਹਲਕੇ ਦੇ ਲੋਕ ਹੋਰ ਕਿਸੇ ਹੋਰ ਲੀਡਰ ਨੂੰ ਆਪਣੇ ਖੁਸ਼ੀ-ਗ਼ਮੀ ਦੇ ਸਮਾਗਮਾਂ ਚ ਸੱਦਾ ਦੇਣੋ ਵੀ ਘਬਰਾਉਂਦੇ ਸੀ । ਉਸ ਵੇਲੇ ਹਲਕੇ ਦਾ ਇਹ ਮਹੌਲ ਬਿਆਨਣ ਦਾ ਇਹ ਮਕਸਦ ਹੈ ਕਿ ਪਤਾ ਲੱਗ ਸਕੇ ਕਿ ਪਾਰਟੀ ਚ ਕੋਈ ਜਿਲਾ ਪੱਧਰੀ ਪੁੱਗਤ ਵੀ ਨਾ ਰੱਖਣ ਵਾਲੇ ਕੁੱਕੂ ਸੋਹੀ ਵਰਗੇ ਕਿਸੇ ਸਖ਼ਸ਼ ਨੂੰ ਮਕਬੂਲੀਅਤ ਖੱਟਣੀ ਕਿੰਨੀ ਕੁ ਸੌਖੀ ਹੋਵੇਗੀ। ਦੂਜੀ ਤੀਜੀ ਕਤਾਰ ਦੇ ਲਘਭਗ ਸਾਰੇ ਕਾਂਗਰਸੀਆਂ ਦੀ ਕਪਤਾਨ ਸਾਹਿਬ ਨੇ ਅਕਾਲੀ ਦਲ ਚ ਸ਼ਮੂਲੀਅਤ ਕਰਵਾ ਕੇ ਸਿਆਸੀ ਵਿਰੋਧ ਨੂੰ ਸਾਹ-ਸਤ ਹੀਣ ਕਰ ਦਿੱਤਾ ਸੀ ਤੇ ਦਹਿ-ਹਜ਼ਾਰਾਂ ਲੋਕਾਂ ਦੇ ਸਿੱਧੇ ਕੰਮ ਕਰਕੇ ਉਨ੍ਹਾਂ ਨੂੰ ਡਰਾਇਰੈਕਟਲੀ ਆਪਦੇ ਹਮਾਇਤੀ ਬਣਾ ਲਿਆ ਸੀ।
ਇੰਨੀ ਮਿਹਨਤ ਕਰਕੇ ਆਪਣੀ ਜਿੱਤ ਘੱਟੋ-ਘੱਟ 60 ਹਜਾਰ ਵੋਟਾ ਦੇ ਫਰਕ ਨਾਲ ਯਕੀਨੀ ਸਮਝ ਰਹੇ ਕੈਪਟਨ ਕੰਵਲਜੀਤ ਸਿੰਘ ਨੇ ਪਾਰਟੀ ਵਰਕਰਾਂ ਤੋਂ ਵੀ ਜਿੱਤ ਦੇ ਮਾਰਜਨ ਬਾਰੇ ਵੋਟਾਂ ਤੋਂ ਇੱਕ ਸਾਲ ਪਹਿਲਾਂ ਰਾਇ ਲੈਣੀ ਸ਼ੁਰੂ ਕੀਤੀ ਕਰ ਦਿੱਤੀ ਸੀ।ਅਪਰੈਲ 2001 ਵਿੱਚ ਕੈਪਟਨ ਸਾਹਿਬ ਨੇ ਹਲਕੇ ਦੇ ਸਾਰੇ ਪਿੰਡਾਂ ਦਾ ਦੌਰਾ ਕੀਤਾ। ਇਸ ਤਹਿਤ ਉਨ੍ਹਾਂ ਨੇ ਹਰ ਰੋਜ ਲਗਭਗ 5-5 ਪਿੰਡਾਂ ਵਿੱਚ ਲੋਕ ਦਰਬਾਰ ਲਾਉਣੇ ਸ਼ੁਰੂ ਕੀਤੇ।ਸਮੱਸਿਆਵਾਂ ਦੇ ਹੱਲ ਕਰਨ ਅਤੇ ਮੌਕੇ ਤੇ ਗ੍ਰਾਂਟਾ ਦੇ ਚੈਂਕ ਦੇਣ ਬਾਅਦ ਉਨ੍ਹਾਂ ਦਾ ਮੁਕਾਮੀ ਬੋਲੀ ਵਿੱਚ ਲੋਕਾਂ ਨੂੰ ਸਵਾਲ ਹੁੰਦਾ ਸੀ ‘‘ਚੌਧਰੀਓ ! ਥਾਰੇ ਸਾਰੇ ਕੰਮ ਤੋ ਮੰਨੇ ਕਰ ਦੀਏ , ਇਬ ਬੋਟਾਂ ਕੀ ਬਤਓ ਕਿਤਰੋਂ ਰਾਹਾਗਾ,ਕਿਤਨੀਆਂ ਬੋਟਾਂ ਤੇ ਜਤਾਮੇਂਗੇ ਥਮ ਮੰਨੂੰ ?’’ ਹਰੇਕ ਪਿੰਡ ਚ ਲਗਭਗ ਸਾਰੇ ਲੋਕਾਂ ਦਾ ਇੱਕੋ ਹੀ ਜਵਾਬ ਹੁੰਦਾ ਸੀ, " ਕੈਪਟਨ ਸਾਹਿਬ ! ਜੈ ਤੋਂ ਕਾਂਗਰਸ ਕਿਨੀ ਤੇ ਆ ਗਿਆ ਕੁੱਕੂ, ਤੋ ਮੁਕਾਬਲਾ ਹੋਵਾਗਾ ਨਹੀਂ ਤੋ ਉਸਨੂੰ ਛੋੜ ਕੇ ਚਾਹੇ ਫਿਰ ਪਟਿਆਲੀਆ ਰਾਜਾ ਖੁਦ ਵੀ ਆ ਜਾ ਕਾਂਗਰਸ ਕਿਨੀ ਤੇ ਫਿਰ ਤੋ ਜਮਾਨਤ ਜਪਤ ਕਰਾਕੇ ਤੋਰਾਂਗੇ ਉਰਾ ਤੇ।’’ ਕੈਪਟਨ ਸਾਹਿਬ ਦਾ ਬਹੁਤੀ ਥਾਂਈ ਮੋੜਵਾ ਜਵਾਬ ਇਹ ਹੁੰਦਾ ਸੀ ਕਿ ਤੁਸੀ ਇਹ ਕਹੋ ਵਿਰੋਧ ਵਿੱਚ ਜਿਹੜਾ ਮਰਜੀ ਉਮੀਦਵਾਰ ਆ ਜਾਵੇ ਉਹਦੀ ਜਮਾਨਤ ਜ਼ਬਤ ਕਰਾਂਵਾਗੇ।
ਲੋਕਾਂ ਵੱਲੋਂ ਕੀਤੀ ਜਾ ਰਹੀ ਪੇਸ਼ਨਾਗੋਈ ਦੀ ਤਸਦੀਕ ਕੁੱਕੂ ਸੋਹੀ ਦੀ ਮੌਤ ਤੋਂ ਬਾਅਦ ਹੋਈ। ਦਿਲ ਦਾ ਦੌਰਾ ਪੈਣ ਕਾਰਨ ਰਵਿੰਦਰ ਸੋਹੀ ਦੀ ਮੌਤ 3 ਜੁਲਾਈ 2001 ਦੀ ਰਾਤ ਨੂੰ ਹੋਈ ਅਤੇ ਅੰਤਿਮ ਸਸਕਾਰ 4 ਜੁਲਾਈ ਸਵੇਰੇ 11 ਵਜੇ ਜੀਰਕਪੁਰ ਚ ਉਸ ਵੱਲੋਂ ਉਸਾਰੇ ਜਾ ਰਹੇ ਮੈਰਿਜ ਪੈਲਿਸ ਦੇ ਖੁੱਲ੍ਹੇ ਵਿਹੜੇ ਵਿੱਚ ਹੋਇਆ। ਉਨ੍ਹਾਂ ਦਿਨਾਂ ਵਿੱਚ ਮੋਬਾਇਲ ਫੋਨ ਨਾ ਹੋਣ ਦੇ ਬਾਵਜੂਦ ਵੀ ਇਨ੍ਹਾਂ ਇਕੱਠ ਹੋਇਆ ਜੀਹਦੀ ਗਿਣਤੀ ਅਗਲੇ ਦਿਨ ਪੰਜਾਬੀ ਟ੍ਰਿਬਿਊਨ ਦੀ ਖ਼ਬਰ ਵਿੱਚ ਇਓ ਦੱਸੀ ਗਈ ‘‘ ਰਵਿੰਦਰ ਸੋਹੀ ਦੇ ਅੰਤਿਮ ਸਸਕਾਰ ਤੇ ਭੀੜ ਨੂੰ ਕੰਟਰੋਲ ਕਰਨ ਲਈ ਤਿੰਨ ਥਾਣਿਆਂ ਦੀ ਪੁਲਿਸ ਨੂੰ ਕਰੜੀ ਮੁਸ਼ੱਕਤ ਕਰਨੀ ਪਈ .....ਆਉਂਦੀਆਂ ਚੋਣਾਂ ’ਚ ਰਵਿੰਦਰ ਸੋਹੀ ਵੱਲੋਂ ਕਾਂਗਰਸ ਦਾ ਉਮੀਦਵਾਰ ਬਣਨ ਦੀਆਂ ਸੰਭਾਨਾਵਾਂ ਤੋਂ ਹਾਕਮ ਧੜਾ ਡਾਹਢਾ ਪ੍ਰੇਸ਼ਾਨ ਸੀ। ।’’
ਇਹਤੋਂ 10 ਦਿਨਾ ਬਾਅਦ ਰਵਿੰਦਰ ਸੋਹੀ ਦਾ ਭੋਗ ਕਾਲਕਾ ਰੋਡ ਜੀਰਕਪੁਰ ਵਿਖੇ ਪਿਆ, ਭੋਗ ਤੇ ਇਕੱਠੇ ਹੋਏ ਲੋਕਾਂ ਦੀ ਭੀੜ ਨੂੰ ਅਗਲੇ ਦਿਨ ਅੰਗਰੇਜੀ ਟਿ੍ਰਬਿਉਨ ਦੀ ਖ਼ਬਰ ਨੇ ਇਓ ਬਿਆਨਿਆਂ ‘‘ ਇਸ ਭੋਗ ਤੇ ਆਏ ਲੋਕਾਂ ਦੀ ਭੀੜ ਕਾਰਨ ਜੀਰਕਪੁਰ ਤੋਂ ਨਿਕਲਣ ਵਾਲੀਆਂ ਸਾਰੀਆਂ ਚਾਰੇ ਨੈਸ਼ਨਲ ਹਾਈਵੇਜ਼ 3 ਘੰਟੇ ਜਾਮ ਰਹੀਆਂ, ਅੰਗਰੇਜੀ ਅਖਬਾਰ ਆਮ ਤੌਰ ਤੇ ਭੋਗ ਦੀ ਖ਼ਬਰ ਤਾਂ ਨਹੀਂ ਛਾਪਦੇ ਪਰ ਦਿੱਲੀ ਤੋਂ ਤਿੰਨ ਸੂਬਿਆਂ ਦੀਆਂ ਰਾਜਧਾਨੀਆਂ ਨੂੰ ਜੋੜਦੀਆਂ ਵੀ ਵੀ ਆਈ ਪੀ ਗੱਡੀਆਂ ਦੀ ਆਵਾਜਾਈ ਵਾਲੀਆਂ ਸੜਕਾਂ ਦੇ ਘੰਟਿਆਂ ਬੱਧੀ ਜਾਮ ਹੋਣ ਕਰਕੇ ਖ਼ਬਰ ਛਾਪਣੀ ਪਈ। ਮੈਂ ਆਪਦੀ ਜਿੰਦਗੀ ਵਿੱਚ ਨੌਨ ਵੀ ਆਈ ਪੀ ਜੀਵਨ ਜੀਵਨ ਬਸਰ ਕਰਦੇ ਕਿਸੇ ਇਨਸਾਨ ਦਾ ਨਾ ਤਾਂ ਇਹੋ ਜਿਹਾ ਅੰਤਿਮ ਸਸਕਾਰ ਵੇਖਿਆ ਹੈ ਅਤੇ ਨਾ ਹੀ ਅੰਤਿਮ ਅਰਦਾਸ। ਰਵਿੰਦਰ ਸੋਹੀ ਦੀ ਇੰਨੀ ਮਕਬੂਲੀਅਤ ਦੀ ਥਾਹ ਮੈਂ ਅੱਜ ਤੱਕ ਨਹੀਂ ਪਾ ਸਕਿਆ। ਕੁੱਕੂ ਸੋਹੀ ਦੇ ਨੇੜੇ ਰਹੇ ਬਹੁਤ ਸਾਰੇ ਲੋਕਾਂ ਨਾਲ ਗੱਲ-ਬਾਤ ਕਰਨ ਤੋਂ ਬਾਅਦ ਵੀ ਵਿਚਲੀ ਗੱਲ ਦੀ ਸਮਝ ਨਹੀਂ ਪਈ, ਇਨ੍ਹਾਂ ਲੋਕਾਂ ਚ ਡੇਰਾ ਬਸੀ ਮਿਊਂਸਲਪਲ ਕਮੇਟੀ ਦਾ ਪ੍ਰਧਾਨ ਰਹੇ ਭੁਪਿੰਦਰ ਸੈਣੀ,ਬਲਾਕ ਸੰਮਤੀ ਡੇਰਾ ਬਸੀ ਦੇ ਚੇਅਰਮੈਨ ਰਹੇ ਬਹਾਦਰ ਸਿੰਘ ਝਰਮੜੀ, ਜੀਰਕਪੁਰ ਮਿਉਂਸਪਲ ਕਮੇਟੀ ਦੇ ਪ੍ਰ੍ਰਧਾਨ ਰਹੇ ਕੁਲਵਿੰਦਰ ਸਿੰਘ ਸੋਹੀ, ਤਿ੍ਰਵੇਦੀ ਕੈਂਪ ਵਾਲੇ ਅਮਰ ਚਾਵਲਾ ਸ਼ਾਮਲ ਹਨ।
ਇੱਕ ਆਮ ਬੰਦੇ ਵੱਲੋਂ ਇੰਨੀ ਮਕਬੂਲੀਅਤ ਹਾਸਲ ਕਰ ਜਾਣ ਵਾਲੇ ਇਹੋ ਜਿਹੇ ਵਰਤਾਰੇ ਕਿਵੇਂ ਵਾਪਰਦੇ ਹਨ ਇਹ ਅੱਜਕੱਲ ਦੇ ਸਿਆਸਤਦਾਨਾਂ ਦੀ ਦਿਲਚਸਪੀ ਦੇ ਵਿਸ਼ੇ ਹੋਣੇ ਚਾਹੀਦੇ ਹਨ।ਮੇਰੀ ਸਮਝ ਮੁਤਾਬਕ ਇਹੋ ਜਹੇ ਵਰਤਾਰਿਆਂ ਦਾ ਜੇ ਭੇਤ ਪਾਉਣਾ ਇੰਨਾ ਸੁਖਾਲਾ ਹੁੰਦਾ ਤਾਂ ਬਹੁਤ ਸਾਰੇ ਸਿਆਸਤਦਾਨਾਂ ਨੇ ਮਕਬੂਲ ਹੋਣ ਲਈ ਕੁੱਕੂ ਸੋਹੀ ਵਾਲੇ ਤੌਰ ਤਰੀਕੇ ਅਜਮਾ ਲੈਣੇ ਸੀ।
ਰਵਿੰਦਰ ਸੋਹੀ ਅੰਤਿਮ ਸਸਕਾਰ ਅਤੇ ਅੰਤਿਮ ਅਰਦਾਸ ਵਿੱਚ ਲੋਕਾਂ ਦੇ ਹੋਏ ਭਾਰੀ ਇਕੱਠ ਦੀਆਂ ਖ਼ਬਰਾਂ ਨੇ ਕਾਂਗਰਸ ਹਾਈਕਮਾਂਡ ਨੂੰ ਵੀ ਇਸ ਹੱਦ ਤੱਕ ਕਾਇਲ ਕਰ ਦਿੱਤਾ ਕਿ ਉਹਨੇ ਰਵਿੰਦਰ ਸੋਹੀ ਦੀ ਪਤਨੀ ਬੀਬੀ ਸ਼ੀਲਮ ਸੋਹੀ ਨੂੰ ਜਨਵਰੀ 2002 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਬਨੂੜ ਹਲਕੇ ਤੋਂ ਕੈਪਟਨ ਕੰਵਲਜੀਤ ਸਿੰਘ ਦੇ ਮੁਕਾਬਲੇ ਕਾਂਗਰਸ ਦਾ ਟਿਕਟ ਦੇ ਦਿੱਤਾ। ਬੀਬੀ ਸ਼ੀਲਮ ਸੋਹੀ ਦਾ ਆਪਦੇ ਪਤੀ ਦੇ ਜਨਤਕ ਜੀਵਨ ਨਾਲ ਕੋਈ ਵਾਹ ਵਾਸਤਾ ਨਹੀਂ ਸੀ ਤੇ ਹਲਕਾ ਵਾਸੀਆਂ ਨੇ ਉਨ੍ਹਾਂ ਦਾ ਨਾਂ ਵੀ ਟਿਕਟ ਮਿਲਣ ’ਤੇ ਹੀ ਪਹਿਲੀ ਦਫਾ ਸੁਣਿਆ ਸੀ।ਜੇ ਪੰਜਾਬੀ ਮੁਹਾਵਰੇ ਚ ਗੱਲ ਕਰੀਏ ਤਾਂ ਸ਼ੀਲਮ ਸੋਹੀ ਇੱਕ ਅਜਿਹੀ ਔਰਤ ਸੀ ਜੀਹਨੇ ਕਦੇ ਘਰ ਦੀ ਦੇਹਲ਼ੀ ਤੋਂ ਬਾਹਰ ਪੈਰ ਵੀ ਨਹੀਂ ਸੀ ਕੱਢਿਆ,ਇਲੈਕਸ਼ਨ ਦਾ ਤਜੁਰਬਾ ਤਾਂ ਦੂਰ ਰਿਹਾ।ਨਾ ਉਹਦੇ ਕੋਲ ਕੋਈ ਤਜਰਬੇਕਾਰ ਇਲੈਕਸ਼ਨ ਮੈਨੇਜਰ ਸੀ , ਉਹ ਸਿਰਫ ਆਪਣੇ ਪਤੀ ਦੇ ਨਾਂਅ ਆਸਰੇ ਹੀ ਚੋਣ ਮੈਦਾਨ ਵਿੱਚ ਆਈ ਸੀ।
ਜਦੋਂ ਚੋਣ ਦਾ ਨਤੀਜਾ ਨਿਕਲਿਆ ਤਾਂ ਕੈਪਟਨ ਕੰਵਲਜੀਤ ਸਿੰਘ ਨੂੰ 51002 ਵੋਟਾਂ ਮਿਲੀਆਂ ਤੇ ਸ਼ੀਲਮ ਸੋਹੀ ਨੂੰ ਸਿਆਸਤ ਦੇ ਸੁਪਰ ਹੈਵੀਵੇਟ ਕੈਪਟਨ ਸਾਹਿਬ ਤੋਂ ਸਿਰਫ 714 ਵੋਟਾਂ ਘੱਟ ਯਾਨੀ ਕਿ 50288 ਵੋਟਾ ਮਿਲੀਆ । ਉਦੋਂ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲੇ ਆਪਦੇ ਮੋਤੀ ਮਹਿਲ ’ਚ ਕਾਂਗਰਸ ਦੇ ਜੇਤੂ ਤੇ ਹਾਰੇ ਸਾਰੇ ਉਮੀਦਵਾਰਾਂ ਨੂੰ ਖਾਣੇ ਤੇ ਸੱਦਿਆ। ਅਗਲੇ ਦਿਨ ਇਸ ਖਾਣੇ ਦੀ ਖ਼ਬਰ ਲਾਉਦੇ ਹੋਏ ਪੰਜਾਬੀ ਟ੍ਰਿਬਿਊਨ ਨੇ ਇਹ ਲਿਖਿਆ ,"ਇਸ ਮੌਕੇ ਪੰਜਾਬ ਦੇ ਖਜਾਨਾ ਮੰਤਰੀ ਤੋਂ ਸਿਰਫ 714 ਵੋਟਾਂ ’ਤੇ ਫਰਕ ਨਾਲ ਹਾਰਨ ਵਾਲੀ ਬਿਲਕੁਲ ਅਨਾੜੀ ਉਮੀਦਵਾਰ ਬੀਬੀ ਸ਼ੀਲਮ ਸੋਹੀ ਸਭ ਦੀ ਖਿੱਚ ਦਾ ਕੇਂਦਰ ਸਨ।" ਸ਼ੀਲਮ ਦੇ ਅਨਾੜੀ ਹੋਣ ਤੋਂ ਸਿਵਾਏ ਲੋਕਾਂ ਨੂੰ ਹੈਰਾਨੀ ਇਸ ਗੱਲ ਦੀ ਵੀ ਸੀ ਕੈਪਟਨ ਕੰਵਲਜੀਤ ਸਿੰਘ ਦੇ ਪੰਜਾਬ ਭਰ ਚੋਂ ਸਭ ਤੋਂ ਵੱਡੇ ਮਾਰਜਨ ਨਾਲ ਚੋਣ ਜਿੱਤਣ ਦੀਆਂ ਕਿਆਸ ਅਰਾਈਆਂ ਲਾਈਆਂ ਗਈਆਂ ਸਨ।ਰਵਿੰਦਰ ਸਿੰਘ ਉਰਫ ਕੁੱਕੂ ਸੋਹੀ ਦੇ ਨਾਂਅ ਵੱਲੋਂ ਹੀ ਇੱਕ ਸਿਆਸੀ ਮਹਾਂਰਥੀ ਨੂੰ ਦੇ ਬਰਾਬਰ ਵੋਟਾਂ ਹਾਸਲ ਕਰ ਲੈਣੀਆਂ ਕੁੱਕੂ ਦੀ ਮਕਬੂਲੀਅਤ ਦੀ ਔਨ ਰਿਕਾਰਡ ਤਸਦੀਕ ਹੈ।
-ਗੁਰਪ੍ਰੀਤ ਸਿੰਘ ਮੰਡਿਆਣੀ
-
ਗੁਰਪ੍ਰੀਤ ਸਿੰਘ ਮੰਡਿਆਣੀ,
123
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.