ਰੱਦੀ ਸਿਰਫ਼ ਅਖ਼ਬਾਰਾਂ,
ਕਾਪੀਆਂ, ਕਿਤਾਬਾਂ ਜਾਂ
ਕਾਗ਼ਜ਼ ਹੀ ਨਹੀਂ ਹੁੰਦੇ
ਬਹੁਤ ਵਾਰ ਬੇਕਦਰਿਆਂ ਦੀ
ਨਾ -ਸ਼ਨਾਸੀ ਵੀ ਮਹਿੰਗਾ ਮਾਲ
ਸਵੱਲੇ ਭਾਅ ਵੇਚ ਦਿੰਦੀ ਹੈ।
ਮੈਂ ਉਸ ਤੇਜ਼ ਤਰਾਰ ਪੱਤਰਕਾਰ ਨੂੰ
ਏਨੇ ਸਾਲ ਬਾਦ ਵੀ
ਮੁਆਫ਼ ਨਹੀਂ ਕਰ ਸਕਿਆ
ਜਿਸ ਮੇਰੀ
ਪਿਆਰ-ਭੇਂਟ ਕੀਤੀ ਕਿਤਾਬ ਨੂੰ
ਚੌਦਾਂ ਸੈਕਟਰ ਦੇ ਕਬਾੜੀਆਂ ਕੋਲ ਰੱਦੀ ਵੇਚਿਆ ਸੀ ਕੌਡੀਆਂ ਬਦਲੇ।
ਤੇ ਮੇਰੇ ਹੀ ਯੂਨੀਵਰਸਿਟੀ ਪੜ੍ਹਦੇ ਮੁਹੱਬਤੀ ਮਿਹਰਬਾਨ ਨੇ
ਇੱਕ ਰੁਪਈਏ ਚ ਖ਼ਰੀਦ
ਮੈਨੂੰ ਮੁੜ ਮਿਲਾਇਆ ਸੀ
ਵਿੱਛੜੀ ਪਹਿਲੀ ਕਿਤਾਬ ਨਾਲ।
ਕਬਾੜੀਏ
ਕਿਤਾਬਾਂ ਨਹੀਂ ਪੜ੍ਹਦੇ
ਸਿਰਫ਼ ਖ਼ਰੀਦਦੇ ਤੇ ਵੇਚਦੇ।
ਬੇਕਦਰੇ ਨਹੀਂ, ਮਜਬੂਰ ਹੁੰਦੇ।
ਰੱਜੇ ਮੁਲਕਾਂ ਦੇ ਰੱਦ ਕੀਤੇ
ਪੁਰਾਣੇ ਵਲੈਤੀ ਵਸਤਰ ਵੀ
ਮੈਂ ਲਿੱਸੇ ਮੁਲਕਾਂ ਦੇ
ਨੰਗ ਕੱਜਦੇ ਵੀ ਵੇਖੇ ਨੇ।
ਲੁਧਿਆਣਾ ਦੇ ਚੌੜਾ ਬਾਜ਼ਾਰ ‘ਚੋਂ ਖ਼ਰੀਦੇ ਰੈਗਜ਼ ਦੇ ਓਵਰ ਕੋਟ ਪਾ
ਤੇ ਘੰਟਾ ਘਰ ਚੌਂਕ ਦੀ
ਫੜ੍ਹੀ ਤੋਂ ਵਿਕਦੀਆਂ
ਰੱਦੀ ‘ਚੋਂ ਖ਼ਰੀਦੀਆਂ ਕਿਤਾਬਾਂ ਪੜ੍ਹ
ਯੂਨੀਵਰਸਿਟੀਆਂ ਕਾਲਜਾਂ ਵਿੱਚ
ਵਿਦਵਾਨ ਚਿਹਰੇ ਵਿਕਦੇ ਵੇਖੇ ਨੇ।
ਰੱਦੀ ਵਿੱਚ ਸਿਰਫ਼
ਪੁਰਾਣੇ ਵਸਤਰ ਹੀ ਨਹੀਂ ਵਿਕਦੇ।
ਪਰ ਗਿਆਨ ਤਾਂ ਕਿਤਿਉਂ ਵੀ ਮਿਲੇ
ਰੱਦੀ ਨਹੀਂ ਹੁੰਦਾ ਜਨਾਬ
ਮੈਨੂੰ ਵਕਤ ਨੇ
ਇਹੀ ਸਬਕ ਪੜ੍ਹਾਇਆ ਸਾਹਿਬ!
ਸੁਨਿਆਰਿਆਂ ਦੀ ਭੱਠੀ ਦੁਆਲ਼ੇ
ਉੱਡ ਕੇ ਕਿਰੇ
ਚੰਗਿਆੜਿਆਂ ਦੀ
ਸੁਆਹ ਵਿੱਚ ਵੀ
ਖਿੱਲਰੀਆਂ ਸੋਨ ਕਣੀਆਂ ਸਾਂਭਦੇ ਮੈਂ ਨਿਆਰੀਏ ਵੀ ਵੇਖੇ ਨੇ।
ਤੁਸੀਂ ਪੁੱਛੋਗੇ ?
ਨਿਆਰੀਏ ਕੌਣ ਹੁੰਦੇ ਨੇ
ਓਹੀ ਜੋ ਸਵਾਹ ਚੋਂ ਸੋਨਾ ਲੱਭਦੇ।
ਕੁਠਾਲੀ ‘ਚ ਮੁੜ ਢਾਲ਼ਦੇ
ਤੇ ਸੁਨਿਆਰਿਆਂ ਨੂੰ
ਸਸਤੇ ਭਾਅ ਵੇਚਦੇ।
ਤੁਸੀਂ ਤਾਂ ਸ਼ਹਿਰੀਏ ਹੋ!
ਮੈਂ ਤਾਂ ਪਿੰਡਾਂ ਦੀਆਂ ਰੂੜੀਆਂ ਤੇ
ਅਮੀਰਾਂ ਦੀਆਂ ਚੂਪ ਕੇ ਸੁੱਟੀਆਂ
ਗੁਠਲੀਆਂ ਤੇ ਗਿਟਕਾਂ ਤੋਂ ਉੱਗੇ
ਅੰਬ ਤੇ ਜਾਮਨੂੰ ਦੇ ਬੂਟੇ ਵੀ ਵੇਖੇ ਨੇ।
ਖ਼ੁਦ ਪੁੱਟ ਪੁੱਟ ਕੇ
ਜ਼ਮੀਨ ‘ਚ ਵੀ ਲਾਏ ਨੇ।
ਪਾਣੀ ਵੀ ਪਾਇਆ ਹੈ ਲਗਾਤਾਰ
ਇਨ੍ਹਾਂ ਨੂੰ ਫ਼ਲ ਪੈਂਦਾ ਵੀ
ਵੇਖਿਆ ਹੈ ਬਹੁਤ ਵਾਰ।
ਏਸੇ ਹੀ ਪਹਿਲਾ ਪਾਠ ਪੜ੍ਹਾਇਆ
ਹਰ ਗਿਟਕ ਵਿੱਚ ਉੱਗਣ ਸ਼ਕਤੀ
ਬੇਕਦਰੇ ਕਿਤੇ ਵੀ ਸੁੱਟ ਦੇਣ ਤਾਂ
ਧਰਤ ਛੋਹ ਮਿਲਦਿਆਂ
ਬੀਜ ਤੁਰੰਤ ਜੜ੍ਹ ਫੜ ਲੈਂਦਾ ਹੈ।
ਗਰੀਬ ਘਰਾਂ ‘ਚ ਬਰੂਹਾਂ ਤੇ ਵਿਛੇ
ਲੀਰਾਂ ਦੇ ਪਾਏਦਾਨ
ਕਾਰਖ਼ਾਨਿਆਂ ‘ਚ ਨਹੀਂ ਬਣਦੇ
ਦਰਜ਼ੀ ਦੀਆਂ ਲੀਰਾਂ ਦਾ ਹੀ
ਬੁਣਤੀ-ਫ਼ਲ ਹੁੰਦਾ ਹੈ ਜਨਾਬ!
ਕਰੀਨੇ ਨਾਲ ਵੱਟੀਆਂ ਨਗੰਦੀਆਂ
ਲੀਰਾਂ ਵਿੱਚੋਂ ਵੀ
ਸੁਹਜ ਬੋਲ ਸਕਦਾ ਹੈ
ਇਹ ਇੱਕ ਹੋਰ ਵਰਕਾ
ਮੈਂ ਰੱਦੀ ‘ਚੋਂ ਪੜ੍ਹਿਆ।
ਵਾਢੀਆਂ ਵੇਲੇ
ਸਿੱਟੇ ਚੁਗਦੀਆਂ ਗਰੀਬਣੀਆ ਦੇ
ਕਿਤੇ ਹਲ਼ ਨਹੀਂ ਸਨ ਵਗਦੇ।
ਉਹ ਤਾਂ ਪੈਲ਼ੀਆਂ ‘ਚੋਂ
ਪਿੱਛੇ ਰਹੀ ਰਹਿੰਦ ਖੂੰਹਦ ਸਮੇਟੀਆਂ
ਟਿੱਚਰਾਂ ਤੇ ਨੰਗੇ ਮਜ਼ਾਕ ਸਹਿੰਦੀਆਂ
ਪੇਟ ਬਹੁਤ ਕੁਝ ਕਰਵਾਉਂਦਾ ਹੈ।
ਸਿੱਟਿਆਂ ਨੂੰ ਕੁੱਟਦੀਆਂ ਛੱਟਦੀਆਂ
ਗੋਲ ਮੋਲ ਰੋਟੀ ਲਈ
ਦਾਣਿਆਂ ਦੀ ਮੁੱਠ ਲਈ
ਪੂਰਾ ਟਿੱਲ ਲਾਉਂਦੀਆਂ।
ਏਸੇ ਕਰਕੇ
ਮੈਂ ਤਾਂ ਹੁਣ ਇੰਟਰਨੈੱਟ ‘ਚੋਂ ਵੀ
ਰੱਦੀ ਚੁਗ ਲੈਦਾ ਹਾਂ।
ਇੱਕੀਵੀਂ ਸਦੀ ਦਾ
ਕਬਾੜੀਆ ਬਣ ਕੇ
ਬਹੁਤ ਕੁਝ ਲੱਭਦਾ ਰਹਿੰਦਾਂ
ਕੁਝ ਨਹੀਂ ਵਿੱਚੋਂ ਵੀ ਬਹੁਤ ਕੁਝ।
ਅੱਜ ਦੀ ਸੁਣੋ!
ਅਜੇ ਦਿਨ ਵੀ ਨਹੀਂ ਸੀ ਚੜ੍ਹਿਆ
ਕਿ ਸੋਨ ਕਣੀਆਂ
ਬਰੂਹੀਂ ਆ ਪਈਆਂ ਅਚਨਚੇਤ।
ਸੱਚ ਮੰਨਿਉਂ!
ਇਹ ਮੈਂ ਆਪ ਨਹੀਂ ਲਿਖੀਆਂ
ਨਿਊਟਨ ਦੇ ਸੇਬ ਵਾਂਗ
ਮੇਰੀ ਝੋਲ਼ੀ ‘ਚ ਆਣ ਡਿੱਗੀਆਂ।
ਲਿਖੀਆਂ ਲਿਖਾਈਆਂ।
ਮੈਂ ਤਾਂ ਉਸ ਸੇਬ ਦੀਆਂ ਤੁਹਾਡੇ ਲਈ ਫਾੜੀਆਂ ਚੀਰੀਆਂ ਨੇ
ਲਿਖਣ ਵਾਲੇ ਲਿਖ ਘੱਲਿਆ ਹੈ
ਕੀ ਤੁਸੀਂ ਜਾਣਦੇ ਹੋ?
ਗਲਤੀਆਂ ਤੇ ਪਾਉਣ ਵਾਲਾ ਪਰਦਾ ਕਿੱਥੋਂ ਮਿਲਦਾ ਹੈ?
ਦੱਸਣਾ! ਕਿੰਨਾ ਕੱਪੜਾ ਲੱਗੇਗਾ?
ਉਸ ਹੋਰ ਪੁੱਛਿਐ
ਇੱਕ ਗੱਲ ਦੱਸਣਾ
ਧੋਖਾ ਖਾਣ ਤੋਂ ਮਗਰੋਂ
ਪਾਣੀ ਪੀ ਸਕਦੇ ਹਾਂ ਭਲਾ?
ਜੇ ਕਿਸੇ ਨੇ ਚਿਕਨੀਆਂ ਚੋਪੜੀਆਂ
ਗੱਲਾਂ ਕਰਨੀਆਂ ਹੋਣ ਤਾਂ
ਕਿਹੜਾ ਘਿਉ ਸਹੀ ਰਹੇਗਾ?
ਪਤਾ ਹੋਵੇ ਤਾਂ ਦੱਸਿਉ।
ਪਾਪ ਦਾ ਘੜਾ ਹੀ ਕਿਉਂ ਭਰਦੈ
ਠੰਢਾ ਰਹਿੰਦਾ ਹੈ ਭਲਾ?
ਇਹ ਦਿਲ ਤੇ ਰੱਖਣ ਵਾਲਾ
ਪੱਥਰ ਕਿੱਥੋਂ ਮਿਲਦਾ ਹੈ?
ਇਹ ਵੀ ਦੱਸਿਓ ਕਿ ਇਹ
ਕਿੰਨੇ ਕਿੱਲੋ ਦਾ ਹੁੰਦਾ ਹੈ?
ਕਿਸੇ ਦੇ ਜ਼ਖ਼ਮਾਂ ਤੇ
ਲੂਣ ਛਿੜਕਣਾ ਹੋਵੇ ਤਾਂ
ਕਿਹੜਾ ਸਹੀ ਰਹੇਗਾ?
ਟਾਟਾ ਜਾਂ ਪਾਤੰਜਲੀ!
ਕੋਈ ਇਹ ਵੀ ਜ਼ਰੂਰ ਦੱਸੇ?
ਜੋ ਲੋਕੀਂ
ਕਿਸੇ ਥਾਂ ਜੋਗੇ ਨਹੀਂ ਰਹਿੰਦੇ
ਆਖ਼ਰ ਉਹ ਕਿੱਥੇ ਵੱਸਦੇ ਨੇ?
ਸਭ ਲੋਕ
ਇੱਜ਼ਤ ਦੀ ਰੋਟੀ ਕਮਾਉਣਾ ਲੋਚਦੇ
ਇੱਜ਼ਤ ਦੀ ਸਬਜ਼ੀ ਕਿਉਂ ਨਾ?
ਨਰਕ ਵਿੱਚ ਜਾਣ ਲਈ
ਆਟੋ ਠੀਕ ਰਹੇਗਾ ਜਾਂ ਟੈਕਸੀ?
ਇੱਕ ਗੱਲ ਪੁੱਛਣੀ ਸੀ?
ਇਹ ਜੋ ਇੱਜ਼ਤ ਦਾ ਸਵਾਲ ਹੁੰਦੈ
ਇਹ ਕਿੰਨੇ ਨੰਬਰ ਦਾ ਹੁੰਦਾ ਹੈ?
ਇਹ ਵੀ ਦੱਸਣਾ!
ਇਹ ਜੋ ਡਿਨਰ ਸੈੱਟ ਹੁੰਦਾ ਹੈ
ਇਸ ਵਿੱਚ ਭਲਾ
ਦੁਪਹਿਰ ਦੀ ਰੋਟੀ ਖਾ ਸਕਦੇ ਹਾਂ?
ਇਹ ਗੱਲਾਂ ਸੱਚ ਮੁੱਚ
ਮੈਂ ਨਹੀਂ ਸਨ ਸੋਚੀਆਂ
ਲਿਖਣਾ ਤਾਂ ਦੂਰ ਦੀ ਗੱਲ ਹੈ।
ਹੁਣ ਤੁਸੀਂ ਆਪ ਦੱਸਿਉ?
ਇੰਟਰਨੈੱਟ ਦੀ ਰੱਦੀ ਵਿੱਚੋਂ ਵੀ
ਗਿਆਨ ਕਣੀਆਂ ਤੇ ਸੋਨ ਡਲ਼ੀਆਂ
ਲੱਭ ਜਾਂਦੀਆਂ ਨੇ ਬਹੁਤ ਵਾਰ
ਤੀਸਰਾ ਨੇਤਰ ਖ਼ੋਲ੍ਹਿਆਂ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.