ਅੱਜ ਹੀ ਪਟਿਆਲਾ ਤੋਂ ਨਵੀਂ ਸਿਰਜਕ ਹਰਪ੍ਰੀਤ ਕੌਰ ਸੰਧੂ ਦੀ ਕਾਵਿ ਪੁਸਤਕ ਅੰਤਰਨਾਦ ਮਿਲੀ ਹੈ। 64 ਪੰਨਿਆਂ ਦੀ ਨਿੱਕੀ ਜੇਹੀ ਵੱਡੇ ਮਹੱਤਵ ਵਾਲੀ ਕਿਤਾਬ। ਵਿਚਾਰ ਉਤੇਜਕ ਸਿਰਜਣਾ। ਔਰਤ ਮਰਦ ਰਿਸ਼ਤਿਆਂ ਦੀ ਅੰਤਰੀਵ ਥਾਹ। ਕਿਤਾਬ ਦੀਆਂ ਕੁਝ ਕਵਿਤਾਵਾਂ ਪੜ੍ਹਦਿਆਂ ਮਹਿਸੂਸ ਹੋ ਰਿਹੈ ਕਿ ਇਹ ਗੱਲਾਂ ਪੂਰਬਲੇ ਸਿਰਜਕਾਂ ਤੋਂ ਬਹੁਤੀਆਂ ਅਣਕਹੀਆਂ ਰਹਿ ਗਈਆਂ ਸਨ।
ਮੈਂ ਹਰਪ੍ਰੀਤ ਨੂੰ ਕਦੇ ਨਹੀਂ ਮਿਲਿਆ ਵੇਖਿਆ, ਪਰ ਕਵਿਤਾਵਾਂ ਪੜ੍ਹ ਕੇ ਲੱਗਿਆ ਕਿ ਬਹੁਤ ਜਾਣਦਾ ਹਾਂ।
ਮਨੋਵਿਗਿਆਨ ਉਸ ਦਾ ਪੜ੍ਹਨ ਵੇਲੇ ਪ੍ਰਮੁੱਖ ਵਿਸ਼ਾ ਹੋਣ ਕਾਰਨ ਅਨੇਕ ਗੰਢਾਂ ਗਰੰਥੀਆਂ ਖੋਲ੍ਹਣ ਵਿੱਚ ਉਸ ਸਫ਼ਲ ਕੋਸ਼ਿਸ਼ ਕੀਤੀ ਹੈ।
ਹਰਪ੍ਰੀਤ ਕੌਰ ਸੰਧੂ ਪਟਿਆਲਾ ਵੱਸਦੀ ਪੰਜਾਬੀ ਕਵਿੱਤਰੀ ਹੈ ਜੋ ਨਾਲੋ ਨਾਲ ਹਿੰਦੀ ਚ ਵੀ ਸਮਰੱਥ ਕਵਿਤਾਵਾਂ ਲਿਖਦੀ ਹੈ। ਪੰਜਾਬ ਦੇ ਸਕੂਲ ਵਿਭਾਗ ਵਿਚ ਹਿੰਦੀ ਅਧਿਆਪਕਾ ਵਜੋਂ ਪਟਿਆਲਾ 'ਚ ਹੀ ਪੜ੍ਹਾ ਰਹੀ ਹੈ। ਹਰਪ੍ਰੀਤ ਦੇ ਮਾਪਿਆਂ ਦਾ ਜੱਦੀ ਪਿੰਡ ਆਸਲ ਉਤਾੜ (ਨੇੜੇ ਪੱਟੀ) ਜ਼ਿਲ੍ਹਾ ਤਰਨਤਾਰਨ ਹੈ ਪਰ ਉਸ ਦੇ ਸਤਿਕਾਰਯੋਗ ਪਿਤਾ ਜੀ ਪ੍ਰੋ. ਕਰਤਾਰ ਸਿੰਘ ਸੰਧੂ (ਪਹਿਲਵਾਨ) ਲੰਮੇ ਸਮੇਂ ਤੋਂ ਸਰੀਰਕ ਸਿੱਖਿਆ ਕਾਲਿਜ ਚ ਪੜ੍ਹਾਉਣ ਲਈ ਪਟਿਆਲਾ ਆ ਵੱਸੇ ਸਨ। ਇਥੇ ਹੀ ਉਨ੍ਹਾਂ ਦਾ ਜਨਮ ਮਾਤਾ ਬਖਸ਼ੀਸ਼ ਕੌਰ ਸੰਧੂ ਦੇ ਘਰ 9 ਮਾਰਚ 1971 ਨੂੰ ਹੋਇਆ। ਮਾਪਿਆਂ ਨੇ ਉਸ ਦੀ ਪਰਵਰਿਸ਼ ਇਸ ਤਰੀਕੇ ਨਾਲ ਕੀਤੀ ਕਿ ਉਹ ਆਪਣੀ ਆਜ਼ਾਦ ਹਸਤੀ ਤੇ ਸੋਚ ਵਿਕਸਤ ਕਰਨ ਚ ਵਿਸ਼ਵਾਸ ਰੱਖਦੀ ਹੈ। ਉਸਮਾਨ ਸ਼ਹੀਦ (ਹੋਸ਼ਿਆਰਪੁਰ) ਦੇ ਜੰਮਪਲ ਸ: ਮਨਪ੍ਰੀਤ ਸਿੰਘ ਚੀਮਾ ਉਸ ਦੇ ਜੀਵਨ ਸਾਥੀ ਹਨ ਜੋ ਵਰਤਮਾਨ ਸਮੇਂ ਬਾਰਡਰ ਸਿਕਿਓਰਿਟੀ ਫੋਰਸ ਵਿਚ ਡਿਪਟੀ ਕਮਾਂਡੈਂਟ ਵਜੋਂ ਕਾਰਜਸ਼ੀਲ ਹਨ।
ਹਰਪ੍ਰੀਤ ਦੇ ਪਰਿਵਾਰ ਵਿਚ ਸੋਚਣ ਦੀ ਸਮਝਣ ਦੀ ਸੰਪੂਰਨ ਆਜ਼ਾਦੀ ਹੈਨਅਤੇ ਪਰਿਵਾਰ ਦਾ ਹਰੇਕ ਵਿਅਕਤੀ ਆਪਣੇ ਨਿਜੀ ਵਿਚਾਰ ਰੱਖਦਾ ਹੈ। ਇਹ ਵੀ ਜ਼ਰੂਰੀ ਨਹੀਂ ਮੰਨਿਆ ਜਾਂਦਾ ਕਿ ਦੂਜਾ ਉਸ ਨਾਲ ਲਾਜ਼ਮੀ ਸਹਿਮਤ ਹੋਏ । ਉਸ ਦਾ ਜੀਵਨ ਫਲਸਫਾ ਹੈ ਕਿ ਜੋ ਜਿਵੇਂ ਹੈ ਉਸ ਨੂੰ ਉਸੇ ਤਰ੍ਹਾਂ ਹੀ ਅਪਨਾਇਆ ਜਾਏ ਉਸ ਕਦੀ ਵੀ ਕਿਸੇ ਨੂੰ ਆਪਣੇ ਸੰਚੇ ਮੁਤਾਬਕ ਢਾਲਣ ਦੀ ਕੋਸ਼ਿਸ਼ ਨਹੀਂ ਕੀਤੀ। ਹਰਪ੍ਰੀਤ ਕੌਰ ਸੰਧੂ ਦੇ ਵਿਚਾਰ ਮੁਤਾਬਕ ਆਜ਼ਾਦੀ ਬੀਜ ਵਾਂਗ ਪੁੰਗਰਦੀ ਹੈ ਪੌਦੇ ਦੀ ਤਰ੍ਹਾਂ ਵਧਦੀ ਹੈ ਤੇ ਦਰਖਤ ਦੀ ਤਰ੍ਹਾਂ ਫੈਲਦੀ ਹੈ। ਗੌਰਮਿੰਟ ਕਾਲਿਜ ਫਾਰ ਵਿਮੈੱਨ ਪਟਿਆਲਾ ਤੋਂ ਗਰੈਜੂਏਸ਼ਨ ਕਰਕੇ ਹਰਪ੍ਰੀਤ ਕੌਰ ਸੰਧੂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 1993 ਚ ਮਨੋਵਿਗਿਆਨ (psychology) ਵਿਚ ਐੱਮ ਏ ਦੀ ਪੜ੍ਹਾਈ ਕੀਤੀ। ਕਵਿਤਾ ਲਿਖਣ ਪੜ੍ਹਨ ਤੇ ਬੋਲਣ ਦਾ ਸ਼ੌਕਉਸ ਅੰਦਰ ਕਾਲਿਜ ਪੜ੍ਹਾਈ ਸਮੇਂ ਤੋਂ ਹੀ ਪ੍ਰਬਲ ਸੀ। ਮਨੋਵਿਗਿਆਨ ਦੀ ਪੜ੍ਹਾਈ ਨੇ ਉਸਦੀ ਜੀਵਨ ਪ੍ਰਤੀ ਸੋਚ ਨੂੰ ਬੇਹੱਦ ਬਦਲਿਆ ਹੈ। ਹੁਣ ਉਹ ਹਰੇਕ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ ਤੇ ਹਰ ਪੱਖ ਤੋਂ ਹਰ ਚੀਜ਼ ਨੂੰ ਵੱਖ ਵੱਖ ਜ਼ਾਵੀਏ ਤੋਂ ਦੇਖਦੀ ਹੈ। ਉਸ ਜ਼ਿੰਦਗੀ ਵਿੱਚ ਹਰ ਚੀਜ਼ ਨੂੰ ਅਪਨਾਇਆ ਹੈ ਕਦੀ ਵੀ ਕਿਸੇ ਕੰਮ ਤੇ ਪਛਤਾਵਾ ਨਹੀਂ ਕੀਤਾ। ਹਰਪ੍ਰੀਤ ਕੌਰ ਸੰਧੂ ਹਾਂ ਪੱਖੀ ਸੋਚ ਲੈ ਕੇ ਅੱਗੇ ਵਧਦੀ ਜਾ ਰਹੀ ਹੈ। ਉਸ ਦੀਆਂ ਲਿਖਤਾਂ ਚੋਂ ਵੀ ਇਹੀ ਝਲਕਦਾ ਹੈ
ਪਿਛਲੇ ਕੁਝ ਸਮੇਂ ਤੋਂ ਮੈਂ ਮਹਿਸੂਸ ਕਰ ਰਿਹਾਂ ਕਿ ਪਟਿਆਲੇ ਦੀਆਂ ਕਵਿੱਤਰੀਆਂ ਬਹੁਤ ਨਿਵੇਕਲੀ ਕਵਿਤਾ ਲਿਖ ਰਹੀਆਂ ਹਨ। ਸਰਬਜੀਤ ਜੱਸ, ਸੰਦੀਪ ਕੌਰ,ਰਾਜਵਿੰਦਰ ਜਟਾਣਾ ਤੇ ਹੁਣ ਹਰਪ੍ਰੀਤ। ਕਿਸੇ ਵੇਲੇ ਨਿਰਪਾਲਜੀਤ ਕੌਰ ਜੋਸਨ ਨੇ ਆਪਣੀ ਪਲੇਠੀ ਕਾਵਿ ਪੁਸਤਕ ਨਾਲ ਸੋਹਣੀ ਹਾਜ਼ਰੀ ਲੁਆਈ ਸੀ।
ਹਰਪ੍ਰੀਤ ਦੀਆਂ ਅੰਤਰਨਾਦ ਚੋਂ ਕੁਝ ਕਵਿਤਾਵਾਂ ਤੁਸੀਂ ਵੀ ਪੜ੍ਹੋ।
1. ਯਕੀਨ ਰੱਖ
ਮੇਰਾ ਬੋਲਣਾ
ਚਹਿਕਣਾ ਲਗਦਾ ਸੀ ਕਦੇ
ਮੈਂ ਅਕਸਰ ਪੁੱਛਦੀ
ਮੈਂ ਜ਼ਿਆਦਾ ਬੋਲਦੀ ਹਾਂ?
ਨਹੀਂ! ਮੈਨੂੰ ਤਾਂ
ਬਹੁਤ ਚੰਗਾ ਲਗਦਾ ਹੈ।
ਤੇਰਾ ਜਵਾਬ ਹੁੰਦਾ
ਚਹਿਕਣ ਨੂੰ ਤੂੰ ਫਿਰ
ਚਿੜਚਿੜੇਪਣ ਵਿੱਚ
ਬਦਲ ਦਿੱਤਾ ਅਚਨਚੇਤ
ਮੇਰਾ ਬੋਲਣਾ ਨਹੀਂ
ਤੂੰ ਬਦਲ ਗਿਆ ਸੀ।
ਯਕੀਨ ਰੱਖ
ਹੁਣ
ਮੇਰੀ ਚੁੱਪ ਦੀ ਗਹਿਰਾਈ
ਤੇਰੀ
ਰੂਹ ਦੀਆਂ ਚੀਕਾਂ
ਬਣ ਕੇ ਨਿਕਲੇਗੀ।
2.
ਸੌਖਾ ਨਹੀਂ ਹੁੰਦਾ
ਕਹਿੰਦੇ ਨੇ
ਸਭ ਤੋਂ ਔਖਾ ਹੁੰਦਾ
ਪੁੱਤ ਦੀ ਅਰਥੀ ਚੁੱਕਣਾ
ਪਿਓ ਦੇ ਮੋਢਿਆਂ ਤੇ
ਸਾਰੀਆਂ
ਆਸਾਂ ਉਮੀਦਾਂ ਦਾ
ਸੁਆਹ ਹੋ ਜਾਣਾ
ਚਿਤਾ ਦੀ ਅਗਨ ਵਿੱਚ।
ਸੌਖਾ ਨਹੀਂ ਹੁੰਦਾ।
ਪੁੱਤ ਲਈ ਵੀ ਸੌਖਾ ਨਹੀਂ
ਪਿਤਾ ਦੇ ਜਨਾਜ਼ੇ ਨੂੰ
ਮੋਢਾ ਦੇਣਾ
ਜਿਸਦੀ ਉਂਗਲੀ ਫੜ ਕੇ
ਤੁਰਨਾ ਸਿੱਖਿਆ
ਜਿਸ ਦੇ ਸਿਰ ਤੇ
ਹਵਾ ‘ਚ ਉੱਡਣਾ ਸਿੱਖਿਆ
ਜੋ ਹੌਸਲਾ ਵੀ ਸੀ
ਬੁਨਿਆਦ ਵੀ
ਜਿਸ ਨੇ ਪੁੱਤਰ ਦੇ ਜਨਮ ਤੇ
ਵੰਡੇ ਸੀ ਲੱਡੂ
ਟੰਗੇ ਸੀ ਪੱਤੇ
ਦਹਿਲੀਜ਼ ਤੇ ਬੰਦਨਬਾਰ।
ਉਸ ਦੀ ਚਿਤਾ ਨੂੰ
ਅਗਨ ਦੇਣੀ
ਕਿੰਨੀ ਔਖੀ ਹੈ
ਇਹ ਪੁੱਤ ਹੀ ਜਾਣਦਾ ਹੈ
3.
ਕਣਕ ਕਿਸਾਨ ਦੀ
ਸੜਕਾਂ ਤੇ
ਧਰਨੇ ਦੇ ਰਹੇ ਕਿਸਾਨ
ਲਾਠੀਆਂ ਲੈ ਕੇ ਖੜ੍ਹੇ ਸਿਪਾਹੀ
ਘਰੋਂ ਆਏ ਖਾ ਕੇ ਪਰੌਂਠੇ
ਪਰੌਂਠੇ ਕਣਕ ਦੇ
ਕਣਕ ਕਿਸਾਨ ਦੀ
ਦਫ਼ਤਰਾਂ ਵਿੱਚ ਬੈਠੇ ਅਫ਼ਸਰ
ਦੇ ਰਹੇ ਕਿਸਾਨ ਵਿਰੋਧੀ ਹੁਕਮ
ਘਰੋਂ ਖਾ ਕੇ ਆਏ
ਬ੍ਰਾਊਨ ਬ੍ਰੈੱਡ
ਬ੍ਰੈਂਡ ਕਣਕ ਦੀ
ਕਣਕ ਕਿਸਾਨ ਦੀ
ਸੰਸਦ ਵਿੱਚ ਬੈਠੇ ਨੇਤਾ
ਕੱਢ ਰਹੇ ਕਿਸਾਨ ਵਿਰੋਧੀ ਕਾਨੂੰਨ
ਸੰਸਦ ਦੀ ਕੰਟੀਨ ਚੋਂ
ਸਸਤੇ ਮੁੱਲ ਤੇ ਖਾ ਕੇ ਆਏ ਡੋਸੇ
ਡੋਸੇ ਬਣੇ ਦਾਲ ਤੇ ਚੌਲ ਦੇ
ਦਾਲ ਤੇ ਚੌਲ ਕਿਸਾਨ ਦੇ।
ਖ਼ਬਰਾਂ ਕਰ ਰਹੇ ਪੱਤਰਕਾਰ
ਘਰੋਂ ਖਾ ਕੇ ਆਏ ਪੂਰੀਆਂ
ਪੂਰੀਆਂ ਆਟੇ ਦੀਆਂ
ਆਟਾ ਕਣਕ ਦਾ
ਕਣਕ ਕਿਸਾਨ ਦੀ
ਟੀਵੀ ਮੂਹਰੇ ਬੈਠੇ
ਅਸੀਂ ਸੁਣ ਰਹੇ ਤਕਰੀਰਾਂ
ਖਾ ਕੇ ਬੈਠੇ ਭਠੂਰੇ
ਭਠੂਰੇ ਮੈਦੇ ਦੇ
ਮੈਦਾ ਕਣਕ ਦਾ
ਤੇ ਕਣਕ ਕਿਸਾਨ ਦੀ।
4.
ਤਿੰਨ ਸੌ ਸੱਠ ਡਿਗਰੀ
ਜ਼ਿੰਦਗੀ ਤੇ
ਤਿੰਨ ਸੌ ਸੱਠ ਡਿਗਰੀ ਦੇ
ਕੋਣ ਵਿਚ ਬਹੁਤ ਸਮਾਨਤਾ ਹੈ।
ਤਿੰਨ ਸੌ ਸੱਠ ਡਿਗਰੀ ਦਾ
ਚੱਕਰ ਜਿੱਥੋਂ ਸ਼ੁਰੂ ਹੁੰਦਾ
ਉੱਥੇ ਹੀ ਆ ਕੇ
ਖ਼ਤਮ ਹੋ ਜਾਂਦਾ।
ਕੈਨਵਸ ਵੀ ਉਹੀ ਰਹਿੰਦਾ।
ਰੰਗ ਵੀ ਉਹੀ।
ਜ਼ਿੰਦਗੀ ਵੀ
ਇਸੇ ਤਰ੍ਹਾਂ ਹੈ
ਜਿੱਥੋਂ ਸ਼ੁਰੂ
ਉੱਥੇ ਹੀ ਆ ਕੇ ਖ਼ਤਮ ਹੋਵੇ।
ਜੋ ਦਿੰਦੇ ਹਾਂ
ਉਹੀ ਮੁੜ ਆਉਂਦਾ
ਜ਼ਿੰਦਗੀ ਦੀ ਤਸਵੀਰ ਦਾ
ਕੋਈ ਦੂਜਾ ਪਾਸਾ ਨਹੀਂ ਹੁੰਦਾ।
ਜਿੰਨਾ ਗੁੜ ਪਾਓ
ਓਨਾ ਮਿੱਠਾ
ਜਿੰਨਾ ਜ਼ਹਿਰ ਭਰੋ
ਓਨਾ ਜ਼ਹਿਰੀ।
ਉਹੀ ਵਾਪਸ
ਤੁਹਾਡੀ ਝੋਲੀ ‘ਚ ਪੈਂਦਾ।
ਬੱਸ ਸਮਾਂ ਲੱਗਦਾ
ਜਵਾਬ ਮਿਲਣ ਵਿੱਚ
ਪਰ ਲਾਜ਼ਿਮ ਹੈ
ਜਵਾਬ ਮਿਲਣਾ
ਜੇ ਕੋਈ ਸੋਚੇ
ਬਦੀ ਕਰਕੇ ਨੇਕੀ ਖੱਟ ਲਵੇਗਾ
ਨਾ ਮੁਮਕਿਨ
ਇਹ ਤਾਂ
ਤਿੰਨ ਸੌ ਸੱਠ ਡਿਗਰੀ ਦਾ ਮੋੜ ਹੈ
ਵਾਪਸ
ਉੱਥੇ ਹੀ ਲਿਜਾ ਕੇ
ਖੜ੍ਹਾ ਕਰ ਦਊ ਜਿੱਥੋਂ ਤੁਰੇ ਸਾਂ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.