ਉਹ ਹਮਲਾਵਰ ਫੌਜਾਂ ਦੀਆਂ ਪਲਟੂਨਾਂ ਦੇ ਅੰਦਾਜ਼ ਨਾਲ ਆਉਣੇ ਸ਼ੁਰੂ ਹੋਏੇ, ਲੱਖਾਂ, ਕਰੋੜਾਂ, ਅਰਬਾਂ, ਖਰਬਾਂ ਦੀ ਗਿਣਤੀ ਵਿੱਚ।ਇੱਕ ਤੋਂ ਬਾਅਦ ਦੂਜਾ - ਇੱਕ ਇੱਕ ਕਰਕੇ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਅਤੇ ਪੰਦਰਾਂ ਪੂਰਬੀ ਸੂਬਿਆਂ ਨੂੰ ਘੇਰ ਲਿਆ। ਉਹ ਹਰ ਪਾਸੇ ਸਨ, ਵੱਡੇ ਵੱਡੇ ਰੁੱਖਾਂ ਨੂੰ ਘੇਰੀਂ ਬੈਠੇ, ਚੀਕ ਚਿਹਾੜਾ ਪਾਂਉਂਦੇ; ਤੇ ਫੇਰ ਬੱਸ ਗਾਇਬ, ਇੱਕ ਦਮ ਗਾਇਬ, ਤੇ ਦੁਬਾਰਾ ਫੇਰ ਚੁੱਪ ਚਾਂ ਵਰਤ ਗਈ। ਕੀ ਕ੍ਰਿਸ਼ਮਾ ਹੈ ਕੁਦਰਤ ਦਾ, ਕੀ ਅਜੀਬ ਜ਼ਿੰਦਗੀ, ਸਤਾਰਾਂ ਸਾਲਾਂ ਦੇ ਧਰਤੀ ਅੰਦਰਲੇ ਬਚਪਨ ਤੋਂ ਬਾਅਦ ਸਿਰਫ ਦੋ ਤਿੰਨ ਹਫਤੇ ਦੀ ਖੁੱਲੀ ਹਵਾ ਤੇ ਚਾਨਣ-ਜੁਆਨ ਹੋਣ ਲਈ, ਉੱਡਣ ਖੇਡਣ ਲਈ, ਚੀਕ ਚਿਹਾੜਾ ਪਾਉਂਣ ਲਈ, ਬੱਚੇ ਜੰਮਣ ਲਈ, ਤੇ ਫੇਰ-ਫੇਰ ਕੀ? ਫੇਰ ਖੇਲ ਖਤਮ।
ਇਹ ਨੇ ਸਕੇਡੇ (ਛਚਿੳਦੳਸ), ਖਾਸ ਕਰ ਨਸਲ-10 ਦੇ ਸਕੇਡੇ। ਦੁਨੀਆਂ ਵਿੱਚ 3000 ਤੱਂ ਵੱਧ ਕਿਸਮਾਂ ਨੇ ਸਕੇਡਿਆਂ ਦੀਆਂ, ਪਰ ਅਸੀਂ ਅੱਜ ਵਿਸ਼ੇਸ਼ ਤੌਰ ਤੇ ਨਸਲ-10 ਦੀ ਹੀ ਗੱਲ ਕਰਾਂਗੇ। ਇਹ ਸਕੇਡੇ ਲੰਬਾਈ ਵਿੱਚ ਇੱਕ ਤੋਂ ਡੇਢ ਇੰਚ ਤੀਕਰ ਹੁੰਦੇ ਹਨ, ਭੂਰੇ ਰੰਗ ਦੇ, ਅਤੇ ਵਿੱਚ ਕਾਲੇ ਰੰਗ ਦੇ ਨਿਸ਼ਾਨਾਂ ਵਾਲੇ, ਗੁੰਦਵੇਂ ਸਰੀਰ ਦੇ। ਇਹਨਾਂ ਦੀਆਂ ਪੰਜ ਅੱਖਾਂ ਹੁੰਦੀਆਂ ਹਨ- ਦੋ ਮੋਟੀਆਂ ਲਾਲ ਰੰਗ ਦੀਆਂ, ਵੇਖਣ ਵਾਲੀਆਂ, ਅਤੇ ਤਿੰਨ ਨਿੱਕੀਆਂ ਚਾਨਣ ਤੇ ਹਨੇਰੇ ਦੀ ਪਛਾਣ ਕਰਨ ਵਾਲੀਆਂ। ਸਿਰ ਤੇੇ ਨਿੱਕੇ ਨਿੱਕੇ ਐਂਟੀਨੇ ਅਤੇ ਸਰੀਰ ਤੇ ਮੱਖੀਆਂ ਵਾਂਗ ਚਾਰ ਖੰਭ ਹੁੰਦੇ ਹਨ। ਖੰਬਾਂ ਦਾ ਪਹਿਲਾ ਜੋੜਾ ਸਰੀਰ ਨਾਲੋਂ ਵੀ ਲੰਮਾ ਹੁੰਦਾ ਹੈ।
ਇਹਨਾਂ ਦਾ ਸਤਾਰਾਂ ਸਾਲਾ ਬਚਪਨ ਧਰਤੀ ਅੰਦਰ, ਰੁਖਾਂ ਦੀਆਂ ਜੜਾਂ ਵਿੱਚ ਨਿਕਲਦਾ ਹੈ।ਬੱਚੇ ਭੂਰੇ ਰੰਗ ਦੇ ਹੁੰਦੇ ਨੇ, ਵੱਡੇ ਸਕੇਡਿਆਂ ਦੀ ਸ਼ਕਲ ਦੇ। ਸਮਾਂ ਆਉਣ ਤੇ, ਇਕ ਬਿਲਕੁੱਲ ਠੀਕ ਵਰਤਮਾਨ ਤੇ ਇਹ, ਜਿਵੇਂ ਕਿਸੇ ਵੱਡੀ ਉਲੀਕੀ ਵਿਓਂਤ ਮੁਤਾਬਕ ਸੀਟੀ ਵੱਜਣ ਤੇ, ਇੱਕ ਦਮ ਇਕੱਠੇ ਬਾਹਰ ਨਿਕਲਦੇ ਨੇ। ਇਹਨਾਂ ਦੀ ਬਾਹਰਲੀ ਤਹਿ ਇੱਕ ਘੋਗੇ ਵਾਂਗ ਹੁੰਦੀ ਹੈ ਜਿਸਨੂੰ ਪਾੜ ਕੇ, ਦੁੱਧ ਚਿੱਟੇ ਰੰਗ, ਤੇ ਨਰਮ ਸਰੀਰ ਵਾਲਾ, ਜੁਆਨ ਹੋ ਰਿਹਾ ਸਕੇਡਾ ਬਾਹਰ ਨਿਕਲਦਾ ਹੈ, ਪਰ ਕੁੱਝ ਦਿਨਾਂ ਵਿੱਚ ਹੀ ਇਹ ਅਪਣੇ ਅਸਲੀ ਰੰਗ ਵਿੱਚ ਬਦਲ ਜਾਂਦਾ ਹੈ ਅਤੇ ਸਰੀਰ ਪਹਿਲਾਂ ਵਾਂਗੂੰ ਸਖਤ ਹੋ ਜਾਂਦਾ ਹੈ। ਨਰਾਂ ਦੇ ਸਰੀਰ ਵਿੱਚ ਦਰਜੀਆਂ ਦੀ ਉਂਗਲ ਬਚਾਉਣ ਵਾਲੀ ਟੋਪੀ (ਸੲਾਨਿਗ ਟਹਮਿਬਲੲ) ਵਰਗਾ ਇੱਕ ਸਾਜ਼ ਹੁੰਦਾ ਹੈ ਜਿਸ ਨਾਲ ਉਹ ਮਿਲਾਪ ਕਰਨ ਲਈ ਉੱਚੀ ਆਵਾਜ਼ ਵਿੱਚ ਮਾਦਾ ਨੂੰ ਵਾਜਾਂ ਮਾਰਦੇ ਨੇ।ਸਕੇਡਿਆਂ ਦੀ ਆਵਾਜ਼ ਕਾਫੀ ਡੂੰਘੀ ਟਿੱਡਾ ਆਵਾਜ਼ ਹੁੰਦੀ ਹੈ ਤੇ ਜਦੋਂ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਇੱਠਿਆਂ ਮਾਦਾ ਸਕੇਡਿਆਂ ਦਾ ਧਿਆਨ ਖਿੱਚਣ ਲਈ ਚਿੱਲਾ ਰਹੇ ਹੁੰਦੇ ਹਨ ਤਾਂ ਇੰਜ ਲਗਦਾ ਹੈ ਜਿਵੇਂ ਕੋਈ ਲੜਾਕਾ ਜਹਾਜ਼ ਸਿਰਾਂ ਦੇ ਉੱਤੋ ਦੀ ਲੰਘ ਰਿਹਾ ਹੋਵੇ। ਮਾਦਾ ਸਕੇਡਿਆਂ ਵਿੱਚ ਆਵਾਜ਼ ਕੱਢਣ ਦੀ ਸਮਰੱਥਾ ਨਹੀਂ ਹੁੰਦੀ।
ਨਰ ਧਰਤੀ ਵਿੱਚੋਂ ਪਹਿਲਾਂ ਬਾਹਰ ਨਿੱਕਲਕੇ ਮਾਦਾ ਸਕੇਡਿਆਂ ਨਾਲ ਮਿਲਾਪ ਲਈ ਤਿਆਰ ਬਰ ਤਿਆਰ ਹੋ ਜਾਂਦੇ ਹਨ।
ਸਕੇਡਿਆਂ ਦੀ ਆਮਦ ਨਾਲ ਬਹੁਤ ਜਾਨਵਰਾਂ ਦੀ ਮੌਜ ਲੱਗਦੀ ਹੈ। ਪੰਛੀਆਂ ਦੀ ਤਾਂ ਦੋ ਹਫਤੇ ਦੀ ਪਾਰਟੀ ਸਮਝੋ; ਝੁੰਡਾਂ ਦੇ ਝੁੰਡ ਦ੍ਰਖਤਾਂ ਤੇ ਇਕੱਠੇ ਹੋ ਜਾਂਦੇ ਨੇ ਸਕੇਡਿਆਂ ਨੂੰ ਖਾਣ ਲਈ। ਕਈ ਵਾਰ ਮੈਂ ਬਾਹਰ ਬੈਠਾ ਸਰਕਸ ਵੇਖਦਾ ਹੁੰਦਾ ਸਾਂ-ਉੱਡਦਿਆਂ ਸਕੇਡਿਆਂ ਨੂੰ ਫੜਨ ਲਈ ਚਿੱੜੀਆਂ ਦਾ ਪਿੱਛੇ ਉੱਡਣਾ ਅਤੇ ਸਕੇਡਿਆਂ ਦਾ ਹਰਕਾਈ ਮਾਰਕੇ ਬਚਣ ਦੀ ਕੋਸ਼ਿਸ਼ ਕਰਨਾ। ਕਦੀ ਕਦਾਂਈਂ ਕਿਸਮਤ ਨਾਲ ਕੋਈ ਸਕੇਡਾ ਬਚ ਵੀ ਨਿੱਕਲਦਾ, ਪਰ ਬਹੁਤੀ ਵਾਰ ਜਿੱਤ ਚਿੜੀ ਦੀ ਹੀ ਹੁੰਦੀ। ਪੰਛੀਆਂ ਤੋਂ ਬਿਨਾਂ, ਗਾਲੜ, ਰੈਕੂਨ, ਸੱਪ, ਚੂਹੇ, ਛਪਕਲੀਆਂ, ਕੁੱਤੇ, ਬਿੱਲੀਆਂ ਤੇ ਐਥੋਂ ਤੀਕਰ ਕਿ ਇਨਸਾਨ ਵੀ ਇਹਨਾਂ ਨੂੰ ਖਾਂਦੇ ਨੇ। ਸਕੇਡਿਆਂ ਦੀ ਅਰਬਾਂ ਖਰਬਾਂ ਦੀ ਗਿਣਤੀ ਹੀ ਇਸ ਨਸਲ ਦਾ ਇੱਕੋ ਮਹਿਜ਼ ਬਚਾ ਹੈ। ਬਹੁਤੇ ਤਾਂ ਧਰਤੀਓਂ ਨਿੱਕਲਦੇ ਸਾਰ ਹੀ ਮਾਰੇ ਜਾਂਦੇ ਨੇ। ਨਰ ਮਾਦਾ ਨਾਲ ਮਿਲਾਪ ਤੋਂ ਛੇਤੀ ਹੀ ਬਾਅਦ ਤੁਰ ਜਾਂਦੇ ਨੇ। ਬਹੁਤੀਆਂ ਸਕੇਡਾ ਮਾਵਾਂ ਅੰਡੇ ਦੇਕੇ ਉਹਨਾਂ ਚੋਂ ਲਾਰਵੇ ਨਿਕਲਦੇ ਵੇਖਣ ਤੋਂ ਪਹਿਲਾਂ ਹੀ ਮਾਰੀਆਂ ਜਾਂਦੀਆਂ ਨੇ। ਪਰ ਜੋ ਵੀ ਹੈ, ਦੋ ਕੁ ਹਫਤਿਆਂ ਲਈ ਇਹ ਦੁਨੀਆਂ ਨੂੰ ਆਪਣੇ ਵਜੂਦ ਦਾ ਚੰਗਾ ਅਹਿਸਾਸ ਕਰਵਾ ਦਿੰਦੇ ਹਨ। ਰੋਜ਼ਮਰਾ ਦੀ ਜ਼ਿੰਦਗੀ ਤੇ ਕਾਫੀ ਅਸਰ ਪਾਂਉਂਦੇ ਨੇ। ਸਾਡੇ ਸਿਨਸਿਨੈਟੀ ਵਿੱਚ ਇੱਕ ਆਦਮੀ ਖੁੱਲੀ ਬਾਰੀ ਰੱਖ ਕੇ ਕਾਰ ਚਲਾ ਰਿਹਾ ਸੀ ਕਿ ਬਾਹਰੋਂ ਇੱਕ ਸਕੇਡਾ ਉਹਦੇ ਮੂੰਹ ਤੇ ਵੱਜਾ। ਨਤੀਜੇ ਵਜੋਂ ਹੋਏ ਐਕਸੀਡੈਂਟ ਵਿੱਚ ਵਿਚਾਰੇ ਦੀ ਕਾਰ ਪੂਰੀ ਤਰਾਂ ਭੰਨੀੋ ਗਈ।
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਦੇ ਯੋਰਪ ਜਾਣ ਲੱਗਿਆਂ, ਉਹਦੇ ਜਹਾਜ਼ ਦੇ ਇੰਜਨ ਵਿੱਚ ਇੰਨੇ ਸਕੇਡੇ ਆ ਵੜੇੇ ਕਿ ਉਹਦੇ ਲਈ ਦੂਜਾ ਜਹਾਜ਼ ਲਿਆਉਣਾ ਪਿਆ।
ਦੋ ਤਿੰਨ ਹਫਤੇ ਦਾ ਹੱਲਾ ਗੁੱਲਾ ਤੇ ਫਿਰ ਇਹ ਸਤਾਰਾਂ ਸਾਲ ਲਈ, ਧਰਤੀ ਅੰਦਰ ਚਲੇ ਜਾਂਦੇ ਨੇ, ਸਭ ਦੀਆਂ ਨਜ਼ਰਾਂ ਤੋਂ ਉਹਲੇ।
-
ਡਾ: ਰਛਪਾਲ ਸਹੋਤਾ, ਸਿਨਸਿਨੈਟੀ, ਯੂ ਐਸ ਏ, ਲੇਖਕ
rachhpalsahota@hotmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.