ਮੈਂ ਵੀ ਗੀਤ ਲਿਖ ਲੈਂਦਾ ਹਾਂ ਕਦੇ ਕਦੇ। ਪਹਿਲੀ ਕਿਤਾਬ ਸ਼ੀਸ਼ਾ ਝੂਠ ਬੋਲਦਾ ਹੈ(1978) ਵੇਲੇ ਤੋਂ ਲੈ ਕੇ।
ਫਿਰ ਨਿਰੋਲ ਗੀਤਾਂ ਦੀ ਕਿਤਾਬ ਫੁੱਲਾਂ ਦੀ ਝਾਂਜਰ 2005 ਚ ਛਪੀ। ਇਸ ਤੋਂ ਬਾਅਦ ਵੀ ਮੈਂ ਕੁਝ ਗੀਤ ਲਿਖੇ ਹਨ ਜੋ ਅਗਲੇ ਗੀਤ ਸੰਗ੍ਰਹਿ ਪਿੱਪਲ ਪੱਤੀਆਂ ਵਿੱਚ ਪਾਵਾਂਗਾ। ਕਈ ਸਾਲ ਪਹਿਲਾਂ ਇਸ ਨਾਮ ਦਾ ਗ਼ਜ਼ਲ ਸੰਗ੍ਰਹਿ ਕਿਸੇ ਯੂਨੀਵਰਸਿਟੀ ਵਿਦਿਆਰਥੀ ਨੇ ਸੰਪਾਦਿਤ ਕਰਨ ਦਾ ਸੁਪਨਾ ਲਿਆ ਸੀ ਪਰ ਅੱਧੋਰਾਣਾ ਰਹਿ ਗਿਆ। ਹੁਣ ਉਹ ਨਾਮ ਗੀਤ ਸੰਗ੍ਰਹਿ ਨੂੰ ਸੌਂਪ ਦਿੱਤਾ ਹੈ।
ਮੇਰੇ ਕਈ ਗੀਤ ਰੀਕਾਰਡ ਵੀ ਹੋਏ ਨੇ ਜਿੰਨ੍ਹਾਂ ਨੂੰ ਨਰਿੰਦਰ ਬੀਬਾ, ਜਗਮੋਹਨ ਕੌਰ, ਅਮਰਜੀਤ ਗੁਰਦਾਸਪੁਰੀ, ਭਜਨ ਮਲਿਕਪੁਰੀ, ਅਕਬਰ ਅਲੀ ਜੋਧਾਂ, ਸੁਰਿੰਦਰ ਸ਼ਿੰਦਾ, ਹੰਸ ਰਾਜ ਹੰਸ,ਹਰਭਜਨ ਮਾਨ,ਜਸਬੀਰ ਜੱਸੀ, ਲਾਭ ਜੰਜੂਆ, ਬਲਧੀਰ ਮਾਹਲਾ, ਕਰਨੈਲ ਗਿੱਲ, ਡਾ: ਸੁਖਨੈਨ,ਸਾਬਰ ਕੋਟੀ, ਰਾਮ ਸਿੰਘ ਅਲਬੇਲਾ, ਸ਼ੀਰਾ ਜਸਬੀਰ, ਹਰਿੰਦਰ ਸੋਹਲ, ਦਲਜੀਤ ਕੈਸ, ਸੁਰਜੀਤ ਭੁੱਲਰ,ਪ੍ਰੇਮ ਸਿੰਘਪੁਰੀਆ,ਹਰਦਿਆਲ ਪ੍ਰਵਾਨਾ, ਅਮਰੀਕ ਸਿੰਘ ਗਾਜ਼ੀਨੰਗਲ,ਦਿਲਬਾਗ਼ ਹੁੰਦਲ,ਪਵਨਦੀਪ ਚੌਹਾਨ,ਪਰਮਜੀਤ ਪਾਇਲ, ਰਛਪਾਲ ਸਿੰਘ ਪਮਾਲ, ਪਾਲੀ ਦੇਤਵਾਲੀਆ, ਅਸ਼ਵਨੀ ਵਰਮਾ,ਰਾਜ ਕਾਕੜਾ, ਵਿਜੈ ਯਮਲਾ ਜੱਟ, ਸੁਰੇਸ਼ ਯਮਲਾ ਜੱਟ, ਕੁਦਰਤ ਸਿੰਘ ਸਮੇਤ ਕਈ ਹੋਰ ਗਾਇਕਾਂ ਨੇ ਗਾਇਆ ਹੈ। ਮੈਂ ਕਿਸੇ ਗੀਤ ਚ ਆਪਣਾ ਨਾਮ ਨਹੀਂ ਪਾਇਆ ਕਦੇ। ਤਾਂ ਹੀ ਇਸ ਖੇਤਰ ਚ ਮੈਂ ਬੇਨਾਮ ਹਾਂ।
ਅੱਜ ਵਿਸ਼ਵ ਪੱਧਰ ਤੇ ਨਸ਼ਾ ਵਿਰੋਧੀ ਦਿਵਸ ਮਨਾਇਆ ਜਾ ਰਿਹੈ। ਇਸ ਵਿਸ਼ੇ ਤੇ ਮੈਂ ਵੀ ਕੁਝ ਗੀਤ ਲਿਖੇ ਸਨ ਉਨ੍ਹਾਂ ਚੋਂ ਕੁਝ ਗੀਤ ਤੁਸੀਂ ਵੀ ਪੜ੍ਹੋ।
1.
ਸੁਣ ਲਉ ਕੁੜੀਓ ਮੇਰਾ ਮਾਹੀ
ਸੁਣ ਲਉ ਕੁੜੀਓ ਮੇਰਾ ਮਾਹੀ,
ਆਖਾਂ ਜਿਸਨੂੰ ਢੋਲ ਸਿਪਾਹੀ,
ਰੋਜ਼ ਰਾਤ ਨੂੰ ਦਾਰੂ ਪੀ ਕੇ, ਆਵੇ ਪੂਰਾ ਰੱਜਿਆ।
ਨੀ ਰਾਹੀਂ ਲੜਦੇ ਦਾ, ਮੂੰਹ ਪਾਵੇ ਨਾਲ ਵੱਜਿਆ।
ਬਣਿਆ ਫਿਰਦੈ ਬਾਗ ਦਾ ਮਾਲੀ।
ਸੜ ਚੱਲੀ ਵਿਹੜੇ ਦੀ ਡਾਲੀ।
ਪਾਣੀ ਤੋਂ ਬਿਨ ਸੁੱਕੀਆਂ ਵੇਲਾਂ,
ਕਿੰਨਾ ਚਿਰ ਰਹਿੰਦੀ ਹਰਿਆਲੀ।
ਖ਼ੌਰੇ ਕਿਥੇ ਵਰ੍ਹਦੇ ਬੱਦਲ,
ਏਥੇ ਤਾਂ ਬੱਸ ਗੱਜਿਆ।
ਨੀ ਰਾਤੀਂ ਲੜਦੇ ਦਾ, ਮੂੰਹ ਪਾਵੇ ਨਾਲ ਵੱਜਿਆ।
ਕੰਮ ਕਾਰ ਨੂੰ ਹੱਥ ਨਾ ਲਾਵੇ।
ਵਿਹਲਾ ਬੈਠਾ ਰੋਅਬ ਜਮਾਵੇ।
ਜੇ ਕਿਧਰੇ ਮੈਂ ਬੋਲ ਪਵਾਂ ਤਾਂ,
ਸਿੱਧਾ ਮੇਰੇ ਸਿਰ ਨੂੰ ਆਵੇ।
ਇਹੋ ਜਹੇ ਨੂੰ ਕੀ ਆਖਾਂ
ਜਿਸ ਘੋਲ ਕੇ ਪੀ ਲਈ ਲੱਜਿਆ।
ਨੀ ਰਾਹੀਂ ਲੜਦੇ ਦਾ, ਮੂੰਹ ਪਾਵੇ ਨਾਲ ਵੱਜਿਆ।
ਮੇਰੇ ਤਨ ਤੇ ਪਾਟੀਆਂ ਲੀਰਾਂ।
ਘਰ ਵਿਚ ਤੰਗੀ ਹਾਲ ਫ਼ਕੀਰਾਂ।
ਦਿਲ ਦਾ ਹਾਲ ਸੁਣਾਵਾਂ ਕਿਸ ਨੂੰ,
ਵਿੰਨਿਆ ਮੈਨੂੰ ਇਸ ਦੇ ਤੀਰਾਂ।
ਇਹ ਵੀ ਦੋਸ਼ ਦਿਆਂ ਮੈਂ ਖ਼ੁਦ ਨੂੰ,
ਜਿਹੜਾ ਇਸਨੂੰ ਕੱਜਿਆ।
ਨੀ ਰਾਤੀਂ ਲੜਦੇ ਦਾ, ਮੂੰਹ ਪਾਵੇ ਨਾਲ ਵੱਜਿਆ।
ਫਿਰਨ ਵਿਲਕਦੇ ਬਾਲ ਨਿਆਣੇ।
ਕਿੱਦਾਂ ਪਲਦੇ ਇਹ ਕੀ ਜਾਣੇ?
ਖ਼ੌਰੇ ਕਿਸ ਦੁਨੀਆਂ ਵਿਚ ਰਹਿੰਦੈ,
ਇਹਦੀਆਂ ਬਾਤਾਂ ਇਹ ਹੀ ਜਾਣੇ।
ਵੇਖ ਸ਼ਰਾਬੀ ਟੋਲਾ ਜਾਵੇ, ਵਾਹੋ ਦਾਹੀ ਭੱਜਿਆ।
ਨੀ ਰਾਤੀਂ ਲੜਦੇ ਦਾ, ਮੂੰਹ ਪਾਵੇ ਨਾਲ ਵੱਜਿਆ।
2.
ਬਿਨ ਆਈ ਮਰ ਜਾਏਂਗਾ ਚੋਬਰਾ
ਬਿਨ ਆਈ ਮਰ ਜਾਏਂਗਾ ਚੋਬਰਾ, ਭੁੰਜੇ ਰੁਲਣਗੇ ਕੇਸ ਵੇ।
ਅਣਹੋਈਆਂ ਗੱਲਾਂ ਕਰਦੈਂ, ਮੇਰੀ ਨਾ ਜਾਂਦੀ ਪੇਸ਼ ਵੇ।
ਹਾੜੀ ਸਾਉਣੀ ਤੇਰੀ ਸਿੱਧੀ ਠੇਕੇ ਠਾਣੇ ਜਾਵੇ।
ਉਮਰ ਸਿਆਣੀ ਧੌਲਾ ਝਾਟਾ, ਕਿਹੜਾ ਬਹਿ ਸਮਝਾਵੇ।
ਦਾਰੂ ਪੀ ਕੇ ਰਾਤੀਂ ਮੁੜਦੈਂ, ਸੁਬ੍ਹਾ ਦਏਂ ਉਪਦੇਸ਼ ਵੇ।
ਅਣਹੋਈਆਂ ਗੱਲਾਂ ਕਰਦੈਂ ... ... ... ... ... ... ।
ਧੀਆਂ ਪੁੱਤ ਬਰਾਬਰ ਹੋ ਗਏ ਪੁੱਛਦੇ ਰਹਿੰਦੇ ਮੈਨੂੰ।
ਬਾਪੂ ਕਿਥੇ ਰਹੇ ਗੁਆਚਾ, ਕਿਉਂ ਨਹੀਂ ਦੱਸਦਾ ਤੈਨੂੰ?
ਤੇਰੇ ਪਿੱਛੇ ਝੂਠ ਬੋਲਦੀ ਪੈ ਨਾ ਜਾਏ ਕਲੇਸ਼ ਵੇ।
ਅਣਹੋਈਆਂ ਗੱਲਾਂ ਕਰਦਂੈ... ... ... ... ... ... ।
ਧੀ ਤੇਰੀ ਗਿੱਠ ਮੈਥੋਂ ਉੱਚੀ ਸੋਚੀਂ ਡੁੱਬੀ ਰਹਿੰਦੀ।
ਹਾਉਕੇ ਵਰਗੀ ਜੂਨ ਹੰਢਾਵੇ, ਮੂੰਹੋਂ ਕੁਝ ਨਾ ਕਹਿੰਦੀ।
ਧੀਆਂ ਦਾ ਧਨ ਸਦਾ ਬੇਗਾਨਾ, ਘਰ ਨਾ ਰਹਿਣ ਹਮੇਸ਼ ਵੇ।
ਅਣਹੋਈਆਂ ਗੱਲਾਂ ਕਰਦੈਂ... ... ... ...।
ਛੱਡ ਨਸ਼ਿਆਂ ਦਾ ਖਹਿੜਾ ਜੱਟਾ, ਠੇਕੇ ਮੂਹਰੇ ਬਹਿਣਾ।
ਦਸਾਂ ਨਹੁੰਆਂ ਦੀ ਕਿਰਤ ਕਮਾਈ ਸਭ ਤੋਂ ਸੁੱਚਾ ਗਹਿਣਾ।
ਜਿੰਨੀ ਗੁਜ਼ਰੀ ਵਾਹਵਾ ਗੁਜ਼ਰੀ ਬਣ ਜਾ ਹੁਣ ਦਰਵੇਸ਼ ਵੇ।
ਅਣਹੋਈਆਂ ਗੱਲਾਂ ਕਰਦੈਂ ... ... ...।
ਨਾਲ ਸ਼ਰੀਕਾਂ ਲੜ ਕੇ ਟੰਗਿਆ ਸੂਲੀ ਟੱਬਰ ਸਾਰਾ।
ਵੱਟਾਂ ਬੰਨੇ ਏਥੇ ਰਹਿਣੇ, ਲੱਭਣਾ ਨਹੀਂ ਭਾਈਚਾਰਾ।
ਫੋਕੀ ਆਕੜ ਪਿੱਛੇ ਬਣਿਆ ਕੰਧ ਓਹਲੇ ਪਰਦੇਸ ਵੇ।
ਅਣਹੋਈਆਂ ਗੱਲਾਂ ਕਰਦੈਂ ... ..
3.
ਤੇਰੇ 'ਚੋਂ ਦਾਰੂ ਬੋਲਦੀ
ਰੋਜ਼ ਆਖਨੈਂ ਛੱਡੀ ਛੱਡੀ, ਆਹ ਦੱਸ ਬੋਤਲ ਕਿਥੋਂ ਕੱਢੀ,
ਫਿਰ ਤੂੰ ਕਹਿਨੈਂ ਮੈਂ ਰਹਿੰਦੀ ਆਂ ਤੇਰੇ ਪਰਦੇ ਫ਼ੋਲਦੀ।
ਇਹ ਤੂੰ ਨਹੀਂ ਬੋਲਦਾ ਚੰਦਰਿਆ ਤੇਰੇ ’ਚੋਂ ਦਾਰੂ ਬੋਲਦੀ।
ਕੰਮ ਕਾਰ ਨੂੰ ਹੱਥ ਨਾ ਲਾਵੇਂ, ਉਤੋਂ ਫ਼ੋਕਾ ਰੋਬ ਜਮਾਵੇਂ।
ਬਿਨਾਂ ਪੀਤੀਓਂ ਗੂੰਗਾ ਬੋਲਾ, ਪੀ ਕੇ ਬੱਗਾ ਸ਼ੇਰ ਕਹਾਵੇਂ।
ਇਕ ਕਲਮੂੰਹੀਂ ਮੱਤ ਮਾਰ ਕੇ ਇੱਜ਼ਤ ਮਿੱਟੀ ਰੋਲਦੀ।
ਨਸ਼ਿਆਂ ਦੀ ਤੂੰ ਕਰੇਂ ਗੁਲਾਮੀ, ਇਹਦੇ ਵਿਚ ਬੜੀ ਬਦਨਾਮੀ।
ਪੈਰ ਪੈਰ ਤੇ ਝੂਠ ਬੋਲਦੈਂ, ਕਿਹੜਾ ਭਰਦੂ ਤੇਰੀ ਹਾਮੀ।
ਤੇਰਾ ਮੰਦੜਾ ਹਾਲ ਵੇਖ ਜਿੰਦ ਪਾਰੇ ਵਾਂਗੂੰ ਡੋਲਦੀ।
ਬੱਗੀ ਦਾੜ੍ਹੀ ਧੌਲਾ ਝਾਟਾ, ਤੈਨੂੰ ਸ਼ਰਮ ਹਯਾ ਦਾ ਘਾਟਾ।
ਕਿਥੋਂ ਮੰਨ ਪਕਾਵਾਂ ਤੇਰੇ, ਪੀਪੇ ਦੇ ਵਿਚ ਹੈ ਨਹੀਂ ਆਟਾ।
ਮੀਲ ਮੀਲ ਤੋਂ ਲਪਟਾਂ ਮਾਰੇਂ ਕਿਹੜਾ ਲੰਘੇ ਕੋਲ ਦੀ।
ਰੋਜ਼ ਸਵੇਰੇ ਕਸਮਾਂ ਖਾਵੇਂ, ਸ਼ਾਮ ਢਲਦਿਆਂ ਹੀ ਭੁੱਲ ਜਾਵੇਂ।
ਖੂਹ ਖਾਤੇ 'ਚੋਂ ਫਿਰਾਂ ਭਾਲਦੀ, ਰਾਤੀਂ ਜਦ ਤੂੰ ਘਰ ਨਾ ਆਵੇਂ।
ਬਾਲ ਨਿਆਣੇ ਸੁੱਤੇ ਛੱਡ ਕੇ ਰਹਿੰਦੀ ਤੈਨੂੰ ਟੋਲਦੀ।
ਗੱਲ ਤੇ ਗੌਰ ਕਰੀਂ ਸਰਦਾਰਾ, ਏਸ ਕੋਹੜ ਤੋਂ ਪਾ ਛੁਟਕਾਰਾ।
ਨਕਲੀ ਇਕ ਹੁਲਾਰੇ ਖ਼ਾਤਰ, ਸੂਲੀ ਟੰਗਦੈਂ ਟੱਬਰ ਸਾਰਾ।
ਨਹੀਂ ਮੰਨਣੀ ਜੇ ਗੱਲ ਮੇਰੀ, ਲੰਘੀਂ ਨਾ ਮੰਜੀ ਕੋਲ ਦੀ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.