ਨਵੇਕਲੇ ਵਿਸ਼ਿਆਂ ਦਾ ਸ਼ਾਹ-ਅਸਵਾਰ- ਕਹਾਣੀਕਾਰ ਰੋਹਿਤ ਕੁਮਾਰ
ਲੇਖਕ- ਗੁਰਿੰਦਰਜੀਤ ਸਿੰਘ ‘ਨੀਟਾ ਮਾਛੀਕੇ’
ਫਰਿਜਨੋ ਕੈਲੀਫੋਰਨੀਆਂ
ਲਿਖਣਾ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ। ਇਹ ਕੋਈ ਜ਼ਰੂਰੀ ਨਹੀਂ ਕਿ ਲੇਖਕ ਆਪਣੀ ਲੇਖਣੀ ਵਿੱਚ ਔਖੇ ਔਖੇ ਸ਼ਬਦ ਵਰਤਕੇ ਹੀ ਪਾਠਕਾਂ ਨੂੰ ਪ੍ਰਭਾਵਿਤ ਕਰ ਸਕੇ। ਲੇਖਕ ਓਹੀ ਸਫਲ ਹੈ ਜਿਹੜਾ ਆਪਣੀ ਸ਼ਬਦਾਵਲੀ ਨਾਲ ਪਾਠਕ ਨੂੰ ਉਂਗਲੀ ਫੜਕੇ ਨਾਲ ਤੋਰ ਸਕੇ। ਅੱਜ ਮੈਂ ਜਿਸ ਕਹਾਣੀਕਾਰ ਦੀ ਤੁਹਾਡੇ ਨਾਲ ਸਾਂਝ ਪਵਾ ਰਿਹਾ ਹਾਂ, ਉਹ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਨੰਦਣ ਨਾਲ ਸਬੰਧਿਤ ਚੋਬਰ ਰੋਹਿਤ ਕੁਮਾਰ..! ਰੋਹਿਤ ਨੂੰ ਛੋਟੀ ਉਮਰ ਵਿੱਚ ਹੀ ਜ਼ਿੰਦਗੀ ਦੇ ਬੜੇ ਮਿੱਠੇ ਕੌੜੇ ਤਜ਼ਰਬੇ ਹੋਏ। ਭਰ ਜਵਾਨੀ ਤੱਕ ਉਹ ਦੁਨੀਆਦਾਰੀ ਤੇ ਸੰਸਾਰ ਨੂੰ ਚੰਗੀ ਤਰਾਂ ਸਮਝ ਚੁੱਕਿਆ ਹੈ। ਸ਼ਾਇਦ ਇਸੇ ਸੂਝ-ਬੂਝ ਚੋਂ ਹੀ ਉਸਦੀਆਂ ਪੰਜ ਕਹਾਣੀਆਂ ਦੀਆਂ ਪੁਸਤਕਾਂ ਛਪੀਆਂ। ਜਿਹੜੇ ਵਿਸ਼ੇ ਉਸਨੇ ਛੋਹੇ ਉਹਨਾ ਬਾਰੇ ਲਿਖਣਾ ਕੋਈ ਸੌਖਾ ਨਹੀਂ ਹੁੰਦਾ..! ਫੇਰ ਵਿਸ਼ਾ ਵੀ ਉਹ ਚੁਣਨਾ ਜੀਹਦੇ ‘ਤੇ ਲਿਖਣ ਲਈ ਜਿਗਰਾ ਚਾਹੀਦਾ ਹੋਵੇ।
ਦੋ ਮਿੰਨੀ ਕਹਾਣੀ ਸੰਗ੍ਰਹਿ 'ਨਸੀਹਤ' ਤੇ 'ਗੰਦਾ ਖੂਨ' ਦੇ ਪ੍ਰਕਾਸ਼ਨ ਤੋਂ ਬਾਅਦ ਨੌਜਵਾਨ ਲੇਖਕ ਰੋਹਿਤ ਕੁਮਾਰ ਨੇ ਲਾਲ ਬੱਤੀ ਖੇਤਰ ਨਾਲ ਸੰਬੰਧਿਤ ਕੁੜੀਆਂ ਦੀ ਦਰਦ ਭਰੀ ਕਹਾਣੀ ਨੂੰ ਬਿਆਨ ਕਰਦਾ ਮਿੰਨੀ ਕਹਾਣੀ ਸੰਗ੍ਰਹਿ ‘ਕੱਠਪੁਤਲੀਆਂ’ ਛਪਵਾਉਣ ਦੀ ਪਹਿਲ ਕੀਤੀ ਹੈ। ਇਸ ਤੋਂ ਬਾਅਦ ਉਸਦੀ ਤਾਜਾ ਲਿਖ਼ਤ ‘ਇੱਕ ਬਟੇ ਦੋ’ ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਵੱਲੋ ਛਾਪੀ ਗਈ ਹੈ। ਇਸ ਕਿਤਾਬ ਵਿੱਚ ਰੋਹਿਤ ਨੇ ਅਣ-ਛੋਹਿਆ ਵਿਸ਼ਾ ਕਿੰਨਰ ਜਾ ਜਿਨਾਂ ਨੂੰ ਖੁਸਰੇ ਵੀ ਕਿਹਾ ਜਾਂਦਾ ਹੈ, ਬੜੇ ਪ੍ਰਚੰਡ ਤਰੀਕੇ ਨਾਲ ਛੋਹਿਆ ਹੈ। ਜੇ ਆਪਾ ਵੇਸਵਾਂ ਜੀਵਨ ਦੀ ਗੱਲ ਕਰੀਏ ਇਸ ਨੂੰ ਅਪਣਾਉਣ ਜਾਂ ਕੋਈ ਹੋਰ ਰਾਹ ਚੁਣਨ ਦੀ ਫੇਰ ਵੀ ਕਿਤੇ ਨਾ ਕਿਤੇ ਕੋਈ ਗੁੰਜਾਇਸ਼ ਹੁੰਦੀ ਹੈ, ਪਰ ਕਿੰਨਰ ਬਣਨਾ ਜਾ ਨਾ ਬਣਨਾ ਇਸ ਵਿੱਚ ਇਨਸਾਨ ਦਾ ਆਪਣਾ ਕੋਈ ਰੋਲ ਨਹੀਂ ਹੁੰਦਾ ਇਹ ਸਭ ਕੁਦਰਤ ਦਾ ਵਰਤਾਰਾ ਹੈ। ਜਿਹੜੀਆਂ ਮੁਸੀਬਤਾਂ ਵਿੱਚੋਂ ਕਿੰਨਰ ਨਿਕਲਦਾ ਜਾ ਜਿਹੜੀਆਂ ਪ੍ਰਸਥੀਤੀਆਂ ਵਿੱਚੋਂ ਲੰਘਕੇ ਉਹ ਆਪਣੀ ਰੋਜ਼ ਮਰਹਾ ਦੀ ਜ਼ਿੰਦਗੀ ਬਤੀਤ ਕਰਦਾ ਉਹ ਬਸ ਓਹੀ ਜਾਣੇ। ਮਾਨਸਿਕ ਤਣਾਅ ਦੇ ਨਾਲ ਨਾਲ ਪਰਿਵਾਰਕ ਪ੍ਰੈਸ਼ਰ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ ਕਿ ਸਾਡੇ ਘਰ ਕਿੰਨਰ ਜੰਮਿਆ, ਇਸੇ ਤਰੀਕੇ ਸਮਾਜ ਦੇ ਤਰਾ ਤਰਾਂ ਦੇ ਤਾਨ੍ਹੇ ਮਿਹਣੇ ਕਿ ਇਹ ਬੰਦਾ ਨਾ ਜ਼ਨਾਨੀ। ਇਸ ਸਾਰੇ ਵਰਤਾਰੇ ਬਾਰੇ ਰੋਹਿਤ ਨੇ ਕਿੰਨਰ ਸਮਾਜ ਦੀਆਂ ਮਜਬੂਰੀਆਂ ਬਾਰੇ ਬੜਾ ਖੁਲਕੇ ਲਿਖਿਆ। ਇਸ ਕਾਰਜ ਲਈ ਉਸਦੀ ਮਿਹਨਤ ਤੇ ਕਾਬਲੀਅਤ ਦੀ ਸਿਫ਼ਤ ਕਰਨੀ ਬਣਦੀ ਹੈ। ਇਸੇ ਤਰੀਕੇ ਜੇ ਕਠਪੁਤਲੀਆਂ ਜਾ ਗੂੰਗੀ ਰੌਣਕ ਆਦਿ ਪੁਸਤਕਾਂ ਦੀ ਗੱਲ ਕਰੀਏ ਤਾਂ ਇਹਨਾਂ ਵਿੇਚ ਦਰਜ ਕਹਾਣੀਆਂ ਮਜਬੂਰੀ ਵੱਸ ਆਪਣਾ ਸਰੀਰ ਵੇਚਣ ਵਾਲੀਆਂ ਕੁੜੀਆਂ ਦੇ ਮਾਨਸਿਕ ਸੰਤਾਪ ਦੀ ਦਾਸਤਾਨ ਬਿਆਨ ਕਰਦੀਆਂ ਹਨ, ਉੱਥੇ ਹੀ ਇਸ ਵਿਸ਼ੇ ਦੀਆਂ ਅਨੇਕਾ ਡੂੰਘੀਆਂ ਪਰਤਾਂ ਤੱਕ ਪਹੁੰਚ ਕੇ ਲੇਖਕ ਦੇ ਵਿਸ਼ਾ ਮਾਹਿਰ ਹੋਣ ਦੀ ਵੀ ਗਵਾਹੀ ਦਿੰਦੀਆਂ ਹਨ। ਸੰਗ੍ਰਹਿ ਵਿਚ ਸ਼ਾਮਿਲ ਕਹਾਣੀਆਂ ਇਸ ਗੱਲ ਦਾ ਖੁਲਾਸਾ ਕਰਦੀਆਂ ਹਨ ਕਿ ਸਮਾਜ ਨਾਲੋਂ ਬਿਲਕੁਲ ਛੇਕੇ ਹੋਣ ਦਾ ਸੰਤਾਪ ਭੋਗ ਰਹੀਆਂ ਇਨ੍ਹਾਂ ਕੁੜੀਆਂ ਨੇ ਆਪਣਾਂ ਸਰੀਰ ਵੇਚਣ ਦਾ ਅਪਮਾਨਿਤ ਕਿੱਤਾ ਆਪਣੀ ਮਰਜ਼ੀ ਨਾਲ ਨਹੀ ਚੁਣਿਆ, ਸਗੋਂ ਸਮੇਂ ਦੀ ਮਜਬੂਰੀ ਨੇ ਉਨ੍ਹਾਂ ਨੂੰ ਇਸ ਨਖਿੱਧ ਕਿੱਤੇ ਵੱਲ ਜਬਰੀ ਧੱਕਿਆ ਹੈ।
ਜਦੋਂ ਪਾਠਕ ਇਹਨਾਂ ਕਹਾਣੀਆਂ ਜ਼ਰੀਏ ਇਸ ਵੇਸਵਾ ਜੀਵਨ ਨੂੰ ਨੇੜਿਓ ਤੱਕਦਾ ਹੈ ‘ਤਾਂ ਉਸਦੇ ਮਨ ਵਿਚ ਕਾਮ ਦੀ ਬਜ਼ਾਇ ਇਹਨਾਂ ਕੁੜੀਆਂ ਲਈ ਤਰਸ ਦੀ ਭਾਵਨਾਂ ਪੈਦਾ ਹੋਣ ਲੱਗਦੀ ਹੈ, ‘ਤੇ ਉਹ ਇਨ੍ਹਾਂ ਨੂੰ ਇਸ ਗਰਕੇ ਕਿੱਤੇ ਵੱਲ ਧੱਕਣ ਵਾਲੀ ਸਮਾਜਿਕ ਵਿਵਸਥਾ ਨੂੰ ਨਫ਼ਰਤ ਦੀ ਨਜ਼ਰ ਨਾਲ ਵੇਖਣ ਲੱਗ ਪੈਂਦਾ ਹੈ। ਵੇਸਵਾ ਕਹੀਆਂ ਜਾਂਦੀਆ ਇਨ੍ਹਾਂ ਕੁੜੀਆਂ ਦੇ ਜੀਵਨ ਨੂੰ ਨੇੜਿੳਂ ਵੇਖਣ ਤੇ ਅਜਿਹੇ ਬਹੁਤ ਸਾਰੇ ਦ੍ਰਿਸ਼ ਨਜ਼ਰੀਂ ਚੜ੍ਹਦੇ ਹਨ , ਜੋ ਪਾਠਕਾਂ ਨੂੰ ਮਾਨਸਿਕ ਤੌਰ ਤੇ ਵਿਚਲਿਤ ਕਰਕੇ ਉਨ੍ਹਾਂ ਦੀ ਸੋਚ ਨੂੰ ਵੇਸਵਾ-ਬਿਰਤੀ ਦੇ ਖਾਤਮੇ ਲਈ ਪ੍ਰੇਰਤ ਕਰਦੇ ਹਨ ।ਨੇੜਿਉਂ ਵੇਖਣ ਤੇ ਹੀ ਪਤਾ ਚਲਦਾ ਹੈ ਕੁੜੀਆਂ ਕਿਵੇਂ ਖ਼ਤਰਨਾਕ ਰੋਗਾਂ ਦਾ ਜ਼ੋਖਿਮ ਉਠਾਕੇ, ਅਸਹਿਣ ਯੋਗ ਯੋਨ ਪੀੜਾਂ ਸਹਿਣ ਕਰਕੇ ਵੀ ਇਹ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਗੰਦਾ ਧੰਦਾ ਕਰਨ ਲਈ ਮਜਬੂਰ ਹਨ। ਇਸ ਗਰਕ ਬਜ਼ਾਰ ਵਿਚ ਵੜਨ ਲਈ ਬਥੇਰੇ ਰਸਤੇ ਹਨ, ਪਰ ਇਸ ਦਲਦਲ ਵਿੱਚੋਂ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ।
ਲੇਖਕ ਨੇ ਮਿੰਨੀ ਕਹਾਣੀ ਸੰਗ੍ਰਹਿ ਮਗਰੋਂ ਇੱਕ ਹੋਰ ਵੱਡੀਆ ਕਹਾਣੀਆਂ ਦੀ ਪੁਸਤਕ ‘ਗੂੰਗੀ ਰੌਣਕ’ ਨਾਲ ਪੰਜਾਬੀ ਸਾਹਿਤ ਵਿੱਚ ਆਪਣੀ ਹਾਜਰੀ ਲਵਾਈ ਹੈ। ਇਸ ਪੁਸਤਕ ਵਿੱਚ ਰੋਹਿਤ ਕੁਮਾਰ ਨੇ ਵੇਸਵਾ ਜੀਵਨ ਦੇ ਅੰਤਰ ਬਾਹਰੀ ਸੰਕਟਾਂ ਨੂੰ ਦਰਸਾਉਂਦੀਆਂ ਪੰਜ ਕਹਾਣੀਆਂ ਦਰਜ ਕੀਤੀਆ ਹਨ। ਇਹ ਪੁਸਤਕ ਪੜ੍ਹਕੇ ਆਮ ਇਨਸਾਨ ਦਾ ਲੂਈ ਕੰਡਾ ਖੜ ਜਾਂਦਾ ਕਿ ਵੇਸਵਾ ਦਾ ਧੰਦਾ ਐਨਾ ਵਹਿਸ਼ੀ ਹੁੰਦਾ ਹੈ।
ਅੱਜਕੱਲ ਇਸ ਖੇਤਰ ਵਿੱਚ ਸਿਰਫ ਆਰਥਿਕ ਮਜਬੂਰੀ ਵੱਸ ਕੁੜੀਆ ਹੀ ਨਹੀਂ ਜਾਂਦੀਆਂ, ਸਗੋਂ ਖਾਂਦੇ ਪੀਂਦੇ ਤੇ ਅਮੀਰ ਘਰਾਂ ਦੀਆਂ ਕੁੜੀਆਂ ਵੀ ਆਪਣੀ ਐਸ਼ ਪ੍ਰਸਤੀ ਲਈ ਇਸ ਬਜ਼ਾਰ ਦਾ ਹਿੱਸਾ ਬਣ ਰਹੀਆ ਹਨ। ਇਹ ਬਜ਼ਾਰ ਹੁਣ ਕੋਠਿਆਂ ਤੋਂ ਲੈ ਕੇ ਫਾਈਵ ਸਟਾਰ ਹੋਟਲਾਂ ਤੱਕ ਫੈਲ ਗਿਆ ਹੈ ।
ਇਸ ਰੁਝਾਨ ਨੂੰ ਰੋਕਣ ਲਈ ਜਾਂ ਲੋਕਾਂ ਨੂੰ ਵੇਸਵਾ ਬਜ਼ਾਰ ਦੇ ਪਰਦੇ ਪਿੱਛੇ ਚੱਲਦੇ ਦ੍ਰਿਸ਼ਾਂ ਪ੍ਰਤੀ ਜਾਗਰੂਕ ਕਰਨ ਲਈ ਲੇਖਕ ਰੋਹਿਤ ਕੁਮਾਰ ਵਧਾਈ ਦਾ ਪਾਤਰ ਹੈ। ਸਾਨੂੰ ਸਾਰਿਆਂ ਨੂੰ ਐਸੀਆਂ ਲੋਕ ਪੱਖੀ ਲਿੱਖਤਾਂ ਦਾ ਸੁਆਗਤ ਕਰਨਾ ਚਾਹੀਦਾ ਹੈ।
ਲੇਖਕ ਦਾ ਪਤਾ - Rohit kumar
S/O sh.Sohan lal
post office- bassi purani
village- Nandan
Distt-Hoshiarpur
PIN- 146021
State-punjab
MOB- +91 84 27 44 74 34
ਲੇਖਕ- ਗੁਰਿੰਦਰਜੀਤ ਸਿੰਘ ‘ਨੀਟਾ ਮਾਛੀਕੇ’
ਫਰਿਜਨੋ ਕੈਲੀਫੋਰਨੀਆਂ
-
ਗੁਰਿੰਦਰਜੀਤ ਸਿੰਘ ‘ਨੀਟਾ ਮਾਛੀਕੇ’,
gptrucking134@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.