33ਵੀਂ ਬਰਸੀ ’ਤੇ ਵਿਸ਼ੇਸ਼
ਸ਼ਾਇਰੀ ਦਾ ਭਰ ਵਗਦਾ ਦਰਿਆ ਕੁਲਵੰਤ ਨੀਲੋਂ.....ਬੁੱਧ ਸਿੰਘ ਨੀਲੋਂ ਵੱਲੋਂ ਨਿੱਘੀ ਸ਼ਰਧਾਂਜਲੀ
ਸ਼ਾਇਦ ਮੈਂ ਕਦੇ ਨਾ ਲਿਖਣ ਲੱਗਦਾ ਜੇ ਮੇਰੇ ਪੁਰਖੇ ਕੁਲਵੰਤ ਨੀਲੋ ਤੇ ਜਗਦੀਸ਼ ਨੀਲੋਂ ਨਾ ਹੁੰਦੇ ।ਦੋਹਾਂ ਹੀ ਭਰਾਵਾਂ ਨੇ ਪੰਜਾਬੀ ਸਾਹਿਤ ਦੀਆਂ ਝੋਲੀਆਂ ਭਰੀਆਂ ਪਰ ਆਪ ਖਾਲੀ ਖੀਸੇ ਤੇ ਖਾਲੀ ਪੀਪੇ ਵਾਂਗ ਜੀਵਨ ਜੀਵਿਆ। ਕੁਲਵੰਤ ਨੀਲੋਂ ਨੂੰ ਪਿੰਡ ਕਾਲੀ ਮਾਸਟਰ ਕਹਿੰਦੇ ਸੀ। ਸਕੂਲ ਵਿੱਚ ਉਸ ਕੁਲਵੰਤ ਸਿੰਘ ਸੀ ਤੇ ਸਾਹਿਤਕ ਸੱਥਾਂ ਦੇ ਵਿੱਚ ਉਹ ਖਾੜਕੂ ਕੁਲਵੰਤ ਨੀਲੋਂ ਵਜੋਂ ਜਾਣਿਆ ਜਾਂਦਾ ਸੀ।
ਜ਼ਿੰਦਗੀ ਭਰ ਕਦੇ ਉਨ੍ਹਾਂ ਨੇ ਕਦੇ ਹਾਲਾਤ ਨਾਲ ਸਮਝੌਤਾ ਨਹੀਂ ਕੀਤਾ। ਸਾਦਗੀ ਤੇ ਸਬਰ ਨਾਲ ਜ਼ਿੰਦਗੀ ਗੁਜ਼ਾਰੀ। ਉਨ੍ਹਾਂ ਦੀਆਂ ਸੱਠ ਸਾਲ ਪਹਿਲਾਂ ਲਿਖੀਆਂ ਗ਼ਜ਼ਲਾਂ ਤੇ ਕਵਿਤਾਵਾਂ ਅਜੋਕੇ ਸਮੱਸਿਆ ਦੀ ਭਵਿੱਖ ਬਾਣੀ ਕਰ ਗਈਆਂ ਸਨ। ਅੱਜ ਜੋ ਵੀ ਸਮਾਜਿਕ ਤੇ ਰਾਜਨੀਤਿਕ ਹਾਲਤ ਉਹਨਾਂ ਦੀਆਂ ਲਿਖਤਾਂ ਦੇ ਵਿਚੋਂ ਦੇਖੀ ਜਾ ਸਕਦੀ ਹੈ। ਉਨ੍ਹਾਂ ਦੇ ਸਿੱਧੇ ਤੇ ਸਪੱਸ਼ਟ ਸ਼ੇਅਰ ਬੰਦੇ ਦੇ ਮੱਥੇ ਵਿੱਚ ਵੱਜਦੇ ਸਨ। ਉਨ੍ਹਾਂ ਨੂੰ ਉਸ ਦੇ ਨਾਲ ਨੇ ਵੀ ਨਹੀਂ ਸਮਝਿਆ। ਇਹ ਦੁਸ਼ਮਣ ਦੀਆਂ ਚਾਲਾਂ ਕੀ ਸਮਝਣਗੇ।ਜਿਹੜੇ ਉਸ ਨੂੰ ਵੀ ਨਹੀ ਸਕੇ, ਉਨ੍ਹਾਂ ਦੇ ਸਮਕਾਲੀ ਰਾਮਪੁਰ ਵਾਲੇ ਭਾਵੇਂ ਉਸਨੂੰ ਉਪਰੋਂ ਮੁਹੱਬਤ ਕਰਦੇ ਸੀ ਪਰ ਅੰਦਰੋ ਖਾਰ ਖਾਂਦੇ ਸੀ। ਪਰ ਵੱਡੇ ਕਵੀ ਤੇ ਆਲੋਚਕ ਉਸਨੂੰ ਮੁਹੱਬਤ ਕਰਦੇ ਸਨ। ਪੰਜਾਬੀ ਗ਼ਜ਼ਲ ਨੂੰ ਔਰਤ ਦੀਆਂ ਜ਼ੁਲਫ਼ਾਂ ਵਿਚੋਂ ਕੱਢ ਕੇ ਜ਼ਿੰਦਗੀ ਦੇ ਨਾਲ ਜੋੜਿਆ ਹੀ ਨਹੀਂ ਸਗੋਂ ਆਪਣੀ ਗ਼ਜ਼ਲ ਦਾ ਲੋਹਾ ਵੀ ਮੰਨਵਾਇਆ।
ਸਪੱਸ਼ਟ ਤੇ ਮੂੰਹ ਤੇ ਗੱਲ ਆਖਣ ਦੀ ਜੁਰਅਤ ਰੱਖਣ ਵਾਲੇ ਕੁਲਵੰਤ ਦੇ ਬੋਲ ਜਦੋਂ ਕਦੇ ਸਾਹਿਤਕ ਸਮਾਗਮਾਂ ਦੇ ਵਿੱਚ ਗੂੰਜਦੇ ਸਨ ਤਾਂ ਹਵਾਵਾਂ ਵੀ ਰੁਖ ਬਦਲ ਲੈਦੀਆਂ ਸਨ।1978 ਦੇ ਤਰਲੋਚਨ ਆਜ਼ਾਦ ਦੀ ਮੁਹੱਬਤ ਨੇ ਉਸਨੂੰ ਮਾਣ ਦਿੱਤਾ ਤਾਂ ਪਹਿਲੀ ਕਿਤਾਬ ਲਾਹੌਰ ਬੁੱਕ ਸ਼ਾਪ ਲੁਧਿਆਣਾ ਵੱਲੋਂ ਛਪੀ ਆਸਾਂ ਦੇ ਬੋਟ। ਇਸ ਕਿਤਾਬ ਦੀ ਹਰ ਗ਼ਜ਼ਲ ਕਾਲਜੇ ਨੂੰ ਧੂਹ ਪਾਉਂਦੀ ਹੈ। ਇਸ ਕਿਤਾਬ ਬਾਰੇ ਡਾਕਟਰ ਸਾਧੂ ਸਿੰਘ ਹਮਦਰਦ ਜੀ ਨੇ ਆਪਣੇ ਥੀਸਿਸ ਦੇ ਵਿੱਚ ਲਿਖਿਆ ਸੀ ਕਿ ਕੁਲਵੰਤ ਨੀਲੋਂ ਨੂੰ ਜਦੋਂ ਪੜ੍ਹਿਆ ਤਾਂ ਮੈਂ ਹੈਰਾਨ ਹੋਇਆ। ਐਨੀ ਪੁਖਤਾ ਸ਼ਾਇਰੀ ਮੇਰੇ ਨਜ਼ਰੋ ਕਿਵੇਂ ਦੂਰ ਰਹੀ। ਜ਼ਿੰਦਗੀ ਦੇ ਸੰਘਰਸ਼ਮਈ ਜੀਵਨ ਨੇ ਉਸਨੂੰ ਕਦੇ ਵੀ ਸਕੂਨ ਨਾ ਲੈਣ ਦਿੱਤਾ। ਜਦੋਂ ਵੀ ਕਦੇ ਉਨ੍ਹਾਂ ਉਦਾਸ ਹੋਣਾ ਤਾਂ ਸਾਡੇ ਵੱਲ ਆ ਜਾਣਾ ਤੇ ਫੇਰ ਮੈਂ ਉਨ੍ਹਾਂ ਦੇ ਲਈ ਬਾਗ ਵਾਲੇ ਠੇਕੇ ਤੋਂ ਸਮਾਨ ਲਿਆ ਦੇਣਾ।ਉਹਨਾਂ ਕਹਿਣਾ ਵੱਧ ਪੜ੍ਹਿਆ ਕਰ ਤੇ ਘੱਟ ਲਿਖਿਆ ਕਰ ਤੇਰਾ ਇਹ ਪੜ੍ਹਨ ਦਾ ਵੇਲਾ ਹੈ। ਉਨ੍ਹਾਂ ਦਾ ਇਕ ਮਿੱਤਰ ਸੀ ਗਰੀਬ ਦਾਸ । ਬਿਜਲੀ ਵਿਭਾਗ ਦੇ ਵਿੱਚ ਉਹ ਗ਼ਜ਼ਲਾਂ ਗਾਉਂਦਾ ਸੀ। ਉਸਦੇ ਲਈ ਮਿੱਟੀ ਦਾ ਤਬਲਾ ਬਣਾਇਆ ਫੇਰ ਆਪ ਹੀ ਮੜ੍ਹਿਆ।ਫੇਰ ਦੋਹਾਂ ਨੇ ਬਹਿ ਕੇ ਗ਼ਜ਼ਲਾਂ ਗਾਉਣੀਆਂ।ਘਰ ਦੀਆਂ ਤੁਰਸ਼ੀਆਂ ਤੰਗੀਆਂ ਨੇ ਉਨ੍ਹਾਂ ਨੂੰ ਬਹੁਤ ਤਲਖ ਕੀਤਾ।ਪਿੰਡ ਤੋਂ ਨਾਭੇ ਤੱਕ ਸਾਈਕਲ ਤੇ ਜਾਣਾ।ਮਹਿੰਦਰ ਰਾਮਪੁਰੀ ਦੇ ਨਾਲ ਡਰਾਇੰਗ ਮਾਸਟਰ ਬਣਿਆ ।ਨਾਭੇ ਦੇ ਸਾਹਿਤਕ ਮਿੱਤਰਾਂ ਦੇ ਸਾਥ ਨੇ ਗ਼ਜ਼ਲਾਂ ਵਿੱਚ ਨਵਾਂ ਰੰਗ ਭਰਿਆ।ਉਸਤਾਦ ਰਾਮ ਨਾਥ ਸਰਵਰ ਤੋਂ ਪਿੰਗਲ ਤੇ ਅਰੂਜ਼ ਸਿਖਿਆ।ਪਰ ਉਨ੍ਹਾਂ ਗ਼ਜ਼ਲ ਉਰਦੂ ਦੇ ਜਾਲ ਵਿਚੋਂ ਕੱਢਣ ਦੇ ਲਈ ਆਪਣਾ ਗ਼ਜਲ ਵਿਧਾਨ ਬਣਾਇਆ।ਇਕ ਦਿਨ ਗੁਰਭਜਨ ਗਿੱਲ ਹੋਰਾਂ ਦੱਸਿਆ ਪੰਜਾਬੀ ਭਵਨ ਦੇ ਸੈਮੀਨਾਰ ਹਾਲ ਦਾ ਲੈਂਟਰ ਨੂੰ ਖੁੱਲ੍ਹਿਆਂ ਅਜੇ ਥੋੜ੍ਹਾ ਸਮਾਂ ਹੋਇਆ ਸੀ ਜਦ 1978 ਚ ਡਾ: ਸ ਨ ਸੇਵਕ ਵੱਲੋਂ ਸਾਹਿੱਤਕ ਪੱਤਰ ਸੰਚਾਰ ਦੇ ਰਿਲੀਜ਼ ਸਮਾਗਮ ਵੇਲੇ ਇਕ ਸਮਾਗਮ ਵਿੱਚ ਕੁਲਵੰਤ ਨੀਲੋਂ ਨੇ ਗ਼ਜ਼ਲ ਤੇ ਪੇਪਰ ਪੜ੍ਹਿਆ ਤੇ ਨਿਰੋਲ ਪੰਜਾਬੀ ਬਹਿਰਾਂ ਬਾਰੇ ਉਨ੍ਹਾਂ ਜਿਸ ਤਰ੍ਹਾਂ ਦੱਸਿਆ ਉਸ ਵੇਲੇ ਦੇ ਕਈ ਵਿਦਵਾਨਾਂ ਦੇ ਮੂੰਹ ਬੰਦ ਹੋ ਗਏ ਸਨ।ਉਹ ਸਾਡੇ ਸਮਿਆਂ ਦਾ ਵੱਡਾ ਕਵੀ ਸੀ! ਇੱਕੋ ਸ਼ਿਅਰ ਕਾਫੀ ਹੈ
ਆਈ ਘੜੀ ਉਨ੍ਹਾਂ ਦੇ ਹੁਣ ਹੋਸ਼ਿਆਰ ਹੋਣ ਦੀ,
ਲੁੱਟੀ ਗਈ ਹਰ ਮੋੜ ਤੇ ਜਿੰਨ੍ਹਾਂ ਦੀ ਸਾਦਗੀ।
ਉਨ੍ਹਾਂ ਦੀ ਦੂਜੀ ਕਿਤਾਬ ਆਪਣਾ ਤੇ ਪਰਾਇਆ ਸੂਰਜ ਕਰਤਾਰ ਸਿੰਘ ਮਲਸੀਆਂ ਦੀ ਕਿਰਪਾ ਨਾਲ ਛਪੀ। ਪਿੰਡ ਵਿੱਚ ਸਮਾਗਮ ਹੋਇਆ । ਪੰਜਾਬ ਦੇ ਵੱਡੇ ਲੇਖਕਾਂ ਨੇ ਹਾਜਰੀ ਭਰੀ ਵਿਆਹ ਵਰਗਾ ਸਮਾਗਮ ਹੋਇਆ।ਜੋ ਹੁਣ ਤੱਕ ਕਿਤੇ ਵੀ ਨਹੀਂ ਹੋਇਆ।
ਚਾਰ ਕੁ ਸਾਲ ਪਹਿਲਾਂ ਮਾਸਟਰ ਤਰਲੋਚਨ ਸਿੰਘ ਸਮਰਾਲਾ ਨੇ ਕੁਲਵੰਤ ਦੀਆਂ ਸਮੁੱਚੀਆਂ ਰਚਨਾਵਾਂ ਤੇ ਉਨ੍ਹਾਂ ਦੀਆਂ ਯਾਦਾਂ ਨੂੰ ਇਕ ਜਿਲਦ ਵਿੱਚ ਛਾਪਿਆ।ਉਨ੍ਹਾਂ ਦੀਆਂ ਘਰੋਂ ਕਵਿਤਾਵਾਂ ਨਾ ਲੱਭਣ ਤਾਂ ਤਰਲੋਚਨ ਨੇ ਮੈਨੂੰ ਪੁੱਛਿਆ ਮੈਨੂੰ ਉਨ੍ਹਾਂ ਦੀਆਂ ਸਤਾਈ ਕਵਿਤਾਵਾਂ ਮਿਲ ਗਈਆਂ ਜੋ ਇਸ ਕਿਤਾਬ ਦੇ ਵਿੱਚ ਸ਼ਾਮਲ ਹਨ। ਇਕ ਦਿਨ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦਾ ਮੈਨੂੰ ਫੋਨ ਆਇਆ ਬੁੱਧ ਸਿੰਘ ਜੀ ਮੇਰੀ ਲਾਇਬ੍ਰੇਰੀ ਵਿਚੋਂ ਕੋਈ ਕੁਲਵੰਤ ਨੀਲੋਂ ਦੀਆਂ ਕਿਤਾਬਾਂ ਲੈ ਗਿਆ। .ਮੈਨੂੰ ਇਹ ਹੁਣ ਉਹਨਾਂ ਦੀਆਂ ਕਿਤਾਬਾਂ ਤੋਂ ਬਿਨਾਂ ਖਾਲ ਲੱਗਦੀ ਹੈ। ਮੈਂ ਉਨ੍ਹਾਂ ਨੂੰ ਤਰਲੋਚਨ ਵਾਲੀ ਸੰਪਾਦਤ ਕੀਤੀ ਕਿਤਾਬ ਭੇਜੀ ਤਾਂ ਉਨ੍ਹਾਂ ਦੇ ਧੰਨਵਾਦ ਦੇ ਬੋਲ ਆ ਗਏ। ਕੁਲਵੰਤ ਨੀਲੋਂ ਜੀ ਨੂੰ ਸਾਡੇ ਕੋਲੋਂ ਤੁਰ ਗਿਆ ਤੇਤੀ ਸਾਲ ਹੋ ਗਏ ਹਨ ਪਰ ਉਹਨਾਂ ਦੀਆਂ ਗ਼ਜ਼ਲਾਂ ਤੇ ਯਾਦਾਂ ਸਾਡੇ ਨਾਲ ਨਾਲ ਚੱਲ ਰਹੀਆਂ ਹਨ।
ਮੇਰੀਆਂ ਲਿਖਤਾਂ ਤੇ ਕੁਲਵੰਤ ਨੀਲੋ ਤੇ ਸੁਰਜੀਤ ਖੁਰਸ਼ੀਦੀ ਦਾ ਬਹੁਤ ਅਸਰ ਹੈ..ਦੋਵੇਂ ਵਿਦਵਤਾ ਦਾ ਸੋਮਾ ਸਨ। ਦੋਹਾਂ ਦੇ ਬੋਲ ਵਿਚਾਰ ਰਲਦੇ ਸੀ।ਇਸ ਕਰਕੇ ਉਹ ਬਾਕੀ ਦੇ ਜੁਗਾੜਬੰਦੀ ਗਰੁੱਪਾਂ ਦੇ ਹਮੇਸ਼ਾਂ ਸ਼ਿਕਾਰ ਹੁੰਦੇ ਰਹੇ।ਕੁਲਵੰਤ ਨੀਲੋਂ ਦਾ ਛੋਟਾ ਪੁੱਤਰ ਕਮਲਜੀਤ ਨੀਲੋਂ ਨੇ ਜਦੋਂ ਸੌਂ ਜਾ ਬੱਬੂਆ ਗਾਇਆ ਤਾਂ ਕੁਲਵੰਤ ਨੀਲੋਂ ਨੇ ਕਿਹਾ ਜਿਹੜੇ ਜਾਗਦੇ ਤੂੰ ਉਹ ਸੁਆ ਰਿਹੈ। ਸ਼ਾਬਾਸ਼ ਤੇਰੇ....
ਕੁਲਵੰਤ ਨੀਲੋਂ ਦੇ ਕਰਕੇ ਪਿੰਡ ਨੀਲੋਂ ਕਲਾਂ ਮਸ਼ਹੂਰ ਹੋਇਆ । ਅਸੀਂ ਉਹਨਾਂ ਦੀ ਵਿਰਾਸਤ ਨੂੰ ਅੱਗੇ ਤੋਰਿਆ ਹੈ। ਅੱਜ ਵੀ ਮੈਨੂੰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉਨ੍ਹਾਂ ਦੇ ਸ਼ਿਅਰ ਯਾਦ ਹਨ... ਗੱਲਾਂ ਬਹੁਤ ਹਨ..ਪਰ ਗੱਲ਼ ਲਮਕਾਉਣੀ ਚੰਗੀ ਨਹੀਂ ਹੁੰਦੀ।
ਪਰ ਉਨ੍ਹਾਂ ਦੇ ਸ਼ੇਅਰ ਅੱਜ ਵੀ ਕਾਲਜੇ ਛੇਕ ਪਾਉਂਦੇ ਨੇ।
ਕੁਲਵੰਤ ਜੀ ਦੀਆਂ ਯਾਦਾਂ ਦੇ ਵਰਕੇ ਫਰੋਲ ਦਿਆਂ ਬਹੁਤ ਕੁੱਝ ਯਾਦ ਆਉਦਾ ਕਦੇ ਫੇਰ ਸਹੀ....ਅੱਜ ਉਨ੍ਹਾਂ ਦੀ ਤੇਤੀਵੀਂ ਬਰਸੀ ਹੈ...
ਆਮੀਨ!
-
ਬੁੱਧ ਸਿੰਘ ਨੀਲੋਂ, ਸਾਹਿਤਕਾਰ
......
9464370823
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.