ਪ੍ਰਕਾਸ਼ਕ -ਸੂਰਜਾਂ ਦੇ ਵਾਰਿਸ ਪ੍ਰਕਾਸ਼ਨ
ਟਾਈਟਲ: ਹਰਮੀਤ ਆਰਟਿਸਟ
ਬਚਪਨ ਵਿਚ ਪਰਿੰਦੇ ਪਾਲਣ ਦੀ ਬੜੀ ਚਾਹਤ ਸੀ।ਲੋਕ ਜ਼ਿਆਦਾਤਰ ਘਰਾਂ ਵਿਚ ਤੋਤੇ ਪਾਲ਼ਦੇ ਸਨ। ਘਰਦਿਆਂ ਨੇ ਇਸ ਕੰਮ ਵਿਚ ਕਦੀ ਹਾਂ-ਪੱਖੀ ਹੁੰਗਾਰਾ ਨਹੀਂ ਭਰਿਆ।ਪਿਤਾ ਦਾ ਤਰਕ ਹੁੰਦਾ, "ਜੇ ਤੈਨੂੰ ਕੋਈ ਪਿੰਜਰੇ 'ਚ ਕੈਦ ਕਰੇ ਤਾਂ?" ਮੈਂ ਨਿਰਉੱਤਰ ਹੋ ਜਾਂਦਾ। ਮੈਂ ਭਾਵੇਂ ਪੰਛੀ ਨਹੀਂ ਪਾਲ਼ੇ,ਪਰ ਹਮੇਸ਼ਾ ਉਹਨਾਂ ਦੀ ਸੋਹਣੀ ਕੈਦ ਵਿਚ ਰਿਹਾ।ਉਹ ਮੇਰੇ ਆਲ਼ੇ-ਦੁਆਲ਼ੇ ਦਾ ਹਿੱਸਾ ਰਹੇ। 'ਚਿੜੀ ਉੱਡ,ਕਾਂ ਉੱਡ' ਅਜੇ ਵੀ ਮੈਨੂੰ ਪਤਾ ਨਹੀਂ ਕਾਹਤੋਂ ਪ੍ਰਤੀਕਾਤਮਕ ਜਿਹਾ ਲੱਗਦਾ।ਤਦ ਪੰਛੀਆਂ ਦੇ ਜੀਣ-ਥੀਣ, ਰਹਿਣ-ਸਹਿਣ ਵੱਲ ਕੋਈ ਉਂਗਲ ਨਹੀਂ ਸੀ ਹੋਈ, ਸਗੋਂ ਉਂਗਲ ਥੱਲੇ ਰਹਿੰਦੀ ਸੀ, ਉਹਨਾਂ ਨੂੰ ਅੰਬਰ 'ਤੇ ਉਡਾਇਆ ਜਾਂਦਾ ਸੀ।ਦਾਣਾ-ਦੁਣਕਾ ਪਾਇਆ ਜਾਂਦਾ ਸੀ।
ਨਿੱਕੀ ਉਮਰੇ 'ਆਧੁਨਿਕਤਾ' ਦੀ ਕਾਢ,ਪੱਖੇ ਨਾਲ਼ ਟਕਰਾ ਕੇ ਮਰਦੀਆਂ ਚਿੜੀਆਂ ਵੇਖੀਆਂ।ਬਾਅਦ ਵਿਚ ਜਾ ਕੇ ਮਹਿਸੂਸ ਹੋਇਆ,ਇਹ ਤਾਂ ਕੁਝ ਵੀ ਨਹੀਂ ਸੀ।ਇਸ ਤੋਂ ਬਚਿਆ-ਬਚਾਇਆ ਜਾ ਸਕਦਾ ਸੀ। ਅੱਗੇ ਜਾ ਕੇ ਬਹੁਤ ਕੁਝ ਅਜਿਹਾ ਗੰਭੀਰ ਹੋਣਾ ਸੀ,ਜਿਸ ਕਾਰਨ ਪੰਛੀਆਂ ਦੀਆਂ ਕਈ ਪ੍ਰਜਾਤੀਆਂ ਨੇ ਖ਼ਾਤਮੇ ਵੱਲ ਵਧਣਾ ਸੀ। ਹੈਰਾਨੀ ਹੁੰਦੀ ਹੈ ਜਿਨ੍ਹਾਂ ਪਰਿੰਦਿਆਂ ਨੂੰ ਅਸੀਂ ਸ਼ਾਂਤੀ ਦੇ ਪ੍ਰਤੀਕ ਵਜੋਂ ਵਰਤੇ ਹਾਂ, ਉਨ੍ਹਾਂ ਨਾਲ਼ ਹੀ ਹਿੰਸਾ ਕਰਦੇ ਹਾਂ।
ਕਹਾਵਤ ਹੈ, 'ਮੇਲੇ 'ਚ ਚੱਕੀ ਰਾਹੇ ਨੂੰ ਕੌਣ ਪੁੱਛਦਾ' ਇਹ ਬੰਦੇ ਦੀ ਹੋਣੀ ਨੂੰ ਕਹਿਣ ਲਈ ਹੋਂਦ 'ਚ ਆਈ ਸੀ। ਹੁਣ 'ਚੱਕੀਰਾਹਾ' ਵਿਸ਼ਵ ਦੇ ਆਧੁਨਿਕ ਮੇਲੇ ਵਿਚ ਖ਼ੁਦ ਹੀ ਗੁਆਚ ਗਿਆ ਹੈ।
ਹੱਥਲੀ ਕਿਤਾਬ ਸੰਪਾਦਤ ਕਰਨ ਦਾ ਮਨ 'ਚ ਵਿਚਾਰ ਸੀ ਕਿ ਮੈਂ ਕੋਸ਼ਿਸ਼ ਕਰਾਂ ਕਿ ਪੰਛੀਆਂ ਬਾਰੇ ਵਧੀਆ ਕਵਿਤਾਵਾਂ ਦੀ ਚੋਣ ਕਰਾਂ। ਪਾਠਕ ਇਹਨਾਂ ਨੂੰ ਪੜ੍ਹੇ ਤੇ ਉਸ ਅੰਦਰ ਪੰਛੀਆਂ ਪ੍ਰਤੀ , ਇਹਨਾਂ ਦੀ ਸਾਂਭ-ਸੰਭਾਲ ਪ੍ਰਤੀ ਸੰਵੇਦਨਾ ਜਾਗੇ।ਇਕ ਐਨ.ਜੀ.ਓ. ਵੱਲੋਂ ਇਸ ਕਿਤਾਬ ਦੀ ਮਦਦ ਦਾ ਹੁੰਗਾਰਾ ਵੀ ਮਿਲਿਆ ਹੈ।ਇਸ ਕਿਤਾਬ ਵਿਚ ਪੰਛੀਆਂ ਬਾਰੇ, ਉਹਨਾਂ ਜ਼ਰੀਏ ਗੱਲ ਕੀਤੀ ਗਈ ਹੈ।ਜੇਕਰ ਕੋਈ ਚੰਗੀ ਕਵਿਤਾ ਰਹਿ ਗਈ ਤਾਂ ਉਸ ਨੂੰ ਅਗਲੇ ਐਡੀਸ਼ਨ ਵਿਚ ਸ਼ਾਮਿਲ ਕੀਤਾ ਜਾਵੇਗਾ।ਮੇਰੀ ਇੱਛਾ ਹੈ ਕਿ ਇਹ ਕਿਤਾਬ ਇਕ ਛੋਟਾ ਜਿਹਾ ਆਲ੍ਹਣਾ ਬਣ ਜਾਵੇ, ਜਿੱਥੋਂ ਕੁਝ ਪੰਛੀ ਤਾਂ ਸੁਰੱਖਿਅਤ ਉਡਾਣ ਭਰ ਸਕਣ।
-
ਜਗਦੀਪ ਸਿੱਧੂ, ਲੇਖਕ
*****************
98762 22868
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.