ਸਮਾਜ ਵਿੱਚ ਹਰ ਵਿਅਕਤੀ ਆਪਣਾ ਜੀਵਨ ਬਤੀਤ ਕਰਦਿਆਂ ਆਪੋ ਆਪਣੇ ਢੰਗ ਨਾਲ ਵਿਚਰਦਾ ਹੈ। ਹਰ ਇਕ ਦਾ ਖੇਤਰ ਵੀ ਵੱਖਰਾ ਹੁੰਦਾ ਹੈ। ਉਸ ਖੇਤਰ ਵਿੱਚ ਇਨਸਾਨ ਆਪਣੀ ਕਾਰਗੁਜ਼ਾਰੀ ਅਤੇ ਕਾਰਜਕੁਸ਼ਲਤਾ ਨਾਲ ਸਫਲ ਹੋਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਕਈ ਇਨਸਾਨ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਦਾ ਮੰਤਵ ਸਿਰਫ਼ ਆਪਣੀ ਸਫ਼ਲਤਾ ਤੱਕ ਹੀ ਸੀਮਤ ਨਹੀਂ ਹੁੰਦਾ। ਉਹ ਪੁਰਾਣੇ ਘਿਸੇ ਪਿਟੇ ਰਸਤਿਆਂ ‘ਤੇ ਨਹੀਂ ਚਲਦੇ ਸਗੋਂ ਆਪਣੀਆਂ ਨਵੀਆਂ ਪਗਡੰਡੀਆਂ ਬਣਾ ਕੇ ਪੈੜਾਂ ਪਾ ਜਾਂਦੇ ਹਨ। ਉਨ੍ਹਾਂ ਦੀਆਂ ਪੈੜਾਂ ਇਤਿਹਾਸ ਦੇ ਪੰਨਿਆਂ ‘ਤੇ ਉੱਕਰੀਆਂ ਜਾਂਦੀਆਂ ਹਨ।
ਉਨ੍ਹਾਂ ਵਿਲੱਖਣ ਇਨਸਾਨਾਂ ਵਿਚ 80 ਸਾਲਾ ਨੌਜਵਾਨ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਦਾ ਨਾਮ ਧਰੂ ਤਾਰੇ ਦੀ ਤਰ੍ਹਾਂ ਚਮਕਦਾ ਹੈ। ਉਹ ਨਿੱਜੀ ਹਿਤਾਂ ਦੀ ਥਾਂ ਲੋਕ ਹਿਤਾਂ ਦੀ ਤਰਜਮਾਨੀ ਕਰਨ ਨੂੰ ਤਰਜ਼ੀਹ ਦਿੰਦੇ ਹਨ। ਨਰਪਾਲ ਸਿੰਘ ਸ਼ੇਰਗਿੱਲ ਪਿਛਲੇ 54 ਸਾਲਾਂ ਤੋਂ ਸਿੱਖ ਵਿਰਾਸਤ, ਸਿੱਖ ਅਤੇ ਪੰਜਾਬੀ ਸੰਸਾਰ ਦਾ ਪਹਿਰੇਦਾਰ ਬਣੇ ਬਚਨਵੱਧਤਾ ਨਾਲ ਕਾਰਜਸ਼ੀਲ ਹਨ। 25 ਜੂਨ 2021 ਨੂੰ ਉਨ੍ਹਾਂ ਦਾ 80ਵਾਂ ਜਨਮ ਦਿਨ ਹੈ। ਉਹ ਪਟਿਆਲਾ ਜ਼ਿਲ੍ਹੇ ਦੇ ਪਿੰਡ ਮਜਾਲ ਖ਼ੁਰਦ ਵਿਚੋਂ ਉਠਕੇ ਕੌਮਾਂਤਰੀ ਪੱਤਰਕਾਰੀ, ਸੰਪਾਦਕ ਅਤੇ ਆਪਣੇ ਕਾਰੋਬਾਰ ਵਿਚ ਉੱਦਮੀ ਦੇ ਤੌਰ ਤੇ ਸੰਸਾਰ ਵਿੱਚ ਆਪਣਾ ਨਾਮ ਬਣਾ ਚੁੱਕਾ ਹੈ।
ਪਰਵਾਸ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਪੰਜਾਬੀਆਂ ਨੂੰ ਜਾਣਕਾਰੀ ਆਪਣੇ ਲੇਖਾਂ ਰਾਹੀਂ ਦਿੰਦੇ ਰਹਿੰਦੇ ਹਨ। ਨਰਪਾਲ ਸਿੰਘ ਸ਼ੇਰਗਿੱਲ ਕੌਮਾਂਤਰੀ ਪੱਤਰਕਾਰੀ ਵਿਚ ਪਰਵਾਸੀ ਮਾਮਲਿਆਂ ਅਤੇ ਸਿੱਖ ਸਮੱਸਿਆਵਾਂ ਦੇ ਅਗਾਊਂ ਖ਼ਤਰਿਆਂ ਬਾਰੇ ਵੀ ਆਗਾਹ ਕਰਕੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਸਿੱਖ ਭਾਈਚਾਰੇ ਨੂੰ ਸੁਜੱਗ ਅਤੇ ਜਾਗਰੂਕ ਕਰਨ ਲਈ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਇਕ ਸੁਚੇਤ ਸਿੱਖ ਚਿੰਤਕ ਅਤੇ ਦੂਰ ਅੰਦੇਸ਼ ਹੋਣ ਦੇ ਨਾਤੇ ਉਹ ਭਾਂਪ ਲੈਂਦੇ ਹਨ ਕਿ ਭਵਿੱਖ ਵਿੱਚ ਸਿੱਖ ਧਰਮ ਲਈ ਕਿਹੜੀ ਸਮੱਸਿਆ ਵੰਗਾਰ ਬਣਕੇ ਸਾਹਮਣੇ ਆ ਸਕਦੀ ਹੈ। ਇਸ ਲਈ ਉਹ ਆਪਣੇ ਵਿਦਵਤਾ ਵਾਲੇ ਲੇਖ ਲਿਖਕੇ, ਸੋਵੀਨਰ ਪ੍ਰਕਾਸ਼ਿਤ ਕਰਕੇ ਅਤੇ ਆਪਣੀ ਪੁਸਤਕ ਰਾਹੀਂ ਸਮੁੱਚੇ ਸੰਸਾਰ ਨੂੰ ਪਹਿਲਾਂ ਹੀ ਸੁਚੇਤ ਕਰ ਦਿੰਦੇ ਹਨ।
ਨਰਪਾਲ ਸਿੰਘ ਸ਼ੇਰਗਿੱਲ ਆਪਣੀ ਮਾਤ ਭੂਮੀ ਦੀ ਮਿੱਟੀ ਨਾਲ ਇਸ ਤਰ੍ਹਾਂ ਜੁੜੇ ਹੋਏ ਹਨ ਕਿ ਮਹੀਨੇ ਵਿਚੋਂ 15 ਦਿਨ ਇੰਗਲੈਂਡ ਆਪਣੇ ਕਾਰੋਬਾਰ ਦੇ ਸਿਲਸਿਲੇ ਵਿਚ ਅਤੇ ਅੱਧਾ ਮਹੀਨਾ ਪਟਿਆਲਾ ਜ਼ਿਲ੍ਹੇ ਦੇ ਮਜਾਲ ਖ਼ੁਰਦ ਪਿੰਡ ਵਿੱਚ ਆਪਣੇ ਸਪੁੱਤਰ ਨਵਜੋਤ ਸਿੰਘ ਸ਼ੇਰਗਿੱਲ, ਜਿਨ੍ਹਾਂ ਨੂੰ ‘‘ਸਟਰਾਅਬੈਰੀ ਦਾ ਬਾਦਸ਼ਾਹ’’ ਕਰਕੇ ਜਾਣਿਆਂ ਜਾਂਦਾ ਹੈ, ਦੀ ਆਧੁਨਿਕ ਢੰਗ ਨਾਲ ਕੀਤੀ ਜਾਂਦੀ ਆਰਗੈਨਿਕ ਖੇਤੀ ਵਿਚਲੀ ਸਟਰਾਅਬੈਰੀ ਦੀ ਫ਼ਸਲ ਦੀ ਖ਼ੁਸ਼ਬੂ ਦਾ ਆਨੰਦ ਮਾਣਦੇ ਹਨ। ਇੰਗਲੈਂਡ ਉਨ੍ਹਾਂ ਲਈ ਮਜਾਲ ਖੁਰਦ ਦੇ ਖੇਤਾਂ ਵਿੱਚ ਜਾਣ ਦੀ ਤਰ੍ਹਾਂ ਹੈ। ਸਹੀ ਅਰਥਾਂ ਵਿੱਚ ਉਨ੍ਹਾਂ ਨੂੰ ਪੰਜਾਬ ਦਾ ਧਰਤੀ ਪੁੱਤਰ ਕਿਹਾ ਜਾ ਸਕਦਾ ਹੈ। ਉਨ੍ਹਾਂ ਨੂੰ ਬਰਤਾਨੀਆ ਜਾਂ ਭਾਰਤ ਆਉਣ ਜਾਣ ਲਈ ਵੀਜ਼ਾ ਲੈਣ ਦੀ ਲੋੜ ਨਹੀਂ ਪੈਂਦੀ। ਆਮ ਤੌਰ ‘ਤੇ ਜਿਹੜਾ ਵੀ ਭਾਰਤੀ ਪਰਵਾਸ ਵਿੱਚ ਜਾਂਦਾ ਹੈ, ਉਹ ਸਭ ਤੋਂ ਪਹਿਲਾਂ ਉੱਥੋਂ ਦੀ ਨਾਗਰਿਕਤਾ ਲੈਣ ਦੀ ਕੋਸ਼ਿਸ਼ ਕਰਦਾ ਹੈ। ਉਨ੍ਹਾਂ ਵਿਚੋਂ ਬਹੁਤੇ ਕਲੀਨ ਸ਼ੇਵ ਹੋ ਜਾਂਦੇ ਹਨ ਪ੍ਰੰਤੂ ਨਰਪਾਲ ਸਿੰਘ ਸ਼ੇਰਗਿੱਲ ਪੂਰਨ ਸਿੱਖੀ ਸਰੂਪ ਵਿੱਚ ਹੈ।
ਉਹ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਦਿੱਤੀ ਦਸਤਾਰ ਦੀ ਦਾਤ ਦੀ ਅਹਿਮੀਅਤ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਉਹ ਸਿੱਖੀ ਵਿਚਾਰਧਾਰਾ ਦਾ ਪਹਿਰੇਦਾਰ ਬਣਕੇ ਆਪਣਾ ਜੀਵਨ ਬਤੀਤ ਕਰ ਰਹੇ ਹਨ। ਨਰਪਾਲ ਸਿੰਘ ਸ਼ੇਰਗਿੱਲ ਦੀ ਵਿਲੱਖਣਤਾ ਇਹ ਹੈ ਕਿ ਭਾਵੇਂ ਉਹ ਅੱਧੀ ਸਦੀ ਤੋਂ ਵਧੇਰੇ ਸਮੇਂ ਤੋਂ ਇੰਗਲੈਂਡ ਵਿਚ ਰਹਿੰਦੇ ਹਨ ਪ੍ਰੰਤੂ ਉਨ੍ਹਾਂ ਦੀ ਦੇਸ਼ ਭਗਤੀ ਵੇਖਣ ਵਾਲੀ ਹੈ ਕਿ ਉਨ੍ਹਾਂ ਨੇ ਇੰਗਲੈਂਡ ਦੀ ਨਾਗਰਿਕਤਾ ਨਹੀਂ ਲਈ। ਉਨ੍ਹਾਂ ਕੋਲ ਭਾਰਤੀ ਪਾਸਪੋਰਟ ਹੈ। ਪ੍ਰੰਤੂ ਉਨ੍ਹਾਂ ਨੂੰ ਭਾਰਤ ਅਤੇ ਬਰਤਾਨੀਆ ਵਿਚ ਦੋਹਾਂ ਦੇਸ਼ਾਂ ਵਿੱਚ ਵੋਟ ਪਾਉਣ ਦਾ ਅਧਿਕਾਰ ਹੈ। ਉਨ੍ਹਾਂ ਦੇ ਦੇਸ਼ ਪਿਆਰ ਦੀ ਇਸ ਤੋਂ ਵੱਡੀ ਉਦਾਹਰਨ ਹੋਰ ਕੀ ਹੋ ਸਕਦੀ ਹੈ? ਮੈਨੂੰ ਉਨ੍ਹਾਂ ਦੀਆਂ ਸਰਗਰਮੀਆਂ ਵੇਖਕੇ ਕਈ ਵਾਰ ਅਚੰਭਾ ਹੁੰਦਾ ਹੈ ਕਿ ਉਹ ਇਤਨੀ ਵਡੇਰੀ ਉਮਰ ਵਿੱਚ ਵੀ ਇਕ ਸੰਸਥਾ ਜਿਤਨਾ ਕੰਮ ਕਰੀ ਜਾ ਰਹੇ ਹਨ।
ਜਦੋਂ ਪੰਜਾਬ ਵਿੱਚ ਹੁੰਦੇ ਹਨ ਕਦੀ ਲੁਧਿਆਣਾ, ਜਲੰਧਰ, ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਅਤੇ ਕਦੀ ਪੁਸਤਕ ਦੀ ਪ੍ਰਕਾਸ਼ਨਾਂ ਲਈ ਦਿੱਲੀ ਪਹੁੰਚੇ ਹੁੰਦੇ ਹਨ। 23 ਸਾਲ ਤੋਂ ਲਗਾਤਾਰ ਉਹ 400 ਪੰਨਿਆਂ ਦੀ ਇਕ ਰੰਗਦਾਰ ਸਚਿਤਰ ਪੁਸਤਕ ‘‘ਇੰਡੀਅਨਜ਼ ਅਬਰਾਡ ਐਂਡ ਪੰਜਾਬ ਇੰਪੈਕਟ’’ ਪ੍ਰਕਾਸ਼ਿਤ ਕਰਵਾ ਕੇ ਦੇਸ਼ ਵਿਦੇਸ਼ ਵਿੱਚ ਭੇਜਦੇ ਹਨ। ਇਸ ਪੁਸਤਕ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਵਿਚ ਚੋਟੀ ਦੇ ਵਿਦਵਾਨਾਂ ਦੇ ਲੇਖ ਹੁੰਦੇ ਹਨ, ਜਿਨ੍ਹਾਂ ਵਿਚ ਸਿੱਖ/ਪੰਜਾਬੀ ਭਾਈਚਾਰੇ ਦੀਆਂ ਪੰਜਾਬ ਅਤੇ ਪਰਵਾਸ ਵਿੱਚ ਪ੍ਰਾਪਤ ਕੀਤੀਆਂ ਸਫਲਤਾਵਾਂ ਬਾਰੇ ਵਿਸਤਾਰ ਪੂਰਬਕ ਜਾਣਕਾਰੀ ਹੁੰਦੀ ਹੈ ਤਾਂ ਜੋ ਨੌਜਵਾਨ ਪੀੜ੍ਹੀ ਆਪਣੀ ਅਮੀਰ ਵਿਰਾਸਤ ਤੋਂ ਪ੍ਰੇਰਨਾ ਲੈ ਕੇ ਮਾਅਰਕੇ ਮਾਰ ਸਕੇ। ਇਹ ਪੁਸਤਕ ਇਤਿਹਾਸਕ ਦਸਤਾਵੇਜ਼ ਹੁੰਦੀ ਹੈ, ਜਿਸ ਵਿੱਚ ਵਿਲੱਖਣ ਕਿਸਮ ਦੀ ਜਾਣਕਾਰੀ ਹੁੰਦੀ ਹੈ, ਜਿਹੜੀ ਜਾਣਕਾਰੀ ਪਰਵਾਸੀ ਭਾਰਤੀਆਂ ਲਈ ਪ੍ਰੇਰਨਾ ਸਰੋਤ ਸਾਬਤ ਹੁੰਦੀ ਹੈ।
ਸਿੱਖ ਇਤਿਹਾਸ ਦੀਆਂ ਸਾਰੀਆਂ ਮਹੱਤਵਪੂਰਨ ਘਟਨਾਵਾਂ ਜਿਵੇਂ ਸਿੱਖ ਇਤਿਹਾਸ ਦੀਆਂ ਸ਼ਤਾਬਦੀਆਂ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਤਿਉਹਾਰਾਂ ਬਾਰੇ ਇਸ ਪੁਸਤਕ ਦੇ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਸਿੱਖ ਇਤਿਹਾਸ ਨਾਲ ਸੰਬੰਧਿਤ ਯਾਦਗਾਰਾਂ ਅਤੇ ਗੁਰੂ ਘਰਾਂ ਦੀਆਂ ਉਹ ਯਾਤਰਾਵਾਂ ਕਰਕੇ ਉੱਥੋਂ ਵਿਸ਼ੇਸ਼ ਕਿਸਮ ਦੀ ਜਾਣਕਾਰੀ ਇਕੱਤਰ ਕਰਦੇ ਹਨ। ਤੱਥਾਂ ‘ਤੇ ਅਧਾਰਿਤ ਉਨ੍ਹਾਂ ਦੇ ਲਿਖੇ ਲੇਖ ਵੀ ਪੜ੍ਹਨ ਵਾਲੇ ਹੁੰਦੇ ਹਨ। ਉਹ 1981 ਤੋਂ 84 ਤੱਕ ਲੰਦਨ ਤੋਂ ਅੰਗਰੇਜ਼ੀ ਦਾ ਮਾਸਿਕ ਰਸਾਲਾ ‘‘ਦੀ ਪਾਲਿਟਿਕਸ’’ ਪ੍ਰਕਾਸ਼ਿਤ ਕਰਦੇ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਲੇਖ ਦੇਸ਼ ਵਿਦੇਸ਼ ਦੇ ਚੋਟੀ ਦੇ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੁੰਦੇ ਹਨ। ਉਨ੍ਹਾਂ 1982 ਵਿੱਚ ਦਿੱਲੀ ਵਿਖੇ ਹੋਈਆਂ ਏਸ਼ੀਅਨ ਖੇਡਾਂ ਨੂੰ ਬਰਤਾਨੀਆ ਤੋਂ ਆ ਕੇ ਕਵਰ ਕੀਤਾ ਸੀ। ਉਨ੍ਹਾਂ ਦੁਨੀਆ ਦੇ ਲਗਪਗ ਇਕ ਦਰਜਨ ਦੇਸ਼ਾਂ ਦਾ ਦੌਰਾ ਕਰਕੇ ਸਿੱਖ ਇਤਿਹਾਸ ਨਾਲ ਸੰਬੰਧਿਤ ਯਾਦਗਾਰਾਂ ਬਾਰੇ ਜਾਣਕਾਰੀ ਇਕੱਤਰ ਕੀਤੀ ਅਤੇ ਫਿਰ ਅਖ਼ਬਾਰਾਂ ਅਤੇ ਆਪਣੀ ਪੁਸਤਕ ‘‘ਇੰਡੀਅਨਜ਼ ਅਬਰਾਡ ਐਂਡ ਪੰਜਾਬ ਇੰਪੈਕਟ’’ ਵਿਚ ਪ੍ਰਕਾਸ਼ਿਤ ਕੀਤੀ।
ਜਿਹੜੇ ਸਿੱਖਾਂ/ਪੰਜਾਬੀਆਂ ਨੇ ਪਹਿਲੀ ਅਤੇ ਦੂਜੀ ਸੰਸਾਰ ਜੰਗ ਵਿਚ ਹਿੱਸਾ ਲੈ ਕੇ ਬਹਾਦਰੀ ਦੇ ਮੈਡਲ ਜਿੱਤੇ, ਉਨ੍ਹਾਂ ਬਾਰੇ ਜਾਣਕਾਰੀ ਇਕੱਤਰ ਕਰਕੇ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਕਰਵਾਈ। ਉਨ੍ਹਾਂ ਵੱਲੋਂ ਸਿੱਖੀ, ਪੰਜਾਬੀ ਸੰਸਾਰ ਅਤੇ ਕੌਮੀ ਪੱਤਰਕਾਰੀ ਵਿਚ ਪਾਏ ਯੋਗਦਾਨ ਕਰਕੇ ਜਨਵਰੀ 1983 ਵਿੱਚ ਦਿੱਲੀ ਵਿਖੇ ਰਾਸ਼ਟਰਮੰਡਲ ਕਾਨਫ਼ਰੰਸ ਵਿੱਚ ਬਰਤਾਨੀਆ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬਾਨ ਨੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਸੀ। ਉਨ੍ਹਾਂ ਨੇ ਭਾਰਤ ਵਿੱਚ ਜਿਤਨੇ ਵੀ ਇਤਿਹਾਸਕ ਗੁਰੂ ਘਰ ਹਨ, ਉਹ ਉਨ੍ਹਾਂ ਸਾਰਿਆਂ ਦੀ ਲਗਾਤਾਰ ਪ੍ਰਕਰਮਾ ਕਰਦੇ ਰਹਿੰਦੇ ਹਨ। ਇਸੇ ਤਰ੍ਹਾਂ ਪਰਵਾਸ ਵਿੱਚ ਖ਼ਾਸ ਤੌਰ ਤੇ ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਦੇ ਮਹੱਤਵਪੂਰਨ ਗੁਰੂ ਘਰ ਹਨ, ਉਨ੍ਹਾਂ ਵਿਚ ਵੀ ਨਤਮਸਤਕ ਹੁੰਦੇ ਰਹਿੰਦੇ ਹਨ।
ਸਿੱਖ ਧਰਮ ਅਤੇ ਸਿੱਖੀ ਵਿਚਾਰਧਾਰਾ ਦੇ ਪਾਸਾਰ ਤੇ ਪ੍ਰਚਾਰ ਲਈ ਉਨ੍ਹਾਂ ਵੱਲੋਂ ਪਾਏ ਯੋਗਦਾਨ ਕਰਕੇ ਸਿੱਖ ਧਰਮ ਦੇ ਸਰਵੋਤਮ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਉਨ੍ਹਾਂ ਨੂੰ 1995 ਵਿੱਚ ਵਿਸ਼ੇਸ਼ ਤੌਰ ਤੇ ਸਿਰੋਪਾਓ ਦੇ ਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੀ ਪੁਸਤਕ ਇੰਡੀਅਨਜ਼ ਅਬਰਾਡ ਐਂਡ ਪੰਜਾਬ ਇੰਪੈਕਟ ਸ੍ਰੀ ਆਨੰਦਪੁਰ ਸਾਹਿਬ ਵਿਖੇ ਅਕਾਲ ਤਖ਼ਤ ਦੇ ਉਦੋਂ ਦੇ ਜਥੇਦਾਰ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜਾਰੀ ਕੀਤੀ ਸੀ। ਦੇਸ਼ ਵਿਦੇਸ਼ ਅਤੇ ਖ਼ਾਸ ਤੌਰ ‘ਤੇ ਪੰਜਾਬ ਦੀ ਸਿਆਸਤ ਬਾਰੇ ਵੀ ਉਨ੍ਹਾਂ ਨੂੰ ਪੂਰੀ ਜਾਣਕਾਰੀ ਹੁੰਦੀ ਹੈ।
ਇੱਥੋਂ ਤੱਕ ਕਿ ਪੰਜਾਬ ਦੇ ਤਿੰਨ ਮੁੱਖ ਮੰਤਰੀ ਸਾਹਿਬਾਨ ਸਰਵ ਸ੍ਰੀ ਦਰਬਾਰਾ ਸਿੰਘ, ਬੇਅੰਤ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਜਦੋਂ ਉਹ ਇੰਗਲੈਂਡ ਜਾਂਦੇ ਰਹੇ ਹਨ, ਉਨ੍ਹਾਂ ਨਾਲ ਰਾਜਨੀਤਕ ਵਿਚਾਰ ਚਰਚਾ ਕਰਦੇ ਅਤੇ ਨਰਪਾਲ ਸਿੰਘ ਸ਼ੇਰਗਿੱਲ ਦੀ ਕਾਰ ਵਿੱਚ ਜਾਂਦੇ ਰਹੇ ਹਨ ਪ੍ਰੰਤੂ ਉਨ੍ਹਾਂ ਦੀ ਖ਼ੂਬੀ ਇਹ ਹੈ ਕਿ ਜਦੋਂ ਉਹ ਰਾਜਨੀਤਕ ਲੋਕ ਸਿਆਸੀ ਤਾਕਤ ਵਿਚ ਹੁੰਦੇ ਹਨ ਤਾਂ ਉਨ੍ਹਾਂ ਨੂੰ ਨਰਪਾਲ ਸਿੰਘ ਸ਼ੇਰਗਿੱਲ ਨੇ ਕਦੀ ਵੀ ਪਹੁੰਚ ਨਹੀਂ ਕੀਤੀ। ਉਹ ਹਮੇਸ਼ਾ ਹੀ ਪੰਜਾਬ, ਪੰਜਾਬੀਅਤ ਅਤੇ ਸਿੱਖ ਸਿਧਾਂਤਾਂ ਅਨੁਸਾਰ ਸਮਾਜ ਵਿੱਚ ਵਿਚਰਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ। ਵਾਹਿਗੁਰੂ ਉਨ੍ਹਾਂ ਦੀ ਉਮਰ ਲੰਬੀ ਕਰੇ ਅਤੇ ਸਿਹਤਮੰਦ ਰੱਖੇ ਤਾਂ ਜੋ ਉਹ ਇਸੇ ਤਰ੍ਹਾਂ ਸਿੱਖ ਅਤੇ ਪੰਜਾਬੀ ਸੰਸਾਰ ਦੀ ਸੇਵਾ ਕਰਦੇ ਰਹਿਣ।
-
ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
94178 13072
ujagarsingh48@yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.