ਸੰਸਾਰ ਦੇ ਉੱਭਰਦੇ ਨੌਜਵਾਨ ਖਿਡਾਰੀਆਂ ਦੇ ਪ੍ਰੇਰਨਾ ਸਰੋਤ ਉੱਡਣੇ ਸਿੱਖ ਦੇ ਤੌਰ ਤੇ ਜਾਣੇ ਜਾਣ ਵਾਲੇ ਮਿਲਖਾ ਸਿੰਘ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਵਾਲੀਬਾਲ ਕੌਮੀ ਖਿਡਾਰਨ ਆਪਣੀ ਧਰਮ ਪਤਨੀ ਨਿਰਮਲ ਮਿਲਖਾ ਸਿੰਘ ਦੀ ਮੌਤ ਤੋਂ ਮਹਿਜ਼ 5 ਦਿਨ ਬਾਅਦ ਹੀ ਉਨ੍ਹਾਂ ਕੋਲ ਚਲੇ ਗਏ। ਉਹ ਪਿਛਲੇ ਮਹੀਨੇ ਤੋਂ ਕਰੋਨਾ ਦੀ ਮਹਾਂਮਾਰੀ ਦਾ ਸ਼ਿਕਾਰ ਸਨ। ਅਖੀਰ ਅੱਜ ਉਹ ਚੰਡੀਗੜ੍ਹ ਵਿਚ ਕਰੋਨਾ ਮਹਾਂਮਾਰੀ ਦੀ ਬਾਜ਼ੀ ਜਿੱਤਣ ਤੋਂ ਬਾਅਦ ਦੇ ਪ੍ਰਭਾਵਾਂ ਕਰਕੇ ਸਵਰਗ ਸਿਧਾਰ ਗਏ। ਜ਼ਿੰਦਗੀ ਵਿੱਚ ਕਦੀ ਵੀ ਹਾਰ ਨਾ ਮੰਨਣ ਵਾਲੇ ਉੱਡਣੇ ਸਿੱਖ ਅਖੀਰ ਮੌਤ ਦੀ ਬਾਜ਼ੀ ਹਾਰ ਗਏ। ਉਹ 91 ਸਾਲ ਦੇ ਸਨ। ਉਨ੍ਹਾਂ ਦੀ ਸਾਰੀ ਜ਼ਿੰਦਗੀ ਜੱਦੋਜਹਿਦ ਵਾਲੀ ਰਹੀ।
ਉਨ੍ਹਾਂ ਦੇਸ਼ ਦੀ ਵੰਡ ਸਮੇਂ ਫ਼ਿਰਕੂ ਫਸਾਦਕਾਰੀਆਂ ਤੋਂ ਵੀ ਭੱਜਕੇ ਹੀ ਆਪਣੀ ਜਾਨ ਬਚਾਈ ਸੀ। ਵੰਡ ਦਾ ਸੰਤਾਪ ਹੰਢਾਉਂਦਿਆਂ ਭਾਰਤ ਵਿਚ ਆ ਕੇ ਅਨੇਕਾਂ ਦੁਸ਼ਵਾਰੀਆਂ ਦਾ ਸਾਹਮਣਾ ਕੀਤਾ ਪ੍ਰੰਤੂ ਸਫਲਤਾ ਹਮੇਸ਼ਾ ਉਨ੍ਹਾਂ ਦੀ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਕਰਕੇ ਉਨ੍ਹਾਂ ਦੀ ਝੋਲੀ ਪੈਂਦੀ ਰਹੀ। ਕੋਈ ਵੀ ਰਿਸ਼ਤੇਦਾਰ ਉਨ੍ਹਾਂ ਦਾ ਹੱਥ ਫੜਨ ਨੂੰ ਵੀ ਤਿਆਰ ਨਹੀਂ ਸੀ। ਇੱਥੋਂ ਤੱਕ ਕਿ ਉਨ੍ਹਾਂ ਦੀ ਭੈਣ ਦੇ ਸਹੁਰਿਆਂ ਨੇ ਦਿੱਲੀ ਵਿਖੇ ਉਨ੍ਹਾਂ ਨੂੰ ਆਪਣੇ ਘਰੋਂ ਕੱਢ ਦਿੱਤਾ ਸੀ ਪ੍ਰੰਤੂ ਉਨ੍ਹਾਂ ਨੇ ਹੌਸਲਾ ਨਾ ਹਾਰਿਆ।
ਆਮ ਤੌਰ ਤੇ ਸੰਸਾਰ ਵਿਚ ਆਉਣ ਵਾਲਾ ਹਰ ਇਨਸਾਨ ਆਪਣੇ ਸਮਾਜ ਦੀਆਂ ਸਮਾਜਕ ਪਰੰਪਰਾਵਾਂ ਉੱਪਰ ਚੱਲਣ ਨੂੰ ਹੀ ਤਰਜ਼ੀਹ ਹੀ ਦਿੰਦਾ ਹੈ ਕਿਉਂਕਿ ਬਚਪਨ ਵਿਚ ਜਿਹੜੀ ਸੋਚ ਅਤੇ ਰਵਾਇਤਾਂ ਆਪਣੇ ਪਰਿਵਾਰ, ਸਮਾਜ, ਆਲ਼ੇ ਦੁਆਲੇ ਅਤੇ ਮਾਪਿਆਂ ਤੋਂ ਗ੍ਰਹਿਣ ਕਰਦਾ ਹੈ, ਉਹ ਹੀ ਉਸ ਲਈ ਮਾਰਗ ਦਰਸ਼ਕ ਬਣਦੀਆਂ ਹਨ। ਪ੍ਰੰਤੂ ਕੁਝ ਇਨਸਾਨ ਅਜਿਹੇ ਹੁੰਦੇ ਹਨ, ਜਿਹੜੇ ਪੁਰਾਤਨ ਰਾਹਾਂ ਉੱਪਰ ਚੱਲਣ ਦੀ ਥਾਂ ਆਪਣੀਆਂ ਨਵੀਆਂ ਪਗਡੰਡੀਆਂ ਆਪ ਬਣਾਉਂਦੇ ਹਨ। ਉਨ੍ਹਾਂ ਵੱਲੋਂ ਬਣਾਈਆਂ ਉਹ ਪਗਡੰਡੀਆਂ ਸਫਲਤਾ ਦੇ ਰਾਹਾਂ ਵਿਚ ਬਦਲ ਜਾਂਦੀਆਂ ਹਨ। ਅਜਿਹੇ ਇਨਸਾਨ ਆਟੇ ਵਿਚ ਲੂਣ ਦੇ ਬਰਾਬਰ ਹੁੰਦੇ ਹਨ ਕਿਉਂਕਿ ਆਮ ਤੌਰ ਤੇ ਸਮਾਜ ਉਨ੍ਹਾਂ ਦਾ ਸਾਥ ਨਹੀਂ ਦਿੰਦਾ, ਉਹ ਰਸਤੇ ਵਿਚ ਹੀ ਨਿਰਾਸ਼ ਹੋ ਕੇ ਰਸਤਾ ਬਦਲ ਲੈਂਦੇ ਹਨ। ਕਈ ਵਾਰ ਸਮੇਂ ਦੇ ਗੇੜ ਅਤੇ ਹਾਲਾਤ ਉਸਦੇ ਰਾਹ ਵਿਚ ਰੋੜਾ ਵੀ ਬਣਦੇ ਹਨ ਪ੍ਰੰਤੂ ਉਨ੍ਹਾਂ ਵਿਚੋਂ ਮਿਲਖਾ ਸਿੰਘ ਇਕ ਅਜਿਹਾ ਵਿਲੱਖਣ ਇਨਸਾਨ ਸਨ, ਜਿਹੜੇ ਵਕਤ ਦੀਆਂ ਠੋਕਰਾਂ ਦੇ ਬਾਵਜੂਦ ਦ੍ਰਿੜ੍ਹ ਇਰਾਦੇ ਨਾਲ ਆਪਣਾ ਨਿਸ਼ਾਨਾ ਮਿੱਥ ਕੇ ਚਲਦੇ ਰਹੇ ਅਤੇ ਅਖ਼ੀਰ ਸਫਲਤਾ ਪ੍ਰਾਪਤ ਕੀਤੀ।
ਮਿਲਖਾ ਸਿੰਘ ਉੱਡਣਾ ਸਿੱਖ ਦੇ ਨਾਮ ਨਾਲ ਜਾਣੇ ਜਾਣ ਵਾਲੇ ਸੰਸਾਰ ਪ੍ਰਸਿੱਧ ਦੌੜਾਕ ਸਨ। ਉਹ 70 ਮੁਲਕਾਂ ਵਿੱਚ ਮੁਕਾਬਲੇ ਦੀਆਂ ਦੌੜਾਂ ਵਿੱਚ ਦੌੜੇ ਹੀ ਨਹੀਂ ਸਗੋਂ ਉੱਡੇ ਸਨ। ਉਨ੍ਹਾਂ ਨੇ 82 ਵਿਸ਼ੇਸ਼ ਮੁਕਾਬਲਿਆਂ ਵਿੱਚੋਂ 79 ਵਾਰ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਦੀ ਜਨਮ ਮਿਤੀ ਦਾ ਅਸਲੀ ਵੇਰਵਾ ਪ੍ਰਾਪਤ ਨਹੀਂ ਹੈ ਪ੍ਰੰਤੂ ਫ਼ੌਜ ਵਿੱਚ ਭਰਤੀ ਹੋਣ ਸਮੇਂ 20 ਨਵੰਬਰ 1935 ਲਿਖਾਈ ਹੋਈ ਸੀ। ਉਨ੍ਹਾਂ ਦਾ ਜਨਮ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਮੁਜੱਫਰ ਨਗਰ ਵਿੱਚ ਪਿੰਡ ਗੋਬਿੰਦਪੁਰਾ ਵਿਖੇ ਹੋਇਆ ਸੀ। ਉਹ ਪੰਜ ਭਰਾ ਤੇ ਤਿੰਨ ਭੈਣਾਂ ਸਨ। ਉਨ੍ਹਾਂ ਨੂੰ ਪਿੰਡੋਂ ਨੰਗੇ ਪੈਰੀਂ ਹਰ ਰੋਜ਼ 5-6 ਮੀਲ ਪੜ੍ਹਨ ਲਈ ਜਾਣਾ ਪੈਂਦਾ ਸੀ।
ਜਦੋਂ ਗਰਮੀਆਂ ਵਿਚ ਪੈਰਾਂ ਨੂੰ ਸੇਕ ਲਗਦਾ ਤਾਂ ਉਹ ਭੱਜ ਲੈਂਦੇ ਸਨ ਅਤੇ ਕੁਝ ਸਮੇਂ ਬਾਅਦ ਕਿਸੇ ਦਰੱਖਤ ਦੀ ਛਾਂ ਵਿਚ ਖੜ੍ਹਕੇ ਪੈਰਾਂ ਨੂੰ ਠੰਡੇ ਕਰਦੇ ਸਨ। ਇੱਥੋਂ ਹੀ ਉਨ੍ਹਾਂ ਨੂੰ ਦੌੜਨ ਦੀ ਆਦਤ ਪੈ ਗਈ ਜੋ ਕਿ ਉਨ੍ਹਾਂ ਲਈ ਵਰਦਾਨ ਸਾਬਤ ਹੋਈ। ਦੇਸ਼ ਦੀ ਵੰਡ ਸਮੇਂ 1947 ਵਿਚ ਉਹ 8ਵੀਂ ਜਮਾਤ ਵਿਚ ਪੜ੍ਹਦੇ ਸਨ। ਬਟਵਾਰੇ ਸਮੇਂ ਉਨ੍ਹਾਂ ਦੇ ਪਰਿਵਾਰ ਦੇ ਬਹੁਤੇ ਮੈਂਬਰ ਧਾਰਮਿਕ ਫਸਾਦਾਂ ਦਾ ਸ਼ਿਕਾਰ ਹੋਣ ਕਰਕੇ ਉੱਥੇ ਹੀ ਮਾਰੇ ਗਏ ਸਨ। ਇੱਥੋਂ ਤੱਕ ਕਿ ਉਨ੍ਹਾਂ ਦੇ ਪਿਤਾ ਨੂੰ ਮਿਲਖਾ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਇੱਕ ਭੈਣ, ਇੱਕ ਭਰਜਾਈ ਅਤੇ ਇੱਕ ਭਰਾ ਮੱਖਣ ਸਿੰਘ ਫ਼ੌਜ ਵਿਚ ਹੋਣ ਕਰਕੇ ਬਚ ਗਏ ਸਨ। ਫਿਰ ਉਹ ਫ਼ਿਰੋਜ਼ਪੁਰ ਪੰਜਾਬ ਵਿਚ ਆ ਗਏ। ਫ਼ਿਰੋਜ਼ਪੁਰ ਵਿਚ ਉਨ੍ਹਾਂ ਨੇ ਕੁਝ ਸਮਾਂ ਫ਼ੌਜੀਆਂ ਦੇ ਬੂਟ ਵੀ ਪਾਲਿਸ਼ ਕੀਤੇ। ਮਿਹਨਤ ਹਮੇਸ਼ਾ ਰੰਗ ਲਿਆਉਂਦੀ ਹੈ।
ਕਿਰਤ ਕਰੋ ਤੇ ਵੰਡ ਛਕੋ ਦੀ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਉੱਪਰ ਉਹ ਪਹਿਰਾ ਦਿੰਦੇ ਰਹੇ। ਫਿਰ ਉਹ ਦਿੱਲੀ ਆਪਣੀ ਭੈਣ ਕੋਲ ਆ ਗਏ। ਉਨ੍ਹਾਂ ਦਾ ਵੱਡਾ ਭਰਾ ਫ਼ੌਜ ਵਿਚ ਸਨ, ਜਿਸ ਕਰਕੇ ਉਹ ਵੀ 1952 ਵਿੱਚ ਫ਼ੌਜ ਵਿੱਚ ਭਰਤੀ ਹੋ ਗਏ। ਉਨ੍ਹਾਂ ਦਾ ਕੱਦ 5 ਫੁੱਟ 9 ਇੰਚ ਸੀ। ਫ਼ੌਜ ਵਿਚ ਉਨ੍ਹਾਂ ਨੂੰ 1953 ਵਿਚ ਦੌੜਨ ਦੇ ਮੁਕਾਬਲਿਆਂ ਦਾ ਪਤਾ ਲੱਗਿਆ ਤੇ ਰੰਗਰੂਟੀ ਕਰਦਿਆਂ ਹੀ ਉਨ੍ਹਾਂ ਨੇ ਕਰਾਸ ਕੰਟਰੀ ਲਗਾਈ ਤੇ ਸਾਥੀਆਂ ਵਿਚੋਂ ਛੇਵੇਂ ਨੰਬਰ ਤੇ ਆਏ। ਮਿਲਖਾ ਸਿੰਘ 400 ਮੀਟਰ ਦੀ ਰੇਸ ਵਿਚ ਆਪਣੀ ਕੰਪਨੀ ਵਿਚੋਂ ਪਹਿਲੇ ਨੰਬਰ ਤੇ ਆਏ, ਇਸ ਤੋਂ ਬਾਅਦ ਉਨ੍ਹਾਂ ਨੂੰ ਦੌੜ ਲਾਉਣ ਦਾ ਉਤਸ਼ਾਹ ਪੈਦਾ ਹੋ ਗਿਆ ਤੇ ਫ਼ੌਜ ਵਿਚ ਅਭਿਆਸ ਕਰਨ ਲੱਗ ਪਏ। ਇਸ ਪ੍ਰੈਕਟਿਸ ਕਰਕੇ ਪੂਰੀ ਫ਼ੌਜ ਵਿਚੋਂ ਪਹਿਲੇ ਨੰਬਰ ਤੇ ਆਉਣ ਲੱਗ ਪਏ। ਉਨ੍ਹਾਂ ਨੂੰ ਪਹਿਲੀ ਵਾਰ 1956 ਵਿਚ ਮੈਲਬੌਰਨ ਆਸਟ੍ਰੇਲੀਆ ਵਿਚ ਹੋਈਆਂ ਉਲੰਪਿਕ ਖੇਡਾਂ ਵਿਚ ਭਾਰਤ ਦੀ ਟੀਮ ਵਿਚ ਸ਼ਾਮਲ ਕਰ ਲਿਆ ਪ੍ਰੰਤੂ ਉੱਥੇ ਭਾਰਤ ਦੀ ਟੀਮ ਹਾਰ ਗਈ। 1958 ਵਿਚ ਹੋਈਆਂ ਟੋਕੀਓ ਦੀਆਂ ਏਸ਼ੀਆਈ ਖੇਡਾਂ ਵਿਚ ਉਹ ਸਭ ਤੋਂ ਮਜ਼ਬੂਤ ਐਥਲੀਟ ਸਾਬਤ ਹੋਏ।
ਫਿਰ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਜੇਕਰ ਥੋੜ੍ਹੀ ਹੋਰ ਮਿਹਨਤ ਕੀਤੀ ਜਾਵੇ ਤਾਂ ਉਹ ਤਗਮੇ ਜਿੱਤ ਸਕਦੇ ਹਨ। ਇਸ ਕਰਕੇ ਉਨ੍ਹਾਂ ਆਪਣਾ ਅਭਿਆਸ ਦਾ ਸਮਾ ਵਧਾ ਦਿੱਤਾ। ਉਨ੍ਹਾਂ ਨੇ 200 ਮੀਟਰ ਅਤੇ 400 ਮੀਟਰ ਰੇਸ ਦੇ ਏਸ਼ੀਆ ਵਿਚ ਨਵੇਂ ਰਿਕਾਰਡ ਸਥਾਪਤ ਕੀਤੇ। 1958 ਵਿਚ ਹੀ ਕਾਰਡਿਫ ਵਿਖੇ ਕਾਮਨਵੈਲਥ ਖੇਡਾਂ ਸਮੇਂ 400 ਮੀਟਰ ਦੀ ਦੌੜ ਵਿਚ ਉਹ ਪਹਿਲੇ ਨੰਬਰ ਤੇ ਆਏ। ਉਹ 1958 ਤੋਂ 60 ਤੱਕ ਅਨੇਕਾਂ ਦੇਸ਼ਾਂ ਵਿਚ ਮੁਕਾਬਲਿਆਂ ਵਿਚ ਦੌੜਿਆ। ਲਾਹੌਰ ਵਿਖੇ ਹੋਈਆਂ ਇੰਡੋ ਪਾਕਿ ਖੇਡਾਂ ਵਿਚ ਮਿਲਖਾ ਸਿੰਘ ਆਪਣੇ ਸਾਥੀਆਂ ਤੋਂ ਬਹੁਤ ਅੱਗੇ ਨਿਕਲ ਕੇ ਜਿੱਤਿਆ, ਜਿਸ ਕਰਕੇ ਅਨਾਊਂਸਰ ਕਹਿਣ ਲੱਗਾ, ਮਿਲਖਾ ਸਿੰਘ ਦੌੜਿਆ ਨਹੀਂ, ਉੱਡਿਆ ਹੈ। ਇਸ ਕਰਕੇ ਹੀ ਉਨ੍ਹਾਂ ਦਾ ਨਾਂ ਉੱਡਣਾ ਸਿੱਖ ਅਰਥਾਤ ਫਲਾਇੰਗ ਸਿੱਖ ਪੈ ਗਿਆ। ਉਨ੍ਹਾਂ ਨੇ ਆਪਣੀ ਜੀਵਨੀ ਲਿਖੀ ਇਸਦਾ ਨਾਂ ਵੀ ਫਲਾਇੰਗ ਸਿੱਖ ਹੀ ਰੱਖਿਆ ਸੀ। 200 ਮੀਟਰ ਤੇ 400 ਮੀਟਰ ਦੇ ਮਿਲਖਾ ਸਿੰਘ ਦੇ ਕੌਮੀ ਰਿਕਾਰਡ ਲਗਪਗ 4 ਦਹਾਕੇ ਕੋਈ ਤੋੜ ਨਹੀਂ ਸਕਿਆ। 1962 ਵਿਚ ਜਕਾਰਤਾ ਦੀਆਂ ਏਸ਼ੀਆਈ ਖੇਡਾਂ ਵਿਚੋਂ 400 ਮੀਟਰ ਤੇ 4 ਰਿਲੇ 400 ਮੀਟਰ ਦੌੜਾਂ ਵਿਚੋਂ ਦੋ ਸੋਨੇ ਦੇ ਤਗਮੇ ਜਿੱਤੇ।
1964 ਦੀਆਂ ਟੋਕੀਓ ਉਲੰਪਿਕ ਤੋਂ ਬਾਅਦ ਉਹ ਸਰਗਰਮ ਦੌੜ ਮੁਕਾਬਲਿਆਂ ਵਿਚੋਂ ਰਿਟਾਇਰ ਹੋ ਗਏ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਸ੍ਰੀ ਨਾਲ ਸਨਮਾਨਿਆ ਸੀ। ਅਮਰੀਕਾ ਦੀ ਇੱਕ ਖੇਡ ਸੰਸਥਾ ਨੇ ਮਿਲਖਾ ਸਿੰਘ ਨੂੰ ਏਸ਼ੀਆ ਦਾ ਸਰਵੋਤਮ ਐਥਲੀਟ ਮੰਨਦਿਆਂ ਹੈਲਮਜ ਟਰਾਫੀ ਦੇ ਕੇ ਸਨਮਾਨਤ ਕੀਤਾ ਸੀ। ਫੌਜ ਦੀ ਨੌਕਰੀ ਤੋਂ ਬਾਅਦ ਉਹ ਸਿੱਖਿਆ ਵਿਭਾਗ ਵਿਚ ਖੇਡ ਵਿੰਗ ਦੇ ਐਡੀਸ਼ਨਲ ਡਾਇਰੈਕਟਰ ਦੇ ਅਹੁਦੇ ਤੇ ਵੀ ਰਹੇ। ਮਿਲਖਾ ਸਿੰਘ ਦੇ ਜੱਦੋਜਹਿਦ ਭਰੇ ਜੀਵਨ ਤੇ ਇੱਕ ਫਿਲਮ ‘‘ਭਾਗ ਮਿਲਖਾ ਭਾਗ ’’ ਵੀ ਬਣ ਚੁੱਕੀ ਹੈ, ਜਿਹੜੀ ਨੌਜਵਾਨਾ ਨੂੰ ਪ੍ਰੇਰਨਾਦਾਇਕ ਸਾਬਤ ਹੋ ਰਹੀ ਹੈ। ਉਹਨਾ ਦੀ ਪਤਨੀ ਸ੍ਰੀਮਤੀ ਨਿਰਮਲ ਮਿਲਖਾ ਸਿੰਘ ਕੌਮੀ ਪੱਧਰ ਦੀ ਵਾਲੀਬਾਲ ਖਿਡਾਰਨ ਰਹੀ ਹੈ। ਉਨ੍ਹਾਂ ਦਾ ਲੜਕਾ ਚਿਰੰਜੀਵ ਮਿਲਖਾ ਸਿੰਘ ਗੋਲਫ ਦਾ ਅੰਤਰ ਰਾਸ਼ਟਰੀ ਖਿਡਾਰੀ ਹੈ।
ਭਾਰਤ ਹਮੇਸ਼ਾ ਖੇਡਾਂ ਦੇ ਖੇਤਰ ਵਿਚ ਮੋਹਰੀ ਦੀ ਭੂਮਿਕਾ ਨਿਭਾਉਂਦਾ ਰਿਹਾ ਹੈ ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਭਾਰਤ ਨੂੰ ਨਿਰਾਸ਼ਾ ਦਾ ਮੂੰਹ ਵੇਖਣਾ ਪਿਆ ਕਿਉਂਕਿ ਖੇਡ ਜਗਤ ਦੀ ਆਪਸੀ ਧੜੇਬੰਦੀ ਅਤੇ ਖਿਡਾਰੀਆਂ ਦੀ ਸਹੀ ਪਛਾਣ ਰਸਤੇ ਦਾ ਰੋੜਾ ਬਣਦੀ ਰਹੀ ਹੈ ਪ੍ਰੰਤੂ ਗੋਲਡ ਕੋਸਟ ਵਿਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਨੇ 26 ਸੋਨੇ ਦੇ ਅਤੇ ਕੁਲ 66 ਤਗ਼ਮੇ ਜਿੱਤ ਲਈ ਹਨ, ਜਿਸ ਕਰਕੇ ਭਵਿੱਖ ਵਿਚ ਆਸ ਦੀ ਕਿਰਨ ਵਿਖਾਈ ਦਿੰਦੀ ਹੈ। ਅਜਿਹੇ ਸਮੇਂ ਵਿਚ ਭਾਰਤੀ ਖਿਡਾਰੀਆਂ ਨੂੰ ਮਿਲਖਾ ਸਿੰਘ ਨੂੰ ਆਪਣਾ ਰੋਲ ਮਾਡਲ ਬਣਾਕੇ ਲਗਨ, ਮਿਹਨਤ ਅਤੇ ਦ੍ਰਿੜ੍ਹਤਾ ਦਾ ਗੁਣ ਗ੍ਰਹਿਣ ਕਰਕੇ ਪ੍ਰੈਕਟਿਸ ਕਰਨੀ ਚਾਹੀਦੀ ਹੈ। ਮਿਲਖਾ ਸਿੰਘ ਆਪਣਾ ਕੈਰੀਅਰ ਬਣਾਉਣ ਲਈ ਰੇਲ ਗੱਡੀਆਂ ਦੇ ਪਿੱਛੇ ਭੱਜਕੇ ਅਭਿਆਸ ਕਰਦੇ ਰਹੇ ਕਿਉਂਕਿ ਉਹ ਆਪਣੇ ਮਿਥੇ ਨਿਸ਼ਾਨੇ ਤੇ ਪਹੁੰਚਣਾ ਚਾਹੀਦਾ ਹੈ। ਹੁਣ ਤਾਂ ਉਨ੍ਹਾਂ ਲਈ ਸਾਰੇ ਸਾਧਨ ਪ੍ਰਾਪਤ ਹਨ ਪ੍ਰੰਤੂ ਮਿਲਖਾ ਸਿੰਘ ਬਿਨਾਂ ਅਜਿਹੇ ਸਾਧਨਾ ਦੇ ਸਿਖ਼ਰਾਂ ਛੂੰਹਦਾ ਰਿਹਾ ਹੈ। ਨਵੇਂ ਖਿਡਾਰੀ ਉਨ੍ਹਾਂ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈ ਕੇ ਸਫਲਤਾ ਪ੍ਰਾਪਤ ਕਰ ਸਕਦੇ ਹਨ। ਉਹ ਆਪਣੇ ਪਿੱਛੇ ਸਪੁੱਤਰ ਜੀਵ ਮਿਲਖਾ ਸਿੰਘ ਅਤੇ ਤਿੰਨ ਧੀਆਂ ਛੱਡ ਗਏ ਹਨ।
-
ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.