ਅਵਤਾਰ ਸਿੰਘ ਬਰਾੜ ਭਲਾ ਬੰਦਾ ਸੀ। ਸ਼ਰੀਫ ਸਿਆਸਤਦਾਨ ਸੀ,ਅਧਿਆਪਕ ਜੁ ਰਿਹਾ ਸੀ ਸ਼ਾਇਦ ਏਸੇ ਕਰਕੇ ਇਮਾਨ ਵਾਲਾ ਤੇ ਸ਼ਰਾਫਤ ਵਾਲਾ ਸੀ, ਭੁਖੂੰ ਭੁਖੂੰ ਕਦੇ ਨਾ ਕੀਤੀ। ਬੜੇ ਸਾਲ ਪਹਿਲਾਂ ਬੀਮਾਰ ਹੋਏ,ਮੈਂ ਪਤਾ ਲੈਣ ਗਿਆ ਗਿਆ ਤਾਂ, ਮੇਰੇ ਸਾਹਮਣੇ ਆਪਣੇ ਪੁੱਤਰ ਬੱਬੂ ਬਰਾੜ ਨੂੰ ਉਨਾ ਕਿਹਾ ਸੀ- "ਪੁੱਤ, ਮੈਂ ਕੇਹੜਾ ਸੋਨੇ ਦੀ ਸਿੜੀ ਉਤੇ ਜਾਣੈ, ਪਿਓ ਦੀ ਪੱਗ ਦਾ ਖਿਆਲ ਰੱਖੀਂ, ਆਹ ਸੁਣਦੈ ਘੁਗਿਆਣਵੀ, ਕਿਓਂ ਵਈ?" ਉਹ ਅੱਖਾਂ ਭਰ ਆਏ। ਜਜਬਾਤੀ ਤਾਂ ਉਹ ਬਹੁਤੇ ਮੌਕਿਆਂ ਉਤੇ ਅਕਸਰ ਈ ਹੋ ਜਾਂਦੇ ਸਨ।
ਆਪਣੇ ਵੋਟਰਾਂ ਸਪੋਟਰਾਂ ਤੇ ਮਿੱਤਰਾਂ ਨੂੰ ਮਸ਼ਕਰੀ ਕਰਨ ਵਿਚ ਵੀ ਉਹ ਮਾਹਰ ਸੀ ਤੇ ਨਿਹੋਰਾ ਦੇਣ ਵਿਚ ਵੀ ਨਿਪੁੰਨ। ਜੇ ਕੋਈ ਜਾਕੇ ਕੰਨ ਭਰ ਦਿੰਦਾ ਤਾਂ ਪਲ ਦੀ ਪਲ ਉਬਾਲਾ ਮਾਰਦਾ ਤੇ ਫਿਰ ਠੰਢਾ ਯਖ। ਮੁਸਕਰਾਉਂਦਾ ਹੋਇਆ ਅਗਲੇ ਨੂੰ ਗਲੱਵਕੜੀ ਵਿਚ ਲੈ ਲੈਂਦਾ।
ਆਪ ਤੋਂ ਛੋਟੇ ਆਖਣਾ, "ਓ ਛੋਟੇ ਭਾਈ, ਮਿਲ ਗਿਲ ਲਿਆ ਕਰੋ, ਕਿੱਥੇ ਰਹਿਗੇ,ਤੁਸੀਂ ਐਥੇ ਈ ਪਰਦੇਸ ਬਣਾਤਾ ਓ ਗੁਰੂਓ?" ਆਪ ਤੋਂ ਵੱਡੇ ਨੂੰ ਆਖਣਾ, "ਓ ਵੱਡਿਆ ਭਰਾਵਾ, ਮੈਂ ਤਾਂ ਤੈਨੂੰ ਨਿੱਤ ਚੇਤੇ ਕਰਦਾਂ, ਓ ਭਰਾਵਾ ਮੈਂ ਤਾਂ ਥੋਡੇ ਸਿਰ ਉਤੇ ਈ ਉੱਡਿਆ ਫਿਰਦਾਂ, ਤੁਸੀਂ ਮੇਰੀਆਂ ਬਾਹਵਾ ਓ ਭਰਾਵੋ।" ਦੂਰੋਂ ਅਗਲੇ ਨੂੰ ਸਿਆਣਕੇ ਤੇ ਨਾਂ ਲੈਕੇ ਬੁਲਾਉਣ ਦਾ ਗੁਰ ਉਨਾ ਆਪਣੇ ਗੁਰੂ ਗਿਆਨੀ ਜੈਲ ਸਿੰਘ ਤੋਂ ਚੰਗੀ ਤਰਾਂ ਸਿੱਖਿਆ ਹੋਇਆ ਸੀ।
ਚੇਤਾ ਹੈ, ਸ੍ਰ ਬੇਅੰਤ ਸਿੰਘ ਮੁੱਖ ਮੰਤਰੀ ਸਨ ਤੇ ਹਰਨਾਮ ਦਾਸ ਜੌਹਰ ਸਿੱਖਿਆ ਮੰਤਰੀ। ਸਾਡੇ ਨੇੜੇ ਪਿੰਡ ਰਾਈਆਂ ਵਾਲੇ ਦੇ ਸਰਪੰਚ ਲਾਲ ਸਿੰਘ ਬੌਰੀਆ ਸਿੱਖ ਨੇ ਆਪਣੀ ਬਰਾਦਰੀ ਦੀ ਬੜੀ ਵੱਡੀ ਕਾਨਫਰੰਸ ਕਰਵਾਈ ਤੇ ਜੌਹਰ ਸਾਹਬ ਆਏ। ਸਾਡੇ ਪਿੰਡੋਂ ਵੀ ਬੌਰੀਏ ਸਿੱਖ ਟਰਾਲੀਆਂ ਭਰ ਭਰ ਗਏ ਤੇ ਜਾਂਦੀ ਇਕ ਟਰਾਲੀ ਦੇ ਡਾਲੇ ਨਾਲ ਮੈਂ ਵੀ ਝੂਟ ਗਿਆ ਤੇ ਹੌਲੀ ਹੌਲੀ ਟਰਾਲੀ ਦੇ ਘੜਮੱਸ ਵਿਚ ਜਾ ਰਲਿਆ। ਬੜਾ ਤਕੜਾ ਇਕੱਠ ਬੱਝਿਆ। ਜੌਹਰ ਦੇ ਨਾਲ ਹੀ ਆਏ ਸ੍ਰ ਅਵਤਾਰ ਸਿੰਘ ਬਰਾੜ ਨੇ ਬੌਰੀਆਂ ਦੀ ਬਹਾਦਰੀ, ਘਾਲਣਾ ਤੇ ਉਨਾ ਦੇ ਵੱਡੇ ਵਡੇਰਿਆਂ ਬਾਰੇ ਅਜਿਹਾ ਭਾਸ਼ਣ ਦਿਤਾ ਕਿ ਸਭ ਅਸ਼ ਅਸ਼ ਕਰ ਉਠੇ ਤੇ ਜਿੰਦਾਬਾਦ ਦੇ ਨਾਅਰੇ ਗੂੰਜਦੇ ਰਹੇ।
ਉਨਾਂ ਨਾਲ ਮੇਰੀਆਂ ਕਈ ਪ੍ਰਕਾਰ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ। ਸਭ ਤੋਂ ਪਹਿਲਾਂ ਏਹ ਦੱਸਣਾ ਲਾਜਮੀ ਹੋਵੇਗਾ ਕਿ ਮੇਰੀ ਨਿਆਣ-ਮੱਤੀਏ ਮੁੰਡੇ ਦੀ ਉਨਾਂ ਮੁੱਢਲੀ ਜਾਣ ਪਛਾਣ ਕਿਵੇਂ ਹੋਈ, ਤੇ ਕਿੱਥੇ ਹੋਈ? ਦਸਦਾਂ ਹਾਂ। ਏਹ ਗੱਲ 1992 ਦੀ ਹੋਵੇਗੀ। ਸਾਡੇ ਇਲਾਕੇ ਦੀ ਲਿਖਾਰੀ ਸਭਾ ਸਾਦਿਕ ਨੇ ਮੇਰਾ ਸਨਮਾਨ ਏਸ ਕਰਕੇ ਕੀਤਾ ਸੀ ਕਿ ਏਹ ਸਾਡੇ ਇਲਾਕੇ ਦਾ ਉਭਰਦਾ ਲਿਖਾਰੀ ਤੇ ਗਾਇਕ ਹੈ ਤੇ ਗੀਤਾਂ ਦੇ ਬਾਦਸ਼ਾਹ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਦਾ ਏਸ ਕਰਕੇ ਸਨਮਾਨ ਕੀਤਾ ਕਿ ਏਸ ਨੇ ਇਕ ਵੱਡੇ ਗੀਤਕਾਰ ਵਜੋਂ ਸਾਡੇ ਇਲਾਕੇ ਦੀ ਸ਼ਾਨ ਵਧਾਈ ਐ। ਸਮਾਗਮ ਵਾਲੇ ਦਿਨ ਸਵੇਰੇ ਸਵੇਰੇ ਮੈਂ ਆਪਣੇ ਗੁਆਂਢੀ ਦਸੌਂਧਾ ਸਿੰਘ ਪੈਲ ਨਾਲ ਉਹਦੇ ਫੋਰਡ ਟਰੈਕਟਰ ਉਤੇ ਬਹਿਕੇ ਤੇ ਨਾਲ ਲਾਲ ਰੰਗ ਦੀ ਤੂੰਬੀ ਲੈਕੇ ਸਾਦਿਕ ਸਰਕਾਰੀ ਸਕੂਲੇ ਜਾ ਪੁੱਜਿਆ। ਸਾਡੇ ਜਾਂਦਿਆਂ ਨੂੰ ਦੋ ਰਿਕਸ਼ਿਆਂ ਵਾਲੇ ਲਾਲ ਰੰਗੀਆਂ ਰਬੜੀ ਕੁਰਸੀਆਂ ਲੱਦੀ ਸਕੂਲ ਵੱਲ ਜਾ ਰਹੇ ਸਨ। ਜਾਹਰ ਸੀ ਕਿ ਏਹ ਕੁਰਸੀਆਂ ਅੱਜ ਹੋਣ ਵਾਲੇ ਸਮਾਗਮ ਵਾਸਤੇ ਢੋਈਆਂ ਜਾ ਰਹੀਆਂ ਸਨ।
ਦਸੌਂਧਾ ਸਿੰਘ ਆਖਣ ਲੱਗਿਆ "ਤੇਰੇ ਪੈਰਾਂ ਥੱਲੇ ਅੱਗ ਮਚਦੀ ਰਹਿੰਦੀ ਐ, ਚੱਲ ਚਾਚਾ ਚੱਲੀਏ, ਚੱਲ ਚਾਚਾ ਚੱਲੀਏ, ਲੈ ਏਡੀ ਸਦੇਹਾਂ ਆਕੇ ਚੋ ਲੈ ਧਾਰਾਂ ਜਿਹੜੀਆਂ ਚੋਣੀਆਂ, ਵਾਈ ਨੀ ਧਾਈ ਨੀ ਏਥੇ--- ਚੱਕਲੀ ਐ ਤੂੰਬੀ।" ਦਸੌਂਧਾ ਸਿੰਘ ਪੈਲ ਦੇ ਤੇਵਰ ਤਿੱਖੇ ਸਨ ਤੇ ਉਹ ਸੱਚਾ ਕਲਪ ਰਿਹਾ ਸੀ। ਮੇਰੇ ਘਰ ਦੇ ਬਿਲਕੁਲ ਸਾਹਮਣੇ ਹੋਣ ਕਰਕੇ ਮੈਂ ਉਹਨੂੰ ਵੇਲੇ ਤੋਂ ਪਹਿਲਾਂ ਈ ਏਥੇ ਲੈ ਆਇਆ ਸਾਂ। ਖੈਰ। ਮੈਂ ਚੁੱਪ ਕਰਿਆ ਰਿਹਾ ਤੇ ਅਸੀਂ ਸਕੂਲ ਦੇ ਬਾਹਰ ਟਰੈਕਟਰ ਖਲਿਆਰ ਕੇ ਉਹਦੇ ਉਤੇ ਬੈਠੇ ਇਕ ਦੂਜੇ ਦੇ ਮੂੰਹਾਂ ਵੱਲ ਵੇਂਹਦੇ ਊਂਘਦੇ ਰਹੇ। ਕਦੇ ਚਾਚਾ ਦਸੌਂਧਾ ਸਟੇਅਰਿੰਗ ਉਤੇ ਸਿਰ ਸੁੱਟ ਲੈਂਦਾ ਤੇ ਮੈਂ ਏਧਰ ਓਧਰ ਝਾਕਣ ਲਗਦਾ।
ਜਦ ਨੇੜੇ ਤੇੜੇ ਕਿਸੇ ਦੀ ਵਾਜ ਆਉਂਦੀ, ਜਾਂ ਵਹੀਕਲ ਦਾ ਖੜਾਕ ਹੁੰਦਾ ਤਾਂ ਉਹ ਸਿਰ ਚੁਕ ਕੇ ਦੇਖਦਾ ਤੇ ਫਿਰ ਮੇਰੇ ਵੰਨੀਂ ਘੂਰਦਾ। ਤੂੰਬੀ ਮੈਂ ਖਾਦ ਦੇ ਝੋਲੇ ਵਿਚ ਪਾਕੇ ਮੋਢੇ ਲਮਕਾਈ ਹੋਈ ਸੀ। ਜਿਵੇਂ ਕਿਵੇਂ ਪੌਣੇ ਦਸ ਵੱਜੇ। ਸਕੂਲ ਅੰਦਰ ਆਵਾਜਾਈ ਵਾਹਵਾ ਜਿਹੀ ਹੋ ਗਈ। ਚਾਚਾ ਬੋਲਿਆ, "ਚੱਲ ਆਪਾਂ ਵੀ ਚੱਲੀਏ। ਹੈਥੇ ਬੈਠੇ ਥੱਕਗੇ ਉਏ।" ਵਰਾਂਡੇ ਵਿਚ ਬੈਨਰ ਤੇ ਕੁਰਸੀਆਂ ਲੱਗ ਚੁੱਕੇ ਸਨ। ਪ੍ਰਬੰਧਕ ਭੱਜੇ ਫਿਰਦੇ ਸਨ। ਮੈਂ ਕਿਹਨੂੰ ਮਿਲਾਂ, ਕੀ ਆਖਾਂ ਕਿ ਮੈਂ ਕੌਣ ਆਂ? ਕੋਈ ਨਾਉਂ ਨਾ ਜਾਣੇ ਮੇਰਾ! ਸਭਾ ਦਾ ਸਰਗਰਮ ਵਰਕਰ ਗੀਤਕਾਰ ਅਨੂਪ ਸਿੰਘ ਢਿਲੋਂ ਮੇਰੇ ਵੱਲ ਭੱਜਿਆ ਆਇਆ ਤੇ ਘੁੱਟ ਗਲੱਵਕੜੀ ਪਾਈ। ਚਾਹ ਦੇ ਉੱਬਲ ਰਹੇ ਦੇਗੇ ਵੰਨੀਂ ਲੈ ਗਿਆ ਤੇ ਚਾਹ ਦਾ ਮਹੂਰਤ ਅਸਾਂ ਈ ਕੀਤਾ, ਸਟੀਲ ਦੇ ਗਲਾਸ ਤੱਤੇ ਤੱਤੇ ਮਸਾਂ ਹੱਥਾਂ ਫੜੇ। ਦਸੌਂਧਾ ਸਿੰਘ ਬੋਲਿਆ, " ਅਹੁ ਫੁੱਫੜ ਜੀ ਖੜੇ ਆ, ਮਿਲ ਆਈਏ।" ਸਾਊ ਜਿਹੇ ਬਜੁਰਗ। ਪਤਲਾ ਸਰੀਰ। ਚਿੱਟਾ ਲਿਬਾਸ। ਇਹ ਮੁਖਤਿਆਰ ਸਿੰਘ ਢਿਲੋਂ ਸਨ, ਜੋ ਘੁਗਿਆਣੇ ਵਿਆਹੇ ਹੋਏ ਸਨ ਤੇ ਸਾਡਾ ਸਾਰਾ ਪਿੰਡ ਆਦਰ ਨਾਲ ਉਨਾ ਨੂੰ ਫੁੱਫੜ ਜੀ ਆਖਦਾ। ਅਸੀਂ ਨੇੜੇ ਹੋਕੇ ਮਿਲੇ ਤਾਂ ਉਹ ਬੜੇ ਖੁਸ਼ ਹੋਏ। (ਜਦ ਮੈਂ ਗਾ ਰਿਹਾ ਸੀ ਤਾਂ ਫੁੱਫੜ ਜੀ ਨੇ ਉਚੇਚਾ ਉਠਕੇ ਪੰਜਾਹ ਰੁਪਈਏ ਮੇਰੀ ਜੇਬੀ 'ਚ ਪਾਏ ਸੀ ਤੇ ਮੋਢਾ ਪਲੋਸਿਆ ਸੀ)।
ਕਵੀਆਂ ਤੇ ਲਿਖਾਰੀਆਂ ਦਾ 'ਕੱਠ ਬੱਝਣ ਲੱਗਿਆ। ਇਹ ਮੇਰਾ ਦੂਜਾ ਮੌਕਾ ਸੀ ਕਿਸੇ ਸਾਹਿਤ ਸਭਾ ਵਿਚ ਆਉਣ ਦਾ। ਇਸਤੋਂ ਪਹਿਲਾਂ ਮੈਂ ਸਾਡੇ ਤਾਏ ਲਿਖਾਰੀ ਸ੍ਰ ਫੌਜਾ ਸਿੰਘ ਨਵਰਾਹੀ ਜੀ ਦੀ ਪਰੇਰਨਾ ਨਾਲ ਲਿਖਾਰੀ ਸਭਾ ਫਰੀਦਕੋਟ ਵਿਚ ਹਾਜਰੀ ਲੁਵਾ ਚੁੱਕਾ ਸੀ। ਲਓ ਜੀ। ਪੰਡਾਲ ਭਰਨ ਲੱਗਿਆ। ਸਭ ਤੋਂ ਪਹਿਲਾਂ ਮਹਿਮਾਨ ਵਜੋਂ ਇੱਕ ਪਤਲਾ ਜਿਹਾ ਬਾਊ, ਤਿੱਖੀਆਂ ਪਤਲੀਆਂ ਮੁੱਛਾਂ ਵਾਲਾ। ਚਿੱਟਾ ਕੁੜਤਾ ਪਜਾਮਾ, ਮੱਥੇ ਤਿਲਕ। ਹਸੰ ਹਸੂੰ ਕਰਦਾ ਤੇ ਲੋਕਾਂ ਨੂੰ ਹੱਥ ਜੋੜ ਜੋੜ ਮਿਲਦਾ ਆਇਆ। ਕਿਸੇ ਨੇ ਕਿਹਾ ਕਿ ਇਹ ਉਪੇਂਦਰ ਸ਼ਰਮਾ ਹੈ,ਕੋਟ ਕਪੂਰੇ ਵਾਲਾ ਐਮ ਐਲ ਏ। ਮੈਂ ਨਿਆਣਾ, ਕੀ ਜਾਣਾ? ਕਿਵੇਂ ਮਿਲਦਾ ਉਪੇਂਦਰ ਸ਼ਰਮੇ ਨੂੰ।
ਆਵਾ-ਜਾਈ ਵਧੀ ਤੇ ਸਟੇਜ ਉਤੋਂ ਆਵਾਜਾਂ ਆਉਣ ਲੱਗ ਪਈਆਂ। ਜਦ ਪੰਡਾਲ ਭਰ ਗਿਆ ਤਾਂ ਸਟੇਜ ਸਕੱਤਰ ਬੋਲਿਆ ਕਿ ਹੁਣ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਅਵਤਾਰ ਸਿੰਘ ਬਰਾੜ ਆਣ ਪੁੱਜੇ ਹਨ ਤੇ ਉਨਾ ਦੇ ਨਾਲ ਆਏ ਹਨ ਸਾਡੇ ਇਲਾਕੇ ਦੇ ਉਘੇ ਗਾਇਕ ਬਾਬੂ ਸਿੰਘ ਜੀ ਮਾਨ ਮਰਾੜਾਂ ਵਾਲੇ। ਸਰੋਤਿਆਂ ਵਿਚੋਂ ਇਕ ਗਿਆਨੀ ਧਿਆਨੀ ਗਾਤਰੇ ਵਾਲਾ ਲਾਲ ਕੁਰਸੀ ਉਤੋਂ ਉਠਕੇ ਬੋਲਦਾ ਹੈ- "ਓ ਯਾਰ ਗਾਇਕ ਕਾਹਤੇ ਕਹੀ ਜਾਨੈ, ਗੀਤ ਲੇਖਕ ਆਖ ਮਰਾੜਾਂ ਵਾਲ ਮਾਨ ਆਖ।" ਸਟੇਜ ਸਕੱਤਰ ਨੇ ਭੁੱਲ ਬਖਸ਼ਾਈ ਤੇ ਅਗਾਂਹ ਬੋਲਿਆ- "ਸਾਡੇ ਇਲਾਕੇ ਦੇ ਮਹਾਨ ਗੀਤਕਾਰ ਸਰਦਾਰ ਬਾਬੂ ਜੀ ਮਾਨ ਸਾਹਬ ਮਰਾੜਾਂ ਤੋਂ ਆਏ ਐ।" ਇਹ ਸਾਰੇ ਬਹਿ ਗਏ। ਇਹ ਸੱਚ ਹੈ ਕਿ ਮੇਰੀ ਨਿਆਣ ਮੱਤੀਏ ਦੀ ਅੱਜ ਇਨਾ ਸਭਨਾਂ ਨਾਲ ਪਹਿਲੀ ਜਾਣ ਪਛਾਣ ਸੀ।
ਭਾਸ਼ਣ ਹੋਏ ਸਾਹਿਤ ਬਾਬਤ। ਮੈਨੂੰ ਮਾੜੀ ਮੋਟੀ ਜਿਹੀ ਸਮਝ ਆਈ। ਕੁਝ ਕੁ ਨੇ ਕਵਿਤਾਵਾਂ ਪੜੀਆਂ। ਮੇਰਾ ਨਾਂ ਬੋਲਿਆ ਗਿਆ, "ਪਿੰਡ ਘੁਗਿਆਣੇ ਤੋਂ ਸਾਡੇ ਇਲਾਕੇ ਦਾ ਉਭਰ ਰਿਹਾ ਮੁੰਡਾ ਕਾਕਾ ਨਰਿੰਦਰ ਸਿੰਘ ਘੁਗਿਆਣਵੀ ਆਇਆ ਐ, ਜੋ ਯਮਲੇ ਜੱਟ ਦਾ ਚੇਲਾ ਐ, ਇਹਨਾ ਦਾ ਸਨਮਾਨ ਕਰਨਾ ਐਂ ਹੁਣ, ਏਹ ਸਟੇਜ ਉਤੇ ਆਉਣ।" ਇਹ ਸੁਣ ਮੈਂ ਵਰਾਂਡੇ ਵਿਚ ਸਜੇ ਮੰਚ ਵੱਲ ਵਧਿਆ। ਅਨੂਪ ਸਿੰਘ ਢਿਲੋਂ ਨੇ ਮੇਰੇ ਗਲ ਹਾਰ ਪਾਇਆ। ਇਹ ਜਿੰਦਗੀ ਵਿਚ ਪਿਆ ਪਹਿਲਾ ਹਾਰ ਸੀ, ਫੇਰ ਤਾਂ ਹੁਣ ਤੀਕ ਪੈਂਦੇ ਆਏ ਨੇ ਜਿੱਤਾਂ ਹਾਰਾਂ ਦੇ ਹਾਰ। ਅਨੂਪ ਸਿੰਘ ਦੇ ਨਾਲ ਸ੍ਰ ਜਲੌਰ ਸਿੰਘ ਡਿਪਟੀ ਡੀ ਈ ਓ ਫਰੀਦਕੋਟ ਮੈਨੂੰ ਮੈਂਮੋਟੋ ਦੇ ਰਹੇ ਨੇ, ਬਰਾੜ ਤੇ ਮਾਨ ਸਾਹਿਬ ਬੈਠੇ ਦੇਖ ਰਹੇ ਨੇ। (ਇਹ ਫੋਟੋ ਮੇਰੇ ਪਾਸ ਬਹੁਤ ਸਾਲ ਰਹੀ ਤੇ ਫੇਰ ਗਿੱਲੀ ਹੋਕੇ ਸਲਾਭੀ ਗਈ)।ਮੋਮੈਟੋਂ ਵੀ ਸਿਰਾ ਹੀ ਸੀ, ਉਡਦਾ ਹੋਇਆ ਬਾਜ ਮੈਨੂੰ ਦਿੱਤਾ ਗਿਆ ਸੀ ਤੇ ਉਸ ਦਿਨ ਤੋਂ ਲੈਕੇ ਹੁਣ ਇਹ ਸਤਰਾਂ ਲਿਖਣ ਤੀਕਰ ਮੈਂ ਬਾਜ ਵਾਂਗਰ ਉਠਿਆ ਤੇ ਉੱਡ ਰਿਹਾਂ।
*
ਸਨਮਾਨ ਹਾਸਲ ਕਰਨ ਬਾਅਦ ਮੈਂ ਮਾਇਕ ਮੂਹਰੇ ਖੜਾ ਸਾਂ। ਗਾਇਕਾ ਚਰਨਜੀਤ ਕੌਰ ਚੰਨੀ ਦਾ ਢੋਲਕੀ ਮਾਸਟਰ ਮੇਰੇ ਨਾਲ ਢੋਲਕ ਉਤੇ ਸਾਥ ਦੇਣ ਨੂੰ ਢੋਲਕੀ ਦੀਆਂ ਤਣੀਆਂ ਕੱਸਣ ਲੱਗਿਆ। ਹਰਿੰਦਰ ਸੰਧੂ ਨੇ ਵੀ ਗਾਉਣਾ ਸੀ ਤੇ ਉਹ ਸਰੋਤਿਆਂ ਵਿਚ ਬੈਠਾ ਸੀ, ਬਿਲਕੁੱਲ ਈ ਅੱਲੜ ਜਿਹਾ ਸੀ ਹਰਿੰਦਰ। ਉਸਦੇ ਪਿਤਾ ਮਾਸਟਰ ਪ੍ਰੀਤਮ ਸਿੰਘ ਵੀ ਉਹਦੇ ਨਾਲ ਆਏ ਹੋਏ ਸਨ। ਮੈਨੂੰ ਕੁਛ ਨਹੀਂ ਪਤਾ ਕਿ ਮੈਂ ਕਿਵੇਂ ਦੋ ਸ਼ਬਦ ਸੰਬੋਧਨ ਦੇ ਕਹੇ। ਤੂੰਬੀ ਟੁਣਕੀ ਤਾਂ ਸਰੋਤਿਆਂ ਕੰਨ ਚੁੱਕ ਲਏ। ਮੈਂ ਤਿੰਨ ਗੀਤ ਗਾਏ। ਅਨੰਦ ਆਇਆ ਮੈਨੂੰ ਵੀ ਗਾਕੇ ਤੇ ਸਰੋਤਿਆਂ ਨੂੰ ਸੁਣਕੇ, ਅਜਿਹਾ ਮੈਨੂੰ ਲੱਗਿਆ ਸੀ। ਪ੍ਰੋਗਰਾਮ ਮੁੱਕਿਆ ਤਾਂ ਮਾਨ ਮਰਾੜਾਂ ਵਾਲੇ ਨੇ ਨੇੜੇ ਹੋਕੇ ਕਿਹਾ, " ਜੇ ਆਪਣੀ ਪਛਾਣ ਬਣਾਉਣੀ ਆਂ ਤਾਂ ਆਪਣੇ ਉਸਤਾਦ ਦੀ ਕਾਪੀ ਨਾ ਕਰਿਆ ਕਰ।" ਮੈਂ ਭੋਲੇਪਣ ਵਿਚ ਆਖਿਆ, " ਮੈਂ ਗੁਰੂ ਜੀ ਦੀ ਯਾਦ ਤਾਜੀ ਕਰਦਾਂ ਜੀ, ਨਾਲੇ ਆਪੇ ਈ ਹੋ ਜਾਂਦੀ ਆ ਕਾਪੀ, ਵੱਸ ਨੀ ਚਲਦਾ ਜੀ।" ਮਾਨ ਸਾਹਿਬ ਨੇ ਅੱਗੇ ਕੁਛ ਨਹੀ ਆਖਿਆ।
ਬਰਾੜ ਸਾਹਬ ਨੇ ਥਾਪੀ ਦਿੱਤੀ, " ਹੀਰਾ ਐਂ ਹੀਰਾ, ਪੱਕੇ ਗੁਰੂ ਦਾ ਚੰਡਿਆ ਚੇਲਾ,ਸਾਬਾਸ਼ ਬੇਟਾ, ਲੱਗਿਆ ਰਹਿ, ਬਈ ਤੇਰੀ ਤੂੰਬੀ ਵੀ ਸੋਹਣੀ ਐਂ ਲਾਲ ਲਾਲ।" (ਲਾਲ ਰੰਗੀ ਤੂੰਬੀ ਨੇ ਬੜੇ ਸਾਲ ਮੇਰਾ ਸਾਥ ਦਿੱਤਾ ਸੀ ਤੇ ਇਹ ਪੂਰੀ ਕਿਵੇਂ ਹੋਈ, ਦਸਦਾ ਹਾਂ। ਹਰ ਵੀਰਵਾਰ ਬਾਬੇ ਫਰੀਦ ਦੇ ਟਿੱਲੇ ਦੀਵਾਨ ਲਗਦਾ ਤੇ ਮੈਂ ਸਵੇਰੇ ਸਾਝਰੇ ਈ ਤੂੰਬੀ ਲੈ ਜਾ ਅੱਪੜਦਾ। ਪੰਜ ਤੋਂ ਦਸ ਮਿੰਟ ਗਾਉਣ ਦਾ ਵੇਲਾ ਮਿਲਦਾ ਤੇ ਫਿਰ ਕਿਸੇ ਹੋਰ ਦੀ ਵਾਰੀ ਹੁੰਦੀ। ਸੰਗਤਾਂ ਦੋ ਦੋ ਜਾਂ ਇਕ ਇਕ ਰੁਪੱਈਆ ਦੇਈ ਜਾਂਦੀਆਂ, ਕੋਈ ਕੋਈ ਪੰਜਾਂ ਦਾ ਨੋਟ ਵੀ ਦੇ ਜਾਂਦਾ। ਇਕ ਦੁਪਹਿਰ ਗਾਕੇ ਮੈਂ ਅੱਡੇ ਵਿਚ ਆਇਆ ਤੇ ਪਿੰਡ ਨੂੰ ਜਾਣ ਵਾਲੀ ਮਿੰਨੀ ਬਸ ਵਿਚ ਤੂੰਬੀ ਵਾਲਾ ਝੋਲਾ ਰੱਖਕੇ ਨੇੜੇ ਨਲਕੇ ਤੋਂ ਪਾਣੀ ਪੀਣ ਉਤਰਿਆ। ਜਦ ਵਾਪਿਸ ਆਇਆ ਤਾਂ ਬੇਗੂਵਾਲੇ ਦੀ ਇਕ ਮੋਟੀ ਕਾਲੀ ਬੌਰਨੀ ਮੇਰੇ ਝੋਲੇ ਉਤੇ ਸੱਜਾ ਚਿੱਤੜ ਧਰੀ ਬੈਠੀ ਸੀ ਤੇ ਲਾਲ ਰੰਗੀ ਕੱਦੂ ਦੀ ਤੂੰਬੀ ਦੀ ਜਾਨ ਨਿੱਕਲ ਚੁੱਕੀ ਸੀ, ਘਰੇ ਆਣ ਕੇ ਮੈਂ ਬੜਾ ਰੋਇਆ ਸੀ)
ਤੇ ਅੱਜ ਸਾਦਿਕੋਂ ਪਿੰਡ ਮੁੜਦਿਆਂ ਮੈਂ ਉਚੇਚਾ ਖੁਸ਼ ਇਸ ਲਈ ਵੀ ਸਾਂ ਕਿ ਮੇਰੀ ਜਾਣ ਪਛਾਣ ਸ੍ਰ ਅਵਤਾਰ ਸਿੰਘ ਬਰਾੜ ਨਾਲ ਹੋ ਗਈ ਸੀ ਅੱਜ ਤੇ ਉਨਾ ਮੈਨੂੰ ਥਾਪੀ ਤੇ ਸਾਬਾਸ਼ੀ ਵੀ ਖੂਬ ਦੇ ਦਿੱਤੀ ਸੀ। ਚਾਚਾ ਦਸੌਂਧਾ ਸਿੰਘ ਵੀ ਖੁਸ਼ ਸੀ ਤੇ ਸਾਡਾ ਫੋਰਡ ਟਰੈਕਟਰ ਵੀ ਖੁਸ਼, ਜੋ ਪਿੰਡ ਵੱਲ ਦੌੜਿਆ ਜਾ ਰਿਹਾ ਸੀ ਖੁਸ਼ੀ ਖੁਸ਼ੀ।
(ਜਾਰੀ)
-
ਨਿੰਦਰ ਘੁਗਿਆਣਵੀ, ਲੇਖਕ ਤੇ ਕਾਲਮਨਿਸਟ
ninder_ghugianvi@yahoo.com
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.