ਅੱਜ ਜਿਹੜੀ ਸ਼ਖ਼ਸੀਅਤ ਬਾਰੇ ਤੁਹਾਡੇ ਨਾਲ ਸਾਂਝ ਪਾਉਣ ਜਾ ਰਿਹਾ ਹਾਂ, ਪਹਿਲਾ ਉਸਦੇ ਪਿੰਡ ਬਾਰੇ ਥੋੜੀ ਜਾਣਕਰੀ ਜਰੂਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੂੰਗਾ। ਬਰਨਾਲਾ ਜ਼ਿਲ੍ਹੇ ਦਾ ਮਸ਼ਹੂਰ ਪਿੰਡ ਭਦੌੜ ਜਿਹੜਾ ਕਿ 1857 ਤਕ ਇਕ ਸੁਤੰਤਰ ਰਿਆਸਤ ਸੀ, ਤਦ ਇਸਨੂੰ ਬ੍ਰਿਟਿਸ਼ ਸਰਕਾਰ ਦੁਆਰਾ ਪਟਿਆਲੇ ਦੇ ਅਧੀਨ ਕਰ ਦਿੱਤਾ ਗਿਆ ਸੀ।
ਭਦੌੜ ਫੁਲਕੀਅਨ ਖ਼ਾਨਦਾਨ ਦੀ ਪਹਿਲੀ ਸੰਯੁਕਤ ਰਾਜਧਾਨੀ ਹੈ ਜੋ ਰਾਮ ਦੇ ਦੂਜੇ ਪੁੱਤਰ ਫੁੱਲ ਦੁਆਰਾ ਸਥਾਪਿਤ ਕੀਤੀ ਗਈ ਸੀ। ਰਿਆਸਤ ਪਟਿਆਲੇ ਦੀ ਜੜ੍ਹ ਵੀ ਭਦੌੜ ਤੋਂ ਹੀ ਹੈ। ਚੌਧਰੀ ਫੂਲ ਦੇ ਘਰਾਣੇ ਮੁਸਲਮਾਨ ਹਮਲਾਵਰਾਂ ਤੋਂ ਇਲਾਕਾ ਜਿੱਤਣ ਤੋਂ ਬਾਅਦ ਇਥੇ ਵਸ ਗਏ ਅਤੇ ਮਹਿਰਾਜ, ਫੂਲ ਅਤੇ ਢਿਪਾਲੀ ਪਿੰਡ ਛੱਡ ਗਏ। ਰਾਮ ਸਿੰਘ ਪੁੱਤਰ ਚੌਧਰੀ ਫੂਲ ਨੇ ਆਪਣੇ ਪੁੱਤਰ ਦੁਨਾ ਸਿੰਘ ਬਜ਼ੁਰਗ ਅਤੇ ਆਲਾ ਸਿੰਘ ਛੋਟੇ (ਪਟਿਆਲਾ ਦੇ ਪਹਿਲੇ ਮਹਾਰਾਜਾ) ਲਈ ਭਦੌੜ ਦਾ ਘਰ ਸਥਾਪਤ ਕੀਤਾ। ਭਦੌੜ ਵਿਖੇ ਸਾਂਝੇ ਪਰਿਵਾਰ ਵਿਚ 17 ਸਾਲ ਬਿਤਾਉਣ ਤੋਂ ਬਾਅਦ ਆਲਾ ਸਿੰਘ ਬਰਨਾਲਾ ਚਲਾ ਗਿਆ ਅਤੇ ਫਿਰ ਪਟਿਆਲਾ ਸ਼ਹਿਰ ਦੀ ਸਥਾਪਨਾ ਕੀਤੀ ਅਤੇ ਪਟਿਆਲਾ ਰਾਜ ਦਾ ਪਹਿਲਾ ਸ਼ਾਸਕ ਬਣਿਆ ਅਤੇ ਭਦੌੜ ਰਾਜ ਉਸ ਦੇ ਵੱਡੇ ਭਰਾ ਦੁਨਾ ਸਿੰਘ ਦੇ ਘਰ ਛੱਡ ਦਿੱਤਾ ਗਿਆ, ਜਿਸਦੀ ਸੰਤਾਨ ਅਜੇ ਵੀ ਭਦੌੜ ਵਿਖੇ ਰਹਿੰਦੀ ਹੈ।
ਭਦੌੜ ਇਕੋ ਇਕ ਸ਼ਾਹੀ ਸ਼ਹਿਰ ਸੀ ਜਿੱਥੇ ਸ਼ਾਹੀ ਪਰਿਵਾਰ ਨੇ ਅੱਠ ਰਿਹਾਇਸ਼ੀ ਕਿਲ੍ਹੇ ਵੱਖਰੇ ਤੌਰ ਤੇ ਰੱਖੇ ਸਨ। ਭਦੌੜ ਫੁਲਕੀਅਨ ਸਰਦਾਰਾਂ ਦਾ ਘਰ ਹੈ, ਜਿਹੜੇ 84 ਪਿੰਡਾਂ ਦੇ ਮਾਲਕ ਹਨ ਅਤੇ ਰਾਜ ਕਰਦੇ ਹਨ। ਭਦੌੜ ਅਤੇ ਇਸ ਦੇ ਆਸ ਪਾਸ ਬਹੁਤ ਸਾਰੀਆਂ ਜ਼ਮੀਨਾਂ ਉਨ੍ਹਾਂ ਨਾਲ ਸਬੰਧਤ ਹਨ। ਭਦੌੜ ਦੇ ਸਦਨ ਦੀ ਰੋਇਲ ਭਦੌਰੀਆਂ ਅਤੇ ਭਦੌੜ੍ਹੀਏ ਸਰਦਾਰ ਵਜੋਂ ਜਾਣੀ ਜਾਂਦੀ ਹੈ। ਭਦੂਰੀਅਨ ਸ਼ਾਸਕ ਚੂਹੜ ਸਿੰਘ ਬਾਰੇ ਕਹਾਣੀਆਂ ਵੀ ਸੁਣਨ ਨੂੰ ਮਿਲਦੀਆ ਹਨ।
ਭਦੌੜ ਪਿੰਡ ਵਿੱਚ ਬਹੁਤ ਸਾਰੀਆਂ ਮਸ਼ਹੂਰ ਸ਼ਖਸੀਅਤਾਂ ਦਾ ਜਨਮ ਹੋਇਆ ਜਿਨ੍ਹਾਂ ਵਿੱਚ ਰਾਜਨੇਤਾ, ਡਿਪਲੋਮੈਟ, ਫੌਜ, ਅਧਿਕਾਰੀ, ਮੈਜਿਸਟ੍ਰੇਟ, ਵਿਦਵਾਨ, ਗੀਤਕਾਰ, ਗਾਇਕ ਅਤੇ ਲੇਖਕ ਆਦਿ ਸ਼ਾਮਲ ਹਨ।
ਦੇਵਿੰਦਰ ਸਤਿਆਰਥੀ, ਕ੍ਰਿਸ਼ਨ ਕੌਰਪਾਲ, ਐੱਚ ਐੱਸ ਫੂਲਕਾ, ਪਾਕਿਸਤਾਨ ਦੇ ਕੱਵਾਲ ਸ਼ੇਰ ਅਲ਼ੀ ਮੇਹਰ ਅਲ਼ੀ ਦੇ ਵੰਸ਼, ਮੁਹੰਮਦ ਸਦੀਕ, ਜਸਪਿੰਦਰ ਨਰੂਲਾ, ਨਛੱਤਰ ਛੱਤਾ ਧਰਮਪ੍ਰੀਤ, ਮੇਜਰ ਰਾਜਸਥਾਨੀ, ਮਾਸ਼ਾ ਅਲੀ , ਗੀਤਕਾਰ ਪੱਪੀ ਭਦੌੜ ਆਦਿ ਦਾ ਭਦੌੜ ਨਾਲ ਸਬੰਧ ਹੈ। ਕੁਸ਼ਤੀਆਂ ਵਿੱਚ ਅਤੇ ਨੈਸ਼ਨਲ ਲੈਵਲ ਦੇ ਚੋਟੀ ਦੇ ਖਿਡਾਰੀ ਵੀ ਭਦੌੜ ਪਿੰਡ ਦੀ ਦੇਣ ਹਨ।
ਅੱਜ ਮੈ ਜਿਸ ਸ਼ਖ਼ਸ ਦੀ ਤੁਹਾਡੇ ਨਾਲ ਸਾਂਝ ਪਵਾਉਣ ਜਾ ਰਿਹਾ ਹਾਂ, ਉਹ ਵੀ ਭਦੌੜ ਪਿੰਡ ਦਾ ਹੀ ਜਮ-ਪਲ ਹੈ, ਨਾਮ ਹੈ ਬਿੰਦਰ ਅਠਵਾਲ..! ਬਿੰਦਰ ਅਠਵਾਲ ਨੇ ਇੱਕ ਵੱਖਰਾ ਸ਼ੌਕ ਪਾਲ਼ਿਆ, ਉਸਨੇ ਪੁਰਾਣੇ ਗੀਤਾ ਨੂੰ ਸਾਭਕੇ ਇੱਕ ਲਾਇਬ੍ਰੇਰੀ ਆਪਣੇ ਘਰ ਬਣਾਈ ਤੇ ਦੁਨੀਆਂ ‘ਤੇ ਆਪਣੀ ਇੱਕ ਵੱਖਰੀ ਪਹਿਚਾਣ ਕਾਇਮ ਕੀਤੀ। ਜਿੱਥੇ ਇੱਕ ਪਾਸੇ ਇਸ ਗੱਲ ਦਾ ਰੌਲਾ ਕਿ ਪੰਜਾਬ ਨਸ਼ੇ ਵਿੱਚ ਗਰਕ ਰਿਹਾ, ਬੇਰੁਜ਼ਗਾਰੀ ਕਾਰਨ ਜਵਾਨੀ ਵਿਦੇਸ਼ਾਂ ਵੱਲ ਭੱਜ ਰਹੀ ਹੈ… ਐਸੇ ਸਭ ਕੁਝ ਦੇ ਬਾਵਜੂਦ ਬਿੰਦਰ ਅਠਵਾਲ ਨੇ ਸਾਡੇ ਵਿਰਸੇ, ਸੱਭਿਆਚਾਰ ਅਤੇ ਸੰਗੀਤ ਨੂੰ ਸਾਂਭਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ। 1972 ਵਿੱਚ ਬਿੰਦਰ ਅਠਵਾਲ ਦਾ ਜਨਮ ਪਿਤਾ ਜਗਨ ਸਿੰਘ ਤੇ ਮਾਤਾ ਬਲਵੀਰ ਕੌਰ ਦੇ ਘਰ ਅੱਤ ਦੀ ਗਰੀਬੀ ਵਿੱਚ ਹੋਇਆ।
1979 ਤੋਂ ਅਠਵਾਲ ਪੰਜਾਬੀ ਗੀਤਾ ਦੀ ਕੁਲੈਕਸ਼ਨ ਇਕੱਠੀ ਕਰ ਰਿਹਾ ਹੈ। ਬਿੰਦਰ ਅਠਵਾਲ ਦੱਸਦਾ ਹੈ ਕਿ ਸਾਡੇ ਪਿਤਾ ਜੀ ਸੰਗੀਤ ਨੂੰ ਬਹੁਤ ਪਿਆਰ ਕਰਦੇ ਸਨ, ਉਹਨਾਂ ਟਾਇਮਾਂ ਵਿੱਚ ਮੇਰੇ ਪਿਤਾ ਜੀ ਕੋਲ ਚਾਬੀ ਵਾਲਾ ਗ੍ਰਾਮੋਫੋਨ ਹੋਇਆ ਕਰਦਾ ਸੀ ਅਤੇ ਮੇਰੇ ਪਿਤਾ ਜੀ ਸ਼ਾਮ ਨੂੰ ਗੀਤ ਸੁਣਦੇ ਹੁੰਦੇ, ਅਤੇ ਰੇਡੀਓ ਤੇ ਖ਼ਬਰਾਂ ਵਗੈਰਾ ਲਾ ਲੈਂਦੇ ਸਨ। ਬਸ ਓਸੇ ਗ੍ਰਾਮੋਫੋਨ ਅਤੇ ਰੇਡੀਓ ਦੀ ਚੇਟਕ ਨੇ ਮੈਨੂੰ ਗੀਤ ਸਾਂਭਣ ਵੱਲ ਲਾ ਦਿੱਤਾ। ਬਿੰਦਰ ਅਠਵਾਲ ਦੱਸਦਾ ਕਿ ਉਸ ਸਮੇਂ ਰਫ਼ੀ, ਲਤਾ ਅਤੇ ਨਰਿੰਦਰ ਬੀਬਾ ਜੀ ਨੂੰ ਮੈਂ ਬਹੁਤ ਸੁਣਿਆ ‘ਤੇ ਇਹਨਾਂ ਦੇ ਗੀਤਾ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਬਿੰਦਰ ਅਠਵਾਲ ਆਪ ਵੀ ਬਾਕਮਾਲ ਗਾ ਲੈਂਦਾ ਹੈ। ਉਸਨੂੰ ਅਣਗਿਣਤ ਹਿੰਦੀ-ਪੰਜਾਬੀ ਗੀਤ ਮੂੰਹ-ਜੁਬਾਨੀ ਯਾਦ ਹਨ।
ਬਿੰਦਰ ਕੋਲ ਹਰੇਕ ਵੰਨਗੀ ਦੇ ਗੀਤ ਮਜੂਦ ਹਨ, ਹਰੇਕ ਪੁਰਾਣੇ ਗਾਇਕ ਦਾ ਪਹਿਲਾ ਗੀਤ ਵੀ ਉਸਦੀ ਲਾਇਬ੍ਰੇਰੀ ਦਾ ਸ਼ਿੰਗਾਰ ਬਣੇ ਹੋਏ ਨੇ। ਬਿੰਦਰ ਕਹਿੰਦਾ ਕਿ ਬਹੁਤੇ ਕਲਾਕਾਰਾਂ ਨੂੰ ਵੀ ਸ਼ਾਇਦ ਇਹ ਯਾਦ ਨਾ ਹੋਵੇ ਕਿ ਉਹਨਾਂ ਦਾ ਕਿਹੜਾ ਪਹਿਲਾ ਗੀਤ ਰਿਕਾਰਡ ਹੋਇਆ ਸੀ, ਪਰ ਉਸ ਕੋਲ ਹਰੇਕ ਕਲਾਕਾਰ ਦੇ ਪਹਿਲੇ ਗੀਤ ਤੋਂ ਆਖਰੀ ਗੀਤ ਤੱਕ ਦੀ ਕੁਲੈਕਸ਼ਨ ਮਜੂਦ ਹੈ। ਉਸਦੀ ਯਾਦਾਸ਼ਤ ਬੜੀ ਕਮਾਲ ਹੈ, ਇੱਥੋ ਤੱਕ ਕਿ ਕੀਹਦੇ ਕਿੰਨੇ ਗੀਤ ਪੱਥਰ ਦੇ ਰਿਕਾਰਡ ਹੋਏ, ਕਿੰਨੇ ਐਲ. ਪੀ. ਗੀਤ ਰਿਕਾਰਡ ਹੋਏ, ਕਿਹੜੀ ਕੈਸੇਟ ਵਿੱਚ ਕਿਸ ਦਾ ਮਿਊਜਕ ਸੀ, ਫਲਾਣੀ ਸੀਡੀ ਵਿੱਚ ਗੀਤਕਾਰ ਕੌਣ ਸੀ। ਉਸ ਕੋਲ ਕੀਰਤਨ, ਹਿੰਦੀ ਫਿਲਮਾਂ, ਗਜ਼ਲ, ਭਜਨ, ਕਲਾਸੀਕਲ ਰਿਕਾਰਡ ਆਦਿ ਸਭ ਕੁਝ ਮਜੂਦ ਹੈ। ਬਿੰਦਰ ਕੋਲ ਪੰਡਿਤ ਜਸ਼ਰਾਜ, ਭੀਮ ਹੁਸੈਂਨ ਜੋਸ਼ੀ , ਸ਼ਿਵ ਕੁਮਾਰ ਸ਼ਰਮਾ , ਪੰਡਿਤ ਰਵੀ ਸ਼ੰਕਰ ਅਤੇ ਉਹਨਾਂ ਦੇ ਉਸਤਾਦ ਪੰਡਿਤ ਓਮਕਾਰ ਨਾਥ ਠਾਕੁਰ ਆਦਿ ਦੇ ਗੀਤ ਵੀ ਸਾਂਭੇ ਹੋਏ ਹਨ।
ਬਿੰਦਰ ਦੇ ਦੱਸਣ ਮੁਤਾਬਿਕ 1932 ਤੋਂ ਲੈਕੇ ਹੁਣ ਤੱਕ ਦੀ ਭਾਰਤ ਦੇ ਇਤਿਹਾਸ ਨਾਲ ਸਬੰਧਤ ਸਾਰੀ ਰਿਕਾਰਡਿੰਗ ਉਸ ਕੋਲ ਮਜੂਦ ਹੈ। ਬਿੰਦਰ ਅਠਵਾਲ ਕੋਲ ਨੇਤਾ ਜੀ ਸੁਭਾਸ਼ ਚੰਦਰ ਬੋਸ, ਮਹਾਤਮਾ ਗਾਂਧੀ,ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ , ਵੱਲਭ ਭਾਈ ਪਟੇਲ, ਰਜੀਵ ਗਾਂਧੀ , ਰਵਿੰਦਰ ਨਾਥ ਟੈਗੋਰ, ਡਾ. ਮੌਲਾਨਾ ਅਜ਼ਾਦ , ਡਾ. ਸਰਵਪਾਲੀ, ਰਾਧਾ ਕ੍ਰਿਸ਼ਨਨ, ਅਰਬਿੰਦੋ ਅਸ਼ਰਮ ਅਤੇ ਜ਼ਿਨਾਹ ਵਗਰੀਆਂ ਸ਼ਖ਼ਸੀਅਤਾਂ ਦੀ ਰਿਕਾਰਡਿੰਗ ਪਈ ਹੈ। ਬਿੰਦਰ ਅਠਵਾਲ ਦੇ ਦੱਸਣ ਮੁਤਾਬਿਕ ਉਹ ਐਚ. ਐਮ.ਵੀ. ਕੰਪਨੀ ਵਾਸਤੇ ਵੀ ਕੁਲੈਕਸ਼ਨ ਕਰਦਾ ਹੈ ਅਤੇ ਉਸਦੀ ਮਿਹਨਤ ਸਦਕਾ, ਮੁਹੰਮਦ ਸਦੀਕ ਅਤੇ ਨਰਿੰਦਰ ਬੀਬਾ ਦੇ ਡਿਊਟ ਗੀਤ ਨਵੇਂ ਪ੍ਰੈਟਾਂ ਵਿੱਚ ਰਿਕਾਰਡ ਹੋਏ। ਹਿੱਟਸ ਆਫ ਰਣਜੀਤ ਕੌਰ ਅਤੇ ਸਵਰਨ ਲੱਤਾਂ ਆਦਿ ਵੀ ਬਿੰਦਰ ਦੀ ਕੁਲੈਕਸ਼ਨ ਸਦਕੇ ਰਿਕਾਰਡ ਹੋਈ ਸੀ। ਇਸੇ ਤਰੀਕੇ ਨਾਲ ਕੁਲਦੀਪ ਮਾਣਕ ਦਾ ਗੀਤ ਛੱਡੀਏ ਨਾ ਵੈਰੀ ਨੂੰ ਵੀ ਬਿੰਦਰ ਦੀ ਖੋਜ ਸਦਕੇ ਦੁਬਾਰਾ ਰਿਕਾਰਡ ਹੋਇਆ ਸੀ। ਬਿੰਦਰ ਅਠਵਾਲ ਦੇ ਘਰ ਚੋਟੀ ਦੇ ਪੰਜਾਬੀ ਗਾਇਕਾ ਦਾ ਆਉਣਾ ਜਾਣਾ ਅਕਸਰ ਲੱਗਿਆ ਰਹਿੰਦਾ ਹੈ। ਹੰਸ ਰਾਜ ਹੰਸ, ਸਵ. ਰਾਗੀ ਨਿਰਮਲ ਸਿੰਘ ਖ਼ਾਲਸਾ , ਮੁਹੰਮਦ ਸਦੀਕ, ਕਰਤਾਰ ਰਮਲਾਂ, ਜਸਦੇਵ ਯਮਲਾ, ਆਦਿ ਗਾਇਕਾ ਦੇ ਨਾਮ ਜਿਕਰਯੋਗ ਨੇ ਜੋ ਬਿੰਦਰ ਦੇ ਗਰੀਬ ਖ਼ਾਨੇ ਚਰਨ ਪਾਕੇ ਗਏ ਨੇ। ਬਿੰਦਰ ਅਠਵਾਲ ਨੂੰ ਇਸ ਗੱਲ ਤੇ ਵੀ ਮਾਣ ਹੈ ਕਿ ਉਸ ਕੋਲ ਸਲੰਡਰ ਰਿਕਾਰਡ ਵਿੱਚ ਸਾਇੰਸਦਾਨ ਏਡੀਸਨ ਦੀ ਵੀ ਅਵਾਜ਼ ਰਿਕਾਰਡ ਹੈ।
ਬਿੰਦਰ ਅਠਵਾਲ ਦੋ ਹੋਣਹਾਰ ਧੀਆਂ ਦਾ ਬਾਪ ਹੈ, ਛੋਟੀ ਜਿਹੀ ਨੌਕਰੀ ਦੇ ਸਹਾਰੇ ਪਰਿਵਾਰ ਪਾਲ਼ ਰਿਹਾ ਹੈ। ਬਿੰਦਰ ਅਠਵਾਲ ਨੂੰ ਜਿੱਥੋ ਕਿਤੋ ਵੀ ਪੁਰਾਣੇ ਪੰਜਾਬੀ ਰਿਕਾਰਡ ਦੀ ਦੱਸ ਪੈਂਦੀ ਹੈ, ਬੰਬੇ ਤੱਕ ਆਪਣੇ ਖ਼ਰਚੇ ਤੇ ਸਫਰ ਕਰਕੇ ਰਿਕਾਰਡ ਇਕੱਠੇ ਕਰ ਰਿਹਾ ਹੈ। ਪੰਜਾਬੀ ਗਾਇਕੀ ਦਾ ਅਨਮੋਲ ਖ਼ਜ਼ਾਨਾ ਜੋ ਬਿੰਦਰ ਅਠਵਾਲ ਨੇ ਇਕੱਠਾ ਕੀਤਾ ਹੈ ਅਤੇ ਕਰ ਰਿਹਾ ਹੈ, ਇਹ ਅਣਮੁੱਲਾ ਹੈ। ਇਹ ਸਾਡੀ ਨਵੀਂ ਪੜ੍ਹੀ ਲਈ ਇਤਿਹਾਸਕ ਦਸਤਾਵੇਜ਼ ਹੈ। ਇਹ ਸਾਡੀ ਨਵੀਂ ਪਨੀਰੀ ਨੂੰ ਸਾਡੇ ਸੱਭਿਆਚਾਰ, ਵਿਰਸੇ ਅਤੇ ਗਾਇਕੀ ਨਾਲ ਜੋੜਨ ਲਈ ਬਹੁਤ ਕਾਰਗਰ ਸਾਬਤ ਹੋਵੇਗਾ। ਅੱਜ ਤੱਕ ਕਿਸੇ ਵੀ ਸਰਕਾਰ ਨੇ ਬਿੰਦਰ ਅਠਵਾਲ ਦੀ ਮਿਹਨਤ ਦਾ ਮੁੱਲ ਨਹੀਂ ਪਾਇਆ, ਚਾਹੀਦਾ ਤਾਂ ਇਹ ਸੀ ਕਿ ਬਿੰਦਰ ਅਠਵਾਲ ਨੂੰ ਸਨਮਾਨਿਤ ਕੀਤਾ ਜਾਵੇ, ਕੋਈ ਪੁਰਸਕਾਰ ਦਿੱਤਾ ਜਾਵੇ। ਸੰਗੀਤ ਪ੍ਰੇਮੀਆ ਨੂੰ ਬੇਨਤੀ ਹੈ ਬਿੰਦਰ ਅਠਵਾਲ ਨੂੰ ਅਣਗੌਲਿਆ ਨਾ ਕੀਤਾ ਜਾਵੇ ਸਗੋਂ ਇਸ ਹੀਰੇ ਦੀ ਪਹਿਚਾਣ ਕਰਕੇ ਇਸਦੀ ਕਲਾ ਦਾ, ਇਸਦੇ ਖ਼ਜ਼ਾਨੇ ਦਾ ਮੁੱਲ ਪਾਇਆ ਜਾਵੇ। ਬਿੰਦਰ ਦਾ ਫ਼ੋਨ ਨੰਬਰ 82849- 29406, ਵੱਟਸਐਪ ਨੰਬਰ 84276-66057..।
-
ਗੁਰਿੰਦਰਜੀਤ ਨੀਟਾ ਮਾਛੀਕੇ, ਲੇਖਕ ਤੇ ਪੱਤਰਕਾਰ
gptrucking134@gmail.com
559-333-5776
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.