ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼ :
ਲਾਸਾਨੀ ਸ਼ਹੀਦ: ਸ੍ਰੀ ਗੁਰੂ ਅਰਜਨ ਦੇਵ ਜੀ
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ੧੫ ਅਪ੍ਰੈਲ, 1563 ਈ. ਨੂੰ ਮਾਤਾ ਭਾਨੀ ਦੀ ਕੁੱਖੋਂ ਹੋਇਆ। ਉਹ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਤੀਸਰੇ ਪੁੱਤਰ ਸਨ। ਆਪ ਜੀ ਤਿੰਨ ਭਰਾ ਸਨ। ਪ੍ਰਿਥੀ ਚੰਦ ਸ਼ਾਤਰ ਦਿਮਾਗ ਸੀ। ਮਹਾਂਦੇਵ ਵੈਰਾਗੀ ਸੁਭਾਅ ਦੇ ਸਨ। ਇਸ ਪ੍ਰਕਾਰ ਚੌਥੇ ਪਾਤਸ਼ਾਹ ਨੇ ਆਪਣੀ ਗੱਦੀ ਦਾ ਵਾਰਿਸ ਗੁਰੂ ਅਰਜਨ ਦੇਵ ਜੀ ਨੂੰ ਥਾਪਿਆ। ਗੁਰੂ ਜੀ ਆਪਣੇ ਪਿਤਾ ਨਾਲ ਕੰਮ-ਕਾਜ ਵਿਚ ਪੂਰਾ ਹੱਥ ਵਟਾਉਂਦੇ ਅਤੇ ਸਰੋਵਰ ਦੀ ਸ਼ੁਰੂ ਕੀਤੀ ਹੋਈ ਸੇਵਾ ਆਪਜੀ ਦੀ ਦੇਖ-ਰੇਖ ਹੇਠ ਨੇਪਰੇ ਚੜ੍ਹੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਰੀ ਜਾਇਦਾਦ ਭਰਾਵਾਂ ਨੂੰ ਵੰਡ ਦਿੱਤੀ ਅਤੇ ਆਪ ਅੰਮ੍ਰਿਤਸਰ ਆ ਕੇ ਰਹਿਣ ਲੱਗ ਪਏ। ਲੰਗਰ ਦਾ ਖਰਚਾ ਸੰਗਤਾਂ ਦੁਆਰਾ ਦਿੱਤੀ ਮਾਇਆ ਨਾਲ ਚੱਲਣ ਲੱਗਾ। ਜਿਹੜੀਆਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਆਉਂਦੀਆਂ, ਪ੍ਰਿਥੀ ਚੰਦ ਉਨ੍ਹਾਂ ਨਾਲ ਦੁਰ-ਵਿਵਹਾਰ ਕਰਦਾ। ਇੱਕ ਦਿਨ ਭਾਈ ਗੁਰਦਾਸ ਜੀ (ਬੀਬੀ ਭਾਨੀ ਦੇ ਚਾਚੇ ਦਾ ਪੁੱਤਰ) ਜੋ ਕਿ ਧਰਮ ਪ੍ਰਚਾਰ ਲਈ ਆਗਰੇ ਕੰਮ ਕਰ ਰਹੇ ਸਨ, ਜਦੋਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਆਏ ਤਾਂ ਹਾਲਤ ਖ਼ਰਾਬ ਵੇਖ ਕੇ ਉਥੇ ਹੀ ਰਹਿਣ ਲੱਗ ਪਏ। ਸਿੱਖੀ ਦਾ ਬੂਟਾ ਫੈਲ ਚੁੱਕਾ ਸੀ। ਦੇਸ਼ ਦੇ ਕੋਨੇ-ਕੋਨੇ ਵਿਚ ਸਿੱਖ ਵਸੇ ਹੋਏ ਸਨ। ਗੁਰੂ ਜੀ ਨੇ ਉਨ੍ਹਾਂ ਨੂੰ ਹੁਕਮ ਕੀਤਾ ਕਿ ਉਹ ਦਸਵੰਧ ਕੱਢ ਕੇ ਪ੍ਰਮਾਣਿਤ ਮਸੰਦਾਂ ਰਾਹੀਂ ਗੁਰੂ ਘਰ ਭੇਜਿਆ ਕਰਨ ਅਤੇ ਉਹ ਮਸੰਦ ਹਰੇਕ ਵਿਸਾਖੀ 'ਤੇ ਹਾਜ਼ਰ ਹੋ ਕੇ ਗੁਰੂ ਸਾਹਮਣੇ ਪੈਸਾ ਹਾਜ਼ਰ ਕਰੇਗਾ। ਇਸ ਪ੍ਰਕਾਰ ਪ੍ਰਿਥੀ ਚੰਦ ਦਾ ਸੰਗਤਾਂ ਨੂੰ ਤੰਗ ਕਰਨਾ ਥੋੜ੍ਹਾ ਘਟਿਆ ਪਰ ਗੁਰੂ ਜੀ ਨਾਲ ਉਸ ਦੀ ਰੰਜਿਸ਼ ਹੋਰ ਵਧ ਗਈ।
1589 ਵਿਚ ਗੁਰੂ ਜੀ ਨੇ ਸਾਈਂ ਮੀਆਂ ਮੀਰ ਪਾਸੋਂ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ, ਜਿਸ ਦੇ ਚਾਰ ਦਰਵਾਜ਼ੇ ਹਨ, ਜੋ ਹਰ ਮਜ਼੍ਹਬ, ਹਰ ਜਾਤ ਲਈ ਖੁੱਲ੍ਹੇ ਹਨ। ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਖੀ ਸਰਵਰ ਦੇ ਵਧ ਰਹੇ ਪ੍ਰਭਾਵ ਨੂੰ ਠੱਲ੍ਹ ਪਾਉਣ ਦਾ ਯਤਨ ਕੀਤਾ। ਸਮਾਜ ਸੁਧਾਰ ਵਜੋਂ ਉਨ੍ਹਾਂ ਨੇ ਬਾਹੜਵਾਲ ਦੇ ਚੌਧਰੀ ਹੇਮਾ ਦਾ ਇੱਕ ਵਿਧਵਾ ਨਾਲ ਵਿਆਹ ਕੀਤਾ।
1590 'ਚ ਤਰਨਤਾਰਨ ਅਤੇ 1594 'ਚ ਕਰਤਾਰਪੁਰ ਸ਼ਹਿਰ ਵਸਾਇਆ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਸੰਮਤ 1646 ਬਿਕਰਮੀ ਨੂੰ ਮੌਂ ਸਾਹਿਬ (ਫਿਲੌਰ ਕੋਲ) ਦੇ ਕਿਸ਼ਨ ਚੰਦ ਦੀ ਬੇਟੀ ਗੰਗਾ ਦੇਈ ਨਾਲ ਹੋਇਆ।
ਗੰਗਾ ਦੇਈ ਦੇ ਕੁੱਖੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ। ਪ੍ਰਿਥੀ ਚੰਦ ਨੇ ਬਾਲ ਹਰਿਗੋਬਿੰਦ ਨੂੰ ਮੁਕਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਤਾਂ ਕਿ ਗੱਦੀ ਦਾ ਮਾਲਕ ਉਹ ਆਪ ਬਣੇ ਪਰ ਅਸਫ਼ਲ ਰਿਹਾ।
ਹੁਣ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣਾ ਕੀਮਤੀ ਸਮਾਂ ਇੱਕ ਮਹਾਨ ਕਾਰਜ ਨੂੰ ਸੰਪੂਰਨ ਕਰਨ ਲਈ ਲਾ ਦਿੱਤਾ। ਇਹ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ। ਗੁਰੂ ਜੀ ਨੇ ਪਹਿਲੇ ਚਾਰ ਗੁਰੂ ਸਾਹਿਬਾਨ ਅਤੇ ਹੋਰ ਭਗਤਾਂ ਦੀ ਬਾਣੀ ਨੂੰ ਇਕੱਤਰ ਕੀਤਾ। ਪਹਿਲੇ, ਦੂਜੇ ਅਤੇ ਤੀਜੇ ਗੁਰੂ ਸਾਹਿਬਾਨ ਦੀਆਂ ਰਚਨਾਵਾਂ ਇਕੱਠੀਆਂ ਕੀਤੀਆਂ। ਗੁਰੂ ਜੀ ਨੂੰ ਕਾਨ੍ਹਾ, ਛੱਜੂ, ਸ਼ਾਹ ਹੁਸੈਨ ਅਤੇ ਪੀਲੂ ਵਰਗੇ ਬਹੁਤ ਸਾਰੇ ਲੇਖਕਾਂ ਦੀਆਂ ਲਿਖਤਾਂ ਰੱਦ ਕਰਨੀਆਂ ਪਈਆਂ। ਉਹ ਜਾਂ ਤਾਂ ਨਾਰੀ ਜਾਤੀ ਵਿਰੁੱਧ ਸਨ ਜਾਂ ਉਹਨਾਂ ਦਾ ਝੁਕਾਅ ਵੇਦਾਂਤਿਕ ਸੀ। ਇਸ ਤਰ੍ਹਾਂ ਬਾਣੀ ਇਕੱਠੀ ਕਰ ਕੇ ਭਾਈ ਗੁਰਦਾਸ ਜੀ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਵਾਈ। 1604 ਈ. ਵਿਚ ਇਹ ਕਾਰਜ ਸੰਪੂਰਨ ਹੋ ਗਿਆ। ਗੁਰਬਾਣੀ 30 ਰਾਗਾਂ ਵਿਚ ਰਚੀ ਗਈ। (ਨੋਟ : ਇਕੱਤੀਵਾਂ ਰਾਗ ਜੈਜਾਵੰਤੀ ਨੌਵੇਂ ਗੁਰੂ ਸਾਹਿਬ ਨੇ ਜੋੜਿਆ)।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕੰਮ ਚੱਲ ਰਿਹਾ ਸੀ ਕਿ ਗੁਰੂ ਘਰ ਦੇ ਦੁਸ਼ਮਣਾਂ ਨੇ ਉੁਸ ਵੇਲੇ ਦੇ ਬਾਦਸ਼ਾਹ ਅਕਬਰ ਕੋਲ ਸ਼ਿਕਾਇਤ ਕੀਤੀ ਕਿ ਸਿੱਖਾਂ ਦਾ ਗੁਰੂ ਇੱਕ ਅਜਿਹਾ ਗ੍ਰੰਥ ਲਿਖਵਾ ਰਿਹਾ ਹੈ, ਜੋ ਮੁਸਲਮਾਨ ਅਤੇ ਹਿੰਦੂ ਅਵਤਾਰਾਂ ਦੇ ਵਿਰੁੱਧ ਹੈ ਪਰ ਜਦੋਂ ਅਕਬਰ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਤਾਂ ਉਹਨੂੰ ਅਜਿਹਾ ਕੁੱਝ ਨਾ ਲੱਗਿਆ, ਸਗੋਂ ਉਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕੀਤਾ। ਜਦੋਂ ਤੱਕ ਅਕਬਰ ਜਿਉਂਦਾ ਰਿਹਾ, ਉਦੋਂ ਤੱਕ ਗੁਰੂ ਘਰ ਦਾ ਸਤਿਕਾਰ ਚੰਗੀ ਤਰ੍ਹਾਂ ਹੁੰਦਾ ਰਿਹਾ।
ਅਕਬਰ ਦੀ ਮੌਤ ਤੋਂ ਪਿੱਛੋਂ ਉਹਦਾ ਪੁੱਤਰ ਜਹਾਂਗੀਰ ਗੱਦੀ ਦਾ ਵਾਰਿਸ ਬਣਿਆ, ਜਿਹੜਾ ਬਹੁਤ ਕੱਟੜ ਮੁਸਲਮਾਨ ਸੀ। ਗੁਰੂ ਘਰ ਦੇ ਦੁਸ਼ਮਣਾਂ ਨੂੰ ਇਹ ਚੰਗਾ ਮੌਕਾ ਮਿਲ ਗਿਆ। ਜਦੋਂ ਉਹਦਾ ਪੁੱਤਰ ਖੁਸਰੋ ਬਗ਼ਾਵਤ ਕਰ ਗਿਆ ਤਾਂ ਗੁਰੂ ਦੋਖੀਆਂ ਨੇ ਉਸਨੂੰ ਚੁਗਲੀਆਂ ਕਰਕੇ ਇਹ ਗੱਲ ਪੱਕੀ ਕਰ ਦਿੱਤੀ ਕਿ ਖੁਸਰੋ ਦੀ ਬਗ਼ਾਵਤ ਕਰਨ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਸ ਦੀ ਮਦਦ ਕੀਤੀ। ਇਸ 'ਤੇ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਉੱਪਰ ਹੋਰ ਦੋਸ਼ ਵੀ ਮੜ੍ਹੇ ਗਏ ਕਿ ਉਨ੍ਹਾਂ ਨੇ ਖੁਸਰੋ ਦੀ ਸਫ਼ਲਤਾ ਲਈ ਅਰਦਾਸ ਕੀਤੀ ਅਤੇ ਉਸ ਨੂੰ ਰਕਮ ਦਿੱਤੀ। ਇਹਨਾਂ ਕਾਰਨਾਂ ਕਰਕੇ ਭਾਵੇਂ ਇਹ ਝੂਠੇ ਸਨ, ਗੁਰੂ ਜੀ ਨੂੰ ਚੰਦੂ ਸ਼ਾਹ ਕੋਲ ਪੇਸ਼ ਕੀਤਾ ਗਿਆ। ਸਿੱਖ ਲਿਖਤਾਂ ਅਨੁਸਾਰ ਚੰਦੂ ਦੀ ਗੁਰੂ ਘਰ ਨਾਲ ਪਹਿਲਾਂ ਕੋਈ ਨਿੱਜੀ ਦੁਸ਼ਮਣੀ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜੇਠ ਹਾੜ੍ਹ ਦੀ ਤਪਦੀ ਦੁਪਹਿਰ ਵਿਚ 'ਯਾਸ਼ਾ ਵਿਧੀ' ਰਾਹੀਂ ਲਾਹੌਰ ਵਿਖੇ ਤੱਤੀ ਤਵੀਂ 'ਤੇ ਬਿਠਾਇਆ ਗਿਆ ਅਤੇ ਉੱਪਰੋਂ ਸੀਸ ਉੱਤੇ ਗਰਮ ਰੇਤਾ ਪਾਇਆ ਗਿਆ ਪਰ ਗੁਰੂ ਸਾਹਿਬ ਅਡੋਲ ਰਹੇ ਅਤੇ ਮੁੱਖੋਂ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦੇ ਰਹੇ। ਜਦੋਂ ਸਰੀਰ ਪੂਰੀ ਤਰ੍ਹਾਂ ਜ਼ਖ਼ਮਾਂ ਨਾਲ ਭਰ ਗਿਆ ਤਾਂ ਉਨ੍ਹਾਂ ਦੀਆਂ ਪੀੜਾਂ ਵਿਚ ਹੋਰ ਵਾਧਾ ਕਰਨ ਲਈ ਉਹਨਾਂ ਨੂੰ ਰਾਵੀ ਦੇ ਠੰਢੇ ਪਾਣੀ ਵਿਚ ਸੁੱਟ ਦਿੱਤਾ ਗਿਆ। ਇਹ ਘਟਨਾ 30 ਮਈ 1606 ਨੂੰ ਵਾਪਰੀ। ਇੱਕ ਸ਼ਾਇਰ ਸ੍ਰੀ ਗੁਰੂੁ ਅਰਜਨ ਦੇਵ ਜੀ ਬਾਰੇ ਲਿਖਦਾ ਹੈ:-
ਗੁਰੂ ਦਰਬਾਰ ਦੀਆਂ ਰਖਵਾਈਆਂ,
ਪਿਆਰ 'ਤੇ ਜਿਸ ਬੁਨਿਆਦਾਂ।
ਉਸਦੀ ਖ਼ਾਤਰ ਤਵੀ ਤਪਾਈ,
ਨਫ਼ਰਤ ਦਿਆਂ ਜਲਾਦਾਂ।
ਕਰ ਤਖ਼ਲੀਕ ਕਿਤਾਬ ਮੁਕੱਦਸ,
ਜਿਸ ਬਖ਼ਸ਼ੀ ਅੰਮ੍ਰਿਤ ਬਾਣੀ।
ਉਸ ਦੇ ਸੀਸ 'ਤੇ ਤਪਦਾ ਰੇਤਾ,
ਇਹ ਕੀ ਕਹਿਰ ਕਹਾਣੀ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨ :
ਬੇਸ਼ੱਕ ਗੁਰੂ ਸਾਹਿਬ ਜੀ ਦੀ ਸ਼ਹੀਦੀ ਦੇ ਕਾਰਨ ਤਾਂ ਬਹੁਤ ਹੋ ਸਕਦੇ ਹਨ ਪਰ ਸਭ ਤੋਂ ਵੱਡਾ ਅਤੇ ਪ੍ਰਮੁੱਖ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਥਾਪਨਾ ਹੀ ਸ਼ਹੀਦੀ ਦਾ ਕਾਰਨ ਹੋ ਨਿਬੜਦੀ ਹੈ ਕਿਉਂਕਿ ਉਸ ਸਮੇਂ ਜਦੋਂ ਸਮਾਜ ਵਰਨਾਂ ਅਤੇ ਜਾਤਾਂ ਵਿਚ ਵੰਡਿਆ ਹੋਇਆ ਸੀ, ਬ੍ਰਾਹਮਣਵਾਦ ਦਾ ਦਬਦਬਾ ਸੀ, ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਬਰਾਬਰਤਾ ਦੇ ਸਿਧਾਂਤ ਦੀ ਗੱਲ ਅਤੇ ਬ੍ਰਾਹਮਣਵਾਦੀ ਵਿਚਾਰਧਾਰਾ ਉੱਪਰ ਕਰਾਰੀ ਚੋਟ, ਉਸ ਸਮੇਂ ਦੀ ਅਖੌਤੀ ਉੱਚ ਜਾਤੀ ਨੂੰ ਕਿਵੇਂ ਰਾਸ ਆ ਸਕਦੀ ਸੀ। ਦੂਸਰਾ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਚਾਰ ਦਰਵਾਜ਼ੇ ਜਿਥੇ ਬਿਨਾਂ ਕਿਸੇ ਭੇਦ-ਭਾਵ, ਕੁਲ, ਜਾਤ ਦੇ ਸਾਰਿਆਂ ਨੂੰ ਜੀ ਆਇਆਂ ਕਹਿਣਾ, ਇਹ ਵੀ ਉਸ ਵੇਲੇ ਦੀ ਅਖੌਤੀ ਉੱਚ ਸ਼੍ਰੇਣੀ ਦੇ ਹਜ਼ਮ ਨਹੀਂ ਹੋਇਆ ਕਿਉਂਕਿ ਜਿਥੇ ਹਰਿਮੰਦਰ ਸਾਹਿਬ ਦੀ ਸਥਾਪਨਾ ਸਾਂਝੇ ਕੇਂਦਰੀ ਅਸਥਾਨ ਵਜੋਂ ਹੋਈ, ਉਥੇ ਮੌਕੇ ਦੇ ਬ੍ਰਾਹਮਣਵਾਦ ਦੀ ਆਰਥਿਕਤਾ 'ਤੇ ਸਿੱਧੀ ਸੱਟ ਵੱਜੀ। ਉਹ ਲੋਕ ਜੋ ਪਹਿਲਾਂ ਹੋਰ ਤੀਰਥਾਂ 'ਤੇ ਜਾਂਦੇ ਸਨ ਅਤੇ ਚੜ੍ਹਾਵੇ ਚੜ੍ਹਾਉਂਦੇ ਸਨ, ਉਹ ਚੜ੍ਹਾਵਾ ਹੁਣ ਸੰਗਤ ਵਿਚ ਵਰਤਣਾ ਸ਼ੁਰੂ ਹੋ ਗਿਆ, ਊਚ-ਨੀਚ ਦਾ ਭੇਦ-ਭਾਵ ਖ਼ਤਮ ਹੋ ਗਿਆ। ਅਖੌਤੀ ਨੀਵੀਂ ਜਾਤ ਵਾਲਾ ਬੰਦਾ ਆਪਣੇ ਆਪ ਨੂੰ ਮਾਣ ਭਰਿਆ ਮਹਿਸੂਸ ਕਰਨ ਲੱਗਿਆ। ਅਜਿਹਾ ਵੇਖ ਕੇ ਬ੍ਰਾਹਮਣਵਾਦ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ ਅਤੇ ਉਨ੍ਹਾਂ ਨੇ ਸਮੇਂ ਦੇ ਹਾਕਮ ਜਹਾਂਗੀਰ ਨੂੰ ਇਹ ਕਹਿ ਕੇ ਭੜਕਾਇਆ ਕਿ ਹੁਣ ਮੁਸਲਮਾਨ ਵੀ ਇਸ ਗੁਰੂ ਦੇ ਚੇਲੇ ਬਣਨ ਲੱਗ ਪੈਣੇ ਹਨ ਅਤੇ ਧਰਮ ਨੂੰ ਖ਼ਤਰਾ ਹੈ। ਜਦੋਂ ਜਹਾਂਗੀਰ ਨੂੰ ਇਹ ਵਾਸਤਾ ਪਾਇਆ ਤਾਂ ਇਹੀ 'ਧਰਮ ਸੰਕਟ' ਗੁਰੂ ਸਾਹਿਬ ਦੀ ਸ਼ਹੀਦੀ ਦਾ ਕਾਰਨ ਬਣਿਆ। ਖੁਸਰੋ ਦੀ ਬਗ਼ਾਵਤ, ਪ੍ਰਿਥੀ ਚੰਦ ਦੀ ਵਿਰੋਧਤਾ, ਚੰਦੂ ਦੀ ਲੜਕੀ ਦੇ ਰਿਸ਼ਤੇ ਨੂੰ ਠੁਕਰਾਉਣਾ ਤਾਂ ਮਾਮੂਲੀ ਗੱਲਾਂ ਸਨ।
-ਡਾ. ਅਮਨਦੀਪ ਸਿੰਘ ਟੱਲੇਵਾਲੀਆ
ਚੜ੍ਹਦੀਕਲਾ ਨਿਵਾਸ, ਬਾਬਾ ਫਰੀਦ ਨਗਰ,
ਕਚਹਿਰੀ ਚੌਂਕ, ਬਰਨਾਲਾ।
ਮੋਬ. 98146-99446
tallewalia@gmail.com
-
ਡਾ. ਅਮਨਦੀਪ ਸਿੰਘ ਟੱਲੇਵਾਲੀਆ,
tallewalia@gmail.com
98146-99446
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.