ਇਹ ਗੱਲ ਤਾਂ ਸ਼ੀਸ਼ੇ ਵਾਂਗਰ ਸਾਫ਼ ਹੈ ਕਿ ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ ਨੇ ਪੰਜਾਬ ਵਿੱਚ ਕਾਂਗਰਸ ਦੀ ਸਥਿਤੀ ਡਾਵਾਂਡੋਲ ਕੀਤੀ ਹੈ ਅਤੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਤਾਕਤ ਨੂੰ ਖੋਰਾ ਲੱਗਾ ਹੈ। ਪਰ ਇਹ ਗੱਲ ਵੀ ਸਾਫ਼ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਬਰਾਬਰ ਦਾ ਕੋਈ ਵੀ ਪੰਜਾਬ ਦਾ ਕਾਂਗਰਸੀ ਨੇਤਾ ਆਪਣਾ ਕੱਦ-ਬੁੱਤ ਉੱਚਾ ਨਹੀਂ ਕਰ ਸਕਿਆ ਅਤੇ ਨਾ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਚੈਲੰਜ ਪੇਸ਼ ਕਰ ਸਕਿਆ ਹੈ।
ਕਾਂਗਰਸ ਹਾਈ ਕਮਾਂਡ ਨੇ ਪੰਜਾਬ ਵਿੱਚ ਅਮਰਿੰਦਰ ਸਿੰਘ ਵਿਰੋਧੀ ਕੈਂਪ ਦੇ ਨੇਤਾਵਾਂ ਦੀ ਗੱਲ ਸੁਣੀ ਹੈ, ਇਹ ਨੇਤਾ ਕੈਪਟਨ ਦੀ ਕਾਰਗੁਜ਼ਾਰੀ ਉੱਤੇ ਸਵਾਲ ਉਠਾਉਂਦੇ ਕਹਿੰਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਸਿਆਸੀ ਲੋਕਾਂ ਹੱਥ ਨਹੀਂ, ਸਗੋਂ ਅਫ਼ਸਰਸ਼ਾਹੀ ਹੱਥ ਹੈ ਅਤੇ ਕਾਂਗਰਸੀਆਂ ਦੀ ਇਸ ਰਾਜ ਵਿੱਚ ਸੁਣਵਾਈ ਨਹੀਂ। ਵਿਰੋਧ ਕਰਨ ਵਾਲਿਆਂ ਵਿੱਚੋਂ ਇੱਕ ਚਿਹਰਾ ਨਵਜੋਤ ਸਿੰਘ ਸਿੱਧੂ ਦਾ ਹੈ, ਜਿਹੜਾ ਇਹ ਦਾਅਵਾ ਕਰਦਾ ਹੈ ਕਿ ਮੈਨੂੰ ਅਹੁਦੇ ਦੀ ਕੋਈ ਲਾਲਸਾ ਨਹੀਂ ਹੈ, ਮੇਰੀ ਲੜਾਈ ਤਾਂ ਪੰਜਾਬ ਦੇ ਮੁੱਦਿਆਂ ਦੀ ਹੈ।
ਕੁਝ ਸਿਆਸੀ ਮਾਹਿਰਾਂ ਦਾ ਵਿਚਾਰ ਹੈ ਕਿ ਕਾਂਗਰਸ ਵਿੱਚ ਅਸਲ ਲੜਾਈ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਹੈ, ਜਿਹਨਾਂਂਂ ਦੀ ਕਾਂਗਰਸ ਹਾਈ ਕਮਾਂਡ ਤੱਕ ਆਪੋ-ਆਪਣੀ ਵੱਡੀ ਪਹੁੰਚ ਹੈ। ਨਵਜੋਤ ਸਿੰਘ ਸਿੱਧੂ, ਜਦੋਂ ਤੋਂ ਕਾਂਗਰਸ ਵਿੱਚ ਆਏ ਹਨ, ਉਦੋਂ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂਂਂਂ ਦੇ ਕਾਂਗਰਸ ਵਿੱਚ ਪੈਰ ਨਹੀਂ ਲੱਗਣ ਦਿੱਤੇ। ਕੈਪਟਨ ਵਜ਼ਾਰਤ 'ਚ ਉਹ ਵਜ਼ੀਰ ਬਣੇ, ਪਰ ਬਹੁਤਾ ਸਮਾਂ ਵਜ਼ੀਰੀ ਨਾ ਨਿਭਾਅ ਸਕੇ। ਰੁੱਸ ਕੇ ਘਰ ਬੈਠ ਗਏ। ਕਾਂਗਰਸ ਹਾਈ ਕਮਾਂਡ ਦੇ ਦਖ਼ਲ ਨਾਲ, ਉਹ ਚੋਣ ਪ੍ਰਚਾਰ 'ਚ ਰੁੱਝਦੇ ਰਹੇ, ਪਰ ਕੈਪਟਨ ਅਤੇ ਸਿੱਧੂ ਬਾਵਜੂਦ ਹਾਈ ਕਮਾਂਡ ਦੇ ਦਖ਼ਲ ਦੇ, ਕਦੇ ਵੀ ਇੱਕ-ਦੂਜੇ ਦੇ ਨਾ ਹੋ ਸਕੇ। ਜਦੋਂ ਵੀ ਸਿੱਧੂ ਦਾ ਦਾਅ ਲੱਗਦਾ ਰਿਹਾ, ਉਹ ਕੈਪਟਨ ਨੂੰ ਕਟਹਿਰੇ 'ਚ ਖੜ੍ਹੇ ਕਰਨ ਲਈ ਮੌਕਾ ਲੱਭਦੇ ਰਹੇ।
ਪਰ ਮੌਜੂਦਾ ਲੜਾਈ ਸਿੱਧੂ ਅਤੇ ਅਮਰਿੰਦਰ ਸਿੰਘ ਦਰਮਿਆਨ ਨਹੀਂ ਹੈ, ਸਗੋਂ ਕਈ ਕਾਰਨਾਂ ਕਾਰਨ ਅਮਰਿੰਦਰ ਸਿੰਘ ਤੋਂ ਗ਼ੁੱਸੇ ਹੋਏ ਕਾਂਗਰਸੀ ਨੇਤਾਵਾਂ ਦੀ ਹੈ, ਜਿਹਨਾਂ ਵਿੱਚ ਸ਼ਮਸ਼ੇਰ ਸਿੰਘ ਦੂਲੋ, ਪ੍ਰਤਾਪ ਸਿੰਘ ਬਾਜਵਾ ਐਮ.ਪੀ., ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ, ਸੁਖਜਿੰਦਰ ਸਿੰਘ ਕੈਬਨਿਟ ਮੰਤਰੀ ਅਤੇ ਕੁਝ ਕੁ ਹੋਰ ਸ਼ਾਮਲ ਹਨ। ਇਹ ਸਾਰੇ ਕੈਪਟਨ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕਦੇ ਹਨ, ਪਰ ਉਸਨੂੰ ਬਦਲਣ ਦੀ ਗੱਲ ਨਹੀਂ ਕਰਦੇ। ਜਿਸਦਾ ਅਰਥ ਕੀ ਇਹ ਲਿਆ ਜਾਵੇ ਕਿ ਉਹ ਆਪਣੇ ਗਿਲੇ-ਸ਼ਿਕਵੇ ਦੂਰ ਕਰਕੇ, ਜਾਂ ਕੈਬਨਿਟ ਵਿੱਚ ਚੰਗਾ ਮਹਿਕਮਾ ਲੈਕੇ, ਜਾਂ ਕੈਪਟਨ ਤੱਕ ਆਪਣੀ ਪਹੁੰਚ ਬਣਾਕੇ ਸੰਤੁਸ਼ਟ ਹੋ ਜਾਣਗੇ?
ਪਰਗਟ ਸਿੰਘ ਵਿਧਾਇਕ ਨੂੰ ਕੈਪਟਨ ਦੇ ਓ.ਐਸ.ਡੀ. ਦੀ ਧਮਕੀ, ਕਿਸੇ ਸਮੇਂ ਕੈਪਟਨ ਦੇ ਖਾਸਮ-ਖਾਸ ਰਹੇ ਸੁਖਜਿੰਦਰ ਸਿੰਘ ਖਿਲਾਫ਼ ਵਿਜੀਲੈਂਸ ਛਾਪਿਆਂ ਦਾ ਡਰਾਵਾ, ਚਰਨਜੀਤ ਸਿੰਘ ਚੰਨੀ ਦੇ ਪੁਰਾਣੇ ਕੇਸ ਖੋਲ੍ਹ ਕੇ ਉਸ ਨੂੰ ਦਬਾਅ ਵਿੱਚ ਰੱਖ, ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਕੁਝ ਵੀ ਨਾ ਬੋਲਣ ਦੀ ਨਸੀਹਤ, ਕਾਰਨ ਵਿਰੋਧੀ ਕਾਂਗਰਸੀ ਭੜਕੇ। ਕੁਝ ਇਕੱਠੇ ਹੋਏ। ਕੁਝ ਮੰਤਰੀਆਂ ਮੀਟਿੰਗਾਂ ਕੀਤੀਆਂ। ਦਲਿਤ ਮੰਤਰੀਆਂ ਤੇ ਵਿਧਾਇਕਾਂ ਨੇ ਮੀਟਿੰਗਾਂ ਕੀਤੀਆਂ ਅਤੇ ਫਿਰ ਹਾਈ ਕਮਾਂਡ ਤੱਕ ਪਹੁੰਚ ਕੇ ਕਾਂਗਰਸ ਵਿੱਚ ਹਫੜਾ-ਦਫੜੀ ਪੈਦਾ ਕੀਤੀ।
ਹਾਈ ਕਮਾਂਡ ਨੂੰ ਇਸ ਸਭ ਕੁਝ ਦਾ ਨੋਟਿਸ ਲੈਣਾ ਪਿਆ। ਤਿੰਨ ਮੈਂਬਰੀ ਕਮੇਟੀ ਬਣੀ, ਜਿਸ ਦੇ ਸਾਹਮਣੇ ਵਿਰੋਧੀ ਅਤੇ ਕੈਪਟਨ ਪੱਖੀ ਵਿਧਾਇਕ, ਐਮ.ਪੀ ਪੇਸ਼ ਹੋਏ, ਆਪੋ-ਆਪਣੀ ਗੱਲ ਰੱਖੀ। ਪਰ ਕੈਪਟਨ ਵਿਰੋਧੀ ਨੇਤਾਵਾਂ, ਵਿਧਾਇਕਾਂ ਦੀ ਗਿਣਤੀ ਡੇਢ ਦਰਜਨ ਤੋਂ ਵੱਧ ਦੀ ਨਹੀਂ ਹੋ ਸਕੀ।
ਇਸ ਸਭ ਕੁਝ ਦੇ ਵਿਚਕਾਰ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਤਾਕਤ ਹੋਰ ਮਜ਼ਬੂਤ ਕੀਤੀ ਜਦੋਂ ਕੈਪਟਨ ਅਮਰਿੰਦਰ ਸਿੰਘ ਪੁਰਾਣੇ ਕਾਂਗਰਸੀ ਨੇਤਾ ਤੇ ਆਮ ਆਦਮੀ ਪਾਰਟੀ ਵਿਧਾਇਕ (ਕਿਸੇ ਸਮੇਂ ਆਮ ਆਦਮੀ ਪਾਰਟੀ ਵਿਧਾਇਕ ਦਲ ਦੇ ਮੁਖੀ) ਸੁਖਪਾਲ ਸਿੰਘ ਖਹਿਰਾ ਅਤੇ ਦੋ ਹੋਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਆਪਣੇ ਖੇਮੇ ਵਿੱਚ ਲੈ ਆਏ। 'ਅਮਨ ਕਮੇਟੀ' ਸਾਹਮਣੇ ਜਾਣ ਤੋਂ ਪਹਿਲਾਂ ਉਹਨਾਂ ਆਪਣੀ ਸਥਿਤੀ ਮਜ਼ਬੂਤ ਕੀਤੀ। ਪਰ ਬਾਵਜੂਦ ਇਸ ਸਭ ਕੁਝ ਦੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ 'ਚ ਇਸ ਸਮੇਂ ਉਹ ਸਿਆਸੀ ਤਾਕਤ ਨਹੀਂ ਰਹੀ, ਜੋ 2017 ਦੀਆਂ ਚੋਣਾਂ ਤੋਂ ਪਹਿਲਾਂ ਸੀ।
ਬਿਨਾਂ ਸ਼ੱਕ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਮਾਫ਼ੀਆ ਰਾਜ, ਦਲਿਤਾਂ ਨੂੰ ਨਜ਼ਰਅੰਦਾਜ਼ ਕਰਨਾ, ਬੇਅਦਬੀ-ਗੋਲੀਕਾਂਡ, ਰਿਸ਼ਵਤਖ਼ੋਰੀ ਵਰਗੇ ਮੁੱਦਿਆਂ ਸਬੰਧੀ ਦੋਸ਼ ਲੱਗਦੇ ਹਨ। ਇਹ ਵੀ ਦੋਸ਼ ਲੱਗਦਾ ਹੈ ਕਿ ਉਹ ਪਬਲਿਕ ਵਿੱਚ ਘੱਟ ਜਾਂਦੇ ਹਨ। ਆਮ ਆਦਮੀ ਪਾਰਟੀ, ਖੱਬੀਆਂ ਧਿਰਾਂ, ਸ਼੍ਰੋਮਣੀ ਅਕਾਲੀ ਦਲ (ਬ), ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਇਸ ਸਬੰਧੀ ਵੱਡੇ ਸਵਾਲ ਵੀ ਖੜ੍ਹੇ ਕਰਦੇ ਹਨ। ਪਰ ਇਹ ਪਾਰਟੀਆਂ ਨਾ ਕਦੇ ਸੰਯੁਕਤ ਰੂਪ ਵਿੱਚ ਅਤੇ ਨਾ ਹੀ ਵੱਖੋ-ਵੱਖਰੇ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਚੈਲੰਜ ਪੇਸ਼ ਕਰ ਸਕੀਆਂ ਹਨ।
ਕੈਪਟਨ ਅਮਰਿੰਦਰ ਸਿੰਘ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਆਰੰਭੀ ਹੋਈ ਹੈ। ਉਹ ਵਿਧਵਾਵਾਂ ਦੀ ਪੈਨਸ਼ਨਾਂ ਵਧਾ ਰਹੇ ਹਨ, ਆਉਣ ਵਾਲੇ ਸਮੇਂ 'ਚ ਉਹ ਮੁਲਾਜ਼ਮਾਂ ਨੂੰ ਸੰਤੁਸ਼ਟ ਕਰਨ ਲਈ 6ਵੇਂ ਵਿੱਤ ਕਮਿਸ਼ਨ ਦੀ ਰਿਪੋਰਟ ਵੀ ਲਾਗੂ ਕਰ ਦੇਣਗੇ, ਕਿਉਂਕਿ ਵੋਟਾਂ ਸਿਰ ਉੱਤੇ ਹਨ। ਉਹਨਾਂ ਦਾ ਯਤਨ ਹਰ ਵਰਗ ਦੇ ਲੋਕਾਂ ਨੂੰ ਸੰਤੁਸ਼ਟ ਕਰਨ ਲਈ ਕਦਮ ਉਠਾਉਣਾ ਹੋਏਗਾ। ਪੰਜਾਬ ਦੇ ਬਜਟ ਵਿੱਚ ਵੀ ਉਸ ਵੱਲੋਂ ਵਿਕਾਸ ਅਤੇ ਲੋਕ-ਭਲਾਈ ਸਕੀਮਾਂ ਲਈ ਫ਼ੰਡ ਰੱਖੇ ਹੋਏ ਹਨ, ਭਾਵੇਂ ਕਿ ਖ਼ਜ਼ਾਨਾ ਖ਼ਾਲੀ ਹੋਣ ਦੀ ਲਗਾਤਾਰ ਪੰਜਾਬ ਦੇ ਵਿੱਤ ਮੰਤਰੀ ਗੱਲ ਕਰਦੇ ਹਨ ਅਤੇ ਕੇਂਦਰ ਸਰਕਾਰ ਵੱਲੋਂ ਜੀ.ਐਸ.ਟੀ. ਦਾ ਹਿੱਸਾ ਅਤੇ ਪੇਂਡੂ ਵਿਕਾਸ ਫੰਡ ਪੰਜਾਬ ਨੂੰ ਦੇਣ ਲਈ ਆਨਾਕਾਨੀ ਕੀਤੀ ਜਾ ਰਹੀ ਹੈ। ਪਰ ਇਸ ਸਭ ਕੁਝ ਦੇ ਬਾਵਜੂਦ ਕੈਪਟਨ ਸਰਕਾਰ ਕੋਵਿਡ-19 ਦੀ ਦੂਜੀ ਲਹਿਰ ਉੱਤੇ ਕਾਬੂ ਪਾਉਣ ਅਤੇ ਹੋਰ ਸਮੱਸਿਆਵਾਂ, ਮੁੱਦਿਆਂ ਦੇ ਹੱਲ ਲਈ ਤੇਜ਼ੀ ਫੜਦੀ ਦਿਸਦੀ ਹੈ।
ਕਾਂਗਰਸ ਵਿੱਚ ਰਾਜ ਪੱਧਰ 'ਤੇ ਘਮਸਾਣ ਦੀ ਗੱਲ ਨਵੀਂ ਨਹੀਂ ਹੈ। ਵੱਖੋ-ਵੱਖਰੇ ਸੂਬਿਆਂ ਵਿਚ ਕਾਂਗਰਸ 'ਚ ਲੜਾਈ ਚੱਲਦੀ ਹੀ ਰਹਿੰਦੀ ਹੈ। ਰਾਜਸਥਾਨ ਸਮੇਤ ਮੱਧ ਪ੍ਰਦੇਸ਼ ਤੋਂ ਲੈ ਕੇ ਹਰਿਆਣਾ, ਅਸਾਮ ਤੱਕ ਨੇਤਾ-ਲੋਕ ਇੱਕ-ਦੂਜੇ ਵਿਰੁੱਧ ਭੜਾਸ ਕੱਢਦੇ ਰਹੇ ਹਨ ਜਾਂ ਕੱਢ ਰਹੇ ਹਨ। ਮੱਧ ਪ੍ਰਦੇਸ਼ ਵਿੱਚ ਰਾਹੁਲ ਗਾਂਧੀ ਦੇ ਕਰੀਬੀ ਜੋਤੀਰਾਦਿੱਤਿਆ ਸਿੰਧੀਆ ਨੂੰ ਇਸ ਕਾਟੋ ਕਲੇਸ਼ 'ਚ ਪਾਰਟੀ ਛੱਡਣੀ ਪਈ। ਰਾਜਸਥਾਨ ਵਿੱਚ ਵੀ ਰੌਲਾ-ਗੌਲਾ ਸੁਣਨ ਨੂੰ ਮਿਲਦਾ ਹੀ ਰਹਿੰਦਾ ਹੈ। ਪੰਜਾਬ ਵਿੱਚ ਵੀ ਇਸੇ ਕਿਸਮ ਦਾ ਰੌਲਾ-ਗੌਲਾ ਹੈ। ਕਿਉਂਕਿ ਪੰਜਾਬ ਵਿੱਚ ਅਮਰਿੰਦਰ ਸਿੰਘ ਦੇ ਕੱਦ ਬੁੱਤ ਵਾਲਾ ਹੋਰ ਕੋਈ ਨੇਤਾ ਨਹੀਂ ਹੈ। ਇਸ ਕਰਕੇ ਕਾਂਗਰਸ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਅਖਿਲ ਭਾਰਤੀ ਕਾਂਗਰਸ ਕਮੇਟੀ 'ਚ ਜਗ੍ਹਾ ਤਾਂ ਦੇ ਸਕਦੀ ਹੈ। ਪੰਜਾਬ 'ਚ ਕਾਂਗਰਸ ਪ੍ਰਧਾਨਗੀ ਜਾਂ ਉਪ ਮੁੱਖਮੰਤਰੀ ਦੀ ਕੁਰਸੀ ਉਸਨੂੰ ਦਿੱਤੇ ਜਾਣ ਦੀ ਸੰਭਾਵਨਾ ਨਹੀਂ ਬਣ ਰਹੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਕੋਈ ਵੀ ਅਹੁਦਾ ਨਾ ਦਿੱਤੇ ਜਾਣ ਬਾਰੇ ਸਪਸ਼ਟ ਕਰ ਦਿੱਤਾ ਹੈ। ਅਤੇ ਹਾਈ ਕਮਾਂਡ ਨਾਰਾਜ਼ ਕੈਂਪ ਦੇ ਦਬਾਅ ਹੇਠ ਕੈਪਟਨ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੀ, ਕਿਉਂਕਿ ਉਸ ਕੋਲ ਪੰਜਾਬ ਕਾਂਗਰਸ ਨੂੰ ਸੰਭਾਲਣ ਵਾਲਾ ਹੋਰ ਕੋਈ ਨੇਤਾ ਇਸ ਸਮੇਂ ਦਿਖਾਈ ਨਹੀਂ ਦੇ ਰਿਹਾ।
ਪੰਜਾਬ ਵਿਧਾਨ ਸਭਾ `ਚ ਚੋਣਾਂ ਨੂੰ 8 ਮਹੀਨੇ ਰਹਿ ਗਏ ਹਨ। ਮੌਜੂਦਾ ਕਾਂਗਰਸੀ ਕਾਟੋ ਕਲੇਸ਼ ਤੋਂ ਪਹਿਲਾਂ ਇਹ ਸਮਝਿਆ ਜਾਂਦਾ ਸੀ ਕਿ ਕੈਪਟਨ ਕਾਂਗਰਸ ਦਾ ਮਜ਼ਬੂਤ ਨੇਤਾ ਹੈ ਅਤੇ ਉਸੇ ਦੀ ਰਹਿਨੁਮਾਈ ਹੇਠ ਕਾਂਗਰਸ ਅਗਲੀਆਂ ਚੋਣਾਂ ਲੜੇਗੀ। ਸੂਬੇ ਵਿੱਚ ਅਕਾਲੀ-ਭਾਜਪਾ ਗੱਠਜੋੜ ਟੁੱਟਣ ਉਪਰੰਤ ਕਾਂਗਰਸ ਦੀ ਜਿੱਤ ਦੀ ਮਜ਼ਬੂਤ ਦਾਅਵੇਦਾਰੀ ਸੀ। ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਅਤੇ ਸੁਨੀਲ ਜਾਖੜ ਦੀ ਅਗਵਾਈ `ਚ ਕੰਮ ਕਰਨ ਵਾਲੀ ਕਾਂਗਰਸ ਚੁੱਪ-ਚੁਪੀਤੇ ਬਿਨਾਂ ਕਿਸੇ ਵਿਸ਼ੇਸ਼ ਚੈਲੰਜ ਦੇ ਵਿਧਾਨ ਸਭਾ ਚੋਣਾਂ ਦੀ ਤਿਆਰੀ `ਚ ਜੁੱਟੀ ਨਜ਼ਰ ਆ ਰਹੀ ਸੀ। ਪਰ ਕਾਂਗਰਸੀ ਕਾਟੋ ਕਲੇਸ਼ ਨੇ ਸਮੀਕਰਨ ਵਿਗਾੜ ਦਿੱਤੇ ਹਨ ਅਤੇ ਪੰਜਾਬ ਦੀ ਸਿਆਸੀ ਆਬੋ-ਹਵਾ `ਚ ਭੁਚਾਲ ਜਿਹਾ ਲੈ ਆਉਂਦਾ ਹੈ।
ਭਾਵੇਂ ਕਿ ਮਲਿਕ ਅਰਜਨ ਖੜਗੇ, ਜੇ ਪੀ ਅਗਰਵਾਲ ਅਤੇ ਹਰੀਸ਼ ਰਾਵਤ ਅਧਾਰਿਤ ਤਿੰਨ ਮੈਂਬਰੀ ਕਮੇਟੀ ਬਣਾਕੇ ਕਾਂਗਰਸ ਹਾਈਕਮਾਂਡ ਪੰਜਾਬ ਦੇ ਕਾਂਗਰਸੀ ਪਾਣੀਆਂ ਨੂੰ ਸ਼ਾਂਤ ਕਰਨ ਦੇ ਰਾਹ ਹੈ, ਪਰ ਵੇਖਣ `ਚ ਆ ਰਿਹਾ ਹੈ ਕਿ ਕਮਜ਼ੋਰ ਹੋ ਰਹੀ ਕਾਂਗਰਸ ਹਾਈਕਮਾਂਡ (ਜਿਹੜੀ ਹਾਲੇ ਤੱਕ ਆਪਣਾ ਪੱਕਾ ਪ੍ਰਧਾਨ ਹੀ ਨਹੀਂ ਚੁਣ ਸਕੀ) ਪੰਜਾਬ ਵਾਂਗਰ ਰਾਜਸਥਾਨ, ਮੱਧ ਪ੍ਰਦੇਸ਼, ਹਰਿਆਣਾ ਆਦਿ ਪ੍ਰਦੇਸ਼ਾਂ `ਚ ਕਾਂਗਰਸੀਆਂ ਦੀ ਆਪਣੀ ਲੜਾਈ ਨੂੰ ਸ਼ਾਂਤ ਨਹੀਂ ਕਰ ਸਕੀ। ਉਂਜ ਵੀ ਦੇਸ਼ ਭਰ `ਚ ਕਾਂਗਰਸ ਦਾ ਜੋ ਹਾਲ ਹੋ ਰਿਹਾ ਹੈ, ਉਸ ਅਨੁਸਾਰ ਰਾਸ਼ਟਰੀ ਪੱਧਰ ਦੀ ਪਾਰਟੀ ਕਾਂਗਰਸ ਆਪਣਾ ਅਧਾਰ ਵੱਖੋ-ਵੱਖਰੇ ਰਾਜਾਂ `ਚ ਗੁਆ ਰਹੀ ਹੈ। ਮੌਜੂਦਾ ਸਮੇਂ `ਚ ਪੱਛਮੀ ਬੰਗਾਲ `ਚ ਉਹ ਲੱਗਭਗ ਸਮੇਟੀ ਹੀ ਗਈ ਹੈ। ਉਸ ਦੇ ਅਧਾਰ ਨੂੰ ਯੂ.ਪੀ., ਅਸਾਮ ਅਤੇ ਕੇਰਲਾ `ਚ ਵੱਡਾ ਖੋਰਾ ਲੱਗਿਆ ਹੈ। ਕਾਂਗਰਸ ਤਾਂ ਕੁਝ ਛੋਟੇ ਰਾਜਾਂ `ਚ ਹੀ ਦਿਖਾਈ ਦੇ ਰਹੀ ਹੈ। ਅਤੇ ਇਸ ਹਾਲਤ `ਚ ਉਹ ਪੰਜਾਬ ਕਾਂਗਰਸ ਨੂੰ ਹੱਥੋਂ ਨਹੀਂ ਗੁਆਉਣਾ ਚਾਹੁੰਦੀ। ਹੋ ਸਕਦਾ ਹੈ ਕਿ ਜਿਵੇਂ ਰਾਜਸਥਾਨ `ਚ ਹਾਈ ਕਮਾਂਡ ਨੇ ਸ਼ਾਂਤੀ ਕਮੇਟੀ ਬਣਾਈ, ਉਸ ਨੂੰ ਹੁਣ ਤੱਕ ਲਟਕਦਿਆਂ ਰੱਖਿਆ ਅਤੇ ਕਾਬਜ਼ ਧਿਰ ਨੂੰ ਰਾਜ ਕਰਨ ਦਾ ਮੌਕਾ ਦਿੱਤੀ ਰੱਖਿਆ ਹੋਇਆ ਹੈ, ਉਸੇ ਤਰ੍ਹਾਂ ਪੰਜਾਬ `ਚ ਵੀ 'ਸ਼ਾਂਤੀ ਕਮੇਟੀ' ਇਸੇ ਕਿਸਮ ਦਾ ਵਰਤਾਰਾ ਕਰੇ ਅਤੇ ਹਰੇਕ ਨੂੰ ਖ਼ੁਸ਼ ਰੱਖਣ ਦੀ ਐਕਟਿੰਗ ਪ੍ਰਧਾਨ ਸੋਨੀਆ ਗਾਂਧੀ ਦੀ ਪਾਲਿਸੀ ਤਹਿਤ ਹੁਣ ਵਾਲੀ ਸਥਿਤੀ ਨੂੰ ਲਟਕਾਅ ਵਿਚ ਰੱਖੇ।
ਲਟਕਾਅ ਵਾਲੀ ਇਹੋ ਜਿਹੀ ਸਥਿਤੀ ਬਿਨਾਂ ਸ਼ੱਕ ਕਾਂਗਰਸ ਨੂੰ ਪੰਜਾਬ `ਚ ਕਮਜ਼ੋਰ ਕਰੇਗੀ। ਕੈਪਟਨ ਅਮਰਿੰਦਰ ਸਿੰਘ ਨੂੰ ਖੁੱਲ੍ਹ ਕੇ ਕੰਮ ਕੀਤੇ ਜਾਣ ਦੀ ਇਜਾਜ਼ਤ `ਚ ਅੜਿੱਕਾ ਪਾਏਗੀ।
ਫਿਰ ਵੀ ਇਸ ਵੇਲੇ ਦੇ ਪੰਜਾਬ ਕਾਂਗਰਸ ਦੇ ਘਮਸਾਨ ਨੂੰ ਹੱਲ ਕਰਨ ਲਈ ਕਈ ਫ਼ਾਰਮੂਲੇ ਕੱਢਣ ਦੀ ਕਵਾਇਦ ਜਾਰੀ ਹੈ, ਜਿਸ ਵਿਚ ਨਵਜੋਤ ਸਿੰਘ ਨੂੰ ਉਪ ਮੁੱਖਮੰਤਰੀ ਬਣਾਉਣਾ ਅਤੇ ਕਿਸੇ ਹੋਰ ਦਲਿਤ ਐਮ ਐਲ ਏ ਜਾਂ ਮੁੱਖਮੰਤਰੀ ਨੂੰ ਦੂਜਾ ਉਪ ਮੁੱਖਮੰਤਰੀ ਬਣਾਉਣਾ, ਸੁਨੀਲ ਜਾਖੜ ਪ੍ਰਧਾਨ ਦੇ ਨਾਲ ਦੋ ਵਰਕਿੰਗ ਪ੍ਰਧਾਨ ਜਿਹਨਾਂ ਵਿਚ ਇੱਕ ਹਿੰਦੂ ਚਿਹਰਾ ਅਤੇ ਇੱਕ ਦਲਿਤ ਚਿਹਰਾ ਸ਼ਾਮਲ ਕਰਨਾ ਹੋ ਸਕਦਾ ਹੈ। ਮੰਤਰੀਆਂ ਨੂੰ ਚੰਗੇ ਮਹਿਕਮੇ ਦੇਣਾ ਵੀ ਇਸ `ਚ ਸ਼ਾਮਲ ਹੈ। ਪਰ ਜਾਪਦਾ ਇਵੇਂ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਵੇਂ ਆਪਣੇ ਵਿਰੋਧੀਆਂ ਦੇ ਚੰਗੇ-ਮਾੜੇ ਕੰਮਾਂ ਦੀ ਲਿਸਟ ਤੇ ਰਿਪੋਰਟਾਂ, ਅਤੇ ਆਪਣੀ ਸਰਕਾਰ ਦੇ ਕੀਤੇ ਕੰਮਾਂ ਦੀ ਕਾਰਗੁਜ਼ਾਰੀ ਕਮੇਟੀ ਸਾਹਮਣੇ ਪੇਸ਼ ਕਰਕੇ ਆਏ ਹਨ, ਉਸ ਤੋਂ ਤਾਂ ਜਾਪਦਾ ਹੈ ਕਿ ਵਿਰੋਧੀ ਨੇਤਾਵਾਂ ਦੀ ਕੋਈ ਗੱਲ ਮੰਨੀ ਨਹੀਂ ਜਾਏਗੀ, ਸਿਰਫ਼ ਉਹਨਾਂ ਨੂੰ ਨੁੱਕਰੇ ਲਾ ਕੇ ਹੀ ਰੱਖਣ ਦਾ ਵਰਤਾਰਾ ਜਾਰੀ ਰਹੇਗਾ।
ਉਂਜ ਕਾਂਗਰਸ ਹਾਈ ਕਮਾਂਡ ਵੱਲੋਂ ਜਿਸ ਢੰਗ ਨਾਲ ਸੂਬਾ ਕਾਂਗਰਸ ਦੇ ਪੁਨਰਗਠਨ ਨੂੰ ਲਟਕਾਇਆ ਗਿਆ ਹੈ ਅਤੇ ਪਾਰਟੀ ਅੰਦਰ ਆਪਸੀ ਟਕਰਾਅ ਅਤੇ ਵਿਰੋਧ ਨੂੰ ਤਿੱਖੇ ਹੋਣ ਦਿੱਤਾ ਗਿਆ, ਉਸ ਕਾਰਨ ਦੋਵਾਂ ਧੜਿਆਂ ਵਿੱਚ ਪਾਰਟੀ ਹਾਈ ਕਮਾਂਡ ਦੀ ਕਾਰਗੁਜ਼ਾਰੀ ਸਬੰਧੀ ਨਾ-ਖ਼ੁਸ਼ ਹੈ। ਸੰਭਾਵਨਾ ਇਸ ਗੱਲ ਦੀ ਵੀ ਹੋ ਸਕਦੀ ਹੈ ਕਿ ਕਾਂਗਰਸ ਦੇ ਨਾਰਾਜ਼ ਧੜੇ ਦੇ ਕੁਝ ਨੇਤਾ ਮਜਬੂਰਨ ਪਾਰਟੀ ਛੱਡ ਦੇਣ। ਇਹ ਵੀ ਸੰਭਵ ਹੈ ਕਿ ਭਾਜਪਾ ਕਾਂਗਰਸ ਨੂੰ ਦੋਫਾੜ ਕਰਨ 'ਚ ਵੱਡੀ ਭੂਮਿਕਾ ਨਿਭਾਏ ਅਤੇ ਪੱਛਮੀ ਬੰਗਾਲ ਵਾਂਗਰ ਵੱਖੋ-ਵੱਖਰੀਆਂ ਪਾਰਟੀਆਂ ਦੇ ਨੇਤਾਵਾਂ ਸਮੇਤ ਕਾਂਗਰਸ ਆਪਣੇ ਖੇਮੇ 'ਚ ਕਰ ਲਵੇ ਅਤੇ ਵਿਧਾਨ ਸਭਾ ਚੋਣਾਂ ਲੜੇ। ਹਾਲ ਦੀ ਘੜੀ ਤਾਂ ਕਿਸਾਨ ਅੰਦੋਲਨ ਕਾਰਨ ਭਾਜਪਾ ਪ੍ਰਤੀ ਪੰਜਾਬੀਆਂ 'ਚ ਵੱਡਾ ਗੁੱਸਾ ਹੈ। ਪਰ ਜੇਕਰ ਭਾਜਪਾ ਕਿਸਾਨਾਂ ਨਾਲ ਸਮਝੌਤਾ ਕਰਦੀ ਹੈ ਤਾਂ ਉਸਦੀ ਇਹ ਯੋਜਨਾ ਸਿਰੇ ਚੜ੍ਹ ਸਕਦੀ ਹੈ।
ਪੰਜਾਬ ਕਾਂਗਰਸ ਦਾ ਮੌਜੂਦਾ ਸੰਕਟ, ਪੰਜਾਬ ਦੇ ਸਿਆਸੀ ਖਲਾਅ `ਚ ਹੋਰ ਵਾਧਾ ਕਰ ਰਿਹਾ ਹੈ। ਇਹ ਕਿਸੇ ਵੀ ਤਰ੍ਹਾਂ ਪੰਜਾਬ ਦੇ ਹਿੱਤ ਵਿੱਚ ਨਹੀਂ ਜਾਪਦਾ। ਬਿਨਾਂ ਸ਼ੱਕ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਕਾਂਗਰਸ ਦੇ ਸਾਹਮਣੇ ਪੇਸ਼ ਆ ਰਹੀਆਂ ਹਨ, ਉਸਦੀ ਸਥਿਤੀ ਪੰਜਾਬ `ਚ ਖਰਾਬ ਕਰ ਰਹੀਆਂ ਹਨ। ਪਰ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਸ ਭੈੜੀ ਹੋ ਰਹੀ ਕਾਂਗਰਸ ਦੀ ਸਥਿਤੀ ਵਿੱਚ ਪੰਜਾਬ ਦੀ ਕੋਈ ਵੀ ਹੋਰ ਰਾਜਨੀਤਕ ਧਿਰ ਲਾਹਾ ਲੈਣ ਲਈ ਯਤਨਸ਼ੀਲ ਹੋਈ ਨਹੀਂ ਦਿਖ ਰਹੀ।
-
ਗੁਰਮੀਤ ਸਿੰਘ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.