ਮੇਰੀ ਦਾਦੀ ਸ੍ਰੀਮਤੀ ਰੂਪ ਰਾਣੀ ਦੇ ਨਾਂਅ ਕੁਝ ਸ਼ਬਦ..........
ਕਹਿੰਦੇ ਮਾਵਾਂ ਠੰਢੀਆਂ ਛਾਂਵਾਂ, ਜਿਨ੍ਹਾਂ ਮਾਵਾਂ ਦਾ ਮੁੱਲ ਨੀ ਪਾਇਆ ਉਨ੍ਹਾਂ ਡਾਹਢਾ ਪਾਪ ਕਮਾਇਆ ਪਰ ਜਦੋਂ ਗੱਲ ਦਾਦੀ ਦੀ ਆਉਂਦੀ ਹੈ ਤਾਂ ਇਨਸਾਨ ਸਦਾ ਇਸ ਸ਼ਬਦ ਅੱਗੇ ਇੱਕ ਪਨੀਰੀ ਵਾਂਗੂੰ ਪ੍ਰਤੀਤ ਹੁੰਦਾ ਹੈ ਕਿਉਂਕਿ ਦਾਦੀਆਂ ਜਿਹਾ ਲਾਡ ਜੱਗ ਉੱਤੇ ਕੋਈ ਨੀ ਲਡਾਉਂਦਾ। ਦਾਦੀ ਉਹ ਪਾਲਣਹਾਰ ਹੈ ਜੋ ਮਾਂ ਨੂੰ ਮਾਂ ਬਣਨ ਦੀ ਸਿੱਖਿਆ ਦੀ ਗੁੜ੍ਹਤੀ ਪ੍ਰਦਾਨ ਕਰਦੀ ਹੈ। ਮਾਂ ਜੇ ਇੱਕ ਸਿਰਜਣਹਾਰ ਹੈ ਤਾਂ ਦਾਦੀ ਇਸ ਸਿਰਜਣਹਾਰ ਦਾ ਮਾਰਗਦਰਸ਼ਨ ਕਰਦੀ ਹੈ। ਦਾਦੀ ਪੋਤੇ ਨੂੰ ਜਿਉਂ ਜਿਉਂ ਵੱਡਾ ਹੁੰਦਾ ਵੇਖਦੀ ਹੈ ਤਿਉਂ-ਤਿਉਂ ਉਸ ਨੂੰ ਦੁਨੀਆ ਵਿਚ ਵਿਚਰਨ ਦੀ ਸਿੱਖ ਦਿੰਦੀ ਹੈ।
ਦਾਦੀ ਧਰਤੀ ਵਾਂਗ ਹੁੰਦੀ ਹੈ, ਸੱਭ ਸਹਿ ਲੈਂਦੀ ਹੈ ਮਾਂ ਬੱਦਲ ਵਾਂਗ ਹੈ ਜੋ ਕਦੇ-ਕਦੇ ਵਰ੍ਹ ਲੈਂਦੀ ਹੈ । ਦਾਦੀ ਵਿਚ ਮਾਂ ਨਾਲੋਂ ਕਿਤੇ ਜ਼ਿਆਦਾ ਧੀਰਜ, ਸ਼ਕਤੀ, ਸਹਿਨਸ਼ੀਲਤਾ, ਦ੍ਰਿੜਤਾ, ਸ਼ਾਂਤੀ ਅਤੇ ਉਪਕਾਰ, ਜਿਹੇ ਗੁਣ ਬੇਸ਼ੁਮਾਰ ਹੁੰਦੇ ਹਨ ਜੋ ਇਨ੍ਹਾਂ ਨੂੰ ਪ੍ਰਮਾਤਮਾ ਵਲੋਂ ਹੀ ਵਿਰਸੇ ਵਿਚ ਮਿਲੇ ਹੁੰਦੇ ਹਨ। ਮਾਂਵਾਂ ਦੀਆਂ ਸਾਰੀਆਂ ਦਲੀਲਾਂ ਦਾਦੀ ਦੇ ਇਕ ਜਜ਼ਬੇ ਦਾ ਮੁਕਾਬਲਾ ਨਹੀਂ ਕਰ ਸਕਦੀਆਂ। ਮੈਂ ਮਾਂ ਦੇ ਪਿਆਰ ਦੀ ਤੌਹੀਨ ਨਹੀਂ ਕਰ ਰਿਹਾ, ਬੱਸ ਮਾਂ ਤੋਂ ਉੱਪਰ ਜੇ ਕੁਝ ਹੈ ਤਾਂ ਉਸ ਸ਼ਬਦ ਦੀ ਪਰਿਭਾਸ਼ਾ ਦੇਣ ਦਾ ਯਤਨ ਕਰ ਰਿਹਾ ਹਾਂ।
ਮੇਰੇ ਦਾਦੀ ਸ੍ਰੀਮਤੀ ਰੂਪਰਾਣੀ ਬੀਤੇ 7 ਜੂਨ 2021 ਨੂੰ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ। ਉਹ ਬੀਤੇ ਇੱਕ ਦਹਾਕੇ ਤੋਂ ਲੀਵਰ ਦੀ ਬਿਮਾਰੀ ਤੋਂ ਪੀੜਤ ਸਨ ਜੋ ਹੌਲੀ-ਹੌਲੀ ਨਾਸੂਰ ਬਣਦੀ ਗਈ ਅਤੇ ਇਸ ਬਿਮਾਰੀ ਨੇ ਮੇਰੀ ਦਾਦੀ ਖੋਹ ਲਈ ਜੋ ਮੈਨੂੰ ਸਦਾ ਜਿੰਦਗੀ ਦੇ ਦੁੱਖਾਂ ਨਾਲ ਦਲੇਰੀ ਨਾਲ ਜੂਝਣ ਦਾ ਬੱਲ ਦਿੰਦੀ ਸੀ। ਹੁਣ ਪਿੰਡ ਭਲਾਣ ਉਸ ਸਮੇਂ ਭਲਾਣ ਸਟੇਟ ਵਿਚ ਪਿਤਾ ਮੀਆਂ ਜਗਦੀਸ਼ ਸਿੰਘ ਦੇ ਘਰ 26 ਫਰਵਰੀ 2021 ਨੂੰ ਮਾਤਾ ਸੁਸ਼ੀਲਾ ਦੇਵੀ ਦੇ ਕੁੱਖੋਂ ਜਨਮੀ ਰੂਪ ਮੁੱਢ ਤੋਂ ਧਾਰਮਿਕ ਬਿਰਤੀ ਦੇ ਸਨ। ਇੱਕ ਰਾਜਨੀਤਿਕ ਪਰਿਵਾਰ ਵਿਚ ਜਨਮ ਹੋਣ ਕਾਰਨ ਮਾਤਾ ਰੂਪ ਦੀ ਦਿਲਚਸਪੀ ਮੁੱਢ ਤੋਂ ਹੀ ਰਾਜਨੀਤੀ ਵਿਚ ਰਹੀ ਹਾਲਾਂਕਿ ਆਪ ਨੇ ਕਦੇ ਵੀ ਸਰਗਰਮ ਰਾਜਨੀਤੀ ਦਾ ਹਿੱਸਾ ਬਣਨ ਦੀ ਕੋਸ਼ਿਸ਼ ਨਹੀਂ ਕੀਤੀ ਪਰ ਵਿਧਾਇਕ ਨਾਨਾ ਅਤੇ ਫੇਰ ਰਾਜਨੀਤੀ ਦੇ ਕਈ ਅਹੁਦਿਆਂ ਦੀ ਪਰਿਵਾਰ ਵਿਚ ਪੈੜ ਨੇ ਆਪ ਨੂੰ ਸਮਾਜ ਸੇਵਾ ਨਾਲ ਜੋੜਿਆ।
ਆਪ ਸਦਾ ਧਾਰਮਿਕ ਸੰਸਥਾਵਾਂ ਲਈ ਸਮਰਪਿਤ ਰਹਿੰਦੇ ਸਨ। ਨਾਨਕੇ ਪਰਿਵਾਰ ਵਿਚ ਟਿੱਕਾ ਸ਼ਿਵ ਚੰਦ ਰਾਜਨੀਤਕ ਖੇਤਰ ਵਿਚ ਪ੍ਰਸਿੱਧ ਨਾਮ ਹੈ ਜਿਨ੍ਹਾਂ ਦੀ ਰਾਜਨੀਤਿਕ ਬਾਤਾਂ ਆਪ ਸਦਾ ਆਪਣਿਆਂ ਪੋਤਿਆਂ ਨਾਲ ਸਾਂਝੀਆਂ ਕਰਦੇ ਰਹਿੰਦੇ ਸਨ ਅਤੇ ਆਪਣੇ ਮਾਣ ਭਰੇ ਪਿਛੋਕੜ ਸਦਕਾ ਸਦਾ ਚੜ੍ਹਦੀ ਕਲਾਂ ਵਿਚ ਰਹਿੰਦੇ ਸਨ। ਆਪ ਦਾ ਵਿਆਹ ਚੌਧਰੀ ਜਗਦੇਵ ਸਿੰਘ ਦੇ ਸਪੁੱਤਰ ਨਾਲ ਹੋਇਆ ਜੋ ਉਸ ਸਮੇਂ ਦੇ ਕਹਿੰਦੇ ਕਹਾਉਂਦੇ ਜਿੰਮੀਦਾਰ ਚੌਧਰੀ ਗੰਗਾ ਰਾਮ ਦੇ ਸਪੁੱਤਰ ਸਨ। ਸਹੁਰਾ ਚੌਧਰੀ ਗੰਗਾ ਜੋ ਮੋਰਿੰਡਾ ਸ਼ੂਗਰ ਮਿੱਲ, ਸੋਸਾਇਟੀਆਂ ਦੇ ਚੇਅਰਮੈਨ ਸਨ ਅਤੇ ਭਲਵਾਲ ਐਸ.ਡੀ.ਹਾਈ ਸਕੂਲ ਸ੍ਰੀ ਚਮਕੌਰ ਸਾਹਿਬ ਦੇ ਸੰਸਥਾਪਕ ਸਨ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਆਪ ਨੇ ਸਦਾ ਸਮਾਜ ਸੇਵਾ ਵਿਚ ਵਡਮੁੱਲਾ ਯੋਗਦਾਨ ਪਾਇਆ।
ਆਪ ਸਦਾ ਆਪਣੇ ਬੱਚਿਆਂ ਨੂੰ ਰਾਜਪੂਤੀ ਇਤਿਹਾਸ ਤੋਂ ਜਾਣੂ ਕਰਵਾਉਂਦੇ ਰਹਿੰਦੇ ਸਨ ਅਤੇ ਆਪਣੇ ਪੋਤਿਆਂ ਨੂੰ ਕਸ਼ੱਤਰੀਆਂ ਧਰਮ ਦੇ ਧਾਰਣੀ ਬਣਨ ਦਾ ਹੌਕਾ ਵੀ ਦਿੰਦੇ ਸਨ। ਪਿਛਲੇ ਇੱਕ ਦਹਾਕੇ ਤੋਂ ਆਪ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ ਅਤੇ ਬੀਤੇ ਕੁਝ ਦਿਨਾਂ ਤੋਂ ਚੰਡੀਗੜ੍ਹ ਦੇ ਇੱਕ ਹਸਪਤਾਲ ਵਿਚ ਦਾਖਲ ਸਨ। ਦਲੇਰੀ ਨਾਲ ਬਿਮਾਰੀ ਦਾ ਮੁਕਾਬਲਾ ਕਰਦੇ ਹੋਏ ਆਪ 7 ਜੂਨ 2021 ਨੂੰ ਪ੍ਰਭੂ ਚਰਨਾਂ ਵਿਚ ਲੀਨ ਹੋ ਗਏ।
ਆਪ ਦਾ ਪੋਤਰਾ
ਅਭੀਮੰਨੀਊ ਸਿੰਘ ਚੌਧਰੀ
-
ਅਭੀਮੰਨੀਊ ਸਿੰਘ ਚੌਧਰੀ, ਲੇਖਕ
myselfabhimanyusingh@gmail.com
62848-37553
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.