ਓੁਹ ਬੰਦਾ ਜਿਸ ਨੇ ਧਰਤੀ ਤੇ ਪਹਿਲੀ ਵਾਰ ਕਿਸਾਨ ਦੀ ਪੰਜਾਲੀ ਦੇ ਨਾਲ ਮਾਲਕੀ ਦਾ ਹੱਕ ਓੁਹਦੇ ਮੋਢਿਆਂ ਤੇ ਟੰਗਿਆਂ ਓੁਹ ਧਰਤੀ ਦੇ ਕਿਸੇ ਹੋਰ ਕੋਨੇ ਤੇ ਨਹੀ,ਇਸ ਦੇਸ਼ ਚ ਹੀ ਪੈਦਾ ਹੋਈ ਵਿਸ਼ਵ ਇਤਿਹਾਸ ਦੀ ਸਿਰਮੌਰ ਸ਼ਖਸੀਅਤ ਬਾਬਾ ਬੰਦਾ ਸਿੰਘ ਬਹਾਦੁਰ ਸਨ।ਸੰਯੁਕਤ ਕਿਸਾਨ ਮੋਰਚਾ 9 ਜੂਨ ਨੂੰ ਓੁਹਨਾਂ ਦੀ ਸ਼ਹਾਦਤ ਤੇ ਇਤਿਹਾਸਕ ਦੇਣ ਨੂੰ ਨਮਨ ਕਰ ਰਿਹਾ ਹੈ।
ਪਰ ਬੰਦਾ ਬਹਾਦੁਰ ਵਿਸ਼ਵ ਇਤਿਹਾਸ ਦਾ ਅਣਗੌਲਿਆ ਜਰਨੈਲ ਹੈ।ਜਿਸਨੂੰ ਇਤਿਹਾਸ ਲੇਖਣੀ ਦੇ ਕੁੱਢਰ ਤਰੀਕਿਆਂ ਨੇ ਓੁਹ ਸਥਾਨ ਨਾ ਲੈਣ ਦਿੱਤਾ।ਜਿਸਦਾ ਓੁਹ ਹੱਕਦਾਰ ਸੀ।ਫਰਾਂਸ ਦੀ ਕ੍ਰਾਂਤੀ 1789 ਚ ਹੋਈ ਤੇ ਜਗੀਰਦਾਰੀ ਦਾ ਮਲੀਆਮੇਟ ਕਰ ਦਿੱਤਾ ਓੁਸ ਤੋ 79 ਸਾਲ ਪਹਿਲਾਂ 1710 ਚ ਪੰਜਾਬ ਚ ਜਗੀਰਦਾਰੀ ਖਿਲਾਫ ਬੇਮਿਸਾਲ ਘੋਲ ਲੜ ਕੇ ਬੇਜਮੀਨਿਆ ਨੂੰ ਜਮੀਨਾਂ ਦੇ ਮਾਲਿਕ ਬਨਾਉਣ ਵਾਲਾ ਘੋਲ ਦੁਨੀਆਂ ਦੇ ਇਤਿਹਾਸ ਚ ਫਰਾਂਸ ਦੀ ਕ੍ਰਾਤੀ ਵਰਗਾ ਥਾਂ ਨਹੀ ਲੈ ਸਕਿਆ ਭਾਂਵੇ ਕੇ ਪੰਜਾਬ ਚ ਓੁਦਯੋਗਿਕ ਮਜ਼ਦੂਰ ਜਮਾਤ ਨਹੀ ਸੀ,ਜੋ ਇਤਿਹਾਸ ਦੇ ਅਗਲੇ ਦੌਰ ਚ ਪੰਜਾਬ ਨੂੰ ਪ੍ਰਵੇਸ਼ ਕਰਵਾ ਦਿੰਦੀ।ਪਰ ਫਿਰ ਵੀ ਯੂਰਪ ਤੋ ਬਹੁਤ ਅਰਸਾ ਪਹਿਲਾਂ ਜਗੀਰਦਾਰੀ ਨੂੰ ਕੁਚਲਣਾ ਬੇਮਿਸਾਲ ਸੀ।ਬਾਬਾ ਬੰਦਾ ਸਿੰਘ ਬਹਾਦੁਰ ਨੇ ਜਗੀਰਦਾਰੀ ਖਿਲਾਫ ਬੇਮਿਸਾਲ ਲੜ੍ਹਾਈ ਹੀ ਨਹੀ ਲੜੀ ਬਲਕਿ ਓੁਹਨਾਂ ਦੀ ਸ਼ਖਸ਼ੀਅਤ ਬਹੁਤ ਪਹਿਲੂਆਂ ਤੇ ਚਰਚਾ ਕਰਨੀ ਬਣਦੀ ਹੈ।
ਆਓ ਵਿਚਾਰੀਏ:-
ਕੁਝ ਫਿਰਕੂ ਇਤਿਹਾਸਕਾਰਾਂ ਬੰਦਾ ਸਿੰਘ ਬਹਾਦੁਰ ਦੀ ਜੱਦੋਜਹਿਦ ਨੂੰ ਤੰਗ ਤੇ ਨਫਰਤੀ ਨਜਰੀਏ ਨਾਲ ਪੇਸ਼ ਕੀਤਾ ਜਦਕਿ ਬੰਦਾ ਬਹਾਦੁਰ ਦੀ ਲੜ੍ਹਾਈ ਪੂਰੀ ਤਰਾਂ ਜਮਹੂਰੀ ਸੀ ਨਾਂ ਕੇ ਫਿਰਕੂ । ਡਾਕਟਰ ਗੰਡਾ ਸਿੰਘ ਅਨੁਸਾਰ ਸਿੱਖ ਵਿਰੋਧੀ ਫੁਰਮਾਨ ਨੇ ਬੰਦਾ ਬਹਾਦੁਰ ਦੇ ਮੁਸਲਾਮਾਨਾਂ ਸਬੰਧੀ ਰਵੱਈਏ ਤੇ ਨੀਤੀ ਚ ਕੋਈ ਫਰਕ ਨਹੀ ਲਿਆਂਦਾ,ਓੁਹ ਤਾਂ ਹਿੰਦੂ ਮੁਸਲਮਾਨ ਸਿੱਖ ਸਭਨਾਂ ਲਈ ਮੁਗਲ ਹਕੂਮਤ ਤੋਂ ਇਕਸਾਰ ਛੁਟਕਾਰਾ ਦਿਵਾਉਣ ਲਈ ਸਿਆਸੀ ਲੜ੍ਹਾਈ ਲੜ੍ ਰਿਹਾ ਸੀ।ਇਸ ਲਈ ਓੁਸਨੇ ਸਿੱਖ ਕੈਂਪ ਅੰਦਰ ਸਭ ਨੂੰ ਇੱਕ ਸਮਾਨ ਧਾਰਮਿਕ ਆਜਾਦੀ ਦਿੱਤੀ।ਜਿਸ ਲਈ ਓੁਹ ਵੱਡੀ ਗਿਣਤੀ ਓੁਸ ਪਾਸ ਇਕੱਠੇ ਹੁੰਦੇ ਰਹਿੰਦੇ ਰਹੇ।ਅਪ੍ਰੈਲ ਮਈ 1711 ਵਿੱਚ ਜਦੋ ਬਹਾਦਰ ਸ਼ਾਹ ਲਾਹੌਰ ਜਾ ਰਿਹਾ ਸੀ ਤਾ ਓੁਸ ਨੂੰ ਦੱਸਿਆ ਗਿਆ ਸੀ ਕੇ ਕਲਾਨੌਰ ਅਤੇ ਬਟਾਲੇ ਦੇ ਇਲਾਕੇ ਦੇ ਘੱਟੋ ਘੱਟ ਪੰਜ ਹਜਾਰ ਮੁਸਮਮਾਨ ਬੰਦਾ ਸਿੰਘ ਦੀ ਪਨਾਹ ਵਿੱਚ ਸਨ।ਜਿਥੇ ਓੁਹਨਾਂ ਨੂੰ ਬਾਂਗ ਦੇਣ ਨਿਮਾਜ ਤੇ ਖੁਤਬਾ ਪੜਣ ਦੀ ਸਿੱਖ ਫੌਜਾਂ ਅੰਦਰ ਭੀ ਖੁੱਲ ਸੀ।ਬੰਦਾ ਸਿੰਘ ਦੇ ਤਹਿਤ ਆਏ ਵਿਸ਼ਾਲ ਰਾਜ ਵਿੱਚ ਓੁਨਾਂ ਦੇ ਸਮੇਂ ਵਿੱਚ ਨਾਂ ਤਾਂ ਕਿਸੇ ਵੀ ਧਾਰਮਿਕ ਸਥਾਨ ਮੰਦਰ ਤੇ ਮਸਜਿਦ ਨੂੰ ਨੁਕਸਾਨ ਪਹੁਚਾਇਆ ਗਿਆ ਨਾ ਹੀ ਕਿਸੇ ਤਿਲਕ ਜਾਂ ਜੰਝੂ ਵੀ ਨਹੀ ਛੇੜਿਆ ਗਿਆ।
ਬੰਦਾ ਸਿੰਘ ਬਹਾਦੁਰ ਦੇ "ਖਾਲਸਾ ਰਾਜ ਦਾ ਪ੍ਰਭੂਸੱਤਾ ਸਿਧਾਂਤ" ਨਾਮੀ ਲਿਖਤ ਚ ਡਾ.ਸੁਖਦਿਆਲ ਸਿੰਘ ਲਿਖਦੇ ਹਨ ਕੇ"ਖਾਲਸਾ ਭਾਵੇ ਪਰਸ਼ੀਅਨ ਦਾ ਸ਼ਬਦ ਹੈ,ਪਰ ਇਸਨੂੰ ਸਿੱਖ ਸੰਗਤਾਂ ਓੁੱਪਰ ਲਾਗੁੂ ਕਰਕੇ ਖਾਲਸਾਈ ਬੋਲਚਾਲ ਅਤੇ ਖਾਲਸਾਈ ਸੱਭਿਆਚਾਰ ਵਿੱਚ ਇਸ ਤਰਾਂ ਅਪਣਾ ਲਿਆ ਗਿਆ ਹੈ ਕਿ ਇਹ ਸ਼ਬਦ ਸਾਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਦਾ ਹੀ ਜਾਪਣ ਲੱਗ ਪਿਆ ਹੈ।ਪਰਸ਼ੀਅਨ ਡਿਕਸ਼ਨਰੀ ਅਨੁਸਾਰ ਖਾਲਸਾ ਸ਼ਬਦ ਦੇ ਅਰਥ ਹਨ"ਵੋ ਜਮੀਨੇ ਬਾਦਸ਼ਾਹੀ ਜੋ ਕਿਸੀ ਕੀ ਜਗੀਰ ਨਾ ਹੋ"।ਅਰਥਾਤ ਖਾਲਸਾ ਸ਼ਬਦ ਨੂੰ ਮੁੱਖ ਰੂਪ ਵਿੱਚ ਓੁਸ ਜਮੀਨ ਬਾਰੇ ਵਰਤਿਆ ਜਾਂਦਾ ਸੀ।ਜਿਹੜੀ ਸਿੱਧੀ ਬਾਦਸ਼ਾਹ ਦੇ ਕੰਟਰੋਲ ਹੇਠ ਹੁੰਦੀ ਸੀ।ਬਾਕੀ ਜਮੀਨ ਜਗੀਰ ਦੇ ਰੂਪ ਵਿੱਚ ਜਾਂ ਠੇਕੇ ਦੇ ਰੂਪ ਵਿੱਚ ਜਾਂ ਵਟਾਈ ਦੇ ਰੂਪ ਵਿੱਚ ਦੇ ਦਿੱਤੀ ਜਾਂਦੀ ਸੀ।ਅਜਿਹੀ ਜਮੀਨ ਤੇ ਕਈ ਕਈ ਧਿਰਾਂ ਦੀ ਸਰਦਾਰੀ ਹੁੰਦੀ ਸੀ।
ਪਰ ਖਾਲਸਾ ਜਮੀਨ ਸਿਰਫ ਬਾਦਸ਼ਾਹਾਂ ਦੇ ਸਿੱਧੇ ਆਪਣੇ ਪ੍ਰਬੰਧ ਵਿੱਚ ਹੀ ਹੁੰਦੀ ਸੀ।ਇਸਦੀ ਆਮਦਨ ਖਰਚ ਸਿੱਧੀ ਬਾਦਸਾਹ ਦੀ ਆਪਣੀ ਹੁੰਦੀ ਸੀ ਤੇ ਇਸ ਜਮੀਨ ਓੁੱਪਰ ਬਾਦਸ਼ਾਹ ਤੋ ਬਿਨਾ ਕਿਸੇ ਦਾ ਕੰਟਰੋਲ ਨਹੀ ਹੁੰਦਾ ਸੀ।ਇਸੇ ਕਰਕੇ ਇਸ ਜਮੀਨ ਨੂੰ ਖਾਲਸਾ ਜਮੀਨ ਕਿਹਾ ਜਾਂਦਾ ਸੀ।ਭਾਵ ਇਹ ਜਮੀਨ ਠੇਕੇਦਾਰਾ ਜਗੀਰਦਾਰਾਂ ਜਾਂ ਵਟਾਈਦਾਰਾਂ ਤੋ ਬਿਲਕੁਲ ਸੁਤੰਤਰ ਸੀ।ਜਦੋਂ ਇਹੀ ਖਾਲਸਾ ਸ਼ਬਦ ਸਿੱਖ ਸੰਗਤਾਂ ਦੇ ਸਮੂਹ ਓੁੱਪਰ ਲਾਗੂ ਕੀਤਾ ਗਿਆ ਤਾ ਇਸਦਾ ਮਤਲਬ ਕੇ ਹੁਣ ਸੰਗਤਾਂ ਕਿਸੇ ਮਸੰਦ ਜਾਂ ਕਿਸੇ ਹੋਰ ਤੀਜੀ ਧਿਰ ਦੇ ਅਧੀਨ ਨਹੀ। ਸਗੋਂ ਸਿੱਧਾ ਗੁਰੂ ਨਾਲ ਹੀ ਸਬੰਧਤ ਹਨ ਅਰਥਾਤ ਹਰ ਸਭ ਕਿਸਮ ਦੇ ਦੂਸਰੇ ਪ੍ਰਬੰਧ ਤੋ ਸੁਤੰਤਰ ਹਨ।ਖਾਲਸਾ ਸਾਜੇ ਜਾਣ ਤੋ ਪਹਿਲਾਂ ਸਿੱਖ ਸੰਗਤਾਂ ਮਸੰਦਾਂ ਦੇ ਪ੍ਰਬੰਧ ਹੇਠ ਸਨ।ਇਹਨਾਂ ਦਾ ਗੁਰੂ ਨਾਲ ਸਬੰਧ ਸਿਰਫ ਮਸੰਦਾਂ ਰਾਹੀ ਸੀ।ਪਰ ਖਾਲਸੇ ਦੀ ਸਿਰਜਣਾ ਨਾਲ ਮਸੰਦ ਸਿਸਟਮ ਖਤਮ ਕਰ ਦਿੱਤਾ ਤੇ ਸੰਗਤਾਂ ਖਾਲਸਾ ਬਣ ਗਈਆਂ ਅਰਥਾਤ ਸੁਤੰਤਰ ਪ੍ਰਬੰਧ ਵਾਲੀਆਂ ਬਣ ਗਈਆਂ ਸਨ।ਇਸ ਤਰਾਂ ਖਾਲਸਾ ਸ਼ਬਦ ਸੁਤੰਤਰ ਹਸਤੀ ਨੂੰ ਦਰਸਾਓੁਣ ਵਾਲੇ ਅਰਥ ਲੈ ਕੇ ਖਾਲਸਾਈ ਭਾਈਚਾਰੇ ਵਿੱਚ ਪ੍ਰਚਲਿਤ ਹੋਇਆ।ਕਈ ਲੇਖਕ ਖਾਲਸਾ ਸ਼ਬਦ ਦੀ ਸ਼ੁੱਧ ਜਾਂ ਪਵਿੱਤਰ ਦੇ ਤੌਰ ਤੇ ਵੀ ਵਿਆਖਿਆ ਕਰਦੇ ਹਨ,ਪਰ ਇਹ ਦਰੁਸਤ ਨਹੀ ਹੈ।
ਖਾਲਸਾ ਭਾਈਚਾਰਾ ਬਾਰੇ ਜਦੋਂ ਖਾਲਸਾ ਸ਼ਬਦ ਵਰਤਾ ਗੇ ਤਾਂ ਓੁਸ ਸਮੇ ਇਸ ਦੇ ਅਰਥ ਸੁਤੰਤਰ ਵਿਅਕਤੀ ਹੋਣਗੇ।ਇਸ ਤਰਾਂ ਖਾਲਸੇ ਦੇ ਸਹੀ ਅਰਥ ਸਭ ਕਿਸਮ ਦੀ ਗੁਲਾਮੀ ਤੋ ਮੁਕਤ ਵਿਅਕਤੀ ਦੇ ਹੀ ਹਨ।ਅਜਿਹੀ ਸੁਤੰਤਰਤਾ ਧਾਰਨ ਵਾਲੇ ਵਿਅਕਤੀਆਂ ਦਾ ਇਕੱਠ ਹੀ ਸਰਬੱਤ ਖਾਲਸੇ ਦੀ ਸੰਸਥਾ ਦਾ ਰੁੂਪ ਧਾਰ ਕੇ ਸਾਹਮਣੇ ਆਇਆ ਸੀ।ਬੰਦਾ ਬਹਾਦੁਰ ਨੇ ਖਾਲਸੇ ਦੀ ਇਸ ਪਰਿਭਾਸ਼ਾ ਨੂੰ ਸਭ ਵੱਧ ਅਮਲੀ ਰੂਪ ਦਿੱਤਾ ਜੋ ਓੁਹਨਾਂ ਦੀ ਸ਼ਹਾਦਤ ਤੋ ਬਾਅਦ ਇਸ ਦੇ ਨੇੜੇ ਤੇੜੇ ਕਦੇ ਵੀ ਨਾ ਪਹੁੰਚ ਸਕਿਆ।ਭਾਰਤ ਚ ਬ੍ਰਾਹਮਣਵਾਦੀ ਵਿਵਸਥਾ ਨੇ ਹਜ਼ਾਰਾਂ ਸਾਲਾਂ ਤੋ ਲੱਖਾਂ ਲੋਕਾਂ ਦੀ ਜਿੰਦਗੀ ਦੁੱਭਰ ਕੀਤੀ ਹੋਈ ਸੀ ਜਿਸ ਖਿਲਾਫ ਗੁਰੁੂ ਸਾਹਿਬਾਨ ਨੇ ਜੱਦੋਜਹਿਦ ਕੀਤੀ ਤੇ ਬੰਦਾ ਸਿੰਘ ਬਹਾਦੁਰ ਓੁਸੇ ਦਿਸ਼ਾ ਚ ਬੇਮਿਸਾਲ ਕਾਰਜ ਕੀਤਾ।
ਇਰਵਿਨ ਲਿਖਦਾ'"ਇਹ ਗੱਲ ਵੱਡੀ ਭਾਵ ਪੂਰਤ ਅਤੇ ਪ੍ਰਭਾਵਸ਼ਾਲੀ ਸੀ ਕੇ ਜਿਥੇ ਭੀ ਸਿੱਖਾਂ ਦਾ ਕਬਜਾ ਹੋਇਆ ਪਹਿਲਾਂ ਵਾਲੇ ਸਾਰੇ ਤੌਰ ਤਰੀਕੇ ਬਦਲ ਗਏ।ਇੱਕ ਮਾਮੂਲੀ ਜੁੱਤੀਆਂ ਗੰਢਣ ਵਾਲਾ ਚਮਾਰ ਜੋ ਕੇ ਭਾਰਤੀ ਮਣੌਤ ਅਨੁਸਾਰ ਸਮਾਜ ਅੰਦਰ ਨੀਵੇਂ ਤੋ ਨੀਵਾਂ ਬੰਦਾ ਸਮਝਿਆ ਜਾਂਦਾ,ਅਗਰ ਆਪਣਾ ਘਰ ਬਾਰ ਛੱਡ ਕੇ ਗੁਰੂ ਕੀ ਸ਼ਰਨ(ਬੰਦਾ ਬਹਾਦਰ ਕੋਲ)ਵਿੱਚ ਆ ਗਿਆ ਤਾਂ ਥੋੜ੍ਹੇ ਸਮੇਂ ਅੰਦਰ ਹੀ ਓੁਸ ਨੂੰ ਆਪਣੇ ਪਿੰਡ ਦੀ ਹਕੂਮਤ ਦਾ ਪਰਵਾਨਾ ਮਿਲ ਜਾਂਦਾ ਅਤੇ ਓੁਹ ਬਤੌਰ ਹਾਕਮ ਓੁਥੇ ਦਾਖਲ ਹੁੰਦਾ ਸੀ।ਜਿਓ ਹੀ ਪਿੰਡ ਦੀ ਹੱਦ ਅੰਦਰ ਪੈਰ ਰੱਖਦਾ,ਪਿੰਡ ਦੇ ਖਾਨਦਾਨੀ ਤੇ ਧਨਾਢ ਆਦਮੀ ਓੁਸ ਨੂੰ ਜੀਓਂ ਆਇਆ ਆਖਣ ਅਤੇ ਓੁਸ ਨੂੰ ਓੁਸਦੇ ਘਰ ਪਹੁੰਚਾਉਣ ਓੁਸ ਦੇ ਨਾਲ ਜਾਂਦੇ।ਓੁਥੇ ਪਹੁੰਚ ਓੁਹ ਸਾਰੇ ਹੱਥ ਬੱਧੀ ਓੁਸ ਦੇ ਰੂਬਰੂ ਖੜੇ ਹੋਏ ਓੁਸ ਦੇ ਹੁਕਮਾਂ ਦੀ ਓੁਡੀਕ ਕਰਦੇ ਕਿਸੇ ਦੀ ਹਿੰਮਤ ਨਾ ਪੈਂਦੀ ਕੇ ਓੁਸਦੇ ਹੁਕਮਾਂ ਦੀ ਓੁਲੰਘਣਾ ਕਰੇ।ਜਿਹੜੇ ਲੋਕ ਜੰਗਾਂ ਯੁੱਧਾਂ ਅੰਦਰ ਮੂਹਰਲੀ ਕਤਾਰ ਵਿੱਚ ਲੜਿਆ ਕਰਦੇ ਸਨ,ਓੁਹ ਭੀ ਓੁਸ ਦੇ ਸਾਹਮਣੇ ਹੀਲ ਹੁੱਜਤ ਕਰਨੋ ਘਬਰਾਓੁਦੇਂ"।
ਡਾਕਟਰ ਹਰਚੰਦ ਸਿੰਘ ਸਰਹਿੰਦੀ ਮੁਤਾਬਿਕ"ਬਾਬਾ ਬੰਦਾ ਸਿੰਘ ਬਹਾਦੁਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਅੇੈਲਾਨ ਨਾਮੇ"ਇਨ ਗਰੀਬ ਸਿੱਖਨ ਕੋ ਦੇਓੂਂ ਪਾਤਸ਼ਾਹੀ।ਯਾਦ ਕਰੇਂ ਯੇੰਹ ਹਮਾਰੀ ਗੁਰਿਆਈ।"ਨੂੰ ਅਮਲੀ ਜਾਮਾ ਪਹਿਨਾਇਆ।ਫਲਸਰੂਪ ਓੁਹ ਨੀਵੀਆਂ ਜਾਤੀਆਂ ਵਿੱਚ ਬੜਾ ਹਰਮਨ ਪਿਆਰਾ ਹੋ ਗਿਆ ਅਤੇ ਓੁਸ ਦੀਆਂ ਅਗਲੇਰੀਆਂ ਲੜਾਈਆਂ ਵਿੱਚ ਵਾਹੀਕਾਰਾਂ(ਜੱਟਾਂ)ਨੇ ਓੁਚੇਚੇ ਤੌਰ ਤੇ ਓੁਸ ਦਾ ਸਾਥ ਦਿੱਤਾ"।
ਓੁਸ ਦੇ ਰਾਜ ਦੀ ਵਿਸ਼ੇਸ਼ਤਾ ਸੀ ਕੇ ਓੁਸ ਨੇ ਜਿੰਮੀਦਾਰਾਂ ਪ੍ਰਬੰਧ ਖਤਮ ਕਰਕੇ ਹਲਵਾਹਕ ਕਿਸਾਨਾਂ ਨੂੰ ਭੂਮੀ ਦੇ ਮਾਲਿਕ ਬਨਾਇਆ।ਫਾਰਸੀ ਦੇ ਸਮਕਾਲੀ ਇਤਿਹਾਸਕਾਰ ਲਿਖਦੇ ਹਨ ਕੇ ਓੁਸ ਨੇ ਅਖੌਤੀ ਅਛੂਤਾ ਨੀਚਾਂ,ਚੂਹੜੇ ਤੇ ਚਮਿਆਰਾਂ,ਨੂੰ ਓੁੱਚ ਅਹੁਦਿਆਂ ਓੁਤੇ ਮੁਕੱਰਰ ਕਰ ਦਿੱਤਾ।"
ਮੁਗਲ ਸਲਤਨਤ ਵੇਲੇ ਬੇਨਾਮੀ ਜਮੀਨ ਬਹੁਤ ਸੀ ਕਾਮੇ ਤੇ ਕਿਸਾਨ ਤਾਂ ਕੇਵਲ ਵਾਹੀ ਕਰਦੇ ਸਨ।ਜਮੀਨ ਦਾ ਮਾਲਿਕ ਤਾਂ ਕੋਈ ਹੋਰ ਹੁੰਦਾ ਸੀ।ਬਾਬਾ ਬੰਦਾ ਸਿੰਘ ਬਹਾਦੁਰ ਨੇ ਮਾਲਕੀ ਕਿਸਾਨਾਂ ਨੂੰ ਦੇ ਕੇ ਓੁਹਨਾਂ ਨੂੰ ਨਿਹਾਲ ਕਰ ਦਿੱਤਾ।ਡਾਕਟਰ ਸੁਖਦਿਆਲ ਸਿੰਘ ਲਿਖਦੇ ਨੇ ਬਾਬਾ ਜੀ ਨੇ ਇਹ ਅੇੈਲਾਨ ਕਰ ਦਿੱਤਾ ਕੇ ਜਮੀਨ ਸਿਰਫ ਕਿਸਾਨ ਦੀ ਹੈ।ਦੂਜੇ ਸ਼ਬਦਾਂ ਵਿੱਚ ਜਿਹੜਾ ਜਮੀਨ ਨੂੰ ਵਾਹੁੰਦਾ ਅਤੇ ਬੀਜਦਾ ਹੈ ਓੁਹ ਹੀ ਓੁਸ ਦਾ ਮਾਲਿਕ ਦਾ।ਇਹ ਜਗੀਰਦਾਰੀ ਨੂੰ ਖਾਤਮੇ ਪਾਸੇ ਧੱਕਣ ਵਾਲਾ ਕਦਮ ਸੀ।ਜੋ ਬਾਦਸ਼ਾਹ ਦੇ ਅਧੀਨ ਜਮੀਨ ਸੀ।ਓੁਹ ਮੁਜਾਰਿਆਂ ਚ ਵੰਡ ਦਿੱਤੀ ਅਤੇ ਰਾਜਿਆਂ ਦੇ ਸ਼ਿਕਾਰ ਖੇਡਣ ਲਈ ਰਾਖਵੇਂ ਜੰਗਲ ਕਾਮਿਆਂ ਨੂੰ ਲੱਕੜਾਂ ਵੱਢਣ ਲਈ ਖੋਲ ਦਿੱਤੇ।
ਬੰਦਾ ਸਿੰਘ ਬਹਾਦਰ ਮਹਾਨ ਜਰਨੈਲ ਵੀ ਸਨ।ਜਿਹਨਾਂ ਦੀ ਯੁੱਧਨੀਤੀ ਦੀ ਧਾਕ ਮੁਗਲਾਂ ਤੇ ਵੀ ਜੰਮੀ। 6ਵੀ ਸਦੀ ਈਸਾ ਪੂ ਰਵ ਚੀਨੀ ਜਰਨੈਲ ਸੁਨ ਯੂ ਨੇ ਪਹਿਲੀ ਵਾਰ ਗੁਰੀਲਾ ਯੁੱਧਨੀਤੀ ਤੇ ਕੰਮ ਕੀਤਾ ਤੇ "ਆਰਟ ਆਫ ਵਾਰ" ਲਿਖੀ।ਇਸੇ ਨੂੰ 20 ਵੀ ਸਦੀ ਚ ਮਹਾਨ ਕਮਿਊਨਿਸਟ ਆਗੂ ਮਾਓ ਜੇ ਤੁੰਗ ਨੇ ਵਿਕਸਿਤ ਕੀਤਾ ਤੇ ਇੱਕ ਸਫਲ ਇਨਕਲਾਬ ਕੀਤਾ।ਪਰ ਓੁਸ ਤੋ ਕਰੀਬ ਡੇਢ ਸਦੀ ਪਹਿਲਾਂ ਮੁਗਲਾਂ ਖਿਲਾਫ ਮਾਰੋ,ਦੌੜੋ,ਫਿਰ ਹਮਲੇ ਦੀ ਤਿਆਰੀ ਸ਼ੁਰੂ ਕਰੋ ਦੀ ਸ਼ਾਨਦਾਰ ਯੁੱਧਨੀਤੀ ਨੇ ਮੁਗਲ ਬਾਦਸ਼ਾਹ ਬਹਾਦੁਰ ਸ਼ਾਹ ਦਾ ਦਿਮਾਗੀ ਸੰਤੁਲਨ ਹਿਲਾ ਦਿੱਤਾ ਸੀ।ਬਹਾਦਰ ਸ਼ਾਹ ਮਰਦੇ ਦਮ ਤੱਕ ਬੰਦਾ ਸਿੰਘ ਨੂੰ ਫਤਿਹ ਨਾ ਕਰ ਸਕਿਆ।
ਗੋਕੁਲ ਚੰਦ ਨਾਰੰਗ ਨੇ ਲਿਖਿਆ ਕੇ ਬੰਦਾ ਬਹਾਦੁਰ ਨੇ ਹੀ ਪਹਿਲਾਂ ਸਿੱਖਾਂ ਨੂੰ ਸਿਖਾਇਆ ਕੇ ਯੁੱਧ ਕਿਵੇ ਲੜਿਆ ਜਾਂਦਾ ਤੇ ਜਿੱਤ ਕਿਵੇ ਪ੍ਰਾਪਤ ਕੀਤੀ ਜਾਂਦੀ ਹੈ।ਅੋੌਰੰਗਜੇਬ ਦੀ ਮੌਤ ਪਿੱਛੋ ਵੀ ਮੁਗਲ ਬਾਦਸ਼ਾਹ ਬਹੁਤ ਤਾਕਤਵਰ ਸਨ ਤੇ ਓੁਹਨਾਂ ਕੋਲ ਦੁਨੀਆ ਦੇ ਸਭ ਵੱਡੇ ਸਾਮਰਾਜ ਦੇ ਅਸੀਮਤ ਸਾਧਨ ਸਨ।ਇਸ ਲਈ ਬੰਦਾ ਬਹਾਦੁਰ ਨੇ ਗੁਰੀਲਾ ਯੁੱਧ ਨੀਤੀ ਅਪਣਾਈ ਕਿਓਕਿ ਓੁਸ ਮੌਕੇ ਪੱਕੇ ਤੌਰ ਤੇ ਪੈਰ ਜਮਾ ਚੁੱਕੇ ਮੁਗਲ ਰਾਜ ਖਿਲਾਫ ਲੜਨ ਲਈ ਸਿੱਖਾਂ ਕੋਲ ਸੀਮਤ ਸਾਧਨ ਸਨ।ਇਸ ਨੀਤੀ ਨਾਲ ਓੁਸਨੇ ਘੱਟ ਜਾਨੀ ਨੁਕਸਾਨ ਵਧੇਰੇ ਸਫਲਤਾਵਾਂ ਹਾਸਿਲ ਕੀਤੀਆਂ।ਓੁਹ ਲੜ੍ਹਾਈ ਹਾਰ ਜਾਣ ਨਾਲੋ ਪਿੱਛੇ ਹਟ ਜਾਣਾ ਬਿਹਤਰ ਸਮਝਦਾ ਸੀ।ਯੁੱਧ ਦੀ ਕਲਾ ਵਿੱਚ ਓੁਹ ਆਪਣੇ ਸਮੇ ਦਾ ਇੱਕ ਯੋਗ ਵਿਅਕਤੀ ਸੀ।ਓੁਹ ਖੁੱਲੇ ਤੌਰ ਤੇ ਲੜ੍ਹਾਈ ਦੇ ਮੈਦਾਨ ਚ ਓੁਦੋ ਲੜਦਾ ਜਦੋ ਓੁਹ ਖੁਲੇ ਯੁੱਧ ਲਈ ਆਪਣੀ ਸ਼ਕਤੀ ਕਾਫੀ ਸਮਝਦਾ ਸੀ ਨਹੀ ਤਾਂ ਓੁਹ ਕਿਸੇ ਕਿਲੇ ਜਾਂ ਪਹਾੜਾਂ ਵਿੱਚ ਸ਼ਰਨ ਲੈ ਲੈਂਦਾ ਸੀ।
ਬੰਦਾ ਬਹਾਦੁਰ ਦੁਸ਼ਮਣ ਦੀ ਤਾਕਤ ਦਾ ਅੰਦਾਜਾ ਲਗਾਓੁਣ ਪਹੁੰਚ ਬਹੁਤ ਸਟੀਕ ਸੀ।ਦੂਸਰਾ ਓੁਹ ਦੁਸ਼ਮਣ ਦੀ ਕਮਜੋਰ ਬਾਹੀ ਦੀ ਪਰਖ ਲੈਦਾ ਸੀ ਤੇ ਕਮਜੋਰ ਬਾਹੀ ਤੇ ਹਮਲਾ ਕਰਕੇ ਆਪਣੇ ਹੱਕ ਚ ਯੁੱਧ ਦਾ ਪਾਸਾ ਪਲਟ ਲੈਂਦਾ ਸੀ।ਓੁਹ ਦੁਸ਼ਮਣ ਨੂੰ ਪਿਛੇ ਹਟਣ ਦਾ ਭੁਲੇਖਾ ਪਾ ਕੇ ਵੀ ਅਚਾਨਕ ਹੱਲਾ ਬੋਲਦਾ ਤੇ ਦੁਸ਼ਮਣ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ।
ਬੰਦਾ ਸਿੰਘ ਬਹਾਦੁਰ ਦੀ ਆਪਣੇ ਕੇਂਦਰੀ ਟਿਕਾਣੇ ਦੀ ਚੋਣ ਯੁੱਧਨੀਤੀ ਚ ਓੁਸਦੇ ਨਿਪੁੰਨ ਹੋਣ ਦਾ ਪ੍ਰਮਾਣ ਸੀ।ਪਹਿਲਾਂ ਓੁਸਨੇ ਸਰਹਿੰਦ ਨੂੰ ਨਵੇਂ ਕੇਦਰ ਦੇ ਰੂਪ ਵਿੱਚ ਸੋਚਿਆ ਪਰ ਇਹਦੇ ਲਈ ਇਸ ਥਾਂ ਦੀਆਂ ਕਈ ਕਮੀਆਂ ਸਨ।ਇਹ ਮੈਦਾਨ ਵਿੱਚ ਸਥਿਤ ਸੀ ਅਤੇ ਕੋਈ ਕੁਦਰਤੀ ਬਚਾਓ ਦਾ ਸਾਧਨ ਨਹੀ ਸੀ। ਦੂਜੇ ਇਸ ਤੱਕ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਸੀ,ਕਿਓ ਜੋ ਇਹ ਜਰਨੈਲੀ ਸੜਕ ਤੇ ਸੀ।ਜਿਸ ਕਰਕੇ ਇਸਨੂੰ ਕੇਂਦਰ ਬਨਾਉਣ ਦਾ ਵਿਚਾਰ ਛੱਡ ਦਿੱਤਾ।ਮੁਖਲਿਸਗੜ ਦਾ ਕਿਲਾ ਸ਼ਾਹਜਹਾਨ ਦੀ ਆਗਿਆ ਅਨੁਸਾਰ ਮੁਖਲਿਸ ਖਾਨ ਨੇ ਬਣਵਾਇਆ ਸੀ ਜੋ ਕੇ ਹਿਮਾਲਾ ਦੀਆਂ ਢਲਾਨਾਂ ਤੇ ਇੱਕ ਓੁਚੇ ਸਥਾਨ ਤੇ ਸੀ ਜਿਸ ਤੱਕ ਕੇਵਲ ਚੱਟਾਨਾਂ ਤੇ ਖੱਡਾਂ ਪਾਰ ਕਰਕੇ ਹੀ ਪਹੁੰਚਿਆ ਜਾ ਸਕਦਾ ਸੀ।ਜਿਸ ਵੇਲੇ ਬੰਦਾ ਬਹਾਦੁਰ ਨੇ ਇਸ ਕਿਲੇ ਤੇ ਕਬਜਾ ਕੀਤਾ ਤਾ ਇਹ ਬੜੀ ਟੁੱਟੀ ਭੱਜੀ ਹਾਲਤ ਚ ਸੀ।ਛੇਤੀ ਛੇਤੀ ਇਸਦੀ ਮੁਰੰਮਤ ਕੀਤੀ ਗਈ ਤੇ ਇਸਦਾ ਨਾਓ ਲੋਹਗੜ ਧਰਿਆ ਗਿਆ ।
ਸਰਹੰਦ ਦਾ ਸਾਰਾ ਖਜਾਨਾ ਹੋਰ ਸਾਰੀਆਂ ਜੰਗਾਂ ਵਿੱਚ ਪ੍ਰਾਪਤ ਹੋਇਆ ਮਾਲ ਅਸਬਾਬ ਜੰਗੀ ਸਮਾਨ ਅਤੇ ਜਿੱਤੇ ਇਲਾਕਿਆਂ ਤੋ ਇਕੱਤਰ ਕੀਤਾ ਹੋਇਆ ਮਾਮਲਾ ਲੋਹਗੜ ਦੇ ਕਿਲੇ ਚ ਰੱਖਿਆ ਗਿਆ ਜੋ ਕੇ ਸਭ ਤੋ ਸੁਰੱਖਿਅਤ ਸਥਾਨ ਸੀ।ਕੇਂਦਰ ਨੂੰ ਸੁਰੱਖਿਅਤ ਜਗਾ ਤੇ ਬਨਾਉਣ ਤੋ ਇਲਾਵਾ ਸ਼ਿਵਾਲਿਕ ਦੀਆਂ ਪਹਾੜੀਆਂ ਨੂੰ ਖੋਦ ਖੋਦ ਕੇ ਗੁਫਾਵਾਂ ਬਣਾਈਆਂ।ਪਿੰਡ ਆਸਰੋ ਤੇ ਗੈਲ ਮਾਜਰਾ ਵਿੱਚ ਅੱਜ ਵੀ ਕੁਝ ਗੁਫਾਵਾਂ ਵੇਖੀਆਂ ਜਾ ਸਕਦੀਆਂ ਨੇ।ਤਕਰੀਬਨ ਫਰਲਾਂਗ ਕੁ ਲੰਬੀ ਇੱਕ ਗੁਫਾ ਜੋ ਚੜਦੇ ਤੋ ਲਹਿੰਦੇ ਪਹਾੜੀ ਤੋ ਓੁਪਰਲੇ ਹਿੱਸੇ ਵਿੱਚ ਬਣੀ ਹੋਈ ਹੈ।ਇਸ ਗੁਫਾ ਦੇ ਦੋਵੀਂ ਪਾਸੇ ਦਰਵਾਜੇ ਬਣੇ ਹੋਏ ਨੇ ਇਹ ਦਰਵਾਜੇ ਦੁਸ਼ਮਣ ਦੀਆਂ ਗਤੀਵਿਧੀਆਂ ਤੇ ਨਜਰ ਰੱਖਣ ਵਿੱਚ ਸਹਾਈ ਹੁੰਦੇ ਸਨ।ਲਗਭਗ ਸਾਰੀਆਂ ਗੁਫਾਵਾਂ ਦੇ ਪ੍ਰਵੇਸ਼ ਦੁਆਰ ਹਰਿਆਵਲ ਨਾਲ ਢੱਕੇ ਹੋਣ ਕਾਰਣ ਦੁਸ਼ਮਣ ਨੂੰ ਇਹਨਾਂ ਥਾਵਾਂ ਦਾ ਸੌਖਿਆ ਪਤਾ ਨਹੀ ਸੀ ਲੱਗਦਾ।ਇਹਨਾਂ ਗੁਫਾਵਾਂ ਦੀ ਖੂਬੀ ਇਹ ਕੇ ਇਹ ਗਰਮੀਆਂ ਵਿੱਚ ਠੰਢੀਆਂ ਤੇ ਸਰਦੀਆਂ ਵਿੱਚ ਨਿੱਘੀਆਂ ਰਹਿੰਦੀਆਂ ਹਨ।
ਬਾਬਾ ਬੰਦਾ ਸਿੰਘ ਆਹਲਾ ਦਰਜੇ ਦੇ ਸਿਆਸਤਦਾਨ ਸਨ।ਓੁਹਨਾਂ ਨੂੰ ਮੁਗਲ ਸਾਮਰਾਜ ਦੀ ਸੈਨਿਕ ਸ਼ਕਤੀ ਤੇ ਜੰਗੀ ਵਸੀਲਿਆ ਦਾ ਚੰਗੀ ਤਰਾਂ ਗਿਆਨ ਸੀ।ਓੁਹਨਾਂ ਨੂੰ ਇਹ ਵੀ ਪਤਾ ਸੀ ਕੇ ਸੀਮਤ ਸੈਨਿਕ ਵਸੀਲਿਆ ਨਾਲ ਮੁਗਲ ਸੈਨਾ ਨਾਲ ਲੰਬੇ ਸਮੇਂ ਲਈ ਟੱਕਰ ਲੈਣਾ ਕੋਈ ਆਸਾਨ ਕੰਮ ਨਹੀ ਹੈ।ਇਸ ਸਥਿਤੀ ਵਿੱਚ ਓੁਸ ਨੇ ਮੁਗਲਾਂ ਦੇ ਅੱਤਿਆਚਾਰ ਬੇਇਨਸਾਫੀ ਤੇ ਗਲਤ ਨੀਤੀਆਂ ਤੋ ਦੁਖੀ ਲੋਕਾਂ ਨੂੰ ਲਾਮਬੰਦ ਕਰਨ ਦਾ ਬੀੜਾ ਓੁਠਾਇਆ ਇਸ ਮਕਸਦ ਵਿੱਚ ਓੁਹਨਾਂ ਜਮੁਨਾ ਗੰਗਾ ਦੁਆਬ ਦੇ ਗੁੱਜਰਾਂ ਤੇ ਪੰਜਾਬ ਦੀਆਂ ਪਹਾੜੀ ਰਿਆਸਤਾਂ ਦੇ ਜਿੰਮੀਦਾਰਾਂ ਨੂੰ ਆਪਣੇ ਨਾਲ ਰਲਾਓੁਣ ਦੀ ਕੋਸ਼ਿਸ਼ ਕੀਤੀ,ਰਾਜਪੂਤਾਨੇ ਵਿੱਚ ਅੰਬੇਰ ਤੇ ਜੋਧਪੁਰ ਦੇ ਰਾਜਪੂਤ ਰਾਜੇ ਮੁਗਲਾ ਵਿਰੁੱਧ ਬਗਾਵਤ ਦੇ ਰਾਹ ਤੁਰੇ ਹੋਏ ਸਨ।ਬੰਦਾ ਸਿੰਘ ਨੇ ਰਾਜਪੂਤ ਰਾਜਿਆਂ ਨਾਲ ਸੰਪਰਕ ਸਥਾਪਤ ਕਰਨ ਦੀ ਪਹਿਲ ਕਦਮੀ ਕੀਤੀ ਤੇ ਓੁਹਨਾਂ ਨੂੰ ਮੁਗਲਾਂ ਨਾਲ ਸੰਘਰਸ਼ ਕਰਨ ਲਈ ਸਿੱਖ-ਰਾਜਪੂਤ ਗਠਬੰਧਨ ਦੀ ਤਜਵੀਜ ਪੇਸ਼ ਕੀਤੀ।ਸਿਆਸਤ ਦੀ ਦ੍ਰਿਸ਼ਟੀ ਤੋ ਇਹ ਬੜੀ ਆਲਾ ਦਰਜੇ ਦੀ ਚਾਲ ਸੀ।ਪਰ ਰਾਜਪੂਤ ਰਾਜਿਆਂ ਦੀ ਬੇਰੁਖੀ ਤੇ ਖੁਦਗਰਜੀ ਕਾਰਨ ਨਾਕਾਮ ਹੋ ਗਈ ਨਹੀ ਤਾਂ ਮੁਗਲ ਸਾਮਰਾਜ ਦਾ ਭੋਗ ਪਹਿਲਾਂ ਪੈ ਸਕਦਾ ਸੀ।
ਸੇਹਰੀ ਖੰਡਾ-ਚੱਪੜਚਿੜੀ ਦਾ ਯੁੱਧ ਤੋਂ ਗੁਰਦਾਸ ਨੰਗਲ:-
ਬੰਦਾ ਸਿੰਘ ਨੇ ਆਪਣੇ ਯੁੱਧ ਦੀ ਸ਼ੁਰੂਆਤ ਸੇਹਰੀ ਖੰਡਾ ਤੋ ਕੀਤੀ।ਸੇਹਰੀ-ਖੰਡਾ(ਨਾਲ ਨਾਲ ਲਗਦੇ ਪਿੰਡ)ਖਾਲਸਾਈ ਇਨਕਲਾਬ ਦਾ ਸ਼ੁਰੂਆਤੀ ਬਿੰਦੂ ਬਣ ਗਿਆ। ਬੰਦਾ ਸਿੰਘ ਨੇ ਸਿਹਰ ਖੰਡੇ ਤੋ ਖਾਲਸਾ ਮਾਰਚ ਸ਼ੁਰੁੂ ਕੀਤਾ ਅਤੇ ਕੈਥਲ, ਸਮਾਣਾ,ਘੁੜਾਮ,ਸਢੌਰਾ,ਸ਼ਾਹਬਾਦ ਆਦਿ ਮੁਗਲ ਪਰਗਨਿਆਂ ਨੂੰ ਜਿੱਤਦਾ ਅਤੇ ਢਹਿ ਢੇਰੀ ਕਰਦਾ ਹੋਇਆ।ਸਰਹਿੰਦ ਪਹੁੰਚਿਆ ਸੀ।ਇਸ ਖਾਲਸਾਈ ਮਾਰਚ ਨੇ ਮੁਗਲ ਹਕੂਮਤ ਓੁਲਟਾ ਦਿੱਤੀ ਸੀ।ਬੰਦਾ ਬਹਾਦੁਰ ਨੇ ਸਰਹਿੰਦ ਪਹੁੰਚਣ ਤੋ ਪਹਿਲਾਂ ਸਰਹਿੰਦ ਸੂਬੇ ਦੇ ਖੰਭ ਝਾੜ ਦਿੱਤੇ ਕੈਥਲ,ਘੂੜਾਮ,ਸ਼ਾਹਬਾਦ,ਕਪੂਰੀ,ਸਢੌਰਾ ਅਤੇ ਬਨੂੜ ਸਰਹਿੰਦ ਦੀ ਰਾਜਧਾਨੀ ਲਈ ਬੁੱਲਵਰਕ ਦਾ ਕੰਮ ਕਰਨ ਵਾਲੀਆਂ ਸੈਨਿਕ ਚੌਕੀਆਂ ਸਨ।ਬੰਦਾ ਸਿੰਘ ਨੇ ਇਹਨਾਂ ਨੂੰ ਤਬਾਹ ਕਰ ਦਿੱਤਾ ਸੀ।ਵਜੀਰ ਖਾਨ ਇੰਨਾ ਘਬਰਾ ਗਿਆ ਕੇ ਕਿਸੇ ਵੀ ਫੌਜਦਾਰ ਦੀ ਮਦਦ ਲਈ ਨਹੀ ਪਹੁੰਚਿਆ।ਓੁਹ ਸਰਹਿੰਦ ਦੇ ਕਿਲੇ ਚ ਬੈਠਾ ਆਪਣੇ ਦਿਨ ਗਿਣ ਰਿਹਾ ਸੀ।ਸਰਹਿੰਦ ਫਤਿਹ ਕਰਨ ਤੋਂ ਪਹਿਲਾਂ ਚੱਪੜਚਿੜੀ ਦਾ ਯੁੱਧ ਓੁਸਨੂੰ ਮਹਾਨ ਜਰਨੈਲ ਸਾਬਿਤ ਕਰਦਾ ਹੈ।
ਸਰਹਿੰਦ ਜਿੱਤਣ ਲਈ ਬੰਦਾ ਸਿੰਘ ਬਨੂੜ ਜਿੱਤ ਕੇ ਸਰਹਿੰਦ ਦੀ ਬਜਾਏ ਚੱਪੜਚਿੜੀ ਮੈਦਾਨ ਚ ਆਇਆ।ਜਦੋ ਕੇ ਸਰਹਿੰਦ ਓੁੱਪਰ ਹਮਲਾ ਤਾਂ ਬਨੂੜ ਤੋ ਵੀ ਹੋ ਸਕਦਾ ਸੀ।ਬਨੂੜ ਤੋ ਜਿੰਨੀ ਦੂਰ ਚੱਪੜਚਿੜੀ ਸੀ ਓੁਨਾਂ ਹੀ ਦੂਰ ਸਰਹਿੰਦ ਸੀ।ਚੱਪੜਚਿੜੀ ਦੇ ਮੈਦਾਨ ਚ ਆਓੁਣ ਦਾ ਕਾਰਨ ਕੇ ਇੱਕ ਤਕੜਾ ਦਲ ਮਾਝੇ ਅਤੇ ਦੁਆਬੇ ਤੋ ਇਕੱਠਾ ਹੋ ਕੇ ਬੰਦਾ ਸਿੰਘ ਨਾਲ ਰਲਣ ਲਈ ਕੀਰਤਪੁਰ ਸਾਹਿਬ ਰੋਪੜ ਦੇ ਰਸਤੇ ਆ ਰਿਹਾ ਸੀ।ਪਹਿਲਾਂ ਤਾਂ ਇਸਨੂੰ ਰੋਪੜ ਵਿਖੇ ਹੀ ਮਲੇਰਕੋਟਲੇ ਤੇ ਰੋਪੜ ਦੀਆਂ ਫੌਜਾਂ ਨੇ ਰੋਕਣ ਦੀ ਨਾਕਾਮ ਕੋਸ਼ਿਸ਼ ਕੀਤੀ।ਇਹ ਦਲ ਰੋਪੜ ਲੰਘ ਕੇ ਬੰਦਾ ਸਿੰਘ ਵੱਲ ਆ ਰਿਹਾ ਸੀ।ਬੰਦਾ ਸਿੰਘ ਓੁਸ ਵੇਲੇ ਬਨੂੜ ਵਿਖੇ ਸੀ।ਜਿਓ ਹੀ ਵਜੀਰ ਖਾਨ ਨੂੰ ਇਸ ਗੱਲ ਦੀ ਖਬਰ ਮਿਲੀ ਕੇ ਰੋਪੜ ਤੋ ਖਾਲਸਾ ਦਲ ਮੁਗਲ ਫੌਜਾਂ ਨੂੰ ਹਰਾ ਕੇ ਬੰਦਾ ਸਿੰਘ ਵੱਲ ਆ ਰਿਹਾ ਤਾ ਬੰਦਾ ਸਿੰਘ(ਬਨੂੜ)ਆਓੁਣ ਦਾ ਰੋਪੜ ਦਾ ਰਸਤਾ ਕੁਰਾਲੀ ਤੇ ਖਰੜ ਵਿੱਚੋ ਦੀ ਹੀ ਸੀ।ਵਜੀਰ ਖਾਨ ਇਸ ਖਿਆਲ ਨਾਲ ਦੋਨਾਂ ਦਲਾਂ ਨੂੰ ਮਿਲਣ ਨਾ ਦਿੱਤਾ ਜਾਏ ਦੋਨਾਂ ਦਲਾਂ ਦਾ ਰਸਤਾ ਕੱਟਣ ਲਈ ਚੱਪੜਚਿੜੀ ਵੱਲ ਰਵਾਨਾ ਹੋ ਗਿਆ।ਬੰਦਾ ਸਿੰਘ ਤੇ ਮਾਝੇ ਦੁਆਬੇ ਵੱਲੋ ਆ ਰਹੇ ਖਾਲਸਾ ਦਲ ਦੀ ਰਵਾਨਗੀ ਤੇਜ ਸੀ।ਬੰਦਾ ਸਿੰਘ ਤੇਜੀ ਨਾਲ ਬਨੂੜ ਤੋ ਲਾਂਡਰਾ ਤੇ ਖਰੜ ਵੱਲ ਚਲ ਪਿਆ।
ਦੋਵਾਂ ਦਲਾਂ ਦਾ ਸੁਮੇਲ ਚੱਪੜਚਿੜੀ ਤੇ ਹੋ ਗਿਆ।ਬੰਦਾ ਬਹਾਦੁਰ ਲੜ੍ਹਾਈ ਪੱਖੋ ਚੱਪੜਚਿੜੀ ਦਾ ਸਭ ਤੋ ਵਧੀਆ ਹਿੱਸਾ ਰੋਕ ਕੇ ਬੈਠ ਗਿਆlਇੱਥੇ ਜਿਸ ਥਾਂ ਰਾਹੀ ਪਟਿਆਲਾ ਕੀ ਰਾਓ ਨਦੀ ਲੰਘਦੀ ਹੈ।ਇਥੇ ਹੀ ਨਦੀ ਦੇ ਸੱਜੇ ਪਾਸੇ ਇੱਕ ਬਹੁਤ ਓੁੱਚਾ ਟਿੱਬਾ ਸੀ।ਇਸ ਟਿੱਬੇ ਦੇ ਆਲੇ ਦੁਆਲੇ ਖੁਸ਼ਕ ਜੰਗਲ ਸਨ।ਬੰਦਾ ਸਿੰਘ ਬਹਾਦੁਰ ਇਸ ਪਾਸੇ ਨੂੰ ਰੋਕ ਕੇ ਓੁੱਚੇ ਟਿੱਬੇ ਓੁਪਰ ਮੋਰਚੇ ਲਾ ਕੇ ਖਲੋ ਗਿਆ ਸੀ।ਇੱਥੋ ਚਾਰੇ ਪਾਸੇ ਕਮਾਂਡ ਕੀਤੀ ਜਾ ਸਕਦੀ ਸੀ।ਨਦੀ ਪਾਣੀ ਦੀ ਸਹੂਲਤ ਮੁਹੱਈਆ ਕਰਦੀ ਸੀ।ਜੰਗਲ ਦੇ ਦਰੱਖਤ ਤੋਪਾਂ ਦੇ ਗੋਲਿਆਂ ਤੋ ਬਚਾਓ ਕਰਦੇ ਸਨ।ਟਿੱਬਾ ਵੈਸੇ ਹੀ ਕਮਾਂਡ ਕਰਨ ਵਾਲੀ ਸਥਿਤੀ ਵਿੱਚ ਸੀ।ਬੰਦਾ ਬਹਾਦੁਰ ਦੀ ਯੋਜਨਾਬੰਦੀ ਤੇ ਸਿੱਖਾਂ ਚ ਰਾਜਨੀਤਕ ਨਫਾ ਨੁਕਸਾਨ ਨਾ ਸੋਚਣ ਦੀ ਭਾਵਨਾ ਨੇ ਵਜੀਰ ਖਾਨ ਦੀ ਫੌਜ ਨੂੰ ਬੁਰੀ ਤਰਾ ਹਰਾਇਆ ਤੇ ਵਜੀਰ ਖਾਨ ਖੁਦ ਵੀ ਮਾਰਿਆ ਗਿਆ।ਵੱਡੀ ਗਿਣਤੀ ਵਿੱਚ ਘੋੜੇ ਧਨ ਦੌਲਤ ਹਥਿਆਰ ਜੇਤੂਆਂ ਦੇ ਹੱਥੀਂ ਲੱਗੇ।ਇਸ ਜਿੱਤ ਨੇ ਸਰਹਿੰਦ ਦੀ ਇੱਟ ਨਾਲ ਇੱਟ ਵਜਾਉਣ ਦੀ ਨੀਂਹ ਰੱਖ ਦਿੱਤੀ।ਸਰਹਿੰਦ ਦੇ ਮਹਿਲ ਹਵੇਲੀਆਂ ਕਿਲੇ ਤਬਾਹ ਕਰ ਦਿੱਤੇ ਗਏ ਸਾਰਾ ਗੋਲਾ ਬਾਰੂਦ ਖਤਮ ਹੋਣ ਤੱਕ ਸਰਹਿੰਦ ਦੇ ਸਰਕਾਰੀ ਅਦਾਰੇ ਮਹਿਲ ਮਲੀਆਮੇਟ ਹੁੰਦੇ ਰਹੇ।ਇੱਥੋ ਇੱਕ ਕਰੋਡ਼ ਦੇ ਕਰੀਬ ਦਾ ਮਾਲ ਬੰਦਾ ਸਿੰਘ ਬਹਾਦੁਰ ਦੇ ਹੱਥ ਲੱਗਿਆ।ਏਸ਼ੀਆ ਦਾ ਸਭ ਤੋ ਅਮੀਰ ਤੇ ਖੁਸ਼ਹਾਲ ਸ਼ਹਿਰ ਸੀ।ਜਿਥੇ ਸਾਰੇ ਮੁਗਲ ਅਹਿਲਕਾਰ ਤੇ ਅਧਿਕਾਰੀ ਠਹਿਰੇ ਸਨ।
ਇਹਨਾਂ ਜਿੱਤਾਂ ਨੇ ਪੰਜਾਬ ਚ ਮੁਗਲ ਰਾਜ ਦਾ ਅੰਤ ਕਰ ਦਿੱਤਾ।ਇਸ ਤੋਂ ਬਹਾਦਰ ਸ਼ਾਹ ਨੇ ਪੰਜਾਬ ਦਾ ਰੁਖ ਕੀਤਾ।ਪਰ ਓੁਸ ਤੋ ਜਿੱਤੇ ਇਲਾਕਿਆਂ ਨੂੰ ਬੰਦਾ ਸਿੰਘ ਨੇ ਦੁਬਾਰਾ ਫਿਰ ਜਿੱਤ ਲਿਆ ਬਹਾਦੁਰ ਸ਼ਾਹ ਜਿਓੁਦੇ ਜੀ ਬੰਦੇ ਨੂੰ ਕਾਬੂ ਨਾ ਕਰ ਸਕਿਆ।ਮੁਗਲਾਂ ਦੀ ਗੱਦੀ ਦੀ ਲੜ੍ਹਾਈ ਖਤਮ ਹੁੰਦਿਆਂ ਹੀ ਬੰਦੇ ਤੇ ਚੜ੍ਹਾਈ ਕੀਤੀ ਗੁਰਦਾਸ ਨੰਗਲ ਦੀ ਲੜ੍ਹਾਈ ਬੰਦਾ ਸਿੰਘ ਦੀ ਆਖਰੀ ਲੜ੍ਹਾਈ ਸੀ।ਜਿੱਥੇ 8 ਮਹੀਨੇ ਬੰਦਾ ਸਿੰਘ ਘੇਰਾ ਪਾਓੁਣ ਤੇ ਭੁੱਖ ਤੇ ਪਿਆਸ ਤੇ ਬਿਮਾਰੀਆਂ ਕਰਕੇ ਕਿਓਕਿ ਬਾਹਰੋ ਸਹਾਇਤਾ ਨਹੀ ਆਈ ਤੇ ਬਾਵਾ ਬਿਨੋਦ ਸਿੰਘ ਤੇ ਕਾਹਨ ਸਿੰਘ ਦੇ ਨਾਲ ਵਖਰੇਵਾਂ ਹੋਣ ਕਰਕੇ ਬੰਦਾ ਸਿੰਘ ਦੀ ਗ੍ਰਿਫਤਾਰੀ ਹੋਈ।ਬੰਦਾ ਸਿੰਘ ਨੇ ਸ਼ਹਾਦਤ ਵੇਲੇ ਵੀ ਸੂਰਾ ਸੋ ਪਹਿਚਾਨੀਅੇੈ ਜੋ ਲਰੈ ਦੀਨ ਕੇ ਹੇਤਿ ਪੁਰਜਾ ਪੁਰਜਾ ਕਟਿ ਮਰੇ ਕਬਹੂ ਨਾ ਛਾਡੇ ਖੇਤਿ ਨੂੰ ਸੱਚ ਕਰ ਵਿਖਾਇਆ।ਇਸ ਮਹਾਨ ਯੋਧੇ ਨੂੰ ਭੰਡਣ ਲਈ ਇਤਿਹਾਸਕਾਰਾਂ ਨੇ ਕੋਈ ਕਸਰ ਨਹੀ ਛੱਡੀ।ਡਾਕਟਰ ਗੰਡਾ ਸਿੰਘ ਦਾ ਕਹਿਣਾ ਹੈ,"ਮੈਂ ਮਹਿਸੂਸ ਕਰਦਾ ਸਾਂ ਕੇ ਪੰਜਾਬ ਦੇ ਇਸ ਮਹਾਨ ਯੋਧੇ ਤੇ ਸ਼ਹੀਦ ਨਾਲ ਨਿਆਂ ਨਹੀ ਹੋਇਆ।ਇਸ ਲਈ ਪੁਰਾਣੇ ਲਿਖਾਰੀਆਂ ਦੀਆਂ ਰਾਂਵਾਂ ਤੇ ਵਿਚਾਰਾਂ ਤੋ ਲਾਂਭੇ ਰਹਿ ਕੇ ਮੈਂ ਹਰ ਵਾਕਿਆ ਨੂੰ ਸਮਕਾਲੀ ਤੇ ਮੁੱਢਲੀਆਂ ਲਿਖਤਾਂ ਦੀ ਰੌਸ਼ਨੀ ਵਿੱਚ ਪਰਖਣਾ ਸ਼ੁਰੂ ਕਰ ਦਿੱਤਾ"।
ਸਭ ਤੋਂ ਡੂੰਘੀਆਂ ਜੜ੍ਹਾਂ ਵਾਲੀ ਗਲਤ ਫਹਿਮੀ ਕੇ ਬੰਦਾ ਬਹਾਦੁਰ ਨੇ ਤਾਕਤ ਵਿੱਚ ਆਓੁਣ ਓੁਪਰੰਤ ਆਪਣੇ ਆਪ ਨੂੰ ਗੁਰੂ ਅਖਵਾਓੁਣਾ ਸ਼ੁਰੂ ਕਰ ਦਿੱਤਾ।ਬਾਬਾ ਜੀ ਦਾ ਹਰ ਪਲ ਯੁੱਧਾਂ ਚ ਗੁਜਰਿਆ ਓੁਹਨਾਂ ਕੋਲ ਗੁਰੂ ਅਖਵਾਓੁਣ ਲਈ ਰੁਕਣ ਦਾ ਸਮਾਂ ਹੀ ਨਹੀ ਸੀ।ਓੁਹ ਤਾਂ ਗੁਰੂ ਸਾਹਿਬ ਵੱਲੋਂ ਸੌਪੇ ਕਾਰਜ ਨੂੰ ਨੇਪਰੇ ਚਾੜਦੇ ਰਹੇ ਤੇ ਓੁਹਨਾਂ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਸਿੱਕਾ ਜਾਰੀ ਕੀਤਾ ਜੇ ਓੁਹ ਆਪਣੇ ਆਪ ਨੂੰ ਗੁਰੂ ਅਖਵਾਓੁਣ ਲਗ ਜਾਂਦੇ ਤਾਂ ਫਿਰ ਸਿੱਕਾ ਵੀ ਆਪਣੇ ਨਾਮ ਤੇ ਜਾਰੀ ਕਰਨਾ ਸੀ।ਦੂਸਰਾ ਕੇ ਓੁਹਨਾਂ ਵਿਆਹ ਕਰਵਾ ਲਿਆ ਜਦਕਿ ਸਿੱਖੀ ਤਾ ਬ੍ਰਹਮਚਾਰੀ ਰਹਿਣ ਦੇ ਸਿਧਾਂਤ ਖਿਲਾਫ ਹੈ।ਗ੍ਰਹਿਸਥ ਨੂੰ ਮਨੁੱਖ ਦੀ ਸਰੀਰਕ ਤੇ ਮਾਨਸਿਕ ਲੋੜ ਵੱਜੋ ਮਾਨਤਾ ਦਿੰਦੀ ਹੈ।ਕੁਝ ਓੁਹਨਾ਼ ਨੂੰ ਮਹਿਜ ਬਦਲਾ ਲੈਣ ਵਾਲੇ ਮਨੁੱਖ ਤਕ ਸੀਮਤ ਕਰਦੇ ਨੇ ਜੇਕਰ ਓੁਹਨਾਂ ਦੀ ਗਲ ਮੰਨ ਲਈ ਜਾਵੇ ਕੇ ਗੁਰੂ ਜੀ ਨੇ ਬੰਦੇ ਨੂੰ ਸਾਹਿਬਜਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਪੰਜਾਬ ਭੇਜਿਆ ਸੀ ਤਾਂ ਸਰਹਿੰਦ ਫਤਹਿ ਓੁਪਰੰਤ ਓੁਸ ਦਾ ਕਾਰਜ ਖਤਮ ਹੋ ਜਾਣਾ ਸੀ।
ਇਹ ਮਹਾਨ ਜਰਨੈਲ ਨੇ ਜਿਥੇ ਨਾ ਬਰਾਬਰੀ ਤੇ ਸਦੀਆਂ ਦੇ ਲਤਾੜਿਆਂ ਲਈ ਬੇਮਿਸਾਲ ਯੁੱਧ ਲੜਕੇ ਸਿੱਖ ਵਿਚਾਰਧਾਰਾ ਦਾ ਝੰਡਾ ਬੁਲੰਦ ਕੀਤਾ।ਬਾਬਾ ਬੰਦਾ ਸਿੰਘ ਬਹਾਦਰ ਦਾ ਦੌਰ ਸਿੱਖ ਲਹਿਰ ਦਾ ਸਿਖਰ ਸੀ ਜਿਸ ਨੇ ਸਿੱਖੀ ਦੇ ਆਸ਼ਿਆ ਮੁਤਾਬਿਕ ਸਮਾਜ ਵਿੱਚ ਜਮੀਨ ਦੀ ਕਾਣੀ ਵੰਡ ਖਤਮ ਕਰਕੇ ਕਿਰਤੀਆਂ ਦੀ ਲੁੱਟ ਨੂੰ ਖਤਮ ਕਰਨ ਵਾਲੇ ਪਾਸੇ ਬੇਮਿਸਾਲ ਕਾਰਜ ਕੀਤਾ। ਓੁਥੇ ਹੀ ਮੁਗਲ ਹਕੂਮਤ ਦੇ ਅਜਿੱਤ ਹੋਣ ਦੇ ਭਰਮ ਨੂੰ ਤੋੜ ਸੁੱਟਿਆ ਓੁਥੇ ਬੰਦਾ ਸਿੰਘ ਨੇ ਓੁਹਨਾਂ ਵਰਗਾਂ ਨੂੰ ਰਾਜ ਭਾਗ ਦਾ ਪਹਿਲਾ ਸਵਾਦ ਚਖਾਇਆ ਜਿਹਨਾਂ ਨੂੰ ਸਦੀਆਂ ਤੋ ਹੀਣ ਅਤੇ ਅਯੋਗ ਮੰਨਿਆ ਜਾ ਰਿਹਾ ਸੀ।ਬੰਦਾ ਸਿੰਘ ਬਹਾਦੁਰ ਦੀ ਅਡੋਲ ਸ਼ਹਾਦਤ ਅੱਗੇ ਜਿਸ ਤਰਾਂ ਹਕੂਮਤ ਬੇਵੱਸ ਹੋਈ ਪਈ ਸੀ।ਓੁਸ ਤੋ ਸੱਚ ਦੇ ਪਾਂਧੀਆਂ ਅੰਦਰ ਅਜਿੱਤ ਅਤੇ ਅਮਰ ਹੋਣ ਦਾ ਨਵਾਂ ਅਹਿਸਾਸ ਪੈਦਾ ਹੋਇਆ।
ਪਰ ਬੰਦਾ ਬਹਾਦੁਰ ਨੂੰ ਮਹਿਜ ਲੜਾਕੇ ਯੋਧੇ ਵਜੋ ਪੇਸ਼ ਕੀਤਾ ਗਿਆ।ਓੁਸਦੇ ਮੁਗਲਾਂ ਨਾਲ ਯੁੱਧ ਚ ਟੱਕਰ ਲੈਣ ਤੇ ਦੇ ਵੇਰਵਿਆਂ ਨੂੰ ਵਾਰ ਵਾਰ ਭਾਵੁਕਤ ਸ਼ਬਦਾਵਲੀ ਚ ਪੇਸ਼ ਕੀਤਾ ਗਿਆ।ਓੁਸ ਦੁਆਰਾ ਛੋਟੇ ਸਾਹਿਬਜਾਦਿਆਂ ਦਾ ਬਦਲਾ ਲੈਣ ਦੇ ਪ੍ਰਸੰਗ ਨੂੰ ਓੁਭਾਰਿਆ ਜਾਂਦਾ ਹੈ।ਬਾਬਾ ਬੰਦਾ ਸਿੰਘ ਦੀ ਪੇਸ਼ਕਾਰੀ ਹਿੰਸਾ ਦੀ ਪ੍ਰਵਚਨਕਾਰੀ ਦੇ ਘੇਰੇ ਚ ਸਿਮਟ ਜਾਂਦੀ ਹੈ।ਓੁਹ ਮਹਿਜ ਯੋਧਾ ਨਹੀ ਬਲਕਿ ਸਮਾਜ ਦੀ ਬੁਨਿਆਦ ਨੂੰ ਜੜੋ ਪੁੱਟਣ ਵਾਲੀ ਮਹਾਨ ਸ਼ਖਸ਼ੀਅਤ ਸੀ ਜੋ ਸਮਾਜ ਜਾਤੀ, ਜਮਾਤੀ ਜਬਰ ਤੇ ਅਧਾਰਿਤ ਸੀ।
ਬਾਬਾ ਬੰਦਾ ਸਿੰਘ ਨੂੰ ਸਿੱਖਾਂ ਅਤੇ ਪੰਜਾਬ ਤੱਕ ਸੀਮਤ ਕਰਕੇ ਵੇਖੇ ਜਾਣ ਨਾਲ ਗੁਲਾਮ ਭਾਰਤ ਦੇ ਮੁਕਤੀ ਦਾਤਾ ਵੱਜੋ ਨਿਭਾਈ ਓੁਹਨਾਂ ਦੀ ਪਥ ਪਰਦਰਸ਼ਕ ਭੂਮਿਕਾ ਸਾਹਮਣੇ ਨਹੀ ਆ ਸਕੇਗੀ।ਮੌਜੂਦਾ ਸਮੇ ਵੀ ਮੋਦੀ ਹਕੂਮਤ ਜਾਬਰ ਮੁਗਲ ਹਕੂਮਤ ਵਾਂਗ ਕੰਮ ਕਰ ਰਹੀ ਹੈ ਦੇਸ਼ ਦੀ ਜਮੀਨ ਕਾਰੋਪੋਰੇਟ ਲੁਟੇਰਿਆਂ ਨੂੰ ਲੁਟਾਓੁਣ ਦੀ ਕੋਸ਼ਿਸ਼ ਕਰ ਰਹੀ ਹੈ।ਕਿਰਤੀ ਲੋਕ ਦਿੱਲੀ ਦਰਬਾਰ ਖਿਲਾਫ ਜੂਝ ਰਹੇ ਨੇ ਅਜਿਹੇ ਮੌਕੇ ਆਪਣੇ ਰਹਿਬਰਾਂ ਨੂੰ ਯਾਦ ਕਰਨਾ ਓੁਹਨਾਂ ਤੋ ਪ੍ਰੇਰਣਾ ਲੈ ਕੇ ਅੱਗੇ ਵਧਣਾ ਲਾਜਿਮ ਹੈ।ਆਓ ਬਾਬਾ ਬੰਦਾ ਸਿੰਘ ਬਹਾਦੁਰ ਜੀ ਤੋ ਪ੍ਰੇਰਣਾ ਲੈ ਕੇ ਓੁਹਨਾਂ ਦੇ ਸ਼ਹੀਦੀ ਦਿਹਾੜੇ ਤੇ ਕਿਰਤੀਆਂ ਦੀ ਜਿੱਤ ਤੱਕ ਜੱਦੋਜਹਿਦ ਦਾ ਪ੍ਰਣ ਕਰੀਏ।
-
ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਆਗੂ ਸੰਯੁਕਤ ਕਿਸਾਨ ਮੋਰਚਾ
*****************
7837822355
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.