ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਇੱਕ ਕਥਨ ਸੀ ਕਿ ਮੈਂ ਸਰੀਰਕ ਮੌਤ ਨੂੰ ਮੌਤ ਨਹੀਂ ਸਮਝਦਾ ਪਰ ਜ਼ਮੀਰ ਦਾ ਮਰ ਜਾਣਾ ਯਕੀਨਣ ਮੌਤ ਹੈ, ਅੱਜ 37 ਸਾਲ ਬਾਅਦ ਵੀ ਸਰੀਰਕ ਮੌਤ ਨਾਲੋਂ ਓਨਾ ਵਲੋਂ ਆਪਣੀ ਜਗਾਈ ਜ਼ਮੀਰ ਦਾ ਕਿੱਸਾ ਇੱਕ ਸੁਨਹਿਰੀ ਇਤਿਹਾਸ ਦਾ ਪੰਨਾ ਬਣ ਗਿਆ ਹੈ ਗੱਲ ਸਿਰਫ਼ ਅੱਜ ਦੀ ਹੀ ਨਹੀਂ ਰਹਿੰਦੀ ਦੁਨੀਆ ਤੱਕ ਸੰਤਾਂ ਦੀ ਕੌਮ ਅਤੇ ਪੰਜਾਬ ਪ੍ਰਤੀ ਦਿੱਤੀ ਕੁਰਬਾਨੀ ਨੂੰ ਇਕੱਲੀ ਸਿੱਖ ਕੌਮ ਹੀ ਨਹੀਂ ਦੁਨੀਆਂ ਵੀ ਯਾਦ ਰੱਖੇਗੀ ,ਕਿਉਂਕਿ ਉਨ੍ਹਾਂ ਨੇ ਆਪਣੀ ਕਹਿਣੀ ਅਤੇ ਕਰਨੀ ਇੱਕ ਕਰਕੇ ਵਿਖਾਈ ਹੈ। ਦੂਸਰੇ ਪਾਸੇ ਸਾਡੇ ਅੱਜ ਦੇ ਪੰਜਾਬ ਦੇ ਸਿਆਸਤਦਾਨ ਹਨ ਜੋ ਕਹਿੰਦੇ ਕੁਝ ਹੋਰ ਹਨ ,ਕਰਦੇ ਕੁਝ ਹੋਰ ਹਨ , ਲੋਕਾਂ ਦੀਆਂ ਭਾਵਨਾਵਾਂ ਨਾਲ ਵੱਡਾ ਵਿਸ਼ਵਾਸਘਾਤ ਕਰਦੇ ਹਨ, ਤਾਜ਼ਾ ਓੁਦਹਾਰਣ ਸੁਖਪਾਲ ਸਿੰਘ ਖਹਿਰਾ ਦੀ ਹੈ ਜਿਸ ਦੀ ਸੋਸ਼ਲ ਮੀਡੀਆ ਤੇ ਇਕ ਹਫ਼ਤੇ ਤੋਂ ਵੱਡੇ ਪੱਧਰ ਤੇ ਕੁੱਤੇ ਖਾਣੀ ਹੋ ਰਹੀ ਹੈ ਕਿਉਂਕਿ ਖਹਿਰਾ ਆਪਣੀ ਰਾਜਨੀਤਿਕ ਕਹਿਣੀ ਅਤੇ ਕਰਨੀ ਉੱਤੇ ਖ਼ਰਾ ਨਹੀਂ ਉਤਰਿਆ ।
ਪੰਜਾਬ ਦੇ ਲੋਕ ਪਿਛਲੇ ਕੁੱਝ ਅਰਸੇ ਤੋਂ ਰਵਾਇਤੀ ਪਾਰਟੀਆਂ ਅਕਾਲੀ ਕਾਂਗਰਸ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੇ ਹਨ ਉਹ ਪੰਜਾਬ ਦੀ ਸਿਆਸਤ ਵਿੱਚ ਕੁਝ ਬਦਲਾਅ ਚਾਹੁੰਦੇ ਹਨ ਸੁਖਪਾਲ ਸਿੰਘ ਖਹਿਰਾ ਰਵਾਇਤੀ ਪਾਰਟੀਆਂ ਦੇ ਖ਼ਿਲਾਫ਼ ਇੱਕ ਮਾਸੂਮ ਮੂਵਮੈਂਟ ਦੇ ਨੇਤਾ ਬਣਦਾ ਜਾ ਰਿਹਾ ਸੀ ,ਲੋਕਾਂ ਨੂੰ ਖਹਿਰੇ ਦੇ ਵਿੱਚ ਪੰਜਾਬ ਦਾ ਭਵਿੱਖ ਦਿਸਦਾ ਸੀ ਕਿਉਂਕਿ ਅਕਾਲੀਆਂ ਕਾਂਗਰਸ ਦੀਆਂ ਨਾਕਾਮੀਆਂ ਨੂੰ ਖਹਿਰਾ ਕਿਤੇ ਪੰਜਾਬ ਦੇ ਪੁਲਾਂ ਤੇ ,ਕਿਤੇ ਸੜਕਾਂ ਤੇ ,ਕਿਤੇ ਚੁਰਾਹਿਆਂ ਤੇ ਖੜ੍ਹ ਕੇ ਵੱਡੇ ਤੱਥਾਂ ਦੇ ਆਧਾਰ ਤੇ ਭੰਡਦਾ ਸੀ ਪਰ ਅੱਜ ਆਪਣੇ ਛੋਟੇ ਜਿਹੇ ਸੁਖ ਦੀ ਖਾਤਰ ਜਾਂ ਵਿਧਾਇਕ ਬਣਨ ਦੀ ਖਾਤਰ ਉਹ ਕਾਂਗਰਸ ਦੀ ਝੋਲੀ ਵਿੱਚ ਜਾ ਬੈਠਿਆ ਓੁਹ ਵੀ ਉਸ ਦਿਨ ਜਦੋਂ ਪੂਰੀ ਸਿੱਖ ਕੌਮ ਕਾਂਗਰਸ ਦੇ ਵਰਤਾਏ ਕਹਿਰ 1984 ਦੇ ਦਰਬਾਰ ਸਾਹਿਬ ਦੇ ਘੱਲੂਘਾਰੇ ਦੇ ਸੰਤਾਪ ਨੂੰ ਯਾਦ ਕਰ ਰਹੀ ਸੀ , ਇਸ ਸੰਤਾਪ ਵਿੱਚ ਉੱਜੜੇ ਪਰਿਵਾਰਾਂ ਦੇ ਮੂੰਹੋਂ ਫਿੱਟੇ ਮੂੰਹ ਦੇ ਸਿਵਾਏ ਖਹਿਰੇ ਪ੍ਰਤੀ ਕੋਈ ਸ਼ਬਦ ਨਹੀਂ ਨਿਕਲੇ ਚਲੋ ਮਰੇ ਮੁੱਕਰੇ ਦਾ ਇੱਥੇ ਕੋਈ ਗਵਾਹ ਨਹੀਂ ਹੁੰਦਾ ,ਪ੍ਰਮਾਤਮਾ ਖਹਿਰੇ ਦੀ ਮਰੀ ਜ਼ਮੀਰ ਨੂੰ ਸ਼ਾਂਤੀ ਬਖ਼ਸ਼ੇ । ਇਹ ਪੰਜਾਬ ਦੇ ਲੋਕਾਂ ਨਾਲ ਕੋਈ ਨਵਾਂ ਧੋਖਾ ਨੀ ਹੋਇਆ 1947 ਤੋਂ ਬਾਅਦ ਬੜੇ ਲੀਡਰ ਆਏ ਤੇ ਬੜੇ ਗਏ ਜੋ ਪੰਜਾਬ ਦੇ ਭਵਿੱਖ ਦਾ ਖਿਲਵਾੜ ਕਰਦੇ ਰਹੇ ਇਨ੍ਹਾਂ ਲੀਡਰਾਂ ਦੇ ਪੰਜਾਬ ਨੂੰ ਲੁੱਟਣ, ਕੁੱਟਣ ਦੇ ਅਤੇ ਧੋਖੇਧੜੀਆਂ ਕਰਨ ਦੇ ਬਾਵਜੂਦ ਵੀ ਪੰਜਾਬ ਅੱਜ ਵੀ ਵਸਦਾ ਹੈ ।
ਹੁਣ ਪੰਜਾਬੀਆਂ ਦੀਆਂ ਅਗਲੀਆਂ ਵੱਡੀਆਂ ਆਸਾਂ ਕਿਸਾਨ ਮੋਰਚੇ ਦੇ ਆਗੂਆਂ ਅਤੇ ਆਮ ਆਦਮੀ ਪਾਰਟੀ ਤੋਂ ਇਲਾਵਾ ਕਾਂਗਰਸ ਪਾਰਟੀ ਵਿੱਚ ਆਪਣੀ ਕੁਰਸੀ ਹਾਸਿਲ ਕਰਨ ਦੀ ਜੱਦੋ ਜਹਿਦ ਕਰ ਰਹੇ ਨਵਜੋਤ ਸਿੱਧੂ ਅਤੇ ਪਰਗਟ ਸਿੰਘ ਤੋਂ ਹਨ।
ਸਿੱਧੂ ਅਤੇ ਪਰਗਟ ਵੀ ਪੰਜਾਬ ਦੇ ਲੋਕਾਂ ਦੇ ਰਾਜਨੀਤਕ ਜਜ਼ਬਾਤਾਂ ਦਾ ਇੱਕ ਵਹਿਣ ਹੀ ਹਨ ਕਿਉਂਕਿ ਸਿੱਧੂ ਨੇ ਕਰਤਾਰਪੁਰ ਦੇ ਲਾਂਘੇ ਵਿੱਚ ਥੋੜ੍ਹੀ ਬਹੁਤੀ ਉਸਾਰੂ ਭੂਮਿਕਾ ਨਿਭਾਈ ਹੈ ਤੇ ਕ੍ਰਿਕਟ ਖੇਡੀ ਹੈ ਜਦਕਿ ਪਰਗਟ ਵੀ ਹਾਕੀ ਦਾ ਚੰਗਾ ਖਿਡਾਰੀ ਰਿਹਾ ਹੈ ਪਰ ਪੰਜਾਬ ਦੇ ਗੰਭੀਰ ਮੁੱਦਿਆਂ ਬਾਰੇ ਦੋਨੋਂ ਹੀ ਕਦੇ ਗੰਭੀਰ ਨਹੀਂ ਹੋਏ ਨਾ ਹੀ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਇਹ ਗਿਆਨਵਾਨ ਦਿਸੇ ਹਨ ਘੱਲੂਘਾਰੇ ਹਫ਼ਤੇ ਦੌਰਾਨ ਸਿੱਖ ਹੋਣ ਦੇ ਨਾਤੇ ਵੀ ਦੋਹਾਂ ਨੇਤਾਵਾਂ ਦੇ ਮੂੰਹੋਂ ਹਮਦਰਦੀ ਦੇ ਇੱਕ ਸ਼ਬਦ ਨਹੀਂ ਨਿਕਲਿਆ, ਸਿੱਧੂ ਨੇ ਤਾਂ ਹਮੇਸ਼ਾਂ ਹੀ ਆਪਣੀ ਸ਼ੇਅਰੋ ਸ਼ਾਇਰੀ ਨਾਲ ਆਪਣੀ ਗੱਲ ਮਨਾਉਣ ਦਾ ਯਤਨ ਕੀਤਾ ਪੰਜਾਬ ਦੇ ਲੋਕਾਂ ਦੀ ਵਿਚਾਰਧਾਰਾ ਦੀ ਕਦੇ ਵੀ ਤਰਜਮਾਨੀ ਨਹੀਂ ਕੀਤੀ ਜਦਕਿ ਹਾਲ ਪਰਗਟ ਸਿੰਘ ਦਾ ਵੀ ਸਿੱਧੂ ਵਾਲਾ ਹੀ ਰਿਹਾ, ਪਰਗਟ ਬਾਰੇ ਤਾਂ ਉਸਦੇ ਨਾਲ ਦੇ ਨੇੜਲੇ ਸਾਥੀ ਹੀ ਦੱਸਦੇ ਹਨ ਕਿ ਇਹ ਬੰਦਾ ਜਿੱਥੇ ਵੀ ਗਿਆ ਓੁਥੇ ਬੇੜਾ ਗਰਕ ਕਰਕੇ ਹੀ ਗਿਆ ਹੈ।
ਭਾਰਤੀ ਹਾਕੀ ਟੀਮ ਵਿੱਚ ਆਪਣੇ 11 ਸਾਲ ਦੇ ਕੈਰੀਅਰ ਵਿੱਚ ਇਸਦਾ ਕੋਈ ਪ੍ਰਮੁੱਖ ਮੈਡਲ ਨਹੀਂ, ਫੇਰ ਟੀਮ ਇੰਡੀਆ ਵਿੱਚ ਸਿਵਾਏ ਫੁੱਟ ਅਤੇ ਕਪਤਾਨੀ ਮੰਗਣ ਤੋਂ ਕੀਤਾ ਕੁਝ ਨਹੀਂ , ਰੇਲਵੇ , ਅਲਕਲੀਜ਼,ਪੰਜਾਬ ਪੁਲੀਸ ਦੀਆਂ ਹਾਕੀ ਟੀਮਾਂ ਵਿੱਚ ਸੁੱਕਨੀ ਮਾਮੇ ਵਾਲੀ ਭੂਮਿਕਾ ਨਿਭਾਓੁਣ ਦੇ ਉਸ ਦੇ ਵੱਡੇ ਕਿੱਸੇ ਹਨ । ਅਕਾਲੀ ਅਤੇ ਕਾਂਗਰਸ ਦੀਆਂ ਸਰਕਾਰਾਂ ਵਿੱਚ ਹਰ ਵੇਲੇ ਆਪਣੀ ਮੰਤਰੀ ਵਾਲੀ ਕੁਰਸੀ ਮੰਗਣ ਤੋਂ ਇਲਾਵਾ ਪੰਜਾਬ ਲਈ ਕੀ ਮੰਗਿਆ ,ਪਰਗਟ ਪੰਜਾਬ ਦੇ ਹੱਕਾਂ ਲਈ ਕਿੱਥੇ ਖੜਿਆ ,ਸਿੱਖਾਂ ਦੇ ਕਤਲੇਆਮ ਦੀ ਗੱਲ ਕਿਸ ਪਲੇਟਫਾਰਮ ਤੇ ਕੀਤੀ, ਜੇ ਗੱਲ ਕੀਤੀ ਹੈ ਪੰਜਾਬ ਦੀ ਨਹੀਂ ਆਪਣੀ ਲਾਲਸਾ ਦੀ ਹੀ ਕੀਤੀ ਹੈ ਪਰ ਮੌਕਾ ਅਜੇ ਵੀ ਪਰਗਟ ਅਤੇ ਸਿੱਧੂ ਦੇ ਹੱਥ ਵਿੱਚ ਹੈ ਕਿ ਆਪਣੀਆਂ ਕੁਰਸੀਆਂ ਅਤੇ ਲਾਲਚਾਂ ਦੇ ਮੋਹ ਤਿਆਗ ਕੇ ਦਿੱਲੀ ਦੀਆਂ ਸੜਕਾਂ ਤੇ ਕਿਸਾਨ ਮੋਰਚੇ ਤੇ ਜਾ ਕੇ ਬੈਠ ਜਾਣ ,ਪੰਜਾਬ ਦੇ ਅੰਨਦਾਤੇ ਦੀ ਆਵਾਜ਼ ਨੂੰ ਬੁਲੰਦ ਕਰਨ ,ਉਸ ਦੇ ਇਨਸਾਫ ਦੀ ਗੱਲ ਕਰਨ ,ਪੰਜਾਬ ਦੇ ਭਵਿੱਖ ਨੂੰ ਸੰਵਾਰਨ ਦੀ ਗੱਲ ਕਰਨ ,ਫੇਰ ਤਾਂ ਕੋਈ ਇਨ੍ਹਾਂ ਤੇ ਝਾਕ ਕੀਤੀ ਜਾ ਸਕਦੀ ਹੈ ਨਹੀਂ ਤਾਂ ਫਿਰ ਫਲਾਪ ਹੋਏ ਸੁਖਪਾਲ ਸਿੰਘ ਖਹਿਰਾ , ਜਗਮੀਤ ਸਿੰਘ ਬਰਾੜ ਅਤੇ ਹੋਰ ਕੁਰਸੀ ਦੇ ਲਾਲਚੀਆਂ ਲੀਡਰਾਂ ( ਜਿਨ੍ਹਾਂ ਦੀ ਸੂਚੀ ਕਾਫ਼ੀ ਲੰਬੀ ਹੈ) ਵਾਂਗ ਹੀ ਚੱਲਣ ਤੋਂ ਪਹਿਲਾਂ ਹੀ ਪਰਗਟ ਅਤੇ ਸਿੱਧੂ ਵੀ ਠੁੱਸ ਹੋ ਜਾਣਗੇ ਕਿਉਂਕਿ ਚੰਗਾ ਨੇਤਾ ਲੋਕਾਂ ਦੇ ਜਜ਼ਬਾਤਾਂ ਦੇ ਵਹਿਣ ਨਾਲੋਂ ਕਦੇ ਵੀ ਟੁੱਟਦਾ ਨਹੀਂ ਹੁੰਦਾ ਪਰ ਜੇ ਨੇਤਾ ਲੋਕ ਜਜ਼ਬਾਤਾਂ ਦੀ ਬੇਕਦਰੀ ਕਰ ਜਾਣ ਤਾਂ ਲੋਕ ਮੁੜ ਕਦੇ ਮੂੰਹ ਵੀ ਨਹੀਂ ਲਾਉਂਦੇ ਹੁੰਦੇ ਇਹ ਪੰਜਾਬ ਦੇ ਪਿਛਲੇ ਇਤਿਹਾਸ ਵੱਲ ਵੀ ਝਾਤ ਮਾਰ ਲੈਣੀ ਚਾਹੀਦੀ ਹੈ ।
ਪੰਜਾਬ ਦੀ ਸਿਆਸਤ ਅੱਜ ਇਕ ਅਜਿਹੇ ਮੋੜ ਤੇ ਖੜ੍ਹੀ ਹੈ ਕਿ ਜਿਸ ਤਰ੍ਹਾਂ ਯਤੀਮ ਬੱਚਿਆਂ ਨੂੰ ਕਿਸੇ ਵੱਡੇ ਆਸਰੇ ਦੀ ਲੋੜ ਹੁੰਦੀ ਹੈ ਜਦੋਂ ਆਸਰਾ ਮਿਲ ਜਾਂਦਾ ਹੈ ਤਾਂ ਮੰਜ਼ਿਲ ਵੀ ਮਿਲ ਜਾਂਦੀ ਹੈ, ਅੱਜ ਪੰਜਾਬ ਦੀ ਸਿਆਸਤ ਅਤੇ ਲੋਕਾਂ ਦੇ ਹਲਾਤ ਯਤੀਮਾਂ ਵਾਲੇ ਹਨ, ਨੇਤਾ ਲੋਕ ਪੰਜਾਬ ਦੀ ਸਿਆਸਤ ਨੂੰ ਲੁੱਟ ਲੁੱਟ ਕੇ ਅਮੀਰ ਹੋ ਰਹੇ ਹਨ ਜਦਕਿ ਆਮ ਲੋਕ ਗ਼ਰੀਬੀ, ਭੁੱਖਮਰੀ, ਸਿੱਖਿਆ ਅਤੇ ਸਿਹਤ ਸਹੂਲਤਾਂ ਤੋਂ ਵਾਂਝੇ ,ਮਹਿੰਗਾਈ ਬੇਰੁਜ਼ਗਾਰੀ , ਅਤੇ ਹੋਰ ਕਮੀਆਂ ਤਰੁੱਟੀਆਂ ਦੇ ਸ਼ਿਕਾਰ ਹਨ , ਅੱਜ ਸਮੇਂ ਦੀ ਲੋੜ ਹੈ ਕਿ ਜੇ ਕੋਈ ਚੰਗੀ ਵਾਗਡੋਰ ਸੰਭਾਲਣ ਵਾਲਾ ਨੇਤਾ ਮਿਲ ਜਾਵੇਗਾ ਤਾਂ ਪੰਜਾਬ ਵੀ ਬਚ ਜਾਵੇਗਾ । ਕਿਉਂਕਿ ਇਤਿਹਾਸ ਬਣਾਉਣ ਲਈ ਆਪਣਾ ਆਪ ਵਾਰਨਾ ਪੈਂਦਾ ਹੈ ਇਤਿਹਾਸ ਬਿਆਨਬਾਜ਼ੀ ਜਾਂ ਗੱਲਬਾਤਾਂ ਨਾਲ ਨਹੀਂ ਬਣਦੇ ,ਸਿੱਧੂ ਤੇ ਪਰਗਟ ਆਪਣੀਆਂ ਕਮੀਆਂ ਅਤੇ ਲਾਲਸਾਂ ਵਾਲੀ ਪੀੜ੍ਹੀ ਥੱਲੇ ਸੋਟਾ ਫੇਰ ਕੇ ਦੇਖਣ ਕਿ ਕਮੀ ਕਿੱਥੇ ਹੈ ਜੇ ਓਨਾ ਪੰਜਾਬ ਬਚਾਉਣਾ, ਨਹੀਂ ਫੇਰ ਬਾਦਲਾਂ ਦੇ 5 ਵਾਰ ਮੁੱਖ ਮੰਤਰੀ ਬਨਣ ਤੋਂ ਬਾਅਦ ਵੀ ਸਿਰ ਸਵਾਹ ਪਈ ਜਾਂਦੀ ਹੈ ਤੁਹਾਡੇ ਕੁੱਝ ਬਿਨ ਬਣਿਆ ਹੀ ਪੈ ਜਾਣੀ ਹੈ , ਇਹ ਗੁਰੂਆਂ ਪੀਰਾਂ ਦਾ ਬੰਨਿਆ ਪੰਜਾਬ ਹੈ ਲੋਕਾਂ ਦੇ ਜਜ਼ਬਾਤਾਂ ਦੀ ਕਦਰ ਕਰੋ , ਪੰਜਾਬ ਪਹਿਲਾਂ ਵੀ ਵਸਦਾ ਸੀ ਅੱਜ ਵੀ ਵੱਸਦਾ ਹੈ ਅੱਗੇ ਵੀ ਵਸੇਗਾ । ਮੇਰੇ ਵਤਨ ਪੰਜਾਬ ਦਾ ਰੱਬ ਰਾਖਾ !
-
ਜਗਰੂਪ ਸਿੰਘ ਜਰਖੜ, ਖੇਡ ਲੇਖਕ
jagroopjarkhar@gmail.com
9814300722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.