ਸਮਾਜਿਕ ਸਰੋਕਾਰਾਂ ਅਤੇ ਰੁਮਾਂਸਵਾਦ ਦੇ ਸੁਮੇਲ ਵਾਲੇ ਗੀਤ ਲਿਖਕੇ ਗਾਉਣ ਅਤੇ ਭੰਗੜੇ ਨੂੰ ਕੱਚੀ ਜ਼ਮੀਨ ਦੇ ਅਖਾੜੇ ਤੋਂ ਸਟੇਜ ਤੇ ਲਿਆਉਣ ਵਾਲਾ ਕੋਰੀਓਗ੍ਰਾਫਰ ਪੁਆਧੀ ਅਖਾੜਿਆਂ ਦੀ ਸ਼ਾਨ ਰੱਬੀ ਬੈਰੋਂਪੁਰੀ ਸੰਖੇਪ ਬਿਮਾਰੀ ਤੋਂ ਬਾਅਦ ਸਵਰਗਵਾਸ ਹੋ ਗਏ। ਉਹ 84 ਸਾਲ ਦੇ ਸਨ। 1957 ਤੋਂ ਪਹਿਲਾਂ ਪਿੰਡਾਂ ਵਿਚ ਭੰਗੜਾ ਕੱਚੇ ਜ਼ਮੀਨੀ ਅਖਾੜਿਆਂ ਵਿਚ ਗੋਲ ਘੇਰੇ ਵਿਚ ਖੜਕੇ ਪਾਇਆ ਜਾਂਦਾ ਸੀ। ਭੰਗੜਾ ਪਾਉਣ ਵਾਲਿਆਂ ਵਿਚ ਕੁੜੀਆਂ ਬਣੇ ਲੜਕੇ ਨਚਾਰਾਂ ਦੇ ਰੂਪ ਵਿਚ ਹੁੰਦੇ ਸਨ। ਉਦੋਂ ਕੁੜੀਆਂ ਨੂੰ ਸਟੇਜਾਂ ਤੇ ਆਉਣ ਦੀ ਇਜਾਜ਼ਤ ਨਹੀਂ ਹੁੰਦੀ ਸੀ।
ਰੱਬੀ ਬੈਰੋਂਪੁਰੀ ਅਜਿਹਾ ਕਲਾਕਾਰ ਸੀ, ਜਿਸਨੇ ‘‘ਰੱਬੀ ਬੈਰੋਂਪੁਰੀ ਭੰਗੜਾ ਪਾਰਟੀ’’ ਬਣਾਕੇ ਭੰਗੜੇ ਨੂੰ ਸਟੇਜ ਬਣਾਕੇ ਉਸ ਉੱਪਰ ਪਾਉਣ ਦੀ ਰੀਤ ਸ਼ੁਰੂ ਕੀਤੀ। ਉਨ੍ਹਾਂ ਦੀ ਭੰਗੜਾ ਟੀਮ ਦੇ ਮੈਂਬਰ ਸਮਾਜ ਵਿਚ ਉੱਤੇ ਰੁਤਬਿਆਂ ਤੇ ਪਹੁੰਚੇ, ਜਿਨ੍ਹਾਂ ਵਿਚੋਂ ਇਕ ਪੰਜਾਬ ਦਾ ਮੰਤਰੀ ਵੀ ਬਣਿਆਂ। ਪ੍ਰੰਤੂ ਰੱਬੀ ਭੈਰੋਂਪੁਰੀ ਸਿਰਫ਼ ਭੰਗੜੇ ਨੂੰ ਹੀ ਸਮਰਪਿਤ ਹੀ ਰਿਹਾ। ਉਨ੍ਹਾਂ ਦਾ ਕੈਰੀਅਰ ਬਣਾਉਣ ਵਿਚ ਡਾ ਮਹਿੰਦਰ ਸਿੰਘ ਰੰਧਾਵਾ ਦਾ ਯੋਗਦਾਨ ਮਹੱਤਵਪੂਰਨ ਰਿਹਾ ਹੈ ਅਤੇ ਰੰਧਾਵਾ ਦੀ ਭਵਿੱਖਬਾਣੀ ਵੀ ਸਹੀ ਸਾਬਤ ਹੋਈ। ਇਤਫ਼ਾਕ ਇਹ ਹੋਇਆ ਕਿ ਜਦੋਂ ਰੱਬੀ ਬੈਰੋਂਪੁਰੀ ਰੋਪੜ ਜ਼ਿਲ੍ਹੇ ਦੇ ਡੀ ਬੀ ਹਾਈ ਸਕੂਲ ਲਾਂਡਰਾਂ ਵਿਚ ਪੜ੍ਹਦੇ ਸਨ ਤਾਂ ਮਹਿੰਦਰ ਸਿੰਘ ਰੰਧਾਵਾ ਇਸ ਸਕੂਲ ਦੇ ਇਕ ਸਮਾਗਮ ਵਿਚ ਆਏ ਸਨ ਤਾਂ ਉਨ੍ਹਾਂ ਰੱਬੀ ਬੈਰੋਂਪੁਰੀ ਦਾ ਗੀਤ ਸੁਣਕੇ ਉਨ੍ਹਾਂ ਦੀ ਦਮਦਾਰ ਅਵਾਜ਼ ਤੋਂ ਉਹ ਕਾਇਲ ਹੋ ਗਏ।
ਉਨ੍ਹਾਂ ਰੱਬੀ ਨੂੰ ਸ਼ਾਬਾਸ਼ ਦਿੱਤੀ ਅਤੇ ਹੋਰ ਮਿਹਨਤ ਅਤੇ ਰਿਆਜ਼ ਕਰਨ ਦੀ ਸਲਾਹ ਦਿੰਦਿਆਂ ਅਸ਼ੀਰਵਾਦ ਦਿੱਤਾ ਕਿ ਉਹ ਇਕ ਦਿਨ ਵੱਡਾ ਗਾਇਕ ਬਣੇਗਾ। ਰੱਬੀ ਨੇ ਪੜ੍ਹਾਈ ਦੀ ਥਾਂ ਗਾਇਕੀ ਅਤੇ ਭੰਗੜੇ ਦੇ ਰਿਆਜ਼ ਤੇ ਜ਼ੋਰ ਦੇ ਦਿੱਤਾ। ਪਰਿਵਾਰ ਦੇ ਮੈਂਬਰ ਉਦੋਂ ਗਾਉਣਾ ਅਤੇ ਨੱਚਣਾ ਟੱਪਣਾ ਪਸੰਦ ਨਹੀਂ ਕਰਦੇ ਸਨ। ਉਨ੍ਹਾਂ ਰੱਬੀ ਨੂੰ ਪੜ੍ਹਾਈ ਵੱਲ ਧਿਆਨ ਦੇਣ ਦੀ ਹਦਾਇਤ ਕੀਤੀ ਪ੍ਰੰਤੂ ਮਹਿੰਦਰ ਸਿੰਘ ਰੰਧਾਵਾ ਦੀ ਹੱਲਾਸ਼ੇਰੀ ਨਾਲ ਰੱਬੀ ਦੇ ਦਿਲ ਵਿਚ ਫ਼ਿਲਮੀ ਗੀਤਕਾਰ ਤੇ ਗਾਇਕ ਬਣਨ ਦਾ ਭੂਤ ਸਵਾਰ ਹੋ ਗਿਆ।
ਉਹ ਪੜ੍ਹਾਈ ਵਿਚਕਾਰ ਛੱਡਕੇ ਆਪਣਾ ਬੋਰੀਆ ਬਿਸਤਰਾ ਬੰਨ੍ਹਕੇ ਬੰਬਈ ਲਈ ਰੇਲ ਗੱਡੀ ਵਿਚ ਸਵਾਰ ਹੋ ਗਿਆ। ਰੇਲ ਗੱਡੀ ਦਾ ਸਫਰ ਲੰਮਾ ਸੀ ਪ੍ਰੰਤੂ ਕੋਈ ਸੀਟ ਖਾਲੀ ਨਹੀਂ ਸੀ, ਸਗੋਂ ਰੇਲ ਗੱਡੀ ਖਚਾਖਚ ਭਰੀ ਹੋਈ ਸੀ। ਉਸਨੇ ਗੱਡੀ ਵਿਚ ਖੜ੍ਹੇ ਨੇ ਹੀ ਗਾਉਣਾ ਸ਼ੁਰੂ ਕਰ ਦਿੱਤਾ। ਉਸ ਡੱਬੇ ਵਿਚ ਫ਼ੌਜੀ ਸਫਰ ਕਰ ਰਹੇ ਸਨ। ਉਹ ਉਸਦੀ ਗਾਇਕੀ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਸਨੂੰ ਆਪਣੇ ਨਾਲ ਬਿਠਾ ਲਿਆ। ਬੰਬਈ ਪਹੁੰਚਕੇ ਉਹ ਮਹਾਂ ਨਗਰੀ ਵਿਚ ਗੁਆਚ ਗਿਆ। ਜਿਸ ਵਿਅਕਤੀ ਕੋਲ ਜਾ ਕੇ ਰਹਿਣ ਲੱਗਿਆ ਉਸਨੇ ਰੱਬੀ ਨੂੰ ਘਰੇਲੂ ਨੌਕਰ ਦੀ ਤਰ੍ਹਾਂ ਵਰਤਣਾ ਸ਼ੁਰੂ ਕਰ ਦਿੱਤਾ। ਉੱਥੋਂ ਰੱਬੀ ਭੱਜ ਗਿਆ ਅਤੇ ਕਿਸੇ ਲੱਕੜ ਦੇ ਆਰੇ ਵਿਚ ਸ਼ਰਨ ਲਈ। ਅਲੂੰਏਂ ਗੱਭਰੂ ਨੂੰ ਲੱਕੜ ਦਾ ਭਾਰਾ ਕੰਮ ਕਰਨਾ ਪਿਆ। ਉਹੀ ਆਰੇ ਵਾਲਾ ਉਸਨੂੰ ਗੁਰਦੁਆਰੇ ਧਾਰਮਿਕ ਗੀਤ ਗਾਉਣ ਲਈ ਲੈ ਗਿਆ। ਉਸਨੂੰ ਬੰਬਈ ਵਿਚ ਰਹਿ ਰਹੇ ਪੰਜਾਬੀਆਂ ਨੇ ਸਹਿਯੋਗ ਦਿੱਤਾ, ਜਿਨ੍ਹਾਂ ਕਰਕੇ ਉਸਦਾ ਹੌਸਲਾ ਗੁਰੂ ਘਰ ਵਿਚ ਧਾਰਮਿਕ ਗੀਤ ਲਿਖਕੇ ਗਾਉਣ ਨਾਲ ਵਧਿਆ।
ਬੰਬਈ ਜਾਣ ਨਾਲ ਉਸਨੂੰ ਫਿਲਮ ਨਗਰੀ ਦੇ ਵੱਡੇ ਗਾਇਕਾਂ ਕਲਾਕਾਰਾਂ ਜਿਨ੍ਹਾਂ ਵਿਚ ਮੁਹੰਮਦ ਰਫੀ, ਬਲਰਾਜ ਸਾਹਨੀ, ਸਾਹਿਰ ਲੁਧਿਆਣਵੀ, ਪੀ ਐਲ ਸੂਦਨ, ਦਾਦਾ ਉਸਤਾਦ ਬੀ ਸੀ ਬੇਕਲ, ਸ਼ਰਸ਼ਾਰ ਸੈਲਾਨੀ, ਜਾਨੀ ਬਾਬੂ ਕੱਵਾਲ, ਮਨੋਹਰ ਦੀਪਕ ਅਤੇ ਕੁਲਦੀਪ ਚਾਂਦ ਨੂੰ ਮਿਲਣ, ਉਨ੍ਹਾਂ ਦੀਆਂ ਪਰਫਾਰਮੈਂਸ ਵੇਖਣ, ਉਨ੍ਹਾਂ ਨਾਲ ਸਟੇਜਾਂ ਸਾਂਝੀਆਂ ਕਰਨ ਅਤੇ ਕੁਝ ਸਿੱਖਣ ਦਾ ਮੌਕਾ ਮਿਲਿਆ। ਮਨੋਹਰ ਦੀਪਕ ਨੇ ਤਾਂ ਰੱਬੀ ਨੂੰ ਆਪਣੀ ਭੰਗੜਾ ਟੀਮ ਵਿਚ ਸ਼ਾਮਲ ਕਰ ਲਿਆ ਸੀ। ਉਸ ਸਮੇਂ ਉਹ ਆਪਣੇ ਆਪ ਨੂੰ ਰੱਬੀ ਰੰਗੀਲਾ ਲਿਖਦਾ ਸੀ। ਬੰਬਈ ਵਿਚ ਦਿਨ ਵੇਲੇ ਉਹ ਕਈ ਫੈਕਟਰੀਆਂ ਵਿਚ ਕੰਮ ਕਰਦਾ ਰਿਹਾ ਅਤੇ ਰਾਤ ਨੂੰ ਸਭਿਆਚਾਰਕ ਪ੍ਰੋਗਰਾਮਾਂਂ ਵਿਚ ਸ਼ਾਮਲ ਹੁੰਦਾ ਰਿਹਾ। ਹੰਭ ਹਾਰਕੇ ਜਦੋਂ ਉਸਦੀ ਫਿਲਮ ਜਗਤ ਵਿਚ ਕਿਸੇ ਨੇ ਬਾਂਹ ਨਾ ਫੜੀ ਤਾਂ 1961 ਵਿਚ ਉਹ ਵਾਪਸ ਆਪਣੇ ਪਿੰਡ ਬੈਰੋਂਪੁਰ ਆ ਗਿਆ।
ਪਿੰਡ ਵਾਪਸ ਆਉਣ ਤੇ ਪਿਤਾ ਨੇ ਉਸਨੂੰ ਵਿਹਲੜ ਸਮਝਕੇ ਆਪਣੇ ਨਾਲੋਂ ਵੱਖ ਕਰਕੇ ਕਿਹਾ ਕਿ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਖੁਦ ਕਮਾਈ ਕਰਕੇ ਕਰੋ। ਉਸਨੇ ਹੌਸਲਾ ਨਾ ਛੱਡਿਆ। ਆਪਣੇ ਦੋਸਤਾਂ ਨਾਲ ਮਿਲਕੇ ਭੰਗੜਾ ਪਾਰਟੀ ਬਣਾ ਲਈ ਅਤੇ ਉਨ੍ਹਾਂ ਨੂੰ ਭੰਗੜੇ ਦੀ ਸਿੱਖਿਆ ਵੀ ਦਿੱਤੀ। ਰੱਬੀ ਬੈਰੋਂਪੁਰੀ ਦੀ ਅਵਾਜ਼ ਬੜੀ ਦਮਦਾਰ, ਰਸੀਲੀ, ਡੀਲ ਡੌਲ ਮਜ਼ਬੂਤ ਅਤੇ ਸੁਹਣਾ ਸੁਨੱਖਾ ਹੋਣ ਕਰਕੇ ਉਸਦੀਆਂ ਜਲਦੀ ਹੀ ਧੁੰਮਾਂ ਪੈ ਗਈਆਂ। ਭਾਵੇਂ ਉਹ ਸ਼ੁਰੂ ਵਿਚ ਬਿਨਾ ਸਾਜਾਂ ਦੇ ਇਕੱਲੇ ਢੋਲ ਦੀ ਤਾਲ ਤੇ ਗੀਤ ਗਾਉਂਦਾ ਅਤੇ ਉਸਦੇ ਸਾਥੀ ਭੰਗੜਾ ਪਾਉਂਦੇ ਸਨ। ਉਸਦੀ ਲੰਮੀ ਹੇਕ ਵੀ ਬਹੁਤ ਪ੍ਰਸਿੱਧ ਹੋਈ। ਅੱਠ-ਅੱਠ ਘੰਟੇ ਉਹ ਅਖਾੜਿਆਂ ਵਿਚ ਗੀਤ ਗਾਉਂਦਾ ਰਿਹਾ।
ਉਨ੍ਹਾਂ ਦਿਨਾ ਵਿਚ ਇਕ ਪਰਫਾਰਮੈਂਸ ਦੇ 15 ਰੁਪਏ ਸੇਵਾ ਫਲ ਮਿਲਦਾ ਸੀ। ਆਪਣੇ ਗਰੁੱਪ ਨੂੰ ਚਲਾਉਣ ਲਈ ਸਾਰੇ ਰੁਪਏ ਆਪਣੇ ਸਾਥੀਆਂ ਵਿਚ ਵੰਡ ਦਿੰਦਾ ਸੀ। ਉਸਨੇ 27 ਸਾਲ ਲਗਾਤਾਰ 1987 ਤੱਕ ਗੀਤ ਗਾਏ, ਭੰਗੜੇ ਦੀਆਂ ਧੁੰਮਾਂ ਪਾਈਆਂ ਅਤੇ ਕੋਰੀਓਗ੍ਰਾਫੀ ਕੀਤੀ। ਉਹ ਆਪਣੇ ਪ੍ਰੋਗਰਾਮਾ ਵਿਚ ਹੀਰ ਰਾਂਝਾ, ਸੱਸੀ ਪੁੰਨੂੰ, ਪੂਰਨ ਭਗਤ, ਮਿਰਜ਼ਾ ਸਾਹਿਬਾਂ ਅਤੇ ਸੋਹਣੀ ਮਹੀਂਵਾਲ ਦੀ ਕੋਰੀਓਗ੍ਰਾਫੀ ਕਰਦਾ ਹੁੰਦਾ ਸੀ। ਜਿੱਥੇ ਵੀ ਉਹ ਅਖਾੜਾ ਲਾਉਂਦਾ ਸੀ, ਉੱਥੇ ਆਲ਼ੇ ਦੁਆਲੇ ਦੇ ਪਿੰਡਾਂ ਦੇ ਲੋਕ ਗਰਮੀ ਅਤੇ ਸਰਦੀ ਵਿਚ 7-8 ਘੰਟੇ ਬੈਠੇ ਵੇਖਦੇ ਅਤੇ ਸੁਣਦੇ ਰਹਿੰਦੇ ਸਨ। ਇੱਥੋਂ ਤੱਕ ਕਿ ਪਿੰਡਾਂ ਦੇ ਨੌਜਵਾਨ ਉਨ੍ਹਾਂ ਨਾਲ ਭੰਗੜਾ ਪਾਉਣ ਲੱਗ ਜਾਂਦੇ ਸਨ। ਪਿੰਡਾਂ ਵਿਚ ਭੰਗੜੇ ਨੂੰ ਹਰਮਨ ਪਿਆਰਾ ਬਣਾਉਣ ਵਿਚ ਰੱਬੀ ਬੈਰੋਂਪੁਰੀ ਦਾ ਯੋਗਦਾਨ ਮਹੱਤਵਪੂਰਨ ਹੈ।
ਇਸਦੇ ਨਾਲ ਹੀ ਉਨ੍ਹਾਂ ਦਾ ਗਰੁੱਪ ਸਰੂਪ ਭਗਤਾਂ ਜਿਨ੍ਹਾਂ ਵਿਚ ਭਗਤ ਸਿੰਘ, ਊਧਮ ਸਿੰਘ ਅਤੇ ਹੋਰਾਂ ਬਾਰੇ ਨਾਟਕ ਵੀ ਕਰਦੇ ਰਹਿੰਦੇ ਸਨ। 1962 ਦੀ ਭਾਰਤ ਚੀਨ ਜੰਗ ਸਮੇਂ ਉਨ੍ਹਾਂ ਦੇ ਗਰੁੱਪ ਨੇ ਮੁਫ਼ਤ ਪ੍ਰੋਗਰਾਮ ਕੀਤੇ ਜਿਨ੍ਹਾਂ ਦੀ ਕਮਾਈ ਦੇਸ ਦੇ ਰੱਖਿਆ ਫ਼ੰਡ ਲਈ ਦਾਨ ਕੀਤੀ। ਦੇਸ਼ ਦੀਆਂ ਸਰਹੱਦਾਂ ਤੇ ਵੀ ਉਹ ਪ੍ਰੋਗਰਾਮ ਦਿੰਦੇ ਰਹਿੰਦੇ ਸਨ। ਉਨ੍ਹਾਂ ਦਾ ਗਰੁੱਪ ਦਿਹਾਤੀ ਇਲਾਕਿਆਂ ਵਿਚ ਇਤਨਾ ਹਰਮਨ ਪਿਆਰਾ ਹੋ ਗਿਆ ਕਿ ਮਹੀਨੇ ਵਿਚ 20-25 ਪ੍ਰੋਗਰਾਮ ਹੁੰਦੇ ਰਹਿੰਦੇ ਸਨ। ਉਨ੍ਹਾਂ ਦੀ ਹਰਮਨ ਪਿਆਰਤਾ ਇਤਨੀ ਵਧ ਗਈ ਕਿ ਕਈ ਵਾਰ ਤਾਂ ਇਕ ਦਿਨ ਵਿਚ 2-2 ਪ੍ਰੋਗਰਾਮ ਕਰਨੇ ਪੈਂਦੇ ਸਨ। ਕਈ ਵਾਰ ਇਕ-ਇਕ ਮਹੀਨਾ ਉਹ ਆਪਣੇ ਘਰ ਹੀ ਨਹੀਂ ਆਉਂਦੇ ਸਨ। ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਉਤਰ ਸਰੂਪ ਅਤੇ ਨੇਪਾਲ ਵਿਚ ਵੀ ਉਹ ਪ੍ਰੋਗਰਾਮ ਦੇਣ ਲਈ ਜਾਂਦੇ ਸਨ। ਅਖਾੜਾ ਪਰੰਪਰਾ ਨੂੰ ਜੀਵਤ ਰੱਖਣ ਵਿਚ ਰੱਬੀ ਬੈਰੋਂਪੁਰੀ ਦਾ ਯੋਗਦਾਨ ਬਹੁਤ ਹੀ ਮਹੱਤਵਪੂਰਨ ਹੈ। ਜਦੋਂ ਭਾਗ ਸਿੰਘ ਨੇ ਉਸਦੀ ਪਰਫਾਰਮੈਂਸ ਵੇਖੀ ਤਾਂ ਉਨ੍ਹਾਂ ਨੇ ਰੱਬੀ ਨੂੰ ਲੋਕ ਸੰਪਰਕ ਵਿਭਾਗ ਵਿਚ ਕਲਾਕਾਰ ਭਰਤੀ ਹੋਣ ਲਈ ਕਿਹਾ ਪ੍ਰੰਤੂ ਰੱਬੀ ਨੇ ਅਜ਼ਾਦ ਤੌਰ ਤੇ ਕੰਮ ਕਰਨ ਨੂੰ ਪਹਿਲ ਦਿੱਤੀ।
ਰੱਬੀ ਬੈਰੋਂਪੁਰੀ ਦਾ ਜਨਮ ਰੋਪੜ ਜ਼ਿਲ੍ਹੇ ਪਿੰਡ ਬੈਰੋਂਪੁਰ ਵਿਚ 6 ਜੂਨ 1937 ਨੂੰ ਮਾਤਾ ਕਰਤਾਰ ਕੌਰ ਅਤੇ ਪਿਤਾ ਤਰਲੋਕ ਸਿੰਘ ਦੇ ਘਰ ਹੋਇਆ। ਇਹ ਪਿੰਡ ਹੁਣ ਮੋਹਾਲੀ ਜ਼ਿਲ੍ਹੇ ਵਿਚ ਹੈ। ਉਨ੍ਹਾਂ ਨੇ 8ਵੀਂ ਤੱਕ ਦੀ ਪੜ੍ਹਾਈ ਡੀ ਬੀ ਸਕੂਲ ਲਾਂਡਰਾਂ ਤੋਂ ਹਾਸਲ ਕੀਤੀ। ਬਚਪਨ ਤੋਂ ਹੀ ਆਪ ਨੂੰ ਕਿੱਸੇ ਪੜ੍ਹਨ ਅਤੇ ਗਾਉਣ ਦਾ ਸ਼ੌਕ ਸੀ। ਇਸ ਸ਼ੌਕ ਕਰਕੇ ਹੀ ਉਹ ਬੈਂਤ ਲਿਖਣ ਲੱਗ ਪਏ। ਉਨ੍ਹਾਂ ਦੀਆਂ ਹੁਣ ਤੱਕ ਕਵਿਤਾ ਦੀਆਂ 2 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। 5 ਸਾਲ ਦੀ ਉਮਰ ਵਿਚ 1942 ਹੀ ਉਨ੍ਹਾਂ ਦਾ ਵਿਆਹ ਬੀਬੀ ਚਰਨ ਕੌਰ ਨਾਲ ਹੋ ਗਿਆ ਪ੍ਰੰਤੂ ਮੁਕਲਾਵਾ 18 ਸਾਲ ਦੀ ਉਮਰ ਵਿਚ 1955 ਵਿਚ ਲਿਆਂਦਾ। ਸ਼ੁਰੂ ਵਿਚ ਸੱਥਾਂ ਵਿਚ ਆਪ ਲੋਕਾਂ ਨੂੰ ਕਿੱਸੇ ਸੁਣਾਇਆ ਕਰਦੇ ਸੀ।
ਫਿਰ ਉਨ੍ਹਾਂ ਨੂੰ ਵਿਆਹਾਂ ਵਿਚ ਸਿੱਖਿਆ ਅਤੇ ਸਿਹਰੇ ਪੜ੍ਹਨ ਲਈ ਲਿਜਾਇਆ ਜਾਣ ਲੱਗ ਪਿਆ। ਸਟੇਜ ਤੇ ਗਾਉਣ ਅਤੇ ਭੰਗੜਾ ਪਾਉਣ ਦੀ ਦਲੇਰੀ ਬਚਪਨ ਵਿਚ ਹੀ ਹੋ ਗਈ ਸੀ। ਸਕੂਲ ਦੀਆਂ ਸਭਿਆਚਾਰਕ ਸਰਗਰਮੀਆਂ ਨੇ ਵੀ ਉਨ੍ਹਾਂ ਦੇ ਸ਼ੌਕ ਨੂੰ ਬੂਰ ਪਾਇਆ। ਉਨ੍ਹਾਂ ਦੇ ਤਿੰਨ ਲੜਕੇ ਹਨ। ਅਜੇ ਵੀ 84 ਸਾਲ ਦੀ ਉਮਰ ਵਿਚ ਉਸਦੀ ਗਾਇਕੀ ਦੀ ਬੜ੍ਹਕ ਬਰਕਰਾਰ ਸੀ। ਸੋਟੀ ਦੇ ਸਹਾਰੇ ਤੁਰਨ ਵਾਲਾ ਰੱਬੀ ਬੈਰੋਂਪੁਰੀ ਅਜੇ ਵੀ ਸਮਾਜਕ ਸਮਾਗਮਾਂ ਵਿਚ ਆਪਣੀ ਗਾਇਕੀ ਦੇ ਜੌਹਰ ਵਿਖਾਉਂਦਾ ਰਹਿੰਦਾ ਸੀ ਕਿਉਂਕਿ ਉਸਦੀ ਆਵਾਜ਼ ਵਿਚ ਦਮ ਸੀ। ਗੀਤ ਗਾਉਣ ਸਮੇਂ ਲੰਮੀ ਹੇਕ ਲਾਉਂਦਾ ਸੀ, ਜਿਸ ਕਰਕੇ ਉਨ੍ਹਾਂ ਨੂੰ ਲੰਮੀ ਹੇਕ ਦਾ ਬਾਦਸ਼ਾਹ ਵੀ ਕਿਹਾ ਜਾ ਸਕਦਾ ਹੈ।
-
ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.