ਹਰ ਸਾਲ ਮਈ 28 ਨੂੰ ਪੂਰੇ ਵਿਸ਼ਵ ਵਿੱਚ ਅੰਤਰਰਾਸ਼ਟਰੀ ਮਾਹਵਾਰੀ ਸਫਾਈ ਦਿਵਸ (International Menstrual Hygiene Day) ਮਨਾਇਆ ਜਾਂਦਾ ਹੈ। ਇਸ ਦਿਨ ਚੰਗੇ ਮਾਹਵਾਰੀ ਸਫਾਈ ਪ੍ਰਬੰਧਨ ਦੀ ਮਹੱਤਤਾ ਬਾਰੇ ਜਾਣੂ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਇਥੇ ਇਹ ਦੱਸਣਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਰੋਜ਼ਾਨਾ 800 ਮਿਲੀਅਨ ਔਰਤਾਂ ਅਤੇ ਕੁੜੀਆਂ ਮਾਹਵਾਰੀ ਵਿੱਚੋਂ ਗੁਜ਼ਰਦੀਆਂ ਹਨ, ਫਿਰ ਵੀ ਪੂਰੀ ਦੁਨੀਆ ਵਿੱਚ ਉਨ੍ਹਾਂ ਨੂੰ ਆਪਣੇ ਪੀਰੀਅਡਾਂ ਦਾ ਸਹੀ ਪ੍ਰਬੰਧਨ ਕਰਨ ਵਿੱਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੌਜੂਦਾ ਸਮੇਂ ਕਰੋਨਾ ਮਹਾਂਮਾਰੀ ਨੇ ਵੀ ਇਨ੍ਹਾਂ ਰੁਕਾਵਟਾਂ ਨੂੰ ਵਧਾ ਦਿੱਤਾ ਹੈ।
ਇਥੇ ਇਹ ਗੱਲ ਬੜੇ ਹੀ ਦੁੱਖ ਨਾਲ ਦੱਸਣੀ ਪੈ ਰਹੀ ਹੈ ਕਿ ਸਾਡੇ ਸਮਾਜ ਦੇ ਇਕ ਹਿੱਸੇ ਵਿੱਚ ਅੱਜ ਵੀ ਲੜਕੀ ਦੀ ਮਾਹਵਾਰੀ ਨੂੰ ਸਮਾਜਿਕ ਕਲੰਕ ਵਜੋਂ ਹੀ ਦੇਖਿਆ ਜਾਂਦਾ ਹੈ। ਲੜਕੀ ਦੇ ਮਾਹਵਾਰੀ ਦੇ ਦਿਨਾਂ ਦੌਰਾਨ ਉਸਨੂੰ ਜਿੰਨਾ ਮਾਨਸਿਕ ਤੇ ਸਰੀਰਕ ਸਹਿਯੋਗ ਮਿਲਣਾ ਚਾਹੀਦਾ ਹੈ, ਉਹ ਉਸਨੂੰ ਮਿਲਦਾ ਹੀ ਨਹੀਂ। ਇਹਨਾਂ ਦਿਨਾਂ ਦੌਰਾਨ ਕੁੜੀਆਂ ਨੂੰ ਆਮ ਤੌਰ ਉੱਤੇ ਮਾਪਿਆਂ ਵੱਲੋਂ ਸਕੂਲ ਅਤੇ ਕੰਮ ਕਾਜ ਲਈ ਬਾਹਰ ਜਾਣ ਤੋਂ ਵੀ ਵਰਜ ਦਿੱਤਾ ਜਾਂਦਾ ਹੈ। ਕੁੜੀਆਂ ਦੇ ਸਰਬਪੱਖੀ ਵਿਕਾਸ ਲਈ ਇਹ ਸੋਚ ਬਦਲਣ ਦੀ ਲੋੜ ਹੈ।
ਜੇਕਰ ਪੰਜਾਬ ਤੋਂ ਬਾਹਰ ਨਿਕਲ ਕੇ ਦੇਖਿਆ ਜਾਵੇ ਤਾਂ ਕਈ ਜਗ੍ਹਾ ਕੁੜੀਆਂ ਨੂੰ ਮਾਹਵਾਰੀ ਦਿਨਾਂ ਦੌਰਾਨ ਜਰੂਰੀ ਸੈਨੀਟਰੀ ਨੈਪਕਿਨ ਪੈਡ ਤਾਂ ਦੂਰ ਦੀ ਗੱਲ ਸਗੋਂ ਸਾਫ਼ ਪਾਣੀ, ਪਖਾਨੇ ਅਤੇ ਇਹ ਸਾਰੀ ਪ੍ਰਕਿਰਿਆ ਲਈ ਉਚਿਤ ਵਾਤਾਵਰਨ ਵੀ ਨਹੀਂ ਮਿਲਦਾ। ਜਿਸ ਕਾਰਨ ਔਰਤਾਂ ਖਾਸ ਕਰਕੇ ਮੁਟਿਆਰ ਕੁੜੀਆਂ ਨੂੰ ਬਹੁਤ ਹੀ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਗੁਜ਼ਰਨਾ ਪੈਂਦਾ ਹੈ। ਇਥੇ ਇਹ ਗੱਲ ਪ੍ਰਸ਼ੰਸਾ ਵਾਲੀ ਹੈ ਕਿ ਹੁਣ ਸਰਕਾਰੀ ਸਕੂਲਾਂ, ਦਫਤਰਾਂ ਅਤੇ ਜਨਤਕ ਸਥਾਨਾਂ ਉੱਤੇ ਸੈਨੀਟਰੀ ਨੈਪਕਿਨ ਪੈਡ ਵੇਂਡਿੰਗ ਮਸ਼ੀਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ।
ਜੇਕਰ ਸਿਹਤ ਮਾਹਿਰਾਂ ਦੀ ਗੱਲ ਮੰਨੀ ਜਾਵੇ ਤਾਂ ਇੱਕ ਔਰਤ ਜਾਂ ਲੜਕੀ ਦੇ ਮਾਹਵਾਰੀ ਦੇ ਦਿਨ ਉਸਦੀ ਪ੍ਰਜਣਨ ਸ਼ਕਤੀ ਜਾਂ ਸਮਰੱਥਾ ਦਾ ਸਭ ਤੋਂ ਵੱਡਾ ਸੋਮਾ ਹੁੰਦੇ ਹਨ। ਇਹਨਾਂ ਸੋਮਿਆਂ ਨੂੰ ਉਚਿਤ ਵਰਤਾਅ ਅਤੇ ਸਾਂਭ ਸੰਭਾਲ ਨਾਲ ਹੀ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਜੇਕਰ ਇਸ ਸੋਮੇ ਨੂੰ ਨੁਕਸਾਨ ਹੁੰਦਾ ਹੈ ਤਾਂ ਇਸ ਨਾਲ ਉਸਦੀ ਪ੍ਰਜਣਨ ਸ਼ਕਤੀ ਜਾਂ ਸਮਰੱਥਾ ਨੂੰ ਵੀ ਨਕਾਰਾਤਮਕ ਅਸਰ ਪੈ ਸਕਦਾ ਹੈ।
ਇਸੇ ਤਰ੍ਹਾਂ ਇਥੇ ਕੁੜੀਆਂ ਦੀ ਵੀ ਆਪਣੀ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਇਹ ਦਿਨਾਂ ਦੌਰਾਨ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਾਫ਼ ਅਤੇ ਰਿਸ਼ਟ ਪੁਸ਼ਟ ਰੱਖਣ ਦੀ ਕੋਸ਼ਿਸ਼ ਕਰਨ। ਇਸ ਲਈ ਉਹਨਾਂ ਨੂੰ ਕੁਝ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਜਰੂਰੀ ਹੈ ਕਿ ਸੈਨੀਟਰੀ ਨੈਪਕਿਨ ਪੈਡ ਜਾਂ ਕੱਪੜੇ ਦੀ ਸਿਰਫ ਸੀਮਤ ਸਮੇਂ (ਵੱਧ ਤੋਂ ਵੱਧ ਚਾਰ ਘੰਟੇ) ਲਈ ਹੀ ਵਰਤੋਂ ਕਰਨੀ ਚਾਹੀਦੀ ਹੈ। ਕਈ ਵਾਰ ਔਰਤਾਂ ਦੋ ਪੈਡ ਵਰਤ ਲੈਂਦੀਆਂ ਹਨ। ਇਹ ਬਹੁਤ ਗਲਤ ਹੈ ਅਤੇ ਨਹੀਂ ਕਰਨਾ ਚਾਹੀਦਾ ਹੈ। ਪੈਡ ਅਤੇ ਕੱਪੜਾ ਵਰਤਣ ਤੋਂ ਬਾਅਦ ਉਸਨੂੰ ਤੁਰੰਤ ਨਸ਼ਟ ਕਰ ਦੇਣਾ ਚਾਹੀਦਾ ਹੈ। ਆਪਣੇ ਸਥਾਨਕ ਖੇਤਰ ਨੂੰ ਪੂਰੀ ਤਰ੍ਹਾਂ ਸਾਫ਼ ਰੱਖਿਆ ਜਾਣਾ ਚਾਹੀਦਾ ਹੈ। ਸਭ ਤੋਂ ਜਿਆਦਾ ਜਰੂਰੀ ਹੈ ਕਿ ਮਾਹਵਾਰੀ ਦੌਰਾਨ ਗੁਪਤ ਅੰਗ ਵਿਚੋਂ ਨਿਕਲਣ ਵਾਲੇ ਮੈਲੇ ਖੂਨ ਨੂੰ ਆਪਣੇ ਸਰੀਰ ਉੱਤੇ ਲੱਗਣ ਤੋਂ ਬਚਾਉਣਾ ਚਾਹੀਦਾ ਹੈ। ਇਹਨਾਂ ਦਿਨਾਂ ਦੌਰਾਨ ਔਰਤ ਨੂੰ ਕਾਫੀ ਥਕਾਵਟ ਮਹਿਸੂਸ ਹੁੰਦੀ ਹੈ, ਜਿਸਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ ਹੈ। ਜੇਕਰ ਸਮਾਂ ਇਜਾਜ਼ਤ ਦੇਵੇ ਤਾਂ ਵੱਧ ਤੋਂ ਵੱਧ ਸੌਣਾ ਚਾਹੀਦਾ ਹੈ। ਇਹਨਾਂ ਦਿਨਾਂ ਦੌਰਾਨ ਸਾਫ਼ ਅਤੇ ਢਿੱਲੇ ਕੱਪੜੇ ਹੀ ਪਾਉਣੇ ਚਾਹੀਦੇ ਹਨ। ਵੱਧ ਤੋਂ ਵੱਧ ਖਾਣਾ ਲੈਣਾ ਵੀ ਸਰੀਰ ਦੀ ਪਰਮੁੱਖ ਲੋੜ੍ਹ ਹੁੰਦੀ ਹੈ।
ਆਓ, ਅੱਜ ਦੇ ਇਸ ਮੌਕੇ ਉੱਤੇ ਅਸੀਂ ਪ੍ਰਣ ਕਰੀਏ ਕਿ ਔਰਤਾਂ ਨੂੰ ਮਾਹਵਾਰੀ ਦੇ ਦਿਨਾਂ ਦੌਰਾਨ ਸਫਾਈ ਅਤੇ ਹਰ ਤਰ੍ਹਾਂ ਦੇ ਸਹਿਯੋਗ ਦੀ ਕਮੀ ਨਾ ਰਹਿਣ ਦਿੱਤੀ ਜਾਵੇ। ਜਿਸ ਨਾਲ ਔਰਤ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਇਆ ਜਾ ਸਕੇ।
-
ਬਲਪ੍ਰੀਤ ਕੌਰ, ਕਮਿਊਨਿਟੀ ਹੈਲਥ ਅਫ਼ਸਰ, ਹੈਲਥ ਵੈਲਨੈਸ ਸੈਂਟਰ, ਜੋਧਾਂ (ਬਲਾਕ ਪੱਖੋਵਾਲ), ਜ਼ਿਲ੍ਹਾ ਲੁਧਿਆਣਾ
1982balpreet@gmail.com
9988292401
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.