(28 ਮਈ ਨੂੰ ਭੋਗ ਲਈ ਵਿਸ਼ੇਸ਼)
“ਟਹਿਕਦੇ ਚਿਹਰੇ ਵਾਲਾ ਕੌਮਾਂਤਰੀ ਫੁੱਟਬਾਲ ਖਿਡਾਰੀ ਤੇ ਕਾਬਲ ਕੋਚ-ਜਾਗੀਰ ਸਿੰਘ”
(“ਨਹੀਉਂ ਲਭਣੇ ਲਾਲ ਗੁਆਚੇ…”
ਕੌਮਾਂਤਰੀ ਫੁੱਟਬਾਲ ਖਿਡਾਰੀ ਅਤੇ ਕਾਬਲ ਕੋਚ ਸ. ਜਾਗੀਰ ਸਿੰਘ, ਜੋ 19 ਮਈ ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ,ਦੀ ਯਾਦ ਵਿਚ 28 ਮਈ ਨੂੰ ੳੇਹਨਾਂ ਦੇ ਜਦੀ ਪਿੰਡ ਖੋਥੜਾਂ ਵਿਖੇ ਭੋਗ ਪਏਗਾ ਅਤੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਜਾਏਗੀ।
ਹਰ ਵੇਲੇ ਹੰਸੂ ਹੰਸੂ ਕਰਦੇ ਰਹਿਣ ਅਤੇ ਟਹਿਕਦੇ ਚੇਹਰੇ ਵਾਲੇ 75 ਸਾਲਾ ਜਾਗੀਰ ਸਿੰਘ ਪਿਛਲੇ ਕੁਝ ਸਮੇਂ ਤੋਂ ਬੀਮਾਰ ਸਨ।ਆਪਣੇ ਆਖਰੀ ਦਮ ਤੀਕ ਉਹ ਫੁੱਟਬਾਲ ਨੂੰ ਦਿਲੋਂ ਸਮਰਪਿਤ ਰਹੇ।ਫੁੱਟਬਾਲ ਉਹਨਾਂ ਦੇ ਸਾਹਾਂ ‘ਚ ਸਮਾਇਆ ਹੋਇਆ ਸੀ! ਰੂਹ ‘ਚ ਰਚਿਆ ਹੋਇਆ ਸੀ! ਉਹ ਆਪਣੇ ਸਮੇਂ ਦੇ ਮੰਨੇ-ਪ੍ਰਮੰਨੇ ਕੌਮਾਂਤਰੀ ਫੁੱਟਬਾਲਰ(ਡਿਫੈਂਡਰ) ਅਤੇ ਬਾਅਦ ਵਿਚ ਇਕ ਨਾਮੀ-ਕਰਾਮੀ ਕੋਚ ਰਹੇ।
ਜਾਗੀਰ ਸਿੰਘ ਨੇ ਆਪਣੇ 75 ਸਾਲਾ ਜੀਵਨ ‘ਚੋਂ ਲਗਭਗ 60 ਸਾਲ ਫੁੱਟਬਾਲ ਅਤੇ ਕੋਚਿੰਗ ਦੇ ਲੇਖੇ ਲਾ ਦਿਤੇ!
ਕੌਮਾਂਤਰੀ ਫੁੱਟਬਾਲ ਖਿਡਾਰੀ ਤੇ ਕੋਚ ਸ. ਜਾਗੀਰ ਸਿੰਘ
ਉਹਨਾਂ ਦਾ ਜਨਮ 4.10.1946 ਨੂੰ ਪਿਤਾ ਸ. ਭਗਤ ਸਿੰਘ ਦੇ ਗ੍ਰਹਿ ਵਿਚ ,ਮਾਤਾ ਕਿਸ਼ਨ ਕੌਰ ਦੀ ਸੁਲਖਣੀ ਕੁੱਖੋਂ ਪਿੰਡ ਖੋਥੜਾਂ ਵਿਖੇ ਹੋਇਆ।ਉਹਨਾਂ ਮੁਢਲੀ ਵਿਦਿਆ ਆਪਣੇ ਪਿੰਡ ਦੇ ਸਕੂਲ ਚੋਂ ਹਾਸਲ ਕਰਨ ਉਪਰੰਤ ਫਗਵਾੜਾ ਦੇ ਸਰਕਾਰੀ ਜੇ.ਜੇ. ਸਕੂਲ਼(ਹੁਣ ਸੀਨੀਅਰ ਸੈਕੰਡਰੀ ਸਕੂਲ ਫਾਰ ਬੁਆਏਜ਼) ਵਿਚ ਦਾਖਲਾ ਲੈ ਲਿਆ।ਉਹਨਾਂ ਇਸ ਸਕੂਲ ਦੀ ਗਰਾਂਊਂਡ ਵਿਚ ਫੁੱਟਬਾਲ ਨੂੰ ਪਲੇਠਾ ਪੈਰ ਲਾਇਆ! ਉਹਨਾਂ ਸਕੂਲ ਦੀ ਟੀਮ ਲਈ ਖੇਡਣਾ ਸ਼ੁਰੂ ਕਰ ਦਿਤਾ।ਇਸ ਸਕੂਲ ਦੇ ਉਸ ਵੇਲੇ ਦੇ ਪੀ.ਟੀ.ਆਈ. ਸ. ਜੋਗਿੰਦਰ ਸਿੰਘ ਆਹਲੂਵਾਲੀਆ(ਹੁਣ ਸਵਰਗਵਾਸੀ) ਦਾ ਜਾਗੀਰ ਸਿੰਘ ਨੂੰ ਖੇਡ ਦੇ ਮੁਢਲੇ ਦੌਰ ਵਿਚ ਤਰਾਛਣ,ਸੰਵਾਰਨ ਤੇ ਨਿਖਾਰਨ ਵਿਚ ਬਹੁਤ ਬਹੁਮੁਲਾ ਯੋਗਦਾਨ ਸੀ।
ਦਸਵੀਂ ਕਰਨ ਉਪਰੰਤ ਜਾਗੀਰ ਸਿੰਘ ਸਥਾਨਕ ਰਾਮਗੜ੍ਹੀਆ ਕਾਲਜ ਵਿਚ ਦਾਖਲ ਹੋ ਗਏ।ਇਥੇ ਉਹ 63-64 ‘ਚ ਕਾਲਜ ਦੀ ਟੀਮ ‘ਚ ਖੇਡਦੇ ਰਹੇ ਅਤੇ ਯੂਨੀਵਰਸਿਟੀ ਤੱਕ ਖੇਡੇ।
1965 ਤੋਂ 1970 ਤਕ ਉਹ ਜਲੰਧਰ ਦੀ ਮਸ਼ਹੂਰ ਲੀਡਰ ਕਲੱਬ ਵਿਚ ਖੇਡੇ।ਉਹਨਾਂ ਦਿਨਾਂ ਵਿਚ ਪ੍ਰੋਫੈਸ਼ਨਲ ਫੁੱਟਬਾਲ ਦੀ ਇਹ ਇਕੋ ਇਕ ਤੇ ਪੰਜਾਬ ਦੀ ਪਹਿਲੀ ਕਲੱਬ ਹੁੰਦੀ ਸੀ ਅਤੇ ਇੰਡੀਆ ਵਿਚ ਇਸ ਦਾ ਸਟੇਟਸ ਲਗਭਗ ਅੱਜ ਕੱਲ੍ਹ ਦੀਆਂ ਨਾਮੀ ਕਲੱਬਾਂ ‘ਲਿਵਰਪੂਲ’ ਤੇ ‘ਚੈਲੇਸੀ’(ਦੋਵੇਂ ਯੂ.ਕੇ.) ਫੁੱਟਬਾਲ ਕਲੱਬਾਂ ਵਰਗਾ ਸੀ! ਜਾਗੀਰ ਸਿੰਘ ਦਾ ਇਕ ‘ਟੀਨਏਜਰ’ ਵਜੋਂ ਇਸ ਕਲੱਬ ਨੂੰ ਜੁਆਇਨ ਕਰਨਾਂ ਉਹਨਾਂ ਦੇ ਮਹਾਨ ਖਿਡਾਰੀ ਹੋਣ ਦਾ ਆਰੰਭਲਾ ਸਬੂਤ ਸੀ।
ਇਸ ਉਪਰੰਤ ਉਹ ਕੈਨੇਡਾ ਚਲੇ ਗਏ ਤੇ ਦੋ ਸਾਲ ਉਥੇ ਖਾਲਸਾ ਸਪੋਰਟਿੰਗ ਕਲੱਬ,ਵੈਨਕੂਵਰ ਲਈ ਫੁੱਟਬਾਲ ਖੇਡੇ।ਫਿਰ ਉਹ ਪੰਜਾਬ ਪਰਤ ਆਏ ਅਤੇ ਕਲੱਬ ਫੁੱਟਬਾਲ ਨੂੰ ਜਾਰੀ ਰਖਦੇ ਹੋਏ 1972 ‘ਚ ਦੁਬਾਰਾ ਲੀਡਰ ਕਲੱਬ ਲਈ ਖੇਡਣ ਲਗ ਪਏ।
ਇਕ ਇਤਿਹਾਸਕ ਫੋਟੋ ਜਿਸ ਵਿਚ ਜੇ.ਸੀ.ਟੀ. ਕਲੱਬ ਵਲੋਂ ਏਸ਼ੀਆ ਦੇ ਸਭ ਤੋਂ ਪੁਰਾਣੇ ਡਿਯੂਰੈਂਡ ਕੱਪ ਖੇਡਣ ਗਏ ਜਾਗੀਰ ਸਿੰਘ ਉਸ ਵੇਲੇ ਦੇ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਸ਼ੰਕਰ ਦਿਆਲ ਸ਼ਰਮਾ ਨਾਲ ਹਥ ਮਿਲਾਉਂਦੇ ਦਿਖਾਈ ਦੇ ਰਹੇ ਹਨ।ਨਾਲ ਸਟਾਰ ਸਟਰਾਈਕਰ,ਲੈਜੈਂਡਰੀ ਫੁੱਟਬਾਲ ਖਿਡਾਰੀ ਸ. ਇੰਦਰ ਸਿੰਘ(ਅਰਜਨਾ ਐਵਾਰਡੀ),ਜੋ ਟੀਮ ਦੇ ਕੈਪਟਨ ਸਨ,ਆਪਣੀ ਟੀਮ ਦੇ ਮੈਂਬਰਾਂ ਨੂੰ ਰਾਸ਼ਟਰਪਤੀ ਜੀ ਨਾਲ ਜਾਣ-ਪਛਾਣ ਕਰਵਾਉਂਦੇ ਦਿਸ ਰਹੇ ਹਨ।
ਇਥੋਂ ਉਹ ਨਾਮਵਰ ਜੇ.ਸੀ.ਟੀ. ਕਲੱਬ ਫਗਵਾੜਾ ‘ਜੁਆਇਨ’ ਕਰ ਗਏ ਅਤੇ ਇਸ ਕਲੱਬ ਲਈ 1974-78 ਤਕ ਖੇਡਦੇ ਰਹੇ।
ਅੰਤਰ ਰਾਸ਼ਟਰੀ ਖਿਡਾਰੀ ਦੇ ਤੌਰ ਤੇ ਜਗੀਰ ਸਿੰਘ ਨੇ 1976 ਵਿਚ ‘ਡੈਬਿਯੂ’(ਪ੍ਰਥਮ ਪ੍ਰਵੇਸ਼) ਕੀਤਾ ਜਦ ਉਹ ਭਾਰਤੀ ਟੀਮ ਦੇ ਮੈਂਬਰ ਵਜੋਂ ਜਪਾਨ ਵਿਰੁਧ ਹੋਣ ਵਾਲੇ ਮੈਚ ਵਿਚ ਮਲੇਸ਼ੀਆ ਵਿਚ ਕਰਵਾਏ ਜਾਂਦੇ ਮਰਡੇਕਾ ਕਪ ਵਿਚ ਖੇਡੇ।ਉਹਨਾਂ 12 ਕੌਮਾਂਤਰੀ ਮੈਚਾਂ ਵਿਚ ਭਾਰਤੀ ਰਾਸ਼ਟਰੀ ਟੀਮ ਦੀ ਨੁਮਾਇੰਦਗੀ ਕੀਤੀ।ਉਹ 1976 ਵਿਚ ਸਿਓਲ ਵਿਖੇ ਹੋਏ ਪ੍ਰੈਜ਼ੀਡੈਂਟਸ ਕੱਪ ਅਤੇ ਓਸੇ ਸਾਲ ਕਾਬੁਲ ਵਿਚ ਹੋਏ ਅਫਗਾਨ ਇੰਟਰਨੈਸ਼ਨਲ ਕੱਪ ਵਿਚ ਖੇਡਣ ਵਾਲੀ ਭਾਰਤੀ ਨੈਸ਼ਨਲ ਟੀਮ ਸਕੁਐਡ ਦੇ ਵੀ ਮੈਂਬਰ ਸਨ।
ਫਿਰ ਇੱਕ ਮੈਚ ਦੌਰਾਨ ਗੋਡੇ ਤੇ ਸੱਟ ਲਗਣ ਕਾਰਨ ਉਹ ਫੁੱਟਬਾਲ ਦੀ ਖੇਡ ਤੋਂ ਰਿਟਾਇਰ ਹੋ ਗਏ।
ਪਰ ਉਹਨਾਂ 1980 ਵਿਚ ਪਟਿਆਲਾ ਤੋਂ ਐਨ.ਆਈ.ਐਸ. ਕਰ ਲਈ ਅਤੇ ਉਹ ਸਪੋਰਟਸ ਆਥੌਰਟੀ ਆਫ ਇੰਡੀਆ (ਸਾਈ) ਦੇ ਕੋਚ ਨਿਯੁਕਤ ਹੋ ਗਏ।ਉਹਨਾਂ ਆਪਣੀ ਹੋਮ ਸਟੇਟ ਪੰਜਾਬ ਨੂੰ ਪਹਿਲ ਦਿੱਤੀ,ਜਿਸ ਕਾਰਨ ਉਹਨਾਂ ਨੇ ਕੋਚਿੰਗ ਦੇ ਰੁਤਬੇ ਵਿਚ ‘ਵਨ ਰੈਂਕ ਲੋ’(ਇਕ ਰੈਂਕ ਘਟ) ਲੈਣਾ ਪ੍ਰਵਾਨ ਕਰ ਲਿਆ।ਮਜ਼ੇ ਦੀ ਗਲ ਇਹ ਹੋਈ ਕਿ ਉਹਨਾਂ ਨੂੰ ਨਾ ਸਿਰਫ ਹੋਮ ਸਟੇਟ ਹੀ ਮਿਲੀ ਸਗੋਂ ਉਹਨਾਂ ਦੀ ਪਹਿਲੀ ਨਿਯੁਕਤੀ ਹੀ ਉਹਨਾਂ ਦੇ ‘ਹੋਮ ਸਿਟੀ’ ਫਗਵਾੜਾ ਵਿਚ ਹੋਈ! 1985 ਵਿਚ ਉਹ ਸਥਾਨਕ ਗੁਰੂ ਨਾਨਕ ਕਾਲਜ ਦੀ ਫੁੱਟਬਾਲ ਟੀਮ ਨੂੰ ਕੋਚ ਕਰਨ ਲਗ ਪਏ।
ਉਹਨਾਂ ਦੀ ਕੋਚਿੰਗ ਦੌਰਾਨ ਟੀਮ ਨੇ ਭਾਰਤ ਦੇ ਸਾਰੇ ਟਾਈਟਲ-ਅੰਡਰ 16 ਸਾਲ,ਅੰਡਰ 19 ਸਾਲ,ਅੰਡਰ 21 ਸਾਲ,ਸੰਤੋਸ਼ ਟਰਾਫੀ ਅਤੇ ਨੈਸ਼ਨਲ ਗੇਮਾਂ ਵਿਚ ਜਿੱਤ ਪ੍ਰਾਪਤ ਕੀਤੀ,ਜੋ ਇਕ ਕੋਚ ਲਈ ਮਾਣ ਵਾਲੀ ਗਲ ਸੀ।ਅਜਿਹੀ ਅਲੋਕਾਰੀ ਪੰਜ-ਪਧਰੀ ਪ੍ਰਾਪਤੀ ਕਰਨ ਵਾਲਾ ਉਹ ਵਾਹਿਦ ਕੋਚ ਸੀ।
ਇੰਟਰਨੈਸ਼ਨਲ ਸਪੋਰਟਸ ਐਸੋਸੀਏਸ਼ਨ ਵਲੋਂ ਆਪਣੀ ਅਕੈਡਮੀ ਦੇ ਉਹਨਾਂ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ ਜੋ ਨੈਸ਼ਨਲ ਖੇਡ ਵਿਚ ਮਾਣ-ਮੱਤੀਆਂ ਪ੍ਰਾਪਤੀਆਂ,ਸਮੇਤ ਗੋਲਡਨ ਬੂਟ ਦੇ, ਕਰਕੇ ਆਏ।ਇਸ ਯਾਦਗਾਰੀ ਗਰੁੱਪ ਫੋਟੋ ਵਿਚ ਕੋਚ ਸ. ਜਾਗੀਰ ਸਿੰਘ ਗੋਲ ਦਾਇਰੇ ਵਾਲੀ ਤਸਵੀਰ ‘ਚ ਖੜੇ ਦਿਖਾਈ ਦੇ ਰਹੇ ਹਨ। ਸਟਾਰ ਸਟਰਾਈਕਰ ਲੈਜੈਂਡਰੀ ਫੁੱਟਬਾਲਰ ਅਰਜਨਾ ਐਵਾਰਡੀ ਸ. ਇੰਦਰ ਸਿੰਘ ਜੀ ਖਿਡਾਰੀਆਂ ਨੂੰ ਕੱਪ ਪ੍ਰਦਾਨ ਕਰ ਰਹੇ ਹਨ।ਫੋਟੋ ਵਿਚ ਧਿਆਨ ਚੰਦ ਐਵਾਰਡ ਵਿਜੇਤਾ ਤੇ ਰਾਸ਼ਟਰੀ ਟੀਮ ਦੇ ਸਾਬਕਾ ਫੁੱਟਬਾਲ ਕੋਚ ਸ. ਸੁਖਵਿੰਦਰ ਸਿੰਘ ਸੁੱਖੀ(ਗਾਜਰੀ ਪੱਗ),ਕੋਚ ਪ੍ਰੋ, ਸੀਤਲ ਸਿੰਘ,ਪ੍ਰਿੰਸੀਪਲ ਸੁਰਿੰਦਰ ਸਿੰਘ ਸਮੇਤ ਐਸੋਸੀਏਸ਼ਨ ਦੇ ਹੋਰ ਅਹੁਦੇਦਾਰ ਵੀ ਨਜ਼ਰ ਆ ਰਹੇ ਹਨ।
ਉਹਨਾਂ ਦੀ ਕੋਚਿੰਗ ਸਮੇਂ ਪੰਜਾਬ ਨੇ ਲਗਾਤਾਰ ਦੋ ਵਾਰ 2006-07 ਅਤੇ 2007-08 ਸਮੇਂ ਸੰਤੋਸ਼ ਟਰਾਫੀ ਜਿੱਤੀ। ਜੇ.ਸੀ.ਟੀ. ਫੁੱਟਬਾਲ ਅਕੈਡਮੀ ਨੇ 2011 ਵਿਚ ਭਾਰਤ ਦੀਆਂ ਅਕੈਡਮੀਆਂ ਨੂੰ ਜਿੱਤਿਆ।ਉਹਨਾਂ ਦੀ ਕੋਚਿੰਗ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 28 ਸਾਲ ਬਾਅਦ ਆਲ਼ ਇੰਡੀਆਂ ਇੰਟਰ-ਵਰਸਿਟੀ ਜਿਤੀ।
ਐਨੀਆਂ ਮਾਣ-ਮੱਤੀਆਂ ਮਲਾਂ ਮਾਰਨ ਮਗਰੋਂ ਉਹ ਸਤੰਬਰ 2006 ਨੂੰ ਬਤੌਰ ‘ਸਾਈ’ ਕੋਚ ਸੇਵਾ-ਮੁਕਤ ਹੋ ਗਏ।
ਪਰ ਉਹ ਰਿਟਾਇਰ ਹੋਣ ਉਪਰੰਤ ਘਰ ਨਹੀਂ ਬੈਠੇ ਸਗੋਂ ਜੇ.ਸੀ.ਟੀ. ਫੁੱਟਬਾਲ ਅਕੈਡਮੀ,ਫਗਵਾੜਾ ਦੇ ਕੋਚ ਲਗ ਗਏ।ਉਹ ਇਸ ਅਕੈਡਮੀ ਦੇ ਪੁੰਗਰਦੇ ਖਿਡਾਰੀਆਂ ਨੂੰ ਇਸ ਸਾਲ ਬੀਮਾਰ ਹੋਣ ਤਕ ਕੋਚਿੰਗ ਕਰਦੇ ਰਹੇ! ਕਈ ਵਾਰ ਤਾਂ ਉਹ ਬੀਮਾਰ ਹੁੰਦੇ ਹੋਏ ਵੀ ਲੜਕਿਆਂ ਦੇ ਸਰਕਾਰੀ ਸਕੂਲ ਦੇ ਫੁੱਟਬਾਲ ਸਟੇਡੀਅਮ ਵਿਚ ਆ ਜਾਂਦੇ ਕਿਉਂਕਿ ਫੁੱਟਬਾਲ ਉਹਨਾਂ ਦਾ ਇਸ਼ਕ ਸੀ।ਇਉਂ ਕਹਿ ਲਉ ਕਿ ਉਹ ਆਖਰੀ ਦਮ ਤਕ ਇਸ ਖੇਡ ਨੂੰ ਪ੍ਰਣਾਏ ਰਹੇ!
ਉਹਨਾਂ ਦੀ ਕੋਚਿੰਗ ਵਿਚ ਟਰੇਂਡ ਹੋਏ ਸੈਂਕੜੇ ਖਿਡਾਰੀ ਹੁਣ ਭਾਰਤ ਅਤੇ ਪੰਜਾਬ ਦੀਆਂ ਵੱਖ ਵੱਖ ਕਲੱਬਾਂ ਵਿਚ ਖੇਡਦੇ ਹਨ।
ਫਗਵਾੜਾ ਵਿਚ 35 ਸਾਲ ਪਹਿਲਾਂ ਉਹਨਾਂ ਦੇ ਉਪਰਾਲੇ ਸਦਕਾ ‘ਫਗਵਾੜਾ ਕੱਪ ਫੁੱਟਬਾਲ ਟੂਰਨਾਮੈਂਟ’ ਸ਼ੁਰੂ ਕੀਤਾ ਗਿਆ ਜੋ ਅੱਜ ਤੀਕ ਚਲ ਰਿਹਾ ਹੈ।
ਜਾਗੀਰ ਸਿੰਘ ਇੰਟਰਨੈਸ਼ਨਲ ਸਪੋਰਟਸ ਐਸੋਸੀਏਸ਼ਨ ਅਤੇ ਜ਼ਿਲਾ ਫੁੱਟਬਾਲ ਐਸੋਸੀਏਸ਼ਨ ਦੇ ਅਹੁਦੇਦਾਰ ਵੀ ਸਨ।
ਭਾਰਤੀ ਟੀਮ ਦੇ 3 ਵਾਰ ਕੈਪਟਨ ਰਹੇ ਅਤੇ ਅਰਜਨ ਅਵਾਰਡ ਜੇਤੂ ਲੈਜੈਂਡਰੀ ਫੁੱਟਬਾਲਰ ਇੰਦਰ ਸਿੰਘ,ਜਿਹਨਾਂ ਨਾਲ ਜਾਗੀਰ ਸਿੰਘ ਟੀਮ ਵਿਚ ਖੇਡਦੇ ਵੀ ਰਹੇ ,ਅਨੁਸਾਰ ਜਾਗੀਰ ਸਿੰਘ ਇਕ ਦੰਮਦਾਰ ਡਿਫੈਂਡਰ ਸੀ।
ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਰਾਸ਼ਟਰੀ ਕੋਚ ਅਤੇ ‘ਧਿਆਨ ਚੰਦ ਅਵਾਰਡ’ ਦੇ ਵਿਜੇਤਾ ਸੁਖਵਿੰਦਰ ਸਿੰਘ ਸੁੱਖੀ,ਜੋ ਹੁਣ ਕੈਨੇਡਾ ਵਿਚ ਸੈਟਲ ਹੋ ਗਏ ਹਨ, ਅਤੇ ਸਾਬਕਾ ਰਾਸ਼ਟਰੀ ਰੈਸਲਿੰਗ ਟੀਮ ਦੇ ਕੋਚ ਪੀ.ਆਰ. ਸੋਂਧੀ ਨੇ ਵੀ ਉਹਨਾਂ ਦੇ ਅਕਾਲ ਚਲਾਣੇ ਉਪਰ ਦੁਖ ਪ੍ਰਗਟ ਕੀਤਾ ਹੈ।
ਉਹਨਾਂ ਦੇ 50 ਸਾਲ ਤੋਂ ਸਾਥੀ ਕੋਚ ਅਤੇ ਮੈਨੇਜਰ ਪ੍ਰੋ.ਸੀਤਲ ਸਿੰਘ ਨੇ ਦਸਿਆ ਕਿ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਸੁਖਜੀਤ ਸਟਾਰਚ ਐਂਡ ਕੈਮੀਕਲਜ਼ ਲਿਮਿਟਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ. ਕੇ.ਕੇ. ਸਰਦਾਨਾ ਦੀ ਅਗਵਾਈ ਵਿਚ ਇਕ ਸ਼ੋਕ ਮਤੇ ਰਾਹੀਂ ਜਾਗੀਰ ਸਿੰਘ ਦੇ ਤੁਰ ਜਾਣ ਤੇ ਗਹਿਰਾ ਦੁਖ ਪ੍ਰਗਟ ਕਰਦਿਆਂ ਕਿਹਾ ਗਿਆ ਕਿ ਜਾਗੀਰ ਸਿੰਘ ਆਪਣੀ ਫੁੱਟਬਾਲ ਪ੍ਰਤੀ ਵਚਨਬਧਤਾ, ਹੱਸਮੁਖ ਸੁਭਾ, ਫੁੱਟਬਾਲ ਖੇਡ ਵਿਚ ਕੀਤੀਆਂ ਅਦੁਤੀ ਪ੍ਰਾਪਤੀਆਂ ਅਤੇ ਉਭਰਦੇ ਫੁੱਟਬਾਲਰਾਂ ਨੂੰ ਉਮਦਾ ਕੋਚਿੰਗ ਪ੍ਰਦਾਨ ਕਰਨ ਲਈ ਫੁੱਟਬਾਲ ਖਿਡਾਰੀਆਂ,ਖੇਡ ਪ੍ਰੇਮੀਆਂ ਅਤੇ ਐਸੋਸੀਏਸ਼ਨ ਦੇ ਮੈਂਬਰਾਂ ਦੇ ਦਿਲਾਂ ਵਿਚ ਸਦਾ ਜ਼ਿੰਦਾ ਰਹਿਣਗੇ !
ਐਸੋਸੀਏਸ਼ਨ ਦੇ ਹੋਰ ਅਹੁਦੇਦਾਰਾਂ ਪ੍ਰਿੰਸੀਪਲ ਸੁਰਿੰਦਰ ਸਿੰਘ,ਜਸਪਾਲ ਸਿੰਘ,ਵਰਿੰਦਰਜੀਤ ਪਰਮਾਰ,ਸਤਨਾਮ ਸਿੰਘ ਰੰਧਾਵਾ,ਦਲਜੀਤ ਸਿੰਘ ਬੋਇਲ,ਕੋਚ ਪ੍ਰਦੀਪ ਕੁਮਾਰ(ਦੀਪਾ) ਅਤੇ ਉਘੇ ਲਿਖਾਰੀ ਗੁਰਮੀਤ ਸਿੰਘ ਪਲਾਹੀ ਨੇ ਵੀ ਜਾਗੀਰ ਸਿੰਘ ਦੇ ਇਸ ਸੰਸਾਰ ਤੋਂ ਰੁਖਸਤ ਹੋਣ ‘ਤੇ ਦਿਲੀ ਦੁੱਖ ਪ੍ਰਗਟ ਕੀਤਾ ਹੈ।
ਆਲ ਇੰਡੀਆ ਫੁੱਟਬਾਲ ਫੈਡਰੈਸ਼ਨ ਨੇ ਵੀ ਵੱਖਰੇ ਤੌਰ ਤੇ ਉਹਨਾਂ ਦੇ ਅਕਾਲ ਚਲਾਣੇ ਉਪਰ ਗਹਿਰਾ ਦੁੱਖ ਪ੍ਰਗਟ ਕੀਤਾ ਹੈ।ਇਹਨਾਂ ਸਾਰੀਆਂ ਸੰਸਥਾਂਵਾਂ ਨੇ ਉਹਨਾਂ ਦੇ ਸਦਮਾ-ਗ੍ਰਸਤ ਪਰਿਵਾਰ ਨਾਲ ਵੀ ਆਪਣਾ ਦੁੱਖ ਸਾਂਝਾ ਕੀਤਾ ਹੈ।
ਜਾਗੀਰ ਸਿੰਘ ਆਪਣੇ ਪਿਛੇ ਸੁਪਤਨੀ ਸ਼੍ਰੀਮਤੀ ਸੁਰਿੰਦਰ ਕੌਰ, ਯੂ.ਕੇ. ‘ਚ ਸੈਟਲਡ ਵਡਾ ਸਪੁੱਤਰ ਸ. ਕੁਲਵਿੰਦਰ ਸਿੰਘ(ਜੋ ਇੰਗਲੈਂਡੋਂ ਇਥੇ ਆ ਕੇ ਨਿਰੰਤਰ ਆਪਣੇ ਬੀਮਾਰ ਪਿਤਾ ਦੀ ਸੇਵਾ ਕਰਦਾ ਰਿਹੈ),ਨੂੰਹਾਂ ਸ਼੍ਰੀਮਤੀ ਮਨਜਿੰਦਰ ਕੌਰ ਤੇ ਸ਼੍ਰੀਮਤੀ ਮਨਦੀਪ ਕੌਰ ਅਤੇ 3 ਪੋਤਰੇ ਛਡ ਗਏ ਹਨ।ਉਹਨਾਂ ਦਾ ਛੋਟਾ ਪੁੱਤਰ ਸ. ਪਰਮਿੰਦਰ ਸਿੰਘ ਬੋਇਲ ਭਰ ਜਵਾਨੀ ਵਿਚ 2018 ‘ਚ ਵਿਛੋੜਾ ਦੇ ਗਿਆ ਸੀ।(ਪਰਮਿੰਦਰ ਵੀ ਇਕ ਚੰਗਾ ਫੁੱਟਬਾਲ ਖਿਡਾਰੀ ਸੀ ਅਤੇ ਆਪਣੇ ਪਿਤਾ ਵਾਂਗ’ਡਿਫੈਂਡਰ’ ਦੀ ਪੁਜ਼ੀਸ਼ਨ ਤੇ ਖੇਡਦਾ ਸੀ)।ਉਸ ਦੀ ਬੇਵਕਤੀ ਮੌਤ ਕਾਰਨ ਜਾਗੀਰ ਸਿੰਘ ਬਹੁਤ ਜ਼ਿਆਦਾ ਡੋਲ ਤਾਂ ਗਿਆ ਸੀ ਪਰ ਉਹ ਡਿਗਿਆ ਬਿਲਕੁਲ ਨਹੀਂ।ਉਸ ਨੇ ਹਿੰਮਤ ਨਾਲ ਇਸ ਅਕਿਹ ਸਦਮੇ ਨੂੰ ਬਰਦਾਸ਼ਤ ਕਰਦਿਆਂ ਕੁਝ ਸਮੇਂ ਉਪਰੰਤ ਫਿਰ ਤੋਂ ਸਕੂਲ ਦੀ ਗਰਾਊਂਡ ਵਿਚ ਨੌਜਵਾਨ ਖਿਡਾਰੀਆਂ ਨੂੰ ਟਰੇਨਡ ਕਰਨਾ ਸ਼ੁਰੂ ਕਰ ਦਿੱਤਾ ਸੀ।
28 ਮਈ ਨੂੰ ਉਹਨਾਂ ਦੀ ਯਾਦ ਵਿਚ ਉਹਨਾਂ ਦੇ ਜੱਦੀ ਪਿੰਡ ਖੋਥੜਾਂ ਵਿਖੇ ਭੋਗ ਪੈਣਗੇ ਅਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਕੀਤੀ ਜਾਵੇਗੀ।
ਜਾਗੀਰ ਸਿੰਘ ਵਰਗੇ ਦਿਲਦਾਰ ਬੰਦੇ ਤੇ ਹੀਰੇ ਬੜੀ ਮੁਸ਼ਕਿਲ ਮਿਲਦੇ ਹਨ!
ਡਾ.ਇਕਬਾਲ ਅਨੁਸਾਰ-
“ਹਜ਼ਾਰੋਂ ਸਾਲ ਨਰਗਿਸ ਅਪਨੀ ਬੇਨੂਰੀ ਪੇ ਰੋਤੀ ਹੈ,
ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ”!
ਅਸੀਂ ਸਾਰੇ ਸਿੱਲ੍ਹੀਆਂ ਅੱਖਾਂ ਨਾਲ ਹੁਣ ਤਾਂ ਬਸ ਇਹ ਹੀ ਕਹਿ ਸਕਦੇ ਹਾਂ-‘ਉਠ ਗਏ ਗਵਾਂਢੋਂ ਯਾਰ,ਰੱਬਾ ਹੁਣ ਕੀ ਕਰੀਏ’?
ਸਾਨੂੰ ਸਦੀਵੀ ਵਿਛੋੜਾ ਦੇ ਗਏ, ਸਦਾ ਫੁੱਲਾਂ ਵਾਂਗ ਖਿੜੇ ਰਹਿਣ ਵਾਲੇ, ਆਪਣੇ ਇਸ ਰਾਂਗਲੇ ਸਜਨ ਲਈ ਇਕ ਸਤਰ ਹੋਰ ਲਿਖ ਕੇ ਸਮਾਪਤ ਕਰਦਾ ਹਾਂ-
‘ਨਹੀਓਂ ਲੱਭਣੇ ਲਾਲ ਗੁਆਚੇ,ਮਿੱਟੀ ਨਾਂ ਫਰੋਲ ਜੋਗੀਆ’!!
-
ਪ੍ਰੋ. ਜਸਵੰਤ ਸਿੰਘ ਗੰਡਮ, ਲੇਖਕ
******
98766-55055
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.