ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ ਹਰ ਇੱਕ ਕੋਲ ਬਹੁਤ ਹੀ ਸੀਮਤ ਜਿਹਾ ਸਮਾਂ ਹੀ ਹੈ l ਅਸੀਂ ਇਤਨੇ ਜ਼ਿਆਦਾ ਵਿਅਸਤ ਹੋ ਗਏ ਹਾਂ ਕਿ ਸਾਡੇ ਕੋਲ ਇਹ ਸੋਚਣ ਦਾ ਸਮਾਂ ਹੀ ਨਹੀਂ ਕਿ ਜਿਹੜਾ ਭੋਜਨ ਅਸੀਂ ਖਾ ਰਹੇ ਹਾਂ ਕੀ ਉਹ ਸਾਡੀ ਸਿਹਤ ਵਾਸਤੇ ਠੀਕ ਹੈ ਕਿ ਨਹੀਂ ? ਸਾਡਾ ਇੱਕੋ ਇੱਕ ਮੰਤਵ ਹੁੰਦਾ ਹੈ ਕਿ ਸਵਾਦ ਲੈਣਾ ਅਤੇ ਪੇਟ ਭਰਨਾ l ਸਾਡੀ ਇਹੀ ਆਦਤ ਬਾਅਦ ਵਿੱਚ ਕਈ ਬਿਮਾਰੀਆਂ ਦਾ ਕਾਰਨ ਬਣਦੀ ਹੈ l ਜਿਸ ਵਿੱਚ ਮੋਟਾਪਾ, ਆਂਤੜੀਆਂ ਦੇ ਰੋਗ, ਦਿਲ ਦੇ ਰੋਗ, ਸ਼ੂਗਰ ਆਦਿ ਪ੍ਰਮੁੱਖ ਹਨ l ਹਾਂ, ਇਹ ਬਿਲਕੁੱਲ ਜਾਇਜ਼ ਹੈ ਕਿ ਸਾਨੂੰ ਸੁਆਦਲਾ ਭੋਜਨ ਅਤੇ ਪੇਟ ਭਰ ਕੇ ਖਾਣ ਦਾ ਪੂਰਾ ਹੱਕ ਹੈ, ਪਰ ਜੇ ਅਸੀਂ ਆਪਣੇ ਖਾਣੇ ਵਿੱਚ ਥੋੜ੍ਹੀ ਜਿਹੀ ਵੀ ਚੇਤੰਨਤਾ ਲਿਆਉਂਦੇ ਹਾਂ ਤਾਂ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ, ਮਤਲਬ ਕਿ ਖਾਣੇ ਦਾ ਸੁਆਦ ਵੀ ਰਹੇਗਾ ਅਤੇ ਸਿਹਤ ਵੀ ਠੀਕ ਰਹੇਗੀ l ਇਸ ਕਰਕੇ ਖਾਣ ਤੋਂ ਪਹਿਲਾਂ ਇਹ ਦੇਖੋ ਕਿ ਤੁਸੀਂ ਕੀ ਖਾ ਰਹੇ ਹੋ, ਉਸ ਨਾਲ ਤੁਹਾਨੂੰ ਕੀ-ਕੀ ਪੋਸ਼ਣ ਤੱਥ ਮਿਲ ਰਹੇ ਹਨ ਅਤੇ ਕੀ ਇਹ ਭੋਜਨ ਸਰੀਰ ਵਾਸਤੇ ਠੀਕ ਹੈ? ਸਰਕਾਰੀ ਏਜੰਸੀਆਂ ਵੱਲੋਂ ਜਿਹੜਾ ਭੋਜਨ ਪੈੱਕਟ ਵਿੱਚ ਬੰਦ ਹੁੰਦਾ ਹੈ, ਉਸ ਤੇ ਲਿਖਣਾ ਜ਼ਰੂਰੀ ਹੈ ਕਿ ਉਸ ਵਿੱਚ ਕੀ ਕੀ ਪੋਸ਼ਣ ਤੱਥ ਹਨ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਅਸੀਂ ਕਿਹੋ ਜਿਹਾ ਖਾਣਾ ਖਾ ਰਹੇ ਹਾਂ l ਇਸ ਵਾਸਤੇ ਹਰ ਪੈੱਕਟ -ਬੰਦ ਭੋਜਨ ਤੇ (ਚਾਹੇ ਉਹ ਕੱਚਾ ਹੈ ਜਾਂ ਬਣਿਆ ਹੋਇਆ) ਇੱਕ ਫੂਡ ਲੇਬਲ ਲੱਗਿਆ ਹੰਦਾ ਹੈ ਜਿਹੜਾ ਕਿ ਦੱਸਦਾ ਹੈ ਕਿ ਇਸ ਭੋਜਨ ਵਿੱਚ ਕੀ ਕੀ ਪੋਸ਼ਣ ਤੱਥ ਹਨ l ਇਹ ਫੂਡ ਲੇਬਲ ਹਰ ਇੱਕ ਭੋਜਨ ਦੇ ਪੈੱਕਟ ਤੇ ਇੱਕ ਚਿੱਟੇ ਰੰਗ ਜਾਂ ਹਲਕੇ ਰੰਗ ਦਾ ਆਇਤਕਾਰ ਦੇ ਆਕਾਰ ਦਾ ਹੁੰਦਾ ਹੈ ਅਤੇ ਉਸ ਤੇ ਕਾਲੇ ਰੰਗ ਦੇ ਅੱਖਰਾਂ ਨਾਲ ਉਸ ਵਿਚਲੇ ਪੋਸ਼ਣ ਤੱਥ (Nutritional Facts) ਦਿੱਤੇ ਹੁੰਦੇ ਹਨ l ਇਹ ਫੂਡ ਲੇਬਲ ਕੀ ਹੈ ਅਤੇ ਇਸ ਦਾ ਕੀ ਮਹੱਤਵ ਹੈ? ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਕਿਹੜਾ ਭੋਜਨ ਸਿਹਤ ਵਾਸਤੇ ਅੱਛਾ ਹੈ ਕਿ ਨਹੀਂ l ਇਸ ਵਿਸ਼ੇ ਤੇ ਵਿਸਥਾਰ ਨਾਲ ਅਸੀਂ ਚਰਚਾ ਕਰਾਂਗੇ l ਪਹਿਲਾਂ ਇੱਕ ਫੂਡ ਲੇਬਲ ਤੇ ਝਾਤੀ ਮਾਰਦੇ ਹਾਂ l
ਫੂਡ ਲੇਬਲ ਦਾ ਆਕਾਰ – ਇਸ ਦਾ ਆਕਾਰ ਆਇਤਕਾਰ ਹੰਦਾ ਹੈ ਅਤੇ ਇਸ ਦੀ ਪਿੱਠ ਭੂਮੀ ਚਿੱਟੇ ਜਾਂ ਹਲਕੇ ਰੰਗ ਦੀ ਹੁੰਦੀ ਹੈ ਅਤੇ ਉਸ ਉੱਤੇ ਜ਼ਿਆਦਾਤਰ ਕਾਲੇ ਰੰਗ ਦੇ ਮੋਟੇ ਅਤੇ ਪਤਲੇ ਅੱਖਰਾਂ ਨਾਲ ਲਿਖਿਆ ਹੁੰਦਾ ਹੈ l
1. ਪੋਸ਼ਣ ਤੱਥ (NUTRITIONAL FACTS)
ਕਿਸੇ ਵੀ ਫੂਡ ਪੈੱਕਟ ਤੇ ਇਹ ਸਿਰਲੇਖ ਵੱਡੇ ਅਤੇ ਮੋਟੇ (BOLD) ਅੱਖਰਾਂ ਵਿੱਚ ਲਿਖਿਆ ਹੁੰਦਾ ਹੈ ਤਾਂ ਕਿ ਸਾਨੂੰ ਦੂਰੋਂ ਹੀ ਪਤਾ ਲੱਗ ਸਕੇ ਕਿ ਇਸ ਫੂਡ ਪੈੱਕਟ ਦਾ ਫੂਡ ਲੇਬਲ ਕਿੱਥੇ ਹੈ ਅਤੇ ਇਸ ਖਾਣੇ ਵਿੱਚ ਕੀ-ਕੀ ਪੋਸ਼ਣ ਤੱਥ ਹਨ l ਇਹ ਜ਼ਿਆਦਾਤਰ ਅੰਗ੍ਰੇਜ਼ੀ ਅਤੇ ਨਾਲ ਕਿਸੇ ਹੋਰ ਖੇਤਰੀ ਭਾਸ਼ਾ ਵਿੱਚ ਲਿਖਿਆ ਹੁੰਦਾ ਹੈ ਤਾਂ ਕਿ ਕਿਸੇ ਨੂੰ ਵੀ ਪੜ੍ਹਨ ਅਤੇ ਸਮਝਣ ਵਿੱਚ ਤਕਲੀਫ ਨਾ ਆਵੇ l
2. ਇੱਕ ਸਟੈਂਡਰਡ ਸਰਵਿੰਗ ਦਾ ਆਕਾਰ (STANDARD SERVING SIZE)
ਇਸ ਵਿੱਚ ਲਿਖਿਆ ਹੁੰਦਾ ਹੈ ਕਿ ਇਹ ਪੋਸ਼ਣ ਤੱਥ ਉਸ ਪੈੱਕਟ ਵਿਚਲੇ ਭੋਜਨ ਦੀ ਕਿੰਨੀ ਕੁ ਮਾਤਰਾ ਵਿੱਚ ਹਨ l ਇਸ ਦੇ ਵਾਸਤੇ ਸਰਵਿੰਗ ਸਾਈਜ਼ ਜੋ ਕਿ ਰੋਜ਼ਾਨਾ ਵਰਤਣ ਵਾਲੇ ਖਾਣਿਆਂ ਦੀ ਮਿਕਦਾਰ ਦਾ ਸਟੈਂਡਰਡ ਹੈ, ਲਿਖਿਆ ਹੁੰਦਾ ਹੈ ਤਾਂ ਕਿ ਲੋਕਾਂ ਨੂੰ ਦੋ ਕੰਪਨੀਆਂ ਦੀਆਂ ਚੀਜ਼ਾਂ ਮਿਲਾਉਣ ਵਿੱਚ ਕੋਈ ਦਿੱਕਤ ਨਾ ਆਵੇ l ਇਹ ਸਰਵਿੰਗ ਸਾਈਜ਼ (SERVING SIZE) ਇੱਕ ਆਮ ਕੈਨੇਡੀਅਨ ਦੇ ਸੰਤੁਲਿਤ ਭੋਜਨ ਨੂੰ ਖਿਆਲ ਵਿੱਚ ਰੱਖ ਕੇ, ਕਿ ਉਹ ਇੱਕ ਸਮੇਂ ਕਿੰਨੀ ਚੀਜ਼ ਖਾਉਂਦਾ ਹੈ, ਉਸ ਤੇ ਨਿਰਭਰ ਹੈ l ਇਹ ਸਾਈਜ਼ ਇੱਕ ਵਾਰ ਖਤਮ ਹੋਣ ਵਾਲੇ (SINGLE-SERVE) ਅਤੇ ਜ਼ਿਆਦਾ ਵਾਰ ਖਤਮ ਹੋਣ (MULTI-SERVE) ਵਾਲੇ ਲਈ ਵੱਖ ਵੱਖ ਹੁੰਦੇ ਹਨl
ਜੇ ਪੈੱਕਟ ਇੱਕ ਹੀ ਵਾਰ ਵਿੱਚ ਖਤਮ ਹੋਣ ਵਾਲਾ ਹੈ ਜਿਵੇਂ ਕਿ ਛੋਟਾ ਜੂਸ ਦਾ ਪੈੱਕਟ ਜਾਂ ਛੋਟਾ ਦੁੱਧ ਦਾ ਪੈੱਕਟ, ਤਾਂ ਪੂਰੇ ਪੈੱਕਟ ਦੀ ਮਾਤਰਾ ਹੀ ਉਸ ਦਾ ਸਰਵਿੰਗ ਸਾਈਜ਼ ਹੈ l ਜੇ ਉਸ ਪੈੱਕਟ ਵਿੱਚ ਇੱਕ ਸਟੈਂਡਰਡ ਸਰਵਿੰਗ ਤੋਂ ਵੱਧ ਪਰ ਸਟੈਂਡਰਡ ਸਰਵਿੰਗ ਦੇ 200% ਤੱਕ ਜਾਂ ਉਸ ਤੋਂ ਘੱਟ ਮਾਤਰਾ ਹੈ ਤਾਂ ਵੀ ਸਾਰੇ ਪੈੱਕਟ ਵਿਚਲੇ ਖਾਣੇ ਦਾ ਪੋਸ਼ਣ ਤੱਤ ਲਿਖਿਆ ਹੋਵੇਗਾ l ਇੱਕ ਉਦਾਹਰਨ ਦੇ ਤੌਰ ਤੇ ਦੁੱਧ ਦੀ ਇੱਕ ਸਟੈਂਡਰਡ ਸਰਵਿੰਗ ਸਾਈਜ਼ 250 ਮਿਲੀਲੀਟਰ ਜਾਂ ਇੱਕ ਪਾਈਆ ਹੈ l ਜੇ ਕਿਸੇ ਦੁੱਧ ਦੇ ਪੈੱਕਟ ਵਿੱਚ 500 ਮਿਲੀਲੀਟਰ (250 ਦਾ 200%) ਤੋਂ ਘੱਟ ਦੁੱਧ ਹੈ ਤਾਂ ਪੂਰੇ ਪੈੱਕਟ ਦਾ ਪੋਸ਼ਣ ਤੱਥ ਲਿਖਿਆ ਹੋਵੇਗਾ, ਪਰ ਜੇ ਉਸ ਪੈੱਕਟ ਵਿੱਚ 500 ਮਿਲੀਲੀਟਰ (ਅੱਧਾ ਲੀਟਰ) ਤੋਂ ਵੱਧ ਦੁੱਧ ਹੈ ਤਾਂ ਇੱਕ ਸਰਵਿੰਗ ਮਤਲਬ ਕਿ 250 ਮਿਲੀਲੀਟਰ ਦਾ ਹੀ ਪੋਸ਼ਣ ਤੱਥ ਲਿਖਿਆ ਹੋਵੇਗਾ l ਇਸ ਤੋਂ ਇਲਾਵਾ ਉਸ ਤੇ ਉਸ ਵਿੱਚ ਕਿੰਨੀਆਂ ਸਟੈਂਡਰਡ ਸਰਵਿੰਗ ਹਨ, ਵੀ ਲਿਖਿਆ ਹੋ ਸਕਦਾ ਹੈ l ਜਿਵੇਂ ਕਿ ਇੱਕ ਲੀਟਰ ਦੁੱਧ ਦੇ ਪੈੱਕਟ ਤੇ ਇਹ ਲਿਖਿਆ ਹੋ ਸਕਦਾ ਹੈ ਕਿ ਇਸ ਵਿੱਚ 4 ਸਟੈਂਡਰਡ ਸਰਵਿੰਗ ਹਨ ਅਤੇ ਇੱਕ ਸਰਵਿੰਗ 250 ਮਿਲੀਲੀਟਰ ਦੀ ਹੈ l ਇੱਕ ਯੋਗਹਰਟ ਦੀ ਸਟੈਂਡਰਡ ਸਰਵਿੰਗ 175 ਮਿਲੀਲੀਟਰ ਹੈ l ਭਾਰਤੀ ਦਹੀਂ ਦੀ 125 ਮਿਲੀਲੀਟਰ (ਅੱਧ ਪਾਈਆ) ਹੈ l ਜਿਹੜੇ ਭੋਜਨ ਪੀਸ ਵਿੱਚ ਆਉਂਦੇ ਹਨ ਜਿਵੇਂ ਕਿ ਬਿਸਕੁਟ ਆਦਿ, ਉਸ ਵਿੱਚ ਉਸ ਦੇ ਸਟੈਂਡਰਡ ਭਾਰ ਵਿੱਚ ਕਿੰਨੇ ਪੀਸ ਆਉਂਦੇ ਹਨ ਜਿਵੇਂ ਕਿ ਬਿਸਕੁੱਟ ਦੇ ਪੈੱਕਟ ਲਈ 30 ਤੋਂ 35 ਗਰਾਮ ਦੀ ਸਰਵਿੰਗ ਸਟੈਂਡਰਡ ਹੈ ਤਾਂ ਘੱਟੋ ਘੱਟ ਪੀਸ ਜਿਸ ਨਾਲ ਉਨ੍ਹਾਂ ਦਾ ਭਾਰ 30 -35 ਗਰਾਮ ਬਣਦਾ ਹੋਵੇ, ਉਹ ਲਿਖਿਆ ਹੁੰਦਾ ਹੈ l ਇਸ ਸਟੈਂਡਰਡਾਈਜ਼ ਕਰਨ ਨਾਲ ਸਾਨੂੰ ਦੋ ਕੰਪਨੀਆਂ ਦੀਆਂ ਚੀਜ਼ਾਂ ਮਿਲਾਉਣ (COMPARE) ਵਿੱਚ ਆਸਾਨੀ ਹੁੰਦੀ ਹੈ l
3. ਵੱਖ ਵੱਖ ਭਾਗਾਂ ਦੀ ਮਾਤਰਾ ਅਤੇ ਰੋਜ਼ਾਨਾ ਇਜਾਜ਼ਤਨ ਖਾਣੇ ਦਾ ਪ੍ਰਤੀਸ਼ਤ (TOTAL AMOUNT & %DAILY VALUE)
ਇਸ ਲਾਈਨ ਵਿੱਚ ਸਾਡੇ ਵੱਲੋਂ ਖਾਧੇ ਜਾਂਦੇ ਰੋਜ਼ਾਨਾ ਭੋਜਨ ਵਿੱਚ ਕਿੰਨਾ ਫੈਟ ਜਾਂ ਚਰਬੀ, ਕਾਰਬੋਹਾਈਡਰੇਟਸ ਅਤੇ ਪ੍ਰੋਟੀਨ ਹੋਣਾ ਚਾਹੀਦਾ ਹੈ ਅਤੇ ਇਸ ਫੂਡ ਪੈੱਕਟ ਵਿੱਚ ਉਸ ਦੀ ਕਿੰਨੀ ਪ੍ਰਤੀਸ਼ਤ ਮਾਤਰਾ ਹੈ, ਉਹ ਲਿਖਿਆ ਹੰੁਦਾ ਹੈ l ਇਸ ਦੇ ਨਾਲ ਇੱਕ ਛੋਟਾ ਜਿਹਾ ਸਟਾਰ (*)ਵੀ ਲੱਗਿਆ ਹੁੰਦਾ ਹੈ ਅਤੇ ਇਸ ਸਟਾਰ ਦਾ ਮਤਲਬ ਸਭ ਤੋਂ ਨੀਚੇ ਸਮਝਾਇਆ ਗਿਆ ਹੁੰਦਾ ਹੈ, ਕਿ 5% ਤੋਂ ਘੱਟ ਕਾਫੀ ਘੱਟ ਹੈ ਅਤੇ 15 % ਤੋਂ ਵੱਧ ਕਾਫੀ ਵੱਧ ਹੈ l ਇਸ ਕਰਕੇ ਸਭ ਕੁੱਝ ਇਸ ਦੇ ਵਿਚਕਾਰ ਹੀ ਹੋਣਾ ਜ਼ਿਆਦਾ ਵਧੀਆ ਰਹਿੰਦਾ ਹੈ l ਇਹ ਪ੍ਰਤੀਸ਼ਤ ਹਰ ਪੋਸ਼ਕ ਤੱਤ ਦਾ ਲਿਖਿਆ ਹੋਣਾ ਲਾਜ਼ਮੀ ਨਹੀਂ ਹੈ l ਪਰ ਇਹ ਹੇਠ ਲਿਖੇ ਪੋਸ਼ਣ ਤੱਤਾਂ ਦਾ ਲਾਜ਼ਮੀ ਹੈ:
• ਕੁੱਲ ਚਰਬੀ (ਟੋਟਲ ਫੈਟ),
• ਸੈਚੂਰੇਟਡ ਅਤੇ ਟਰਾਂਸ ਫੈਟ (ਅਨਸੈਚੂਰੇਟਡ ਫੈਟ ਦਾ ਲਾਜ਼ਮੀ ਨਹੀਂ ਹੈ, ਇਹ ਟੋਟਲ ਫੈਟ ਵਿਚੋਂ ਸੈਚੂਰੇਟਡ ਅਤੇ ਟਰਾਂਸ ਫੈਟ ਘਟਾ ਕੇ ਕੀਤਾ ਜਾ ਸਕਦਾ ਹੈ, ਕਲੈਸਟਰੋਲ ਦਾ ਆਪਸ਼ਨਲ ਹੈ),
• ਸੋਡੀਅਮ,
• ਕਾਰਬੋਹਾਈਡਰੇਟ,
• ਫਾਈਬਰ,
• ਵਿਟਾਮਨ ਏ, ਸੀ, ਕੈਲਸ਼ੀਅਮ ਅਤੇ ਆਇਰਨ
4. ਊਰਜਾ (CALORIES)
ਜਿਹੜਾ ਭੋਜਨ ਅਸੀਂ ਖਾਂਦੇ ਹਾਂ ਉਹ ਸਰੀਰ ਵਿੱਚ ਜਾ ਕੇ ਊਰਜਾ ਵਿੱਚ ਬਦਲ ਜਾਂਦਾ ਹੈ ਅਤੇ ਇੱਕ ਸਟੈਂਡਰਡ ਸਰਵਿੰਗ ਨਾਲ ਸਾਨੂੰ ਕਿੰਨੀ ਕੁ ਊਰਜਾ ਮਿਲ ਸਕਦੀ ਹੈ, ਉਹ ਲਿਖਿਆ ਹੁੰਦਾ ਹੈ l ਪਹਿਲਾਂ ਇਹ ਪਤਲੇ ਫੌਂਟ ਵਿੱਚ ਹੁੰਦਾ ਸੀ, ਪਰ ਹੁਣ ਇਸ ਨੂੰ ਬੋਲਡ ਜਾਂ ਮੋਟੇ ਅੱਖਰ ਵਿੱਚ ਲਿਖ ਕੇ ਇਸ ਦੇ ਨੀਚੇ ਮੋਟੀ ਲਾਈਨ ਖਿਚੀ ਹੁੰਦੀ ਹੈ ਤਾਂ ਕਿ ਦੂਰੋਂ ਹੀ ਪਤਾ ਲੱਗ ਸਕੇ ਕਿ ਇਸ ਪੈੱਕਟ ਦੇ ਸੇਵਨ ਨਾਲ ਸਾਨੂੰ ਕਿੰਨੀ ਕੁ ਊਰਜਾ ਮਿਲ ਸਕਦੀ ਹੈ l ਇੱਕ ਆਮ ਬੰਦੇ ਨੂੰ ਜਿਹੜਾ ਜ਼ਿਆਦਾ ਸਰੀਰਕ ਤਾਕਤ ਵਾਲਾ ਕੰਮ ਨਹੀਂ ਕਰਦਾ, ਉਸ ਨੂੰ ਔਸਤਨ 1500 ਤੋਂ 2000 ਕੈਲਰੀ ਊਰਜਾ ਦੀ ਲੋੜ ਹੁੰਦੀ ਹੈ l ਇਸ ਨੂੰ ਦੇਖ ਕੇ ਅਸੀਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿਤਨੀ ਕੁ ਚੀਜ਼ ਖਾਣੀ ਹੈ l.
5, 6 - ਚਰਬੀ (ਵਸਾ) (FATS)
ਇਸ ਤੋਂ ਬਾਅਦ ਫੈਟਸ ਜਾਂ ਉਸ ਸਰਵਿੰਗ ਵਿੱਚ ਕਿੰਨੀ ਕੁ ਚਰਬੀ ਹੈ, ਉਸ ਬਾਰੇ ਲਿਖਿਆ ਹੰੁਦਾ ਹੈ l ਇਹ ਸਾਰੇ ਪੋਸ਼ਣ ਤੱਥਾਂ ਤੋਂ ਪਹਿਲਾਂ ਤਾਂ ਲਿਖਿਆ ਹੁੰਦਾ ਹੈ ਕਿਓਂਕਿ ਚਰਬੀ ਵਿੱਚ ਕਾਰਬੋਹਾਈਡਰੇਟਸ ਅਤੇ ਪ੍ਰੋਟੀਨ ਦੇ ਮੁਕਾਬਲਤਨ ਸਭ ਤੋਂ ਜ਼ਿਆਦਾ ਮਾਤਰਾ ਵਿੱਚ ਊਰਜਾ ਹੁੰਦੀ ਹੈ l ਸਹੀ ਮਾਤਰਾ ਵਿੱਚ ਲਈ ਗਈ ਚਰਬੀ ਕਈ ਸਰੀਰਕ ਕਿਰਿਆਵਾਂ ਵਾਸਤੇ ਬਹੁਤ ਹੀ ਜ਼ਰੂਰੀ ਹੈ ਅਤੇ ਸਾਡੇ ਸਰੀਰ ਨੂੰ ਵੱਧਣ ਫੁੱਲਣ ਵਿੱਚ ਮਦਦ ਕਰਦੀ ਹੈ l ਇਸ ਤੋਂ ਇਲਾਵਾ ਇਹ ਕਈ ਵਿਟਾਮਿਨਾਂ ਜਿਵੇਂ ਕਿ ਵਿਟਾਮਿਨ ਏ, ਡੀ, ਕੇ ਆਦਿ ਨੂੰ ਸਰੀਰ ਵਿੱਚ ਜ਼ਜ਼ਬ ਕਰਨ ਵਿੱਚ ਸਹਾਇਤਾ ਕਰਦੀ ਹੈ l ਲੇਕਿਨ ਜੇ ਅਸੀਂ ਇਸ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਦੇ ਹਾਂ ਤਾਂ ਫਾਲਤੂ ਚਰਬੀ ਸਰੀਰ ਦੇ ਕਈ ਅੰਗਾਂ ਵਿੱਚ ਜਮ੍ਹਾਂ ਹੋ ਕੇ ਕਈ ਬਿਮਾਰੀਆਂ ਦਾ ਕਾਰਨ ਬਣਦੀ ਹੈ l ਇਸ ਨਾਲ ਸਾਨੂੰ ਦਿਲ ਅਤੇ ਹੋਰ ਕਈ ਬਿਮਾਰੀਆਂ ਦੀ ਸੰਭਾਵਨਾ ਵੱਧ ਜਾਂਦੀ ਹੈ l ਅਸੀਂ ਜਿਹੜਾ ਭੋਜਨ ਖਾਂਦੇ ਹਾਂ ਉਸ ਵਿਚੋਂ ਫੈਟਸ ਤੋਂ 25-30% ਤਕ ਵੱਧ ਤੋਂ ਵੱਧ ਊਰਜਾ ਲੈਣੀ ਠੀਕ ਰਹਿੰਦੀ ਹੈ ਜੋ ਕਿ ਅੰਦਾਜ਼ਾ ਰੋਜ਼ ਦੀ 60 ਕੁ ਗਰਾਮ ਬਣਦੀ ਹੈ l ਇਹ ਫੈਟਸ ਜਾਂ ਚਰਬੀ ਤਿੰਨ ਤਰ੍ਹਾਂ ਦੀ ਹੁੰਦੀ ਹੈ :
• ਸੈਚੂਰੇਟਡ ਫੈਟ
• ਟਰਾਂਸ ਫੈਟ
• ਅਨਸੈਚੂਰੇਟਡ ਫੈਟ
ਪਹਿਲੀ ਦੋ ਕਿਸਮ ਦੇ ਫੈਟ ਸਿਹਤ ਵਾਸਤੇ ਹਾਨੀਕਾਰਕ ਹਨ ਅਤੇ ਇਨ੍ਹਾਂ ਦਾ ਇਸਤੇਮਾਲ ਜਿੰਨਾ ਘੱਟ ਹੋਵੇ ਓਨਾ ਹੀ ਚੰਗਾ ਹੈ l ਸੈਚੂਰੇਟਡ ਫੈਟ ਜ਼ਿਆਦਾ ਕਰੀਮ ਜਾਂ ਮਲਾਈ ਵਾਲਾ ਦੁੱਧ, ਪਨੀਰ, ਮੱਖਣ, ਕਰੀਮ, ਦੇਸੀ ਘਿਓ ਅਤੇ ਜ਼ਿਆਦਾ ਚਰਬੀ ਵਾਲਾ ਮੀਟ ਆਦਿ ਵਿੱਚ ਹੁੰਦੀ ਹੈ l ਇਸ ਤੋਂ ਇਲਾਵਾ ਪਾਮ ਦੇ ਤੇਲ ਅਤੇ ਨਾਰੀਅਲ ਤੇਲ ਵਿੱਚ ਇਸ ਦੀ ਮਾਤਰਾ ਬਹੁਤ ਹੀ ਜ਼ਿਆਦਾ ਹੁੰਦੀ ਹੈ l ਇੱਕ ਸਵੱਸਥ ਭੋਜਨ ਵਿੱਚ ਇਹ ਰੋਜ਼ਾਨਾ 20 ਗਰਾਮ ਤੋਂ ਵੱਧ ਨਹੀਂ ਹੋਣਾ ਚਾਹੀਦੀ l
ਟਰਾਂਸ ਫੈਟ ਬਨਸਪਤੀ (ਵੈਜੀਟੇਬਲ) ਤੇਲ ਦੀ ਇੱਕ ਕੈਮੀਕਲ ਕਿਰਿਆ (ਹਾਈਡਰੋਜੀਨੇਸ਼ਨ) ਤੋਂ ਬਾਅਦ ਮਿਲਦਾ ਹੈ l ਇਹ ਬਾਕੀ ਫੈਟਸ ਦੇ ਮੁਕਾਬਲਤਨ ਸਸਤੀ ਹੁੰਦੀ ਹੈ ਇਸ ਲਈ ਇਹ ਬੇਕਰੀ ਦੇ ਸਮਾਨ, ਸਨੈਕਸ, ਬਜ਼ਾਰੀ ਤਲਿਆ ਭੋਜਨ, ਪੀ ਨੱਟ ਬਟਰ ਆਦਿ ਵਿੱਚ ਮਿਲਦਾ ਹੈ l ਇਹ ਰੋਜ਼ਾਨਾ 2 ਗਰਾਮ ਤੋਂ ਵੱਧ ਨਹੀਂ ਹੋਣਾ ਚਾਹੀਦਾ l
ਅਨਸੈਚੂਰੇਟਡ ਫੈਟਸ ਉਪਰ ਲਿਖੀਆਂ ਫੈਟਸ ਦੇ ਮੁਕਾਬਲੇ ਜ਼ਿਆਦਾ ਠੀਕ ਰਹਿੰਦੀ ਹੈ l ਇਹ ਸਾਨੂੰ ਕੈਨੋਲਾ ਤੇਲ, ਜੈਤੂਨ ਜਾਂ ਓਲੀਵ ਦੇ ਤੇਲ, ਸੋਇਆਬੀਨ ਦੇ ਤੇਲ, ਅਲਸੀ ਦੇ ਤੇਲ, ਅਖਰੋਟ ਦੇ ਤੇਲ, ਮੱਛੀ ਜਿਵੇਂ ਕਿ ਸਾਲਮਨ, ਟੂਨਾ, ਸੂਰਜਮੁੱਖੀ ਦਾ ਤੇਲ, ਸਫੋਲਾ ਤੇਲ ਆਦਿਕ ਤੇਲਾਂ ਤੋਂ ਮਿਲਦੀ ਹੈ l ਸਾਡੇ ਰੋਜ਼ਾਨਾ ਦੇ ਖਾਣੇ ਵਿੱਚ ਇਸ ਫੈਟ ਦੀ ਮਾਤਰਾ 40-45 ਗਰਾਮ ਤੱਕ ਹੋ ਸਕਦੀ ਹੈ l
7. ਕਲੈਸਟਰੋਲ (CHOLESTEROL)
ਇਹ ਵੀ ਫੈਟਸ ਵਰਗਾ ਹੀ ਹੁੰਦਾ ਹੈ ਅਤੇ ਸਿਰਫ ਤੇ ਸਿਰਫ ਜਾਨਵਰਾਂ ਤੋਂ ਮਿਲਦਾ ਹੈ ਅਤੇ ਪੇੜ ਪੋਦਿਆਂ ਤੋਂ ਮਿਲਣ ਵਾਲੇ ਭੋਜਨ ਵਿੱਚ ਨਹੀਂ ਹੁੰਦਾ l ਜ਼ਿਆਦਾ ਕਲੈਸਟਰੋਲ ਵਾਲਾ ਖਾਣ ਤੇ ਦਿਲ ਦੀਆਂ ਬਿਮਾਰੀਆਂ ਦਾ ਰਿਸਕ ਕਾਫੀ ਵੱਧ ਜਾਂਦਾ ਹੈ l ਜ਼ਿਆਦਾ ਕਲੈਸਟਰੋਲ ਵਾਲੇ ਖਾਧ ਪਦਾਰਥ ਹਨ ਮੀਟ, ਅੰਡੇ ਦੀ ਜ਼ਰਦੀ, ਦੁੱਧ ਜਾਂ ਇਸ ਤੋਂ ਬਣਨ ਵਾਲੇ ਖਾਧ ਪਦਾਰਥ, ਕਲੇਜੀ ਆਦਿ l ਸਾਰੇ ਦਿਨ ਵਿੱਚ ਇਸ ਦੀ ਮਾਤਰਾ 300 ਮਿਲੀਗਰਾਮ ਤੋਂ ਵੱਧ ਨਹੀਂ ਹੋਣੀ ਚਾਹੀਦੀ l
8. ਸੋਡੀਅਮ (SODIUM)
ਸੋਡੀਅਮ ਸਾਡੇ ਸਰੀਰ ਵਿੱਚ ਇੱਕ ਬਹੁਤ ਹੀ ਅਹਿਮ ਖਣਿਜ ਪਦਾਰਥ ਹੈ ਜਿਹੜਾ ਕਿ ਸਾਡੇ ਸਰੀਰ ਦੇ ਪਾਣੀ ਨੂੰ ਠੀਕ ਰੱਖਦਾ ਹੈ l ਇਸ ਦੀ ਬਹੁਤਾਤ ਨਾਲ ਸਾਡੇ ਸਰੀਰ ਵਿੱਚ ਪਾਣੀ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਇਸ ਦੀ ਘਾਟ ਨਾਲ ਇਹ ਘੱਟ ਜਾਂਦੀ ਹੈ l ਜੇ ਇੱਕ ਅਨੁਪਾਤ ਤੋਂ ਵੱਧ ਹੋ ਜਾਵੇ ਤਾਂ ਸਾਡਾ ਬਲੱਡ ਪਰੈਸ਼ਰ ਕਾਫੀ ਵੱਧ ਜਾਂਦਾ ਹੈ ਅਤੇ ਇਸ ਦੀ ਘਾਟ ਨਾਲ ਇਹ ਘੱਟ ਵੀ ਸਕਦਾ ਹੈ l ਇਸ ਦਾ ਸਭ ਤੋਂ ਪ੍ਰਮੁੱਖ ਸਰੋਤ ਖਾਣ ਵਾਲਾ ਨਮਕ ਹੈ l ਜ਼ਿਆਦਾ ਸੋਡੀਅਮ ਖਾਣ ਨਾਲ ਦਿਲ ਅਤੇ ਸਰੀਰ ਦੇ ਹੋਰ ਅੰਗਾਂ ਤੇ ਬਹੁਤ ਹੀ ਮਾੜਾ ਅਸਰ ਪੈਂਦਾ ਹੈ l ਇਸ ਦੀ ਰੋਜ਼ਾਨਾ ਮਾਤਰਾ 2400 ਮਿਲੀਗਰਾਮ ਜਾਂ ਢਾਈ ਗਰਾਮ ਹੈ l ਇਹ ਇਸ ਮਾਤਰਾ ਤੋਂ ਘੱਟ ਹੋਣਾ ਚਾਹੀਦਾ ਹੈ l ਕਈ ਖਾਣ ਵਾਲੇ ਪਦਾਰਥਾਂ ਵਿੱਚ ਇਹ ਬਹੁਤ ਹੀ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ ਜਿਵੇਂ ਕਿ ਆਲੂ ਦੇ ਚਿਪਸ, ਭੁਜੀਆ, ਮੋਜ਼ਰੇਲਾ ਪਨੀਰ, ਬਰੈੱਡ, ਆਚਾਰ ਅਤੇ ਚੱਟਣੀਆਂ ਆਦਿ ਵਿੱਚ l ਇਸ ਲਈ ਇਨ੍ਹਾਂ ਚੀਜ਼ਾਂ ਨੂੰ ਖਾਣ ਤੋਂ ਪਹਿਲਾਂ ਇਹ ਦੇਖੋ ਕਿ ਇਸ ਵਿੱਚ ਕਿਤਨਾ ਸੋਡੀਅਮ ਹੈ ਅਤੇ ਖਾਸ ਕਰ ਕੇ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੀ ਅਤੇ ਜਿਗਰ ਦੀ ਬਿਮਾਰੀ ਹੈ ਉਹ ਇਸ ਨੂੰ ਘੱਟ ਮਾਤਰਾ ਵਿੱਚ ਹੀ ਇਸਤੇਮਾਲ ਕਰਨ l ਜੇ ਇਹ ਪ੍ਰਤੀਸ਼ਤ 5% ਜਾਂ ਇਸ ਦੇ ਨੇੜੇ ਹੈ ਤਾਂ ਹੀ ਇਹ ਖਾਣਾ ਸਾਡੇ ਵਾਸਤੇ ਠੀਕ ਹੈ l
9, 10, 11. ਕਾਰਬੋਹਾਈਡਰੇਟਸ (CARBOHYDRATES)
ਸਾਡੇ ਸਰੀਰ ਵਿੱਚ ਊਰਜਾ ਦਾ ਪ੍ਰਮੁੱਖ ਸਰੋਤ ਕਾਰਬੋਹਾਈਡਰੇਟਸ ਹਨ l ਸਾਡੀ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਸਭ ਤੋਂ ਜ਼ਿਆਦਾ ਅਸੀਂ ਊਰਜਾ ਲਈ ਇਸ ਤੇ ਹੀ ਨਿਰਭਰ ਕਰਦੇ ਹਾਂ l ਇੱਕ ਸਿਹਤਮੰਦ ਖਾਣੇ ਵਿੱਚ ਕਾਰਬੋਹਾਈਡਰੇਟਸ 300 ਗਰਾਮ ਜਾਂ ਇੱਕ ਪਾਈਆ ਤੱਕ ਹੋ ਸਕਦੇ ਹਨ l ਇਹ ਵੀ ਕਈ ਤਰ੍ਹਾਂ ਦਾ ਹੁੰਦਾ ਹੈ l ਜਿਸ ਵਿੱਚ ਸ਼ਾਮਲ ਹਨ
• ਸਟਾਰਚ
• ਫਾਈਬਰ ਅਤੇ
• ਖੰਡ
ਸਟਾਰਚ ਸਾਨੂੰ ਬਰੈੱਡ, ਪਾਸਤਾ, ਚਾਵਲ ਅਤੇ ਕਈ ਸਬਜੀਆਂ ਜਿਵੇਂ ਕਿ ਆਲੂ ਆਦਿਕ ਤੋਂ ਮਿਲਦੀ ਹੈ l ਸਾਬਤ ਅਨਾਜ (ਗਰੇਨ) ਜਿਵੇਂ ਕਿ ਬਾਜਰਾ, ਕਣਕ, ਓਟਸ ਆਦਿ, ਫਲ, ਸਬਜੀਆਂ ਜਿਵੇ ਕਿ ਸੁੱਕੇ ਮਟਰ, ਲੋਬੀਆ, ਰਾਜਮਾਹ ਆਦਿ ਸਰੀਰ ਵਾਸਤੇ ਅੱਛੇ ਹੁੰਦੇ ਹਨ l ਕਨੇਡਾ ਫੂਡ ਗਾਈਡ ਦੇ ਅਨੁਸਾਰ ਸਾਡੀ ਖਾਣੇ ਦੀ ਪਲੇਟ ਦਾ 25% ਹਿੱਸਾ ਸਾਬਤ ਅਨਾਜ ਜਾਂ ਸਟਰਾਚ ਵਾਲੀਆਂ ਸਬਜੀਆਂ ਤੋਂ ਬਣਿਆ ਹੋਣਾ ਚਾਹੀਦਾ ਹੈ l
ਫਾਈਬਰ – ਇਹ ਵੀ ਇੱਕ ਕਿਸਮ ਦਾ ਸਿਹਤਮੰਦ ਖਾਣਾ ਹੈ l ਜੋ ਕਿ ਫਲ, ਸਬਜੀਆਂ, ਸਾਬਤ ਅਨਾਜ (ਗਰੇਨ) ਆਦਿ ਵਿੱਚ ਹੁੰਦਾ ਹੈ ਇਸ ਤੋਂ ਸਾਨੂੰ ਜ਼ਿਆਦਾ ਊਰਜਾ ਨਹੀਂ ਮਿਲਦੀ ਪਰ ਇਹ ਇੱਕ ਸਿਹਤਮੰਦ ਖਾਣਾ ਹੈ ਅਤੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾ ਕੇ ਰੱਖਦਾ ਹੈ l ਇਹ ਸਾਡੀ ਆਂਤੜੀਆਂ ਦੀ ਸਿਹਤ ਵਾਸਤੇ ਬਹੁਤ ਹੀ ਜ਼ਰੂਰੀ ਹੈ l ਜੇ ਖਾਣੇ ਵਿੱਚ ਫਾਈਬਰ ਦੀ ਮਾਤਰਾ ਅੱਛੀ ਹੋਵੇਗੀ ਤਾਂ ਸਾਡਾ ਪੇਟ ਬਿਲਕੁਲ ਠੀਕ ਰਹੇਗਾ l ਰੋਜ਼ਾਨਾ ਸਾਨੂੰ ਘੱਟੋ ਘੱਟ 25 ਗਰਾਮ ਫਾਈਬਰ ਖਾਣਾ ਚਾਹੀਦਾ ਹੈ l
ਖੰਡ – ਇਹ ਵੀ ਕਈ ਪ੍ਰਕਾਰ ਦੀ ਹੁੰਦੀ ਹੈ ਜਿਵੇਂ ਕਿ ਫਲਾਂ ਵਿੱਚ ਮਿਲਣ ਵਾਲੀ ਫਰੱਕਟੋਸ ਜਾਂ ਦੁੱਧ ਵਿੱਚ ਮਿਲਣ ਵਾਲੀ ਲੈਕਟੋਸ l ਪਰ ਜਿਹੜੀ ਖੰਡ ਅਸੀਂ ਜ਼ਿਆਦਾ ਮਾਤਰਾ ਵਿੱਚ ਵਰਤਦੇ ਹਾਂ ਉਹ ਘਰ ਵਿੱਚ ਮਿਲਣ ਵਾਲੀ ਆਮ ਚੀਨੀ ਜਿਸ ਨੂੰ ਸੁਕਰੋਸ ਵੀ ਆਖਦੇ ਹਨ, ਊਰਜਾ ਤਾਂ ਬਹੁਤ ਦਿੰਦੀ ਹੈ ਪਰ ਇਸ ਵਿੱਚ ਪੋਸ਼ਕ ਤੱਤ ਨਾ ਬਰਾਬਰ ਹੀ ਹਨ ਇਸ ਕਰਕੇ ਇਸ ਨੂੰ ਸਿਹਤਮੰਦ ਖਾਣਾ ਨਹੀਂ ਕਿਹਾ ਜਾ ਸਕਦਾ l ਇਹ ਸਾਨੂੰ ਆਪਣੇ ਖਾਣੇ ਵਿਚੋਂ ਜਿਤਨੀ ਹੋ ਸਕੇ ਘਟਾਉਣੀ ਚਾਹੀਦੀ ਹੈ l
12. ਪੋ੍ਟੀਨ (PROTEIN)
ਸਾਡਾ ਸਰੀਰ ਪੋ੍ਟੀਨ ਤੋਂ ਬਣਿਆ ਹੁੰਦਾ ਹੈ l ਸਾਡੀਆਂ ਮਾਸ-ਪੇਸ਼ੀਆਂ, ਚਮੜੀ, ਖੂਨ, ਹਾਰਮੋਨ ਆਦਿਕ ਸਭ ਕੁੱਝ ਪ੍ਰੋਟੀਨ ਜਾਂ ਇਸ ਦੇ ਕੈਮੀਕਲਾਂ ਤੋਂ ਬਣਿਆ ਹੁੰਦਾ ਹੈ l ਇਸ ਨਾਲ ਹੀ ਸਾਡਾ ਸਰੀਰ ਰੋਗਾਂ ਨਾਲ ਲੜ੍ਹਨ ਦੀ ਸਮਰੱਥਾ ਰੱਖਦਾ ਹੈ l ਇਹ ਜਾਨਵਰ ਅਤੇ ਪੇੜ-ਪੌਦਿਆਂ ਦੋਹਾਂ ਦੇ ਖਾਧ ਪਦਾਰਥਾਂ ਤੋਂ ਮਿਲਦਾ ਹੈ l ਸਵੱਸਥ ਰਹਿਣ ਵਾਤੇ ਘੱਟੋ ਘੱਟ 50 ਗਰਾਮ ਪ੍ਰੋਟੀਨ ਸਾਡੀ ਖੁਰਾਕ ਵਿੱਚ ਹੋਣਾ ਬਹੁਤ ਹੀ ਜ਼ਰੂਰੀ ਹੈ l ਜੇ ਕੋਈ ਬਿਮਾਰ ਹੋ ਕੇ ਹੱਟਿਆ ਹੈ ਜਾਂ ਕੋਈ ਆਪਰੇਸ਼ਨ ਹੋਇਆ ਹੈ ਉਸ ਨੂੰ 80 ਤੋਂ 100 ਗਰਾਮ ਪ੍ਰੋਟੀਨ ਰੋਜ਼ਾਨਾ ਦੀ ਲੋੜ ਵੀ ਪੈ ਸਕਦੀ ਹੈ l
13-17. ਹੋਰ ਖਣਿਜ ਪਦਾਰਥ ਅਤੇ ਵਿਟਾਮਿਨ (MINERALS & VITAMINS)
ਸਭ ਤੋਂ ਹੇਠਾਂ ਪ੍ਰਮੁੱਖ ਖਣਿਜ ਪਦਾਰਥ ਅਤੇ ਵਿਟਾਮਿਨਾਂ ਦੇ ਬਾਰੇ ਲਿਖਿਆ ਹੁੰਦਾ ਹੈ ਕਿ ਇਸ ਖਾਣੇ ਵਿੱਚ ਰੋਜ਼ਾਨਾ ਜ਼ਰੂਰੀ ਮਾਤਰਾ ਦੇ ਕਿੰਨੇ ਪ੍ਰਤੀਸ਼ਤ ਹੈ l ਇਸ ਤੋਂ ਇਲਾਵਾ ਇਸ ਦੇ ਨਾਲ ਗਰਾਮਾਂ ਜਾਂ ਮਿਲੀਗਰਾਮਾਂ ਵਿੱਚ ਵੀ ਲਿਖਿਆ ਹੁੰਦਾ ਹੈ l ਜਿਵੇਂ ਕਿ ਸਾਡੇ ਸਰੀਰ ਨੂੰ ਚਲਦਾ ਫਿਰਦਾ ਰੱਖਣ ਵਾਸਤੇ ਉਪਰ ਲਿਖੇ ਪ੍ਰਮੁੱਖ ਪੋਸ਼ਣ ਤੱਤਾਂ ਤੋਂ ਇਲਾਵਾ ਇਨ੍ਹਾਂ ਦੀ ਬਹੁਤ ਹੀ ਵੱਡੀ ਭੁਮਿਕਾ ਹੁੰਦੀ ਹੈ l ਜਿਵੇਂ ਕਿ ਕੈਲਸੀਅਮ ਹੱਡੀਆਂ ਵਾਸਤੇ ਅਤੇ ਸਰੀਰ ਦੀ ਰੋਗਾਂ ਨਾਲ ਲੜ੍ਹਨ ਦੀ ਸ਼ਕਤੀ ਵਾਸਤੇ, ਵਿਟਾਮਿਨ ਸੀ ਸਰੀਰ ਨੂੰ ਰੋਗਾਂ ਤੋਂ ਬਚਾਅ ਕੇ ਰੱਖਦਾ ਹੈ l ਲੋਹਾ ਜਾਂ ਆਇਰਨ ਸਰੀਰ ਵਿੱਚ ਖੂਨ ਨੂੰ ਬਣਾਉਣ ਵਿੱਚ ਮਦਦ ਕਰਦਾ ਹੈ l ਇਸ ਦੀ ਘਾਟ ਨਾਲ ਅਨੀਮੀਆ ਨਾਮਕ ਰੋਗ ਹੋ ਜਾਂਦਾ ਹੈ l ਇਸ ਤਰ੍ਹਾਂ ਇੱਥੇ ਸਰੀਰ ਨੂੰ ਜ਼ਰੂਰਤ ਕੁੱਝ ਕੁ ਵਿਟਾਮਿਨ ਅਤੇ ਹੋਰ ਖਣਿਜ ਪਦਾਰਥ ਲਿਖੇ ਹੁੰਦੇ ਹਨ l
ਇਸ ਤੋਂ ਇਲਾਵਾ ਫੂਡ ਲੇਬਲ ਦੇ ਨੀਚੇ ਉਸ ਖਾਣੇ ਵਿੱਚ ਕੀ ਸਮਾਨ (INGREDIENTS) ਹਨ, ਉਹ ਵੀ ਪੜ੍ਹਨਾ ਬਹੁਤ ਹੀ ਜ਼ਰੂਰੀ ਹੈ ਜਿਸ ਬਾਰੇ ਚਰਚਾ ਅਸੀਂ ਅਗਲੇ ਲੇਖ ਵਿੱਚ ਕਰਾਂਗੇ l
ਇਸ ਤਰ੍ਹਾਂ ਫੂਡ ਲੇਬਲ ਬਾਰੇ ਚੇਤੰਨਤਾ ਰੱਖ ਕੇ ਅਸੀਂ ਆਪਣਾ ਖਾਣਾ ਅੱਛੇ ਤੇ ਸਿਹਤਮੰਦ ਤਰੀਕੇ ਨਾਲ ਚੁਣ ਸਕਦੇ ਹਾਂ ਅਤੇ ਸਿਹਤਮੰਦ ਜੀਵਨ ਬਤੀਤ ਕਰ ਸਕਦੇ ਹਾਂ l ਬੱਸ ਲੋੜ ਹੈ ਕਿ ਜਦੋਂ ਵੀ ਗਰੋਸਰੀ ਸਟੋਰ ਤੋਂ ਕੋਈ ਖਾਧ ਪਦਾਰਥ ਖਰੀਦਣ ਜਾਈਏ ਤਾਂ ਥੋੜ੍ਹੇ ਜਿਹੇ ਸਾਵਧਾਨ ਅਤੇ ਚੇਤੰਨ ਰਹੀਏ ਕਿ ਅਸੀਂ ਕੀ ਚੀਜ਼ ਖਰੀਦ ਰਹੇ ਹਾਂ ਅਤੇ ਕੀ ਇਹ ਸਵਾਦ ਦੇ ਨਾਲ ਨਾਲ ਸਰੀਰ ਵਾਸਤੇ ਵੀ ਠੀਕ ਹੈ ਕਿ ਨਹੀਂ?
-
ਡਾ. ਪਰਵਿੰਦਰ ਸਿੰਘ, ਐਮ.ਡੀ. (ਕੈਨੇਡਾ), ਐਮ.ਡੀ. (ਕੈਨੇਡਾ)
drperrysingh@gmail.com
604-802-9532
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.