ਸੇਵਾ ਮੁਕਤ ਅਧਿਆਪਕਾਂ ਤੋਂ ਸਕੂਲਾਂ ਵਿਚ ਸੇਵਾਵਾਂ ਲੈਣ ਸਬੰਧੀ ਸ੍ਰੀ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਪੰਜਾਬ ਵਲੋਂ ਜਾਰੀ ਪੱਤਰ ਦੀ ਬੜੀ ਚਰਚਾ ਤੇ ਵਿਰੋਧ ਹੋ ਰਿਹਾ ਹੈ।ਇਸ ਪੱਤਰ ਦੇ ਪ੍ਰਤੀਕਰਮ ਵਿਚ ਆਏ ਵਿਚਾਰਾਂ ਵਿਚੋਂ ਮੁੱਖ ਤੌਰ ‘ਤੇ ਇਹ ਹਨ ਕਿ ਪੰਜਾਬ ਵਿਚ ਬੜੇ ਬੇਰੁਜ਼ਗਾਰ ਨੌਜਵਾਨ ਹਨ ਜਿਹਨਾਂ ਨੂੰ ਨੌਕਰੀ ਦਾ ਮੌਕਾ ਮਿਲਣਾ ਚਾਹੀਦਾ ਹੈ।ਅਧਿਆਪਕ ਯੂਨੀਅਨਾਂ ਵਲੋਂ ਇਸ ਪੱਤਰ ਦਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਹ ਫੈਸਲਾ ਵਾਪਸ ਲੈਣ ਲਈ ਵੱਡਾ ਸੰਘਰਸ਼ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ।ਅਧਿਆਪਕ ਯੂਨੀਅਨਾਂ ਦੀ ਇਹ ਮੰਗ ਜਾਇਜ਼ ਹੈ ਕਿ ਸਰਕਾਰ ਨਵੀਂ ਭਰਤੀ ਕਰਕੇ ਅਧਿਆਪਕਾਂ ਦੀਆਂ ਖਾਲੀ ਪੋਸਟਾਂ ਭਰੇ।ਸਰਕਾਰ ਨੌਕਰੀਆਂ ਦੇਣ ਦੇ ਆਪਣੇ ਵਾਅਦੇ ਤੋਂ ਭੱਜ ਰਹੀ ਹੈ ਉਸਦਾ ਵਿਰੋਧ ਵੀ ਬਿਲਕੁਲ ਜਾਇਜ਼ ਹੈ।ਪਰ ਜਿਸ ਤਰ੍ਹਾਂ ਇਸ ਪੱਤਰ ਨੂੰ ਪੇਸ਼ ਕੀਤਾ ਗਿਆ ਜੇਕਰ ਕੋਈ ਰਾਜਸੀ ਲੀਡਰ ਇਹ ਕਰਦਾ ਤਾਂ ਇਸਨੂੰ ‘ਬੇਈਮਾਨੀ’ ਕਿਹਾ ਜਾ ਸਕਦਾ ਸੀ ਪਰ ਅਧਿਆਪਕਾਂ ਲਈ ਇਹ ਸ਼ਬਦ ਉਚਿਤ ਨਹੀਂ ਹੋਵੇਗਾ।
ਪੰਜਾਬ ਦੇ ‘ਬੱਚਿਆਂ ਤੇ ਸਕੂਲੀ ਸਿੱਖਿਆ ਲਈ ਫਿਕਰਮੰਦ’ ਯੂਨੀਅਨਾਂ ਦੇ ਇਹ ਲੀਡਰ ਉਦੋਂ ਕੁਝ ਨਹੀਂ ਬੋਲੇ ਜਦੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚੋਂ 5 ਲੱਖ ਬੱਚੇ ਘਟ ਗਏ।ਜਿਹੜਾ ਅਧਿਆਪਕ ਕਿਸੇ ਯੂਨੀਅਨ ਨਾਲ ਨਹੀਂ ਜੁੜਿਆ ਉਸ ਨਾਲ ਜੋ ਕੁਝ ਮਰਜ਼ੀ ਹੁੰਦਾ ਰਹੇ ‘ਅਧਿਆਪਕ ਨੇਤਾ ਜੀ’ ਚੁੱਪ ਰਹਿਣਗੇ।ਤਾਜ਼ੀ ਉਦਾਹਰਨ ਰੋਪੜ ਜ਼ਿਲ੍ਹੇ ਦੇ ਇਕ ਸਕੂਲ ‘ਚ ਅਧਿਆਪਕਾ ਵਲੋਂ ਵਿਦਿਆਰਥਣ ਦੇ ਥੱਪੜ ਮਾਰਨ ਦੀ ਘਟਨਾ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਇਕ ਸਕੂਲ ‘ਚ ਲਾਕਡਾਊਨ ਸਮੇਂ ਆਏ ਚਾਰ ਬੱਚਿਆਂ ਦੇ ਵਾਇਰਲ ਵੀਡੀਓ ਕਲਿਪਾਂ ਬਾਰੇ ਬਹੁਤਿਆਂ ਨੇ ਚੁੱਪ ਧਾਰੀ ਰੱਖੀ – ਇਹ ਨਾ ਅਧਿਆਪਕਾਂ ਵੱਲ ਤੇ ਨਾ ਵਿਦਿਆਰਥੀਆਂ ਵੱਲ।ਹੋਰ ਤੇ ਹੋਰ ਸ੍ਰੋਮਣੀ ਅਕਾਲੀ ਦਲ ਵਲੋਂ ਆਪਣਾ ‘ਮੁਲਾਜ਼ਮ ਵਿੰਗ’ ਕਾਇਮ ਕਰ ਦਿੱਤਾ ਗਿਆ ਜਿਸ ਵਿਚ ਅਧਿਆਪਕ ਵੀ ਸ਼ਾਮਿਲ ਕੀਤੇ ਗਏ।ਇਸ ਮਾਮਲੇ ‘ਤੇ ਨਾ ਕੋਈ ਅਧਿਆਪਕ ਯੂਨੀਅਨ ਦਾ ਲੀਡਰ ਬੋਲਿਆ ਤੇ ਨਾ ਕੋਈ ਹੋਰ – ਕੀ ‘ਅਧਿਆਪਕ ਨੇਤਾ’ ਜੀ ਇਹ ਨਹੀਂ ਜਾਣਦੇ ਕਿ ਸਰਕਾਰੀ ਕਰਮਚਾਰੀ ਰਾਜਨੀਤੀ ਵਿਚ ਭਾਗ ਨਹੀਂ ਲੈ ਸਕਦੇ ?
ਸਿੱਖਿਆ ਸਕੱਤਰ ਵਲੋਂ ਭੇਜੇ ਪੱਤਰ ਵਿਚ ਸਾਫ ਲਿਖਿਆ ਗਿਆ ਹੈ ਕਿ ਕੁਝ ਰਿਟਾਇਰ ਹੋ ਚੁੱਕੇ ਅਧਿਆਪਕਾਂ ਨੇ ਸਵੈ ਇੱਛਾ ਨਾਲ ਸਕੂਲਾਂ ਵਿਚ ਬੱਚਿਆਂ ਨੂੰ ਪੜ੍ਹਾਉਣ ਲਈ ਆਪਣੀਆਂ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ ਹੈ।ਇਹ ਅਧਿਆਪਕ ਆਪਣੀਆਂ ਸੇਵਾਵਾਂ ਲਈ ਕੋਈ ਮਾਣ ਭੱਤਾ ਵੀ ਨਹੀਂ ਲੈਣਗੇ।ਅਜਿਹੇ ਅਧਿਆਪਕਾਂ ਦੀਆਂ ਜ਼ਿਲ੍ਹਾ ਸਿੱਖਿਆ ਅਫਸਰਾਂ ਤੋਂ ਸੂਚੀਆਂ ਮੰਗੀਆਂ ਗਈਆਂ ਹਨ ਜੋ ਸਵੈ ਇੱਛਾ ਨਾਲ ਬੱਚਿਆਂ ਨੂੰ ਪੜ੍ਹਾ ਸਕਣ।ਪੰਜਾਬ ਸਰਕਾਰ ਨੇ ਹੋਰ ਕੁਝ ਵਿਭਾਗਾਂ ਵਿਚ ਰਿਟਾਇਰ ਹੋ ਚੁੱਕੇ ਅਫਸਰਾਂ/ਕਰਮਚਾਰੀਆਂ ਨੂੰ ਐਕਸਟੈਂਸ਼ਨ ਦਿੱਤੀ ਹੈ ਜਾਂ ਦੁਬਾਰਾ ਨੌਕਰੀ ‘ਤੇ ਰੱਖਿਆ ਹੈ।ਉਹਨਾਂ ਨੂੰ ਲੱਖਾਂ ਰੁਪਈਏ ਭੱਤੇ ਵਜੋਂ ਦਿੱਤੇ ਜਾ ਰਹੇ ਹਨ।ਇਥੇ ਤਾਂ ਸਵੈ ਇੱਛਾ ਤੇ ਸੇਵਾ ਭਾਵਨਾ ਨਾਲ ਬੱਚਿਆਂ ਨੂੰ ਪੜ੍ਹਾਇਆ ਜਾਣਾ ਹੈ।ਬਹੁਤ ਸਾਰੇ ਅਧਿਆਪਕ ਹਨ ਜਿਹੜੇ ਸਵੈ ਇੱਛਾ ਨਾਲ ਇਹ ਕੰਮ ਕਰਨਾ ਚਾਹੁੰਦੇ ਹਨ ਤੇ ਕੁਝ ਕਰ ਵੀ ਰਹੇ ਹਨ।ਇਸ ‘ਤੇ ਰੌਲਾ ਰੱਪਾ ਕਿਉਂ?
ਪੰਜਾਬੀਆਂ ਦਾ ਕਿਹੜਾ ਖੇਤਰ ਹੈ ਜਿਸ ਵਿਚ ‘ਸੇਵਾ’ ਵਜੋਂ ਸੇਵਾਵਾਂ ਨਹੀਂ ਦਿੱਤੀਆਂ ਜਾਂਦੀਆਂ? ਧਾਰਮਿਕ ਸਥਾਨਾਂ, ਸਿਹਤ ਸੇਵਾਵਾਂ, ਮਾਲ ਵਿਭਾਗ, ਪੰਚਾਇਤ ਦੇ ਕੰਮਾਂ, ਖੇਡਾਂ ਆਦਿ ਵਿਚ ਪੰਜਾਬੀ ਕਿਸੇ ਨਾ ਕਿਸੇ ਰੂਪ ਵਿਚ ਮੁਫਤ ਸੇਵਾਵਾਂ ਦਿੰਦੇ ਹਨ ਇਥੋਂ ਤੱਕ ਕਿ ਬਹੁਤ ਸਾਰੇ ਸਕੂਲਾਂ ਵਿਚ ਲੋਕ ਆਪਣੇ ਕੋਲੋਂ ਪੈਸੇ ਜਾਂ ਨਾ ਮਾਤਰ ਤਨਖਾਹ (ਪੀ.ਟੀ.ਏ. ਫੰਡ ਦੇ ਨਾਮ ‘ਤੇ) ਦੇ ਕੇ ਨਵੇਂ ਮੁੰਡੇ ਕੁੜੀਆਂ ਤੋਂ ਪੜ੍ਹਾਈ ਦੀਆਂ ਸੇਵਾਵਾਂ ਉਪਲੱਬਧ ਕਰਵਾ ਰਹੇ ਹਨ ਜੇ ਇਹ ਕੰਮ ਸੇਵਾ ਮੁਕਤ ਅਧਿਆਪਕ ਕਰ ਦੇਣਗੇ ਤਾਂ ਇਸ ਵਿਚ ਕੀ ਬੁਰਾਈ ਹੈ? ਇਸ ਪੱਤਰ ਦਾ ਬੇਲੋੜਾ ਵਿਰੋਧ ਕਰਨ ਵਾਲੇ ਉਹਨਾਂ ਰਿਟਾਇਰ ਅਧਿਆਪਕਾਂ ਦਾ ਵੀ ਅਪਮਾਨ ਕਰ ਰਹੇ ਹਨ ਜੋ ਬਿਨਾਂ ਕਿਸੇ ਭੱਤੇ ਤੋਂ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੇ ਹਨ। ਕੀ ਵਿਰੋਧ ਸਿਰਫ ਇਸ ਕਰਕੇ ਤਾਂ ਨਹੀਂ ਕਿ ਇਹ ਪੱਤਰ ਕ੍ਰਿਸ਼ਨ ਕੁਮਾਰ ਨੇ ਲਿਖਿਆ ਹੈ?
-
ਪਰਵਿੰਦਰ ਸਿੰਘ ਕਿੱਤਣਾ, ਲੇਖਕ
*****************
98143-13162
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.