ਕਦੀ ਸੁਣਿਆਂ ਜਾਂ ਵੇਖਿਆ ਹੈ ਕਿ ਕਿਸੇ ਵਿਅਕਤੀ ਨੇ ਰੇਤਲੇ ਟਿੱਬਿਆਂ, ਉੱਡਦੀਆਂ ਗਰਦਾਂ, ਉੱਘੜ ਦੁਘੜੇ ਕੱਚੇ ਕਾਹੀ ਵਾਲੇ ਪੈਂਡਿਆਂ ਵਿਚੋਂ ਲੰਘਕੇ ਅਤੇ ਬਿਨਾ ਬਿਜਲੀ ਦੇ ਪਿੰਡ ਵਿਚੋਂ ਪੜ੍ਹਕੇ ਮਿਹਨਤ ਨਾਲ ਗਿਆਨ ਪ੍ਰਾਪਤ ਕੀਤਾ ਹੋਵੇ ਅਤੇ ਫਿਰ ਆਪਣੇ ਗਿਆਨ ਦੀ ਰੌਸ਼ਨੀ ਨਾਲ ਚਾਨਣ ਦੀਆਂ ਰਿਸ਼ਮਾਂ ਖਿਲਾਰਕੇ ਵਿੱਦਿਅਕ ਖੇਤਰ ਵਿਚ ਆਪਣੀ ਕਾਬਲੀਅਤ ਦਾ ਸਿੱਕਾ ਜਮਾਇਆ ਹੋਵੇ। ਮੋਤੀ ਨੂੰ ਲੱਭਣ ਦੀ ਲੋੜ ਨਹੀਂ ਹੁੰਦੀ, ਉਸਦੀ ਚਮਕ ਦਮਕ ਆਪਣੇ ਆਪ ਆਪਣੀ ਅਹਿਮੀਅਤ ਦਰਸਾ ਦਿੰਦੀ ਹੈ।
ਅਜਿਹਾ ਹੀ ਇਕ ਮੋਤੀ ਰੇਤਲਿਆਂ ਟਿੱਬਿਆਂ ਤੇ ਉੜਦੀਆਂ ਧੂੜਾਂ ਅਤੇ ਵਿੱਦਿਆ ਦੇ ਹਨੇਰਿਆਂ ਵਿਚੋਂ ਆਪਣਾ ਰਸਤਾ ਬਣਾ ਕੇ ਆਪ ਤਾਂ ਚਮਕਿਆ ਹੀ ਸਗੋਂ ਆਪਣੇ ਅਣਗਿਣਤ ਵਿੱਦਿਆਰਥੀਆਂ ਵਿਚ ਜ਼ਿੰਦਗੀ ਜਿਊਣ ਦੇ ਗੁਣ ਪੈਦਾ ਕਰਕੇ, ਉਨ੍ਹਾਂ ਨੂੰ ਬੁਲੰਦੀਆਂ ਤੇ ਪਹੁੰਚਾਇਆ। ਉਹ ਮਹਾਨ ਵਿਦਵਾਨ ਪ੍ਰੋ ਅਛਰੂ ਸਿੰਘ ਹੈ, ਜਿਹੜਾ ਪੰਜਾਬ ਦੇ ਕਿਸੇ ਸਮੇਂ ਸਭ ਤੋਂ ਪਛੜੇ ਇਲਾਕੇ ਬਠਿੰਡਾ ਜ਼ਿਲ੍ਹੇ ਦੇ ਪਹਾੜਾਂ ਜਿਤਨੇ ਰੇਤਲੇ ਟਿੱਬਿਆਂ ਵਿਚ ਘਿਰੇ ਪਿੰਡ ਉਭਾ ਵਿਚ ਜਨਮ ਲੈ ਕੇ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਦੇ ਅੰਗਰੇਜ਼ੀ ਵਿਭਾਗ ਦੇ ਮੁਖੀ ਤੋਂ ਸੇਵਾ ਮੁਕਤ ਹੋਏ ਹਨ। ਹੁਣ ਇਹ ਪਿੰਡ ਮਾਨਸਾ ਜ਼ਿਲ੍ਹੇ ਵਿਚ ਪੈਂਦਾ ਹੈ। ਉਹ 36 ਸਾਲ ਦਿਹਾਤੀ ਇਲਾਕੇ ਦੇ ਵਿੱਦਿਆਰਥੀਆਂ ਨੂੰ ਅੰਗਰੇਜ਼ੀ ਪੜ੍ਹਾਉਂਦੇ ਰਹੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਜਿਸ ਇਲਾਕੇ ਬਾਰੇ ਕਿਹਾ ਜਾਂਦਾ ਸੀ ਕਿ ਇੱਥੋਂ ਦੇ ਲੋਕਾਂ ਨੂੰ ਸਮਾਜਿਕ ਤਾਣੇ ਬਾਣੇ ਵਿਚ ਵਿਵਹਾਰ ਕਰਨਾ ਹੀ ਨਹੀਂ ਆਉਂਦਾ, ਉੱਥੋਂ ਦਾ ਜੰਮਿਆ ਪਲਿਆਂ ਅਛਰੂ ਸਿੰਘ ਅੰਗਰੇਜ਼ੀ ਦਾ ਪ੍ਰੋਫੈਸਰ ਬਣਿਆਂ।
ਇੱਥੇ ਹੀ ਬੱਸ ਨਹੀਂ ਤੁਸੀਂ ਹੈਰਾਨ ਹੋਵੋਗੇ ਕਿ ਉਹ ਮਾਨਸਾ ਕਾਲਜ ਵਿਚ ਸੂਤਰਧਾਰ ਦਾ ਕੰਮ ਕਰਦਾ ਰਿਹਾ। ਉਹ ਕਾਲਜ ਵਿਚ ਹਰਫਨ ਮੌਲਾ ਅਧਿਆਪਕ ਦੇ ਤੌਰ ਤੇ ਵਿਰਦੇ ਰਹੇ। ਯੁਵਕ ਭਲਾਈ, ਸਭਿਆਚਾਰ ਪ੍ਰੋਗਰਾਮਾਂ, ਐਨ ਐਸ ਐਸ ਅਤੇ ਭੰਗੜੇ ਦੀ ਟੀਮ ਦੇ ਇੰਚਾਰਜ ਸਨ। ਇਸ ਤੋਂ ਇਲਾਵਾ ਕਾਲਜ ਮੈਗਜ਼ੀਨ ਦੇ ਅੰਗਰੇਜ਼ੀ ਸੈਕਸ਼ਨ ਦੇ ਸਟਾਫ਼ ਇੰਚਾਰਜ ਰਹੇ। ਖ਼ੂਨ ਦਾਨ ਦੇ ਕੈਂਪ ਆਯੋਜਿਤ ਕਰਦੇ ਸਨ। ਇਲਾਕੇ ਵਿਚ ਬਾਲਗ ਵਿੱਦਿਆ ਦਾ ਪ੍ਰਬੰਧ ਵੀ ਕਰਦੇ ਸਨ। ਕਹਿਣ ਤੋਂ ਭਾਵ ਕਾਲਜ ਦੇ ਹਰ ਪ੍ਰੋਗਰਾਮ ਨੂੰ ਉਹ ਆਯੋਜਿਤ ਕਰਦੇ ਸਨ। ਅਸਲ ਵਿਚ ਉਨ੍ਹਾਂ ਇਕ ਸੰਸਥਾ ਜਿਤਨਾ ਕੰਮ ਕੀਤਾ ਹੈ।
ਜਿਸ ਇਲਾਕੇ ਦੇ ਲੋਕਾਂ ਬਾਰੇ ਪੰਜਾਬੀਆਂ ਨੂੰ ਅੰਦੇਸ਼ਾ ਸੀ ਕਿ ਉਨ੍ਹਾਂ ਦਾ ਵਿਵਹਾਰ ਉੱਚ ਪੱਧਰ ਦਾ ਨਹੀਂ, ਉਸ ਇਲਾਕੇ ਦੇ ਵਿਦਵਾਨ ਪ੍ਰੋ ਅਛਰੂ ਸਿੰਘ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਤੋਂ ਸੇਵਾ ਮੁਕਤੀ ਤੋਂ ਬਾਅਦ ਦੇਸ਼ ਭਗਤ ਯੂਨੀਵਰਸਿਟੀ ਗੋਬਿੰਦਗੜ੍ਹ ਵਿਖੇ ਹਿਊਮੈਨਟੀਜ਼ ਦੇ ਪ੍ਰੋਫੈਸਰ ਲੱਗ ਗਏ ਅਤੇ ਸਤ ਸਾਲ ਵਿਦਿਆਰਥੀਆਂ ਨੂੰ ਮਨੁੱਖੀ ਕਦਰਾਂ ਕੀਮਤਾਂ ਬਾਰੇ ਪੜ੍ਹਾਉਂਦੇ ਰਹੇ। ਭਾਵ ਉਨ੍ਹਾਂ ਨੇ ਆਪਣੇ ਜੀਵਨ ਦੇ 43 ਸਾਲ ਸਾਲ ਵਿੱਦਿਆ ਵਿਭਾਗ ਨੂੰ ਸਮਰਪਿਤ ਕੀਤੇ। ਅਛਰੂ ਸਿੰਘ ਦਾ ਜਨਮ ਮੱਧ ਵਰਗੀ ਪਰਿਵਾਰ ਵਿਚ ਸਰਟੀਫਿਕੇਟਾਂ ਅਨੁਸਾਰ 3 ਮਈ 1948 ਨੂੰ ਹੋਇਆ ਪ੍ਰੰਤੂ ਪਰਿਵਾਰ ਉਨ੍ਹਾਂ ਦੇ ਜਨਮ ਦੀ ਮਿਤੀ 1 ਜਨਵਰੀ 1949 ਦਸ ਰਿਹਾ ਹੈ। ਉਨ੍ਹਾਂ ਹਾਇਰ ਸੈਕੰਡਰੀ ਤੱਕ ਦੀ ਪੜ੍ਹਾਈ ਖ਼ਾਲਸਾ ਹਾਇਰ ਸੈਕੰਡਰੀ ਸਕੂਲ ਮਾਨਸਾ ਤੋਂ ਪ੍ਰਾਪਤ ਕੀਤੀ।
ਹਰ ਇਮਤਿਹਾਨ ਵਿਚ ਉਹ ਪਹਿਲੇ ਨੰਬਰ ਤੇ ਆਉਂਦੇ ਰਹੇ। ਉਨ੍ਹਾਂ ਦੇ ਜੀਵਨ ਦੀਆਂ ਕਈ ਗੱਲਾਂ ਵੱਖਰੀਆਂ ਅਤੇ ਵਿਲੱਖਣ ਹਨ। ਉਨ੍ਹਾਂ ਨੇ 1970 ਵਿਚ ਐਮ ਏ ਅੰਗਰੇਜ਼ੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ। ਨਤੀਜੇ ਤੋਂ ਤੁਰੰਤ ਬਾਅਦ 1970 ਵਿਚ ਹੀ ਨਹਿਰੂ ਮੈਮੋਰੀਅਲ ਕਾਲਜ ਵਿਚ ਲੈਕਚਰਾਰ ਅੰਗਰੇਜ਼ੀ ਨੌਕਰੀ ਜੁਆਇਨ ਕਰ ਲਈ। ਉਨ੍ਹਾਂ ਦੀ ਕਾਬਲੀਅਤ ਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿੱਥੇ ਵੀ ਉਹ ਹੋਰ ਕਈ ਥਾਵਾਂ ਤੇ ਇੰਟਰਵਿਊ ਲਈ ਗਏ ਹਰ ਥਾਂ ਤੇ ਚੁਣੇ ਗਏ। ਉਨ੍ਹਾਂ ਨੇ ਅਖੀਰ ਆਪਣੇ ਜੱਦੀ ਇਲਾਕੇ ਵਿਚ ਨੌਕਰੀ ਕਰਕੇ ਵਿਦਿਆਰਥੀਆਂ ਦਾ ਭਵਿੱਖ ਸੁਨਹਿਰਾ ਬਣਾਉਣ ਦਾ ਫ਼ੈਸਲਾ ਕਰਕੇ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਚ ਨੌਕਰੀ ਕਰ ਲਈ।
ਪ੍ਰੋ ਅਛਰੂ ਸਿੰਘ ਨੇ ਲਗਪਗ 70 ਪੁਸਤਕਾਂ ਪ੍ਰਕਾਸ਼ਿਤ ਕਰਵਾਈਆਂ। ਇਨ੍ਹਾਂ ਵਿਚ ਤਿੰਨ ਦਰਜਨ ਅੰਗਰੇਜ਼ੀ ਦੇ ਮਹਾਨ ਵਿਦਵਾਨਾਂ ਦੀਆਂ ਪੁਸਤਕਾਂ ਦਾ ਪੰਜਾਬੀ ਵਿਚ ਅਨੁਵਾਦ ਕੀਤਾ, ਤਿੰਨ ਪੰਜਾਬੀ ਦੀਆਂ ਪੁਸਤਕਾਂ ਅੰਗਰੇਜ਼ੀ ਵਿਚ ਅਨੁਵਾਦ ਕੀਤੀਆਂ, ਇਕ ਦਰਜਨ ਅੰਗਰੇਜ਼ੀ ਦੀਆਂ ਪੁਸਤਕਾਂ ਸੰਪਾਦਿਤ ਕੀਤੀਆਂ, 10 ਪੰਜਾਬੀ ਦੀਆਂ ਮੌਲਿਕ ਪੁਸਤਕਾਂ ਅਤੇ ਦੋ ਹੋਰ ਪੁਸਤਕਾਂ ਪ੍ਰਕਾਸ਼ਿਤ ਕਰਵਾਈਆਂ ਜਿਨ੍ਹਾਂ ਵਿਚ ਪੰਚਤੰਤਰ ਦੀਆਂ 50 ਚੋਣਵੀਂਆਂ ਕਹਾਣੀਆਂ ਅਤੇ ਪੁਰਾਤਨ ਭਾਰਤੀ ਕਥਾ ਕਹਾਣੀਆਂ ਸ਼ਾਮਲ ਹਨ। ਪ੍ਰੋ ਅਛਰੂ ਸਿੰਘ ਦੀਆਂ ਮੌਲਿਕ ਪੁਸਤਕਾਂ ਕੀਟਾ ਆਈ ਰੀਸ ਜੀਵਨੀ, ਜੀਵਨ ਦੇ ਰੰਗ ਵਿਰਸਾ ਅਤੇ ਸਭਿਆਚਾਰ, ਦੇਖਿਆ ਸੁਣਿਆਂ ਅਤੇ ਹੰਢਾਇਆ, ਸਿੱਖ ਧਰਮ ਅਤੇ ਜੀਵਨ ਦਰਸ਼ਨ, ਜੀਵਨ ਬਾਤਾਂ, ਸ਼ਖ਼ਸੀਅਤ ਵਿਕਾਸ, ਕੋਮਲ ਹੁਨਰ, ਮਾਨਵੀ ਕਦਰਾਂ ਕੀਮਤਾਂ ਅਤੇ ਚਾਨਣ ਭਰੀ ਚੰਗੇਰ ਹਨ। 20 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਿੱਦਿਅਕ ਕਾਨਫ਼ਰੰਸਾਂ ਅਤੇ ਸੈਮੀਨਾਰਾਂ ਵਿਚ ਹਿੱਸਾ ਲਿਆ। ਇਸੇ ਤਰ੍ਹਾਂ 30 ਖ਼ੂਨ ਦਾਨ, ਯੂਥ ਲੀਡਰਸ਼ਿਪ, ਰਾਸ਼ਟਰੀ ਏਕਤਾ ਅਤੇ ਸਮਾਗਮ ਸ਼ਖਸੀਅਤ ਵਿਕਾਸ ਕੈਂਪਾਂ ਦਾ ਆਯੋਜਨ ਕੀਤਾ।
1976 ਵਿਚ ਭਾਰਤ ਸਰਕਾਰ ਦੇ ਯੁਵਕ ਅਤੇ ਸਭਿਆਚਾਰ ਮੰਤਰਾਲੇ ਦੇ ਵੱਖ-ਵੱਖ ਕਲਾਵਾਂ ਅਤੇ ਸਭਿਆਚਾਰਾਂ ਦੀ ਜਾਣਕਾਰੀ ਦੇਣ ਲਈ ਚੰਡੀਗੜ੍ਹ ਵਿਖੇ ਇਕ ਮਹੀਨੇ ਦੇ ਟ੍ਰੇਨਿੰਗ ਕੈਂਪ ਵਿਚ ਹਿੱਸਾ ਲਿਆ। ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਨੇ ਐਨ ਐਸ ਐਸ ਕੌਂਸਲ ਦੇ ਮੈਂਬਰ, ਲੈਂਗੂਏਜ ਫੈਕਲਟੀ ਅਤੇ ਬੋਰਡ ਆਫ਼਼ ਅੰਡਰ ਗ੍ਰੈਜੂਏਟ ਸਟੱਡੀਜ਼ ਇਨ ਇੰਗਲਿਸ਼ ਦੇ ਮੈਂਬਰ ਬਣਾਇਆ ਹੋਇਆ ਸੀ। ਉਨ੍ਹਾਂ ਨੂੰ ਕਈ ਸਰਕਾਰੀ ਅਤੇ ਗ਼ੈਰ ਸਰਕਾਰੀ ਸੰਸਥਾਵਾਂ ਵੱਲੋਂ ਮਾਨ ਸਨਮਾਨ ਵੀ ਮਿਲੇ ਹੋਏ ਹਨ ਜਿਨ੍ਹਾਂ ਵਿਚ ਭਾਸ਼ਾ ਵਿਭਾਗ ਪੰਜਾਬ ਦਾ ਗਿਆਨ ਸਾਹਿਤ ਦਾ ਸ਼ਰੋਮਣੀ ਸਾਹਿਤਕਾਰ ਸਨਮਾਨ 2014 ਸਿੱਖ ਧਰਮ ਜੀਵਨ ਅਤੇ ਦਰਸ਼ਨ ਪੁਸਤਕ ਲਈ ਐਮ ਐਸ ਰੰਧਾਵਾ ਗਿਆਨ ਸਾਹਿਤ ਪੁਰਸਕਾਰ ਅਤੇ ਆਪਣੀ ਲੜਕੀ ਕ੍ਰਾਂਤੀ ਨਾਲ ਸਾਂਝੀ ਪੁਸਤਕ ‘ਕਥਨ ਕੋਸ਼’ ਲਈ ਪ੍ਰਿੰਸੀਪਲ ਤੇਜਾ ਪੁਰਸਕਾਰ ਮਹੱਤਵਪੂਰਨ ਹਨ। ਅੰਤਰਰਾਸ਼ਟਰੀ ਪੱਧਰ ਦੀਆਂ ਪੁਸਤਕਾਂ ਦੇ ਅਨੁਵਾਦ ਲਈ ਵੀ ਕਈ ਸੰਸਥਾਵਾਂ ਨੇ ਸਨਮਾਨ ਕੀਤਾ।
ਸਮਾਜ ਸੇਵਾ ਦੀ ਪ੍ਰਵਿਰਤੀ ਕਰਕੇ ਉਨ੍ਹਾਂ ਨੇ ਗ਼ਰੀਬ ਲੜਕੀਆਂ ਦੇ ਵਿਆਹਾਂ ਵਿਚ ਵੱਡਾ ਯੋਗਦਾਨ ਪਾਇਆ ਜਿਸ ਕਰਕੇ ਵੀ ਸਨਮਾਨ ਕੀਤੇ ਗਏ। ਸ਼ਹੀਦ ਭਗਤ ਸਿੰਘ ਕਲਾ ਮੰਚ ਨੇ ਉਨ੍ਹਾਂ ਦੇ ਪਿੰਡ ਉਭਾ ਦਾ ਨਾਮ ਰੌਸ਼ਨ ਕਰਨ ਕਰਕੇ ਸਨਮਾਨ ਕੀਤਾ। ਆਜ਼ਾਦ ਸੋਸ਼ਲ ਵੈੱਲਫੇਅਰ ਕਲੱਬ ਮਾਨਸਾ ਨੇ ਪੰਜਾਬ ਰਤਨ ਪੁਰਸਕਾਰ , ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਦੀ ਓਲਡ ਸਟੂਡੈਂਟਸ ਐਸੋਸੀਏਸ਼ਨ ਨੇ ਪ੍ਰਾਈਡ ਆਫ ਦਾ ਆਲਮਾ ਮਾਟੇ ਅਵਾਰਡ, ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਨੇ ਸਰਟੀਫਿਕੇਟ ਆਫ ਆਨਰ, ਮਲਵਈ ਪੰਜਾਬੀ ਸੱਥ ਮੰਡੀ ਕਲਾਂ ਬਠਿੰਡਾ ਨੇ ਭਾਈ ਕਾਹਨ ਸਿੰਘ ਨਾਭਾ ਪੁਰਸਕਾਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਨ ਐਸ ਐਸ ਵਿਭਾਗ ਨੇ ਜੀਵਨ ਗੌਰਵ ਪੁਰਸਕਾਰ, ਪੰਜਾਬ ਮੀਡੀਆ ਅਕੈਡਮੀ ਨੇ ਪੰਜਾਬ ਸੇਵਾ ਰਤਨ ਅਵਾਰਡ, ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਨੇ ਸਨਮਾਨ, ਆਰਟ ਕਲੱਬ ਮੰਡੀ ਗੋਬਿੰਦਗੜ੍ਹ ਨੇ ਕਲਮ ਅਵਾਰਡ ਅਤੇ ਦੇਸ਼ ਭਗਤ ਯੂਨੀਵਰਸਿਟੀ ਗੋਬਿੰਦਗੜ੍ਹ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ 350 ਵੇਂ ਪੁਰਬ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਵ ਤੇ ਸਨਮਾਨਿਤ ਕੀਤਾ।
ਉਨ੍ਹਾਂ ਨੇ ਇਕ ਦਰਜਨ ਦੇਸਾਂ ਦਾ ਸੈਰ ਸਪਾਟਾ ਵੀ ਕੀਤਾ, ਜਿਸ ਕਰਕੇ ਉਨ੍ਹਾਂ ਦੇ ਗਿਆਨ ਵਿਚ ਵਾਧਾ ਹੋਇਆ। ਉਨ੍ਹਾਂ ਦੇ ਅਖ਼ਬਾਰਾਂ ਵਿਚ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਨੈਤਿਕਤਾ ਦੇ ਵਿਸ਼ਿਆਂ ਤੇ ਲੇਖ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ। ਪ੍ਰੋ ਅਛਰੂ ਸਿੰਘ ਦੇ ਵਿਅਕਤਿਤਵ ਦਾ ਉਨ੍ਹਾਂ ਦੇ ਪੂਰੇ ਪਰਿਵਾਰ ਤੇ ਗਹਿਰਾ ਪ੍ਰਭਾਵ ਪਿਆ ਜਿਸ ਕਰਕੇ ਉਨ੍ਹਾਂ ਲੜਕਾ ਪ੍ਰਿੰਸੀਪਲ ਧਰਮਿੰਦਰ ਸਿੰਘ ਉਭਾ ਨੂੰਹ ਪੋਤਰੀ ਸਾਰੇ ਹੀ ਆਪੋ ਆਪਣੇ ਖੇਤਰ ਵਿਚ ਨਾਮਣਾ ਖੱਟ ਰਹੇ ਹਨ ਅਤੇ ਪੰਜਾਬੀ ਤੇ ਅੰਗਰੇਜ਼ੀ ਦੇ ਲਿਖਾਰੀ ਹਨ। ਪ੍ਰੋ ਅਛਰੂ ਸਿੰਘ ਦੀਆਂ ਰਚਨਾਵਾਂ ਤੇ ਸਾਂਝੇ ਤੌਰ ਪੀ ਐਚ ਡੀ ਅਤੇ ਐਮ ਫਿਲ ਦੀਆਂ ਖੋਜਾਂ ਵੀ ਕੀਤੀਆਂ ਗਈਆਂ ਹਨ। ਉਨ੍ਹਾਂ ਦੀ ਜ਼ਿੰਦਗੀ ਦੀਆਂ ਪ੍ਰਾਪਤੀਆਂ ਤੇ ਇਕ ਪੁਸਤਕ ਵੀ ਲਿਖੀ ਗਈ ਹੈ।
-
ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.