ਫ਼ੋਨ ਆਇਆ ਤਾਂ ਮੈਂ ਪੁੱਛਿਆ?
ਕੀ ਕਰਦੈਂ ਜਸਬੀਰ!
ਉਸ ਕਿਹਾ, ਰਿਆਜ਼ ਕਰ ਹਟਿਆਂ ।
ਘੁੱਗੀ ਨੂੰ ਹੀਰ ਸੁਣਾਈ ਹੈ ।
ਹੁਣੇ ਮੰਜੇ ਨੂੰ ਸੁਰ ਕਰਕੇ ਹਟਿਆਂ ।
ਬੇਸੁਰੇ ਸਾਜ਼ ਵਾਗ਼,
ਢਿਲਕਿਆ ਮੰਜਾ ਵੀ ਮੈਨੂੰ ਨਹੀਂ ਪੁੱਗਦਾ ।
ਪੈਂਦ ਕੱਸਦਿਆ ਲੱਗਦੈ,
ਮੈਂ ਜ਼ਿੰਦਗੀ ਦਾ ਸਾਜ਼ਿੰਦਾ ਹਾਂ ।
ਸਾਰੰਗੀ ਦੀਆਂ ਤਾਰਾਂ ਵਾਂਗਰਾਂ,
ਤਬਲੇ ਦੀਆਂ ਤਣੀਆਂ ਵਾਂਗ,
ਬਹੁਤ ਜ਼ਰੂਰੀ ਹੈ ਇਨਸਾਨ ਲਈ,
ਤਿਆਰ ਬਰ ਤਿਆਰ ਮੰਜਾ ।
ਢਿੱਲੇ ਸਾਜ਼ ਵਾਂਗ,
ਆਦਮੀ ਨੂੰ ਉਮਰ ਭਰ ਲਈ,
ਬੇ ਸੁਰਾ ਕਰ ਦਿੰਦਾ ਹੈ ਇਹ ਵਿਹਾਰ ।
ਵੱਡੇ ਸ਼ਹਿਰ ਦੇ ਵੱਡੇ ਘਰ ’ਚ ਰਹਿੰਦਿਆਂ
ਮੰਜਾ ਮੈਨੂੰ ਬਹੁਤ ਵਾਰ ਪਿੰਡ ਲੈ ਜਾਂਦਾ ਹੈ ।
ਤੂਤ ਦੀ ਛਾਵੇਂ ਵਿਛ ਜਾਂਦਾ ਹੈ ।
ਬਹੁਤ ਵਾਰ ਮਾਂ ਚੇਤੇ ਕਰਵਾਉਂਦਾ ਹੈ ।
ਇਸ ਤੇ ਪਿਆਂ
ਮਾਂ ਸਵੇਰ ਸਾਰ ਜਗਾਉਂਦੀ ਕੁਝ ਇਸ ਤਰ੍ਹਾਂ
ਸਿਰ ਪਲੋਸਦੀ ਪੋਲਾ ਪੋਲਾ
ਕੁਝ ਪਲਾਂ ਬਾਦ ਆਖਦੀ
ਉੱਠ ਮੇਰਾ ਪੁੱਤ! ਸੂਰਜ ਕੀ ਸੋਚੇਗਾ?
ਮੇਰੇ ਚੰਨ ਨੂੰ ਸੁੱਤਿਆਂ ਵੇਖ ਕੇ ।
ਅੱਧਾ ਘੰਟਾ ਲਗਾਤਾਰ,
ਵਿਸਮਾਦ ਮੇਰੇ ਸਿਰ੍ਹਾਣੇ ਬਹਿੰਦਾ ।
ਉਹੀ ਹੁਣ ਮਗਰੋਂ ਨਹੀਂ ਲਹਿੰਦਾ ।
ਮਾਂ ਦੇ ਜਾਣ ਮਗਰੋਂ ।
ਇਹ ਮੰਜਾ ਬੜੀ ਸ਼ੈ ਹੈ ਭਾ ਜੀ ।
ਨਿੱਕਾ ਜਿਹਾ ਰੱਬ,
ਬਹੁਤ ਕੁਝ ਦਿੰਦਾ ਹੈ ।
ਸਕੂਨ, ਸੋਚਣ ਲਈ ਵਕਤ, ਸੁਪਨੇ,
ਤੇ ਹੋਰ ਬਹੁਤ ਕੁਝ ਅਣਕਿਹਾ ।
ਕਹਿਰ ਕਰੋਨਾ ਜਾ ਲੈਣ ਦਿਉ
ਦਿਨ ਫਿਰ ਲੈਣ ਦਿਉ,
ਮੈਂ ਇਸ ਦੇ ਪਾਵੇ ਬਦਲਾਂਗਾ ।
ਕਰਤਾਰਪੁਰੋਂ ਲਿਆਵਾਂਗਾ
ਕਾਲੀ ਟਾਹਲੀ ਦੇ ਲੋਹੇ ਵਰਗੇ ।
ਚੰਦਨ ਦੀ ਗੇਲੀ ਦੇ ਸੇਰੂ
ਮਹਿਕੰਦੜੇ, ਹੁਸੀਨ ਸੁਪਨਿਆਂ ਲਈ ।
ਸਣ ਦਾ ਵਾਣ ਗੁਰਦਾਸਪੁਰੋਂ ਮੰਗਾਵਾਂਗਾ ।
ਆਪ ਉਣਾਂਗਾ ਇਕੱਲੀ ਇਕੱਲੀ ਰੱਸੀ ।
ਭਾ ਜੀ! ਤੁਹਾਨੂੰ ਪਤੈ?
ਮੈਂ ਸਾਰਾ ਮੰਜਾ ਇਕੱਲਿਆਂ ਉਣ ਸਕਦਾਂ ।
ਸੁਪਨੇ ਉਣਨ ਨਾਲੋਂ ਕਿਤੇ ਸੌਖਾ ਹੈ
ਪਿੜੀਆਂ ਵਾਲਾ ਮੰਜਾ ਉਣਨਾ ।
ਸੂਤਰੀ ਮੰਜਾ ਉਣਨਾ ਨਹੀਂ ਆਉਂਦਾ ।
ਬਹੁਤ ਬਾਰੀਕੀ ਦਾ ਕੰਮ ਹੈ
ਸਾਰੰਗੀ ਸੁਰ ਕਰਨ ਵਾਂਗ ।
ਉਬਾਸੀ ਲੈ ਕੇ ਬੋਲਿਆ!
ਭਾਜੀ! ਕਦੇ ਮੁੰਜ ਵਾਲੇ ਅਲਾਣੇ ਮੰਜੇ ਤੇ
ਨੰਗੇ ਪਿੰਡੇ ਸੁੱਤੇ ਹੋ?
ਪਿੱਤ ਮਰ ਜਾਂਦੀ ਹੈ!
ਮੰਜੇ ਦੀ ਕਾਣ ਕੱਢੀ ਹੈ ਕਦੇ
ਮੰਜੇ ਦੀ ਕਾਣ ਵਾਂਗ ਹੀ
ਜੇ ਸੋਚਾਂ ’ਚ ਕਾਣ ਪੈ ਜਾਵੇ
ਤਾਂ ਜ਼ਿੰਦਗੀ ਉੱਖੜ ਜਾਂਦੀ ਹੈ ।
ਮੈਨੂੰ ਕਾਣੀ ਮੰਜੀ ਤੇ ਸੌਣ
ਮੌਤ ਬਰਾਬਰ ਲੱਗਦਾ ਹੈ?
ਸ਼ਹਿਰ ਵਾਲਿਆਂ ਨੂੰ ਪਤਾ ਹੀ ਨਹੀਂ,
ਮੀਂਹ ’ਚ ਭਿੱਜ ਕੇ ਮੰਜੀ ਕਾਣੀ ਹੋ ਜਾਂਦੀ ਹੈ ।
ਚੰਗਾ! ਬਾਕੀ ਗੱਲਾਂ ਫਿਰ ਕਰਾਂਗੇ ।
ਇਸ ਸ਼ਹਿਰ ਵਿੱਚ ਮੇਰੀਆਂ
ਸੁਣਨ ਸਮਝਣ ਵਾਲੇ ਲੋਕ ਨਹੀਂ ।
ਤਾਂ ਹੀ ਤੁਹਾਨੂੰ ਫ਼ੋਨ ਕੀਤਾ ਹੈ!
ਹੁਣ ਮੇਰਾ ਮਨ ਹਲਕਾ ਹੋ ਗਿਐ ।
ਰਾਤੀਂ ਨਹੀਂ ਸੌਂ ਸਕਿਆ ।
ਹੁਣ ਰੱਜ ਕੇ ਸੌਵਾਂਗਾ ।
(ਜਸਬੀਰ ਜੱਸੀ)
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.