- ਸਮਾਂ ਬੜਾ ਬਲਵਾਨ ਹੁੰਦੈ ,ਇਸ ਨੂੰ ਰੋਕਣਾ ਤਾਂ ਦੂਰ ਦੀ ਗੱਲ , ਕਈ ਵਾਰ ਇਸ ਦੇ ਨਾਲ ਤੁਰਨਾ ਵੀ ਨਾਮੁਮਕਨ ਹੋ ਜਾਂਦੈ , ਵਰ੍ਹਿਆਂ ਤੋਂ ਪੰਜਾਬੀ ਗਾਇਕੀ ਦੇ ਇਤਿਹਾਸ ਅੰਦਰ ਵੀ ਇਹੀ ਕੁਝ ਵੇਖਿਆ ਤੇ ਸੁਣਿਆ ਗਿਆ ਜਿਸ ਵੀ ਕਲਾਕਾਰ ਨੇ ਆਪਣੇ ਆਪ ਨੂੰ ਸਮੇਂ ਦੇ ਅਨੁਕੂਲ ਢਾਲ ਲਿਆ ਫਿਰ ਤਾਂ ਠੀਕ ਹੈ ਨਹੀਂ ਤਾਂ ਸਮੇਂ ਦੀਆਂ ਲੱਗੀਆਂ ਫੇਟਾਂ ਨੇ ਬਹੁਤ ਸਾਰੇ ਖ਼ਾਸਕਰ ਦੋਗਾਣਾ ਜੋੜੀ ਕਲਾਕਾਰਾਂ ਨੂੰ ਬੇਹੱਦ ਦਰਦ ਤੇ ਗਰਦਿਸ਼ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਕਰ ਦਿੱਤਾ , ਅੱਜ ਪੰਜਾਬੀ ਗਾਇਕੀ ਦੇ ਵਿਹੜੇ ਵਿਛ ਰਹੇ ਸੱਥਰਾਂ ਨੇ ਹਰ ਉਸ ਅੱਖ ਨੂੰ ਸੇਜਲ ਕਰ ਦਿੱਤੈ ਜਿਸ ਨੇ ਪੰਜਾਬੀ ਗਾਇਕੀ ਦੇ ਉਨ੍ਹਾਂ ਸੋਹਜ਼ ਰੰਗਾਂ ਨੂੰ ਥੋੜ੍ਹਾ ਬਹੁਤ ਵੀ ਮਾਣਿਆ ਸੀ ਜਿਸ ਨੂੰ ਅਸਲ ਕਲਾਕਾਰੀ ਕਿਹਾ ਜਾਂਦਾ ਹੈ , ਸਰਦੂਲ ਸਿਕੰਦਰ ਤੋਂ ਲੈ ਕੇ ਸਤੀਸ਼ ਕੌਲ ਤੇ ਦਿਲਜਾਨ ਦੇ ਕਰੁਣਾਮਈ ਵਿਛੋੜੇ ਨੇ ਇਸ ਦੇ ਚਾਹੁਣ ਵਾਲਿਆਂ ਨੂੰ ਧੁਰ ਅੰਦਰੋਂ ਝੰਜੋੜ ਕੇ ਰੱਖ ਦਿੱਤਾ । ਖੈਰ ਇਹ ਕੁਦਰਤੀ ਵਰਤਾਰਾ ਹੈ ਜੋ ਆਇਆ ਹੈ ਉਸ ਨੇ ਇੱਕ ਨਾ ਇੱਕ ਦਿਨ ਜਾਣਾ ਹੀ ਹੁੰਦੈ , ਬਹੁਤਾ ਦੁੱਖ ਤਾਂ ਉਹ ਦਿੰਦੇ ਨੇ ਜੋ ਜੋਬਨ ਰੁੱਤੇ ਤੁਰ ਜਾਂਦੇ ਨੇ
ਗੱਲ ਸਰਦੂਲ ਸਿਕੰਦਰ ਤੇ ਅਮਰ ਨੂਰੀ ਦੀ ਦੋਗਾਣਾ ਜੋੜੀ ਤੋਂ ਸ਼ੁਰੂ ਕਰੀਏ ਤਾਂ ਉਹ ਉਸ ਵਿਛੜੀ ਰੂਹ ਨਾਲ ਇਨਸਾਫ ਹੋਵੇਗਾ । ਇਸ ਜੋੜੀ ਨੇ ਪੰਜਾਬੀ ਗਾਇਕੀ ਦੇ ਆਸਮਾਨ ਤੇ ਲਗਪਗ ਤਿੰਨ ਦਹਾਕੇ ਚਾਨਣ ਦੀਆਂ ਰਿਸ਼ਮਾਂ ਨੂੰ ਬਿਖੇਰੀ ਰੱਖਿਆ ਪਰ ਪਿਛਲੇ ਕੁਝ ਸਮੇਂ ਤੋਂ ਇਹ ਜੋੜੀ ਵੀ ਚਕਾਚੌਂਧ ਦੀ ਗਰਦਸ਼ ਭਰੀ ਹਨ੍ਹੇਰੀ ਦੇ ਵਿੱਚ ਗੁਆਚ ਗਈ ਪ੍ਰਤੀਤ ਹੁੰਦੀ ਸੀ ਇਹ ਗੱਲ ਸਰਦੂਲ ਨੇ ਆਪ ਵੀ ਮੰਨੀ ਸੀ ਕਿ ਮੈਂ ਹੁਣ ਕੀ ਗਾਵਾਂ ਜਿਸ ਦਾ ਮਤਲਬ ਸਾਫ ਸੀ ਕਿ ਜੋ ਮੈਂ ਗਾਉਣਾ ਚਾਹੁੰਦਾ ਹਾਂ ਉਸ ਨੂੰ ਕੋਈ ਸੁਣਨ ਨੂੰ ਤਿਆਰ ਹੀ ਨਹੀਂ ਤੇ ਜੋ ਅੱਜਕੱਲ੍ਹ ਸੁਣਿਆ ਜਾ ਰਿਹੈ ਉਸ ਨੂੰ ਮੈਂ ਗਾਉਣਾ ਨਹੀਂ ਚਾਹੁੰਦਾ । ਸੋ ਇਸ ਜੋਡ਼ੀ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਚੁੱਪ ਰਹਿਣਾ ਹੀ ਠੀਕ ਸਮਝਿਆ ਸੀ । ਇੱਕ ਵਾਰ ਮੁਲਾਕਾਤ ਦੌਰਾਨ ਸਰਦੂਲ ਨੇ ਬੇਬਾਕੀ ਨਾਲ ਆਖਿਆ ਸੀ ਕਿ ਅਸੀਂ ਇਸ ਚਕਾਚੌਂਧ ਤੇ ਗੰਧਲੀ ਹੋ ਚੁੱਕੀ ਗਾਇਕੀ ਦਾ ਹਿੱਸਾ ਨਹੀਂ ਬਣ ਸਕਦੇ । ਉਸ ਤੋਂ ਬਾਅਦ ਉਨ੍ਹਾਂ ਦੇ ਭਾਵੇਂ ਗੀਤ ਜ਼ਰੂਰ ਆਏ ਪਰ ਬਹੁਤ ਘੱਟ ।
ਮਨਜੀਤ ਰਾਹੀ ਤੇ ਦਲਜੀਤ ਕੌਰ ਦਾ ਮਾਲਵਾ ਖਿੱਤੇ ਦੇ ਅੰਦਰ ਆਪਣਾ ਇਕ ਮੁਕਾਮ ਹੁੰਦਾ ਸੀ ਇਸ ਜੋੜੀ ਤੋਂ ਬਿਨਾਂ ਕੋਈ ਵੀ ਪ੍ਰੋਗਰਾਮ ਅਧੂਰਾ ਮੰਨਿਆ ਜਾਂਦਾ ਸੀ । ਵਿਆਹ ਸ਼ਾਦੀਆਂ ਤੋਂ ਲੈ ਕੇ ਕਬੱਡੀ ਟੂਰਨਾਮੈਂਟ , ਲੋਹੜੀਆਂ ਤੇ ਇਸ ਜੋਡ਼ੀ ਦੀ ਹਾਜ਼ਰੀ ਜ਼ਰੂਰੀ ਮੰਨੀ ਜਾਂਦੀ ਸੀ । ਸਮੇਂ ਨੇ ਅਜਿਹੀ ਕਰਵਟ ਬਦਲੀ ਕਿ ਇਹ ਜੋੜੀ ਪਰਿਵਾਰਕ ਤੇ ਬਦਲੀਆਂ ਪ੍ਰਸਥਿਤੀਆਂ ਦੇ ਅਨੁਕੂਲ ਢਲ ਨਾ ਸਕੀ ਤੇ ਹੌਲੀ ਹੌਲੀ ਹਾਸ਼ੀਏ ਤੇ ਪਹੁੰਚ ਗਈ । ਅਵਤਾਰ ਸਿੰਘ ਚਮਕ ਤੇ ਅਮਨਜੋਤ ਨੇ ਜਿਸ ਸਮੇਂ ਪੰਜਾਬੀ ਗਾਇਕੀ ਦੀ ਦਹਿਲੀਜ਼ ਤੇ ਪੈਰ ਰੱਖਿਆ ਉਸ ਸਮੇਂ ਲੋਕੀਂ ਅਮਰ ਸਿੰਘ ਚਮਕੀਲੇ ਦੇ ਇਸ ਦੁਨੀਆਂ ਤੋਂ ਤੁਰ ਜਾਣ ਨੂੰ ਵੱਡਾ ਖਲਾਅ ਮੰਨਦੇ ਸਨ ਪਰ ਅਵਤਾਰ ਸਿੰਘ ਚਮਕ ਦੀ ਦਸਤਕ ਨੇ ਇੱਕ ਵਾਰ ਚਮਕੀਲੇ ਦੀ ਥਾਂ ਨੂੰ ਮੱਲਣ ਦਾ ਭਰਵਾਂ ਯਤਨ ਜ਼ਰੂਰ ਕੀਤਾ । ਉਸ ਸਮੇਂ ਦਾ ਇਕ ਹੈਰਾਨੀਜਨਕ ਤੱਥ ਇਹ ਹੈ ਕਿ ਇਸ ਜੋੜੀ ਵੱਲੋਂ ਗਾਇਆ 'ਕੌਣ ਗ਼ਰੀਬਾਂ ਦੇ ਨਾਲ ਰੱਖਦਾ ਸਾਂਝ ਪਿਆਰਾਂ ਦੀ' ਵਿਆਹਾਂ ਅੰਦਰ ਵੀ ਰੱਜ ਕੇ ਸੁਣਿਆ ਗਿਆ । ਹਰਪਾਲ ਠੱਠੇਵਾਲਾ ਤੇ ਮਨਜੀਤ ਕੌਰ ਵੀ ਗਲੈਮਰ ਭਰੀ ਗਾਇਕੀ ਦੇ ਅੱਗੇ ਟਿਕ ਨਾ ਸਕੇ ਉਨ੍ਹਾਂ ਦਾ ਵੀ ਮਾਝੇ ਦੀ ਧਰਤੀ ਤੇ ਆਪਣਾ ਵੱਖਰਾ ਸਥਾਨ ਸੀ ।
ਹਾਕਮ ਬਖਤੜੀਵਾਲਾ ਤੇ ਦਲਜੀਤ ਕੌਰ ਨੂੰ ਕੌਣ ਨਹੀਂ ਜਾਣਦਾ ਇਹ ਜੋੜੀ ਜਿੱਥੇ ਇੱਕ ਚੰਗੀ ਗਾਇਕ ਜੋੜੀ ਸੀ ਉੱਥੇ ਹੀ ਗੀਤਕਾਰੀ ਦੇ ਖੇਤਰ ਵਿੱਚ ਵੀ ਹਾਕਮ ਨੇ ਚੰਗਾ ਨਾਮਣਾ ਖੱਟਿਆ । ਇਸ ਗਾਇਕ ਜੋੜੀ ਦੇ ਗਾਏ ਗੀਤ ਲੰਮਾ ਸਮਾਂ ਪੰਜਾਬ ਦੀ ਫਿਜ਼ਾ ਅੰਦਰ ਗੂੰਜਦੇ ਰਹੇ ਤੇ ਪੰਜਾਬੀ ਸਰੋਤਿਆਂ ਨੇ ਇਨ੍ਹਾਂ ਦੇ ਗੀਤਾਂ ਨੂੰ ਰੱਜ ਕੇ ਮਾਣਿਆ ਤੇ ਰੂਹ ਨਾਲ ਸੁਣਿਆ । ਪਿਛਲੇ ਲੰਬੇ ਸਮੇਂ ਤੋਂ ਭਾਵੇਂ ਇਹ ਜੋੜੀ ਸਰੋਤਿਆਂ ਕੋਲੋਂ ਦੂਰ ਰਹੀ ਪਰ ਪਿਛਲੇ ਵਰ੍ਹੇ ਕੋਰੋਨਾ ਮਹਾਂਮਾਰੀ ਦੌਰਾਨ ਹਾਕਮ ਬਖਤੜੀ ਵਾਲੇ ਦੇ ਲਿਖੇ ਇਕ ਗੀਤ ਨੇ ਪੰਜਾਬੀ ਇੰਡਸਟਰੀ ਅੰਦਰ ਧੂਹ ਪੱਟ ਦਿੱਤੀ ਸੀ । ਫਕੀਰ ਚੰਦ ਪਤੰਗਾ ਤੇ ਸੁਚੇਤ ਬਾਲਾ ਦੀ ਜੋਡ਼ੀ ਨੂੰ ਕੌਣ ਭੁੱਲ ਸਕਦੈ , ਸੁਚੇਤ ਬਾਲਾ ਵੱਲੋਂ ਵਜਾਈ ਜਾਂਦੀ ਤਾੜੀ ਨੂੰ ਵੇਖਣ ਲੋਕ ਦੂਰੋਂ-ਦੂਰੋਂ ਪ੍ਰੋਗਰਾਮ ਵਿਚ ਪਹੁੰਚਦੇ ਸਨ । ਜਦ ਫਕੀਰ ਚੰਦ ਪਤੰਗਾ ਵੱਲੋਂ "ਨੀਂ ਮੈਂ ਪੁੱਤ ਤਾਂ ਜੱਟ ਦਾ ਸੀ" ਕਲੀ ਕੰਨ ਤੇ ਹੱਥ ਰੱਖ ਕੇ ਗਾਈ ਜਾਂਦੀ ਸੀ ਤਾਂ ਇੰਝ ਲੱਗਦਾ ਸੀ ਜਿਵੇਂ ਸਮੁੱਚੀ ਕਾਇਨਾਤ ਫਕੀਰ ਚੰਦ ਪਤੰਗਾ ਨੂੰ ਸੁਣਦੀ ਹੋਵੇ । ਅਫ਼ਸੋਸ ਇਹ ਜੋੜੀ ਵੀ ਲੰਬਾ ਸਮਾਂ ਲੋਕ ਦਿਲਾਂ ਤੇ ਰਾਜ ਕਰਨ ਤੋਂ ਬਾਅਦ ਅਲੋਪ ਹੋ ਗਈ ।
ਹਾਂ ਬਾਕੀਆਂ ਦੇ ਮੁਕਾਬਲੇ ਤੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਅਤੇ ਹੁਣ ਸੰਸਦ ਮੈਂਬਰ ਜਨਾਬ ਮੁਹੰਮਦ ਸਦੀਕ ਵੱਲੋਂ ਜਿਸ ਦਿਨ ਤੋਂ ਆਪਣੀ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ ਸੀ ਉਸ ਦਿਨ ਤੋਂ ਲੈ ਕੇ ਅੱਜ ਤਕ ਕਦੇ ਵੀ ਮੰਦਾ ਨਹੀਂ ਵੇਖਿਆ । ਪਹਿਲਾਂ ਰਣਜੀਤ ਕੌਰ ਤੇ ਉਸ ਤੋਂ ਬਾਅਦ ਸਹਿ ਕਲਾਕਾਰ ਸਾਥੀ ਬਦਲਦੇ ਰਹੇ ਪਰ ਮੁਹੰਮਦ ਸਦੀਕ ਦੀ ਆਵਾਜ਼ ਦਾ ਦਮ ਖਮ ਉਸੇ ਤਰ੍ਹਾਂ ਬਰਕਰਾਰ ਰਿਹਾ ਜੋ ਅੱਜ ਵੀ ਜਾਰੀ ਹੈ ਤੇ ਪ੍ਰੋਗਰਾਮ ਵਿੱਚ ਚਾਲੂ ਹਨ । ਉਸੇ ਤਰ੍ਹਾਂ ਸਵ. ਦੀਦਾਰ ਸੰਧੂ ਦੀ ਜੋੜੀ ਨੇ ਵੀ ਕਦੇ ਮਾੜਾ ਮਾੜਾ ਸਮਾਂ ਨਹੀਂ ਸੀ ਵੇਖਿਆ । ਕਰਤਾਰ ਰਮਲਾ ਤੇ ਸੁਖਵੰਤ ਕੌਰ , ਜਸਵੰਤ ਸੰਦੀਲਾ ਤੇ ਪਰਮਿੰਦਰ ਸੰਧੂ ਵੀ ਉਮਰ ਦੇ ਹਿਸਾਬ ਨਾਲ ਚੰਗਾ ਗਾ ਗਏ । ਇਕ ਸਮਾਂ ਅਜਿਹਾ ਵੀ ਆਇਆ ਜਦ ਸਵ. ਰਾਜ ਬਰਾੜ ਦੇ ਨਾਲ ਅਨੀਤਾ ਸਮਾਣਾ ਨੇ ਆਪਣੀ ਆਵਾਜ਼ ਦੀ ਛਾਪ ਪੰਜਾਬੀ ਗਾਇਕੀ ਦੇ ਗਲਿਆਰਿਆਂ ਅੰਦਰ ਪੂਰੀ ਤਰ੍ਹਾਂ ਛੱਡੀ , ਪਰ ਇੱਥੇ ਵੀ ਵਖਤ ਬਦਲਦਿਆਂ ਦੇਰ ਨਾ ਲੱਗੀ , ਬਾਅਦ ਵਿੱਚ ਜੋ ਹਾਲਾਤ ਬਣੇ ਉਸ ਤੋਂ ਸਾਰੇ ਚੰਗੀ ਤਰ੍ਹਾਂ ਭਲੀ ਭਾਂਤੀ ਜਾਣੂ ਹਨ ।
ਜਿੱਥੇ ਕਈ ਦੋਗਾਣਾ ਜੋੜੀਆਂ ਇਸ ਸਮੇਂ ਮੰਦੀ ਦਾ ਸ਼ਿਕਾਰ ਹੋ ਕੇ ਆਪਣੇ ਘਰਾਂ ਵਿੱਚ ਆਰਾਮ ਕਰਨ ਲਈ ਮਜਬੂਰ ਹਨ ਉਥੇ ਹੀ ਕਈ ਚੰਗੇ ਗਵੱਈਏ ਮੰਦਹਾਲੀ ਦੇ ਚੱਲਦਿਆਂ ਇਸ ਸੰਸਾਰ ਤੋਂ ਕੂਚ ਕਰ ਗਏ । ਆਤਮਾ ਬੁੱਢੇਵਾਲੀਆ ਤੇ ਮਿਸ ਰੋਜ਼ੀ ਜ਼ਰੂਰ ਅਪਣੇ ਸਰੋਤਿਆਂ ਨੂੰ ਹਲਕਾ ਫੁਲਕਾ ਪੇਸ਼ ਕਰਨ ਦੇ ਲਈ ਯਤਨਸ਼ੀਲ ਰਹਿੰਦੇ ਹਨ । ਪੰਜਾਬੀ ਗਾਇਕੀ ਤੇ ਫ਼ਿਲਮ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਅਜਿਹੇ ਹਨ ਜੋ ਗੁੰਮਨਾਮੀ ਤੇ 'ਮੰਦੜੇ ਹਾਲੀਂ' ਵਾਲੀ ਜ਼ਿੰਦਗੀ ਜਿਉਂ ਰਹੇ ਹਨ । ਖ਼ਾਸ ਕਰ ਕਈ ਦੋਗਾਣਾ ਜੋੜੀਆਂ ਉਹ ਹਨ ਕਿ ਕਿਸੇ ਸਮੇਂ ਉਨ੍ਹਾਂ ਦੀ ਪੂਰੀ ਤੂਤੀ ਬੋਲਦੀ ਸੀ ਪਰ ਬਦਲੇ ਸਮੇਂ ਦਾ ਸੰਤਾਪ ਇਨ੍ਹਾਂ ਕਲਾਕਾਰਾਂ ਤੇ ਭਾਰੀ ਪੈ ਚੁੱਕਿਆ ਪ੍ਰਤੀਤ ਹੁੰਦਾ ਹੈ । ਭਾਵੇਂ ਕਿ ਆਪਣੇ ਤੌਰ ਤੇ ਇਨ੍ਹਾਂ ਕਲਾਕਾਰਾਂ ਵੱਲੋਂ ਬਦਲੇ ਸਮੇਂ ਦੇ ਨਾਲ ਚੱਲਣ ਦੀ ਵਾਹ ਜ਼ਰੂਰ ਲਾਈ ਗਈ ਹੋਵੇ ਪਰ ਪਰ ਇਨ੍ਹਾਂ ਫ਼ਨਕਾਰਾਂ ਦੀ ਗੁੰਮਨਾਮੀ ਭਰੀ ਜ਼ਿੰਦਗੀ ਤੇ ਅੱਜ ਇਕ ਸ਼ਿਅਰ ਹੂਬਹੂ ਢੁੱਕਦਾ ਹੈ ਕਿ "ਵਾਜਾਂ ਮਾਰੀਆਂ ਬੁਲਾਇਆ ਕਈ ਬਾਰ ਮੈਂ , ਪਰ ਕਿਸੇ ਨੇ ਮੇਰੀ ਗੱਲ ਨਾ ਸੁਣੀ" ਸੋ ਜਿੱਥੇ ਇਸ ਸਮੇਂ ਪੰਜਾਬੀ ਗਾਇਕੀ ਤੇ ਫਿਲਮ ਇੰਡਸਟਰੀ ਅੰਦਰ ਕਰੋੜਾਂ ਦੇ ਲੈਣ-ਦੇਣ ਹੁੰਦੇ ਹਨ ਉੱਥੇ ਹੀ ਬਹੁਤ ਸਾਰੇ ਕਲਾਕਾਰਾਂ ਨੂੰ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਜਿਊਣ ਲਈ ਮੁਸ਼ਕਲ ਭਰੇ ਹਾਲਾਤਾਂ ਨਾਲ ਜੰਗ ਲੜਨੀ ਪੈ ਰਹੀ ਹੈ ।
-
ਮਨਜਿੰਦਰ ਸਿੰਘ ਸਰੌਦ, ਮੁੱਖ ਪ੍ਰਚਾਰ ਸਕੱਤਰ ( ਵਿਸ਼ਵ ਪੰਜਾਬੀ ਲੇਖਕ ਮੰਚ )
manjindersinghkalasaroud@gmail.com
9463463136
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.