ਸਾਲ ਸ਼ਾਇਦ 2006 ਸੀ ਜਦ ਪ੍ਰੋ: ਮੋਹਨ ਸਿੰਘ ਮੇਲਾ ਮੇਗਾ ਚ ਹੋਣਾ ਸੀ। ਤਿਆਰੀ ਕਮੇਟੀ ਦੀ ਮੀਟਿੰਗ ਚ ਸ: ਜਗਦੇਵ ਸਿੰਘ ਜੱਸੋਵਾਲ ਨਾਲ ਮੈਂ ਵੀ ਗਗੜਾ(ਮੋਗਾ) ਪਹੁੰਚਿਆ ਤਾਂ ਜੀ ਆਇਆਂ ਨੂੰ ਕਹਿਣ ਵਾਲਿਆਂ ਚ ਮੁੱਖ ਪ੍ਰਬੰਧਕ ਨਿਧੜਕ ਸਿੰਘ ਬਰਾੜ ਤੋਂ ਬਿਨਾ ਡਾ: ਜਸਮੇਰ ਸਿੰਘ ਧਾਲੀਵਾਲ ਵੀ ਸੀ। ਉਹੀ ਇਸ ਇੰਜਨੀਰਿੰਗ ਕਾਲਿਜ ਦਾ ਮਾਲਕ ਸੀ, ਮਗਰੋਂ ਪਤਾ ਲੱਗਾ। ਪਰ ਜਿਵੇਂ ਉਸ ਗਲਵੱਕੜੀ ਚ ਲਿਆ ਉਹ ਨਿੱਘ ਕਦੇ ਨਹੀਂ ਵਿਸਰਨ ਵਾਲਾ। ਸਾਡੇ ਤੋਂ ਪੰਜ ਕੁ ਮਿੰਟ ਬਾਦ ਸ: ਜਸਵੰਤ ਸਿੰਘ ਕੰਵਲ ਆਏ ਤਾਂ ਧਾਲੀਵਾਲ ਨੇ ਚਰਨ ਬੰਦਨਾ ਕੀਤੀ। ਮੈਨੂੰ ਲੱਗਿਆ ਕਿ ਇਸ ਬੰਦੇ ਚ ਅਦਬ ਦੀ ਕਣੀ ਕਾਇਮ ਹੈ।
ਮੀਟਿੰਗ ਚ ਉਹ ਹਰ ਜ਼ੁੰਮੇਵਾਰੀ ਓਟ ਰਿਹਾ ਸੀ। ਨੋਟ ਕਰ ਕਰ ਕੇ।
ਮੀਟਿੰਗ ਤੋਂ ਬਾਦ ਅਗਲੇ ਹਫ਼ਤੇ ਮੈ ਅਮਰੀਕਾ ਤੇ ਕੈਨੇਡਾ ਚਲਾ ਗਿਆ। ਮੇਲੇ ਚ ਹਾਜ਼ਰ ਨਹੀਂ ਸਾਂ ਪਰ ਰੀਪੋਰਟ ਨਾਲੋ ਨਾਲ ਮਿਲ ਰਹੀ ਸੀ ਕਿ ਨਿਧੜਕ ਦਾ ਸਖ਼ਤ ਅਨੁਸ਼ਾਸਨ ਸੀ ਤੇ ਧਾਲੀਵਾਲ ਦੀ ਖ਼ੁੱਲ੍ਹੀ ਬੁੱਕਲ। ਨਿਰਮਲ ਜੌੜਾ ਸਭ ਨੂੰ ਟਿਕਾਣੇ ਸਿਰ ਰੱਖ ਰਿਹਾ ਸੀ।
ਜਦ ਮੈਂ ਅਮਰੀਕਾ ਤੋਂ ਪਰਤਿਆ ਤਾਂ ਧਾਲੀਵਾਲ ਨਾਲ ਜੱਸੋਵਾਲ ਸਾਹਿਬ ਦੇ ਘਰ ਮੁਲਾਕਾਤ ਹੋਈ। ਇੱਕੋ ਬੋਲ ਬਾਰ ਬਾਰ ਬੋਲ ਰਿਹਾ ਸੀ ਉਹ
ਬਾਈ ਜੀ ਤੁਸੀਂ ਤਾਂ ਚਲੇ ਗਏ ਪਰ ਮੇਲਾ ਵੇਖਦੇ ਕਦੇ। ਤੁਹਾਡੇ ਹੁੰਦਿਆਂ ਹੋਰ ਵੀ ਰੰਗ ਭਰਦਾ।
ਮੈਨੂੰ ਚੰਗਾ ਲੱਗਿਆ ਉਸ ਦਾ ਚਾਅ ਲੈਣ ਦਾ ਅੰਦਾਜ਼। ਕੁਝ ਸਮੇਂ ਬਾਦ ਉਸ ਦੇ ਪਿਤਾ ਜੀ ਸੁਰਗਵਾਸ ਹੋ ਗਏ। ਅਸੀਂ ਅਫ਼ਸੋਸ ਕਰਨ ਗਏ ਤਾਂ ਬੋਲਿਆ, ਬਾਪੂ ਜੀ ਦੀ ਯਾਦ ਚ ਮੈਥੋਂ ਕੋਈ ਵੀ ਸੇਵਾ ਲੈ ਲਵੋ।
ਮੈਂ ਵਿਰਾਸਤ ਭਵਨ ਪਾਲਮ ਵਿਹਾਰ ਚ ਇੱਕ ਹਾਲ ਉਸਾਰਨ ਦੀ ਗੱਲ ਛੋਹੀ। ਉਸ ਹੁੰਗਾਰਾ ਭਰਿਆ। ਦਸਵੇਂ ਬਾਰਵੇਂ ਦਿਨ ਕੰਮ ਸ਼ੁਰੂ ਸੀ।
ਉਸ ਦੇ ਕੰਮ ਕਰਨ ਵਿੱਚ ਤੁਰਤ ਫੁਰਤ ਫ਼ੈਸਲੇ ਕਰਨ ਦੀ ਸਮਰਥਾ ਸੀ। ਮੋਗੇ ਜਾਂਦੇ ਆਉਂਦੇ ਉਹ ਯੂਨੀਵਰਸਿਟੀ ਚ ਮਿਲਣ ਵੀ ਆ ਜਾਂਦਾ। ਉਸ ਵਿੱਚ ਅਜੀਬ ਮੁਹੱਬਤੀ ਮਨ ਸੀ, ਜਿਵੇਂ ਰੂਹ ਚ ਕੋਈ ਤਰਸੇਵਾਂ ਹੋਵੇ। ਹਰ ਕਿਸੇ ਲਈ ਸਨੇਹ।
ਉਹ ਕਈ ਤਪਦੀਆਂ ਲੂਆਂ ਚੋਂ ਲੰਘ ਕੇ ਸਿਖ਼ਰ ਤੇ ਪੁੱਜਾ ਸੀ ਪਰ ਉਸ ਨੂੰ ਹੋਰ ਅੱਗੇ ਜਾਣ ਦਾ ਉਤਸ਼ਾਹ ਸੀ।
ਆਪਣੇ ਵਿਸ਼ਵਾਲ ਪਾਤਰ ਗੁਰਲਾਭ ਸਿੰਘ ਸਿੱਧੂ ਨਾਲ ਮਿਲ ਕੇ ਉਸ ਜਦ ਗੁਰੂ ਕਾਸ਼ੀ ਯੂਨੀਵਰਸਿਟੀ ਸਥਾਪਿਤ ਕੀਤੀ ਤਾਂ ਲੱਗਦਾ ਸੀ ਕਿ ਕਿਵੇਂ ਕਾਮਯਾਬ ਹੋਵੇਗਾ?
2011-12 ਤੋਂ ਕੱਲ੍ਹ ਤੀਕ ਉਹ ਇਸ ਦਾ ਚਾਂਸਲਰ ਸੀ। ਮੈਂ 2013 ਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਸੇਵਾ ਮੁਕਤ ਹੋਇਆ ਤਾਂ ਆਪ ਬੁਲਾ ਕੇ ਕਿਹਾ, ਹੁਣ ਤੂੰ ਸਾਡਾ ਸਾਥੀ।
ਮੇਰੀ ਗੱਲ ਮੰਨ ਕੇ ਕਈ ਵੱਡੇ ਫ਼ੈਸਲੇ ਕੀਤੇ। ਵਾਈਸ ਚਾਂਸਲਰ ਲਾਉਣ ਤੀਕ। ਜਦ ਡਾ: ਨ ਸ ਮੱਲ੍ਹੀ ਜੀ ਨੂੰ ਬਤੌਰ ਵੀ ਸੀ ਜਾਇਨ ਕਰਾਉਣ ਗਏ ਤਾਂ ਅਸੀਂ ਪੰਜ ਜਣੇ ਸਾਂ। ਚਾਰ ਇੱਕ ਕਾਰ ਚ ਤੇ ਪੰਜਵੇਂ ਡਾ: ਬਲਦੇਵ ਸਿੰਘ ਢਿੱਲੋਂ ਵੀ ਸੀ ,ਪੀ ਏ ਯੂ ਵੱਖਰੇ। ਉਨ੍ਹਾਂ ਉਥੋਂ ਅੱਗੇ ਜਾਣਾ ਸੀ।
ਜਦ ਡਾ: ਮੱਲ੍ਹੀ ਨੇ ਅਹੁਦਾ ਸੰਭਾਲ ਲਿਆ ਤਾਂ ਡਾ: ਧਾਲੀਵਾਲ ਬੋਲਿਆ
ਹੁਣ ਤੂੰ ਵੀ ਅਹੁਦਾ ਸੰਭਾਲ।
ਮੈਂ ਕਿਹਾ, ਆਪਣੀ ਤਾਂ ਨੌਕਰੀ ਦੀ ਗੱਲ ਹੀ ਨਹੀਂ ਹੋਈ?
ਗੁਰਲਾਭ ਸਿੰਘ ਤੇ ਧਾਲੀਵਾਲ ਇਕੱਠੇ ਬੋਲੇ, ਨੌਕਰੀ ਨਹੀਂ ਸਾਥ ਦੀ ਕਮਿੱਟਮੈਂਟ ਭੁੱਲ ਗਿਐ?
ਮੇਰੀਆ ਅੱਖਾਂ ਚ ਨਮੀ ਸੀ, ਕੋਈ ਮੇਰੇ ਤੇ ਏਨਾ ਹੱਕ ਵੀ ਜਤਾ ਸਕਦੈ, ਕਦੇ ਨਹੀਂ ਸੀ ਸੋਚਿਆ!
ਡਾ: ਢਿੱਲੋਂ ਨੇ ਮੈਨੂੰ ਮਿੱਠਾ ਜਿਹਾ ਘੂਰਿਆ, ਤੂੰ ਆਪਣੇ ਆਪ ਨੂੰ ਕੀ ਸਮਝਦੈਂ, ਪਹਿਲਾਂ ਮੈਨੂੰ ਨਾਂਹ ਕਰ ਗਿਆ, ਹੁਣ ਇਨ੍ਹਾਂ ਨੂੰ ਨਾਂਹ ਕਰ ਰਿਹੈਂ।
ਗੁਰਲਾਭ ਤੇ ਧਾਲੀਵਾਲ ਨਾਲ ਦੇ ਕਮਰੇ ਚ ਮੈਨੂੰ ਲੈ ਗਏ। ਦੋ ਹਰਫ਼ੀ ਗੱਲ। ਨਾਂਹ ਨਹੀਂ ਸੁਣਨੀ।
ਜ਼ੁੰਮੇਵਾਰੀ ਤੇ ਰੁਤਬਾ ਤੇਰੀ ਮਰਜ਼ੀ ਦਾ। ਪੰਜ ਮਿੰਟਾਂ ਬਾਦ ਮੈਂ ਯੂਨੀਵਰਸਿਟੀ ਦਾ ਡਾਇਰੈਕਟਰ ਯੋਜਨਾ ਤੇ ਵਿਕਾਸ ਸਾਂ। ਵਾਈਸ ਚਾਂਸਲਰ ਤੋਂ ਦੂਜੇ ਨੰਬਰ ਤੇ। ਵੱਖਰੀ ਕਾਰ, ਸਹੂਲਤਾਂ। ਤਨਖ਼ਾਹ ਮੂੰਹ ਮੰਗਵੀਂ।
ਮੈਂ 8 ਮਹੀਨੇ ਬਾਅਦ ਉਕਤਾ ਗਿਆ। ਲੱਗਿਆ ਜੋ ਕੁਝ ਹਾਸਲ ਕਰ ਰਿਹਾਂ, ਓਨਾ ਕੰਮ ਨਹੀਂ ਕਰ ਰਿਹਾ। ਜਿੰਨਾ ਚਿਰ ਰਿਹਾ, ਧਾਲੀਵਾਲ, ਗੁਰਲਾਭ ਤੇ ਸੁਖਰਾਜ ਸਿੰਘ ਭਰਾਵਾਂ ਕਾਰਨ ਅਨੇਕਾਂ ਨਿਵੇਕਲੇ ਕਾਰਜ ਕੀਤੇ। ਡਾ: ਨ ਸ ਮੱਲ੍ਹੀ ਦੀ ਅਗਵਾਈ ਚ ਖੇਤੀਬਾੜੀ ਕਾਲਿਜ ਸਮਰੱਥ ਬਣਾਇਆ। ਚੋਟੀ ਦੇ ਵਿਗਿਆਨੀ ਭਰਤੀ ਕੀਤੇ। ਕਿਸਾਨ ਮੇਲਾ ਕਰਵਾਇਆ।
ਯੂਨੀਵਰਸਿਟੀ ਦੇ ਪ੍ਰਸ਼ਾਸਕੀ ਬਲਾਕ ਦੇ ਬਾਹਰ ਇੱਕ ਹਫ਼ਤੇ ਅੰਦਰ ਅੰਦਰ ਯਾਦਗਾਰੀ ਗਿਆਨ ਸਤੰਭ ਵਿਉਂਤਿਆ ਤੇ ਬਣਾਇਆ। ਉਸ ਚ ਡਾ: ਜਸਮੇਰ ਸਿੰਘ ਧਾਲੀਵਾਲ ਦੋ ਤਿੰਨ ਵਾਰ ਮੇਰੇ ਨਾਲ ਬੁੱਤ ਤਰਾਸ਼ ਕੋਲ ਕਈ ਕਈ ਘੰਟੇ ਬੈਠੇ। ਡਾ: ਬਲਵਿੰਦਰ ਲੱਖੇਵਾਲੀ ਨੇ ਵੀ ਵਿਉਂਤਕਾਰੀ ਚ ਵੱਡਾ ਸਾਥ ਦਿੱਤਾ। ਉਸ ਦਾ ਸਮਰਪਣ ਵੇਖ ਕੇ ਧਾਲੀਵਾਲ ਨੇ ਉਸ ਨੂੰ ਪਰਿਵਾਰ ਸਮੇਤ ਯੂਨੀਵਰਸਿਟੀ ਸੇਵਾ ਚ ਆਉਣ ਦੀ ਪੇਸ਼ਕਸ਼ ਵੀ ਕੀਤੀ ਪਰ ਉਹ ਲੁਧਿਆਣਾ ਨਹੀਂ ਸੀ ਛੱਡਣਾ ਚਾਹੁੰਦਾ।
ਜਦ ਕਦੇ ਵੀ ਹੁਣ ਤੋਂ ਚਾਰਪੰਜ ਮਹੀਨੇ ਪਹਿਲਾਂ ਤੀਕ ਫੋਨ ਆਉਂਦਾ, ਹੱਕ ਵਾਲਾ ਹੀ ਹੁੰਦਾ।
ਛੋਟੇ ਭਾਈ! ਆਹ ਕੰਮ ਤੇਰੇ ਜ਼ਿੰਮੇ, ਸਾਡੀ ਸਿਰਦਰਦੀ ਖ਼ਤਮ!
ਹੁਣ ਅਜਿਹਾ ਫ਼ੋਨ ਕਦੇ ਨਹੀਂ ਆਏਗਾ।
ਜਾਣ ਵਾਲਿਆ ਵੇ ਕਦੇ ਏਸਰਾਂ ਨਹੀਂ ਕਰੀਦਾ।
ਨਿਭਣਾ ਨਾ ਹੋਵੇ ਤਾਂ ਹੁੰਗਾਰਾ ਵੀ ਨਹੀਂ ਭਰੀਦਾ।
ਪਰ ਉਹ ਤਾਂ ਨਿਭਾ ਗਿਆ।
ਯਾਦ ਸਲਾਮਤ ਹੈ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
+91 98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.