ਗੁਰਪ੍ਰੀਤ ਬੇਦੀ ਨਾਮਵਰ ਹਾਕੀ ਖਿਡਾਰੀ ਹੈ। ਸਮਰਾਲੇ ਵੱਸਦਾ। ਬੇਦੀ ਸਟੂਡੀਓ ਚਲਾ ਕੇ ਰੋਟੀ ਪਾਣੀ ਕਮਾਉਂਦਾ। ਖੇਡ ਮੈਦਾਨ ਚ ਸੁਡੌਲ ਜਿਸਮਾਂ ਦਾ ਸੁਪਨਕਾਰ।
ਹਾਕੀ ਕਲੱਬ ਦੇ ਮੈਂਬਰਾਂ ਨੂੰ ਨਾਲ ਜੋੜ ਕੇ ਉਸ ਸਾਥੀਆਂ ਦੀ ਸ਼ਕਤੀ ਨਾਲ ਸਮਰਾਲਾ ਰੇਲਵੇ ਸਟੇਸ਼ਨ ਹਰਿਆਵਲਾ ਬਣਾਇਆ। ਲੋਕ ਸ਼ਕਤੀ ਨੂੰ ਸਮਝਦਿਆਂ ਘਰ ਘਰ ਰੁੱਖ ਤੇ ਜ਼ਿੰਮੇਵਾਰੀ ਦਾ ਅਹਿਸਾਸ ਵੰਡਿਆ। ਲੋਕ ਆਪੋ ਆਪਣੇ ਜਨਮ ਦਿਨ ਤੇ ਬੂਟੇ ਲਾਉਣ ਲੱਗੇ। ਜੰਗਲਿਆਂ ਸਮੇਤ। ਵਿਆਹ ਵਰ੍ਹੇਗੰਢ ਤੇ ਬੂਟੇ ਵੰਡਣ ਤੇ ਅਪਨਾਉਣ ਲੱਗੇ ਸਾਂਝੀਆਂ ਥਾਵਾਂ।
ਹੁਣ ਕਈ ਮਹੀਨਿਆਂ ਤੇਂ ਉਹ ਸਮਰੱਥ ਪੌ਼ਸ਼ਟਿਕ ਸਮਰਾਲਾ ਬਣਾਉਣ ਲਈ ਫ਼ਲਦਾਰ ਬੂਟੇ ਵੰਡਦਾ ਹੈ। ਤਕਨੀਕ ਦੱਸ ਕੇ ਲੁਆਉਂਦਾ ਹੈ। ਪਹਿਲਾਂ ਹਾਕੀ ਕਲੱਬ ਇਕੱਲੀ ਸੀ ਹੁਣ ਉਸ ਦੀ ਪਿੱਠ ਤੇ ਇਤਿਹਾਸ ਖੜ੍ਹਾ ਹੈ। ਸੰਤ ਬਲਬੀਰ ਸਿੰਘ ਸੀਚੇਵਾਲ, ਲੋਕ ਗਾਇਕ ਮਨਮੋਹਨ ਵਾਰਿਸ ਭਰਾ ਤੇ ਕਈ ਹੋਰ ਚੰਗੇ ਲੋਕ ਖੜ੍ਹੇ ਹਨ। ਬਹੁਤੇ ਬੂਟੇ ਉਹ ਜੰਗਲਾਤ ਵਿਭਾਗ ਦੀ ਨਰਸਰੀ ਚਮਕੌਰ ਸਾਹਿਬ ਤੋਂ ਲੈਂਦਾ ਹੈ। ਬਾਗਬਾਨੀ ਤੇ ਹੋਰ ਅਦਾਰੇ ਸਹਿਯੋਗੀ ਹਨ।
ਹਰ ਰੋਜ਼ ਘਰ ਘਰ ਫਲਦਾਰ ਬੂਟੇ ਭੇਜਣਾ ਤੇ ਲੁਆਉਣਾ ਉਸ ਦਾ ਨਿੱਤਨੇਮ ਬਣ ਗਿਆ ਹੈ।
ਸਮਰਾਲਾ ਹਾਕੀ ਕਲੱਬ ਦੀ ਇਸ ਨਵੀਂ ਪਹਿਲ ਕਦਮੀ ਨੂੰ ਲੋਕਾਂ ਵਲੋ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਉਨ੍ਹਾਂ ਦਾ ਮਿਸ਼ਨ ਹੈ ਕਿ ਆਓ ਹੁਣ ਮਿਲਕੇ ਲਗਾਈਏ ਹਰ ਘਰ ਵਿੱਚ ਫਲਦਾਰ ਰੁੱਖ..
ਕਲੱਬ ਦਾ ਖ਼ੁਆਬ ਹੈ ਕਿ ਹਰ ਘਰ ਚ' ਹੋਵੇ ਫਲਾਂ ਵਾਲਾ ਰੁੱਖ..
ਅੱਜ ਉਨ੍ਹਾਂ ਆਪਣੇ ਬਹੁਤ ਪਿਆਰੇ ਦੋਸਤ ਜਸਪ੍ਰੀਤ ਸਿੰਘ ਦੇ ਘਰ ਪਿੰਡ ਘਰਖਣਾ ਵਿਚ ਚੀਕੂ, ਲੀਚੀ ਦੇ 'ਫ਼ਲਦਾਰ ਬੂਟੇ ਲਗਾਏ ..
ਉਹ ਆਵਾਜ਼ ਦਿੰਦੇ ਹਨ ਕਿ ਆਓ ਇਕ ਕਾਫ਼ਲਾ ਬਣਾਈਏ ਤੇ ਸਾਰੇ ਰਲਕੇ ਆਪਣੇ ਹੱਥੀਂ ਤਿਆਰ ਕੀਤੇ ਫਲ ਖਾਈਏ।
ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਨਾਲ ਨਾਲ ਵਾਤਾਵਰਨ ਨੂੰ ਵੀ ਸੋਹਣਾ ਤੇ ਸਵੱਛ ਬਣਾਈਏ।
ਸ਼ੁਕਰ ਹੈ
ਕਹਿਰ ਕਰੋਨਾ ਦੇ ਮੌਸਮ ਵਿੱਚ ਕਿਤਿਉਂ ਤਾਂ ਚੰਗੀ ਖ਼ਬਰ ਆਉਂਦੀ ਹੈ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
+91 98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.