ਸਵੇਰ ਸਾਰ ਪਤਾ ਲੱਗਾ ਕਿ ਸਾਡੇ ਸਹਿਜਵੰਤੇ ਬਜ਼ੁਰਗ ਨਿਰੰਜਨ ਸਿੰਘ ਸਾਥੀ ਸੁਰਗਵਾਸ ਹੋ ਗਏ ਨੇ। ਪਰਸੋਂ ਮਹਿੰਦਰ ਸਾਥੀ ਗਿਆ ਤੇ ਅੱਜ ਤੜਕੇ ਦੂਜਾ ਸਾਥੀ। ਪੰਜਾਬੀ ਸਾਹਿੱਤ ਵਿੱਚ ਹੁਣ ਸਾਥੀ ਮੁੱਕ ਗਏ। ਸਾਥੀ ਲੁਧਿਆਣਵੀ ਪਹਿਲਾਂ ਚਲਾ ਗਿਆ ਸੀ ਵਲਾਇਤ ਵਾਲਾ।
ਸਾਥੀ ਜੀ ਨਾਲ ਮੇਰੀ ਪਹਿਲੀ ਮੁਲਾਕਾਤ 1975 ਚ ਗੁਰਚਰਨ ਰਾਮਪੁਰੀ ਨੇ ਕਰਵਾਈ ਸੀ। ਲਿਖਾਰੀ ਸਭਾ ਰਾਮਪੁਰ ਦੇ ਸਾਲਾਨਾ ਸਮਾਗਮ ਤੇ। ਰਾਮਪੁਰੀ ਕੈਨੇਡਾ ਤੋਂ ਆਇਆ ਹੋਇਆ ਸੀ, ਰੰਗੀਲ ਤਸਵੀਰਾਂ ਵਾਲਾ ਕੈਮਰਾ ਲੈ ਕੇ। ਸਾਡੀਆਂ ਸਭਨਾਂ ਦੀਆਂ ਉਸ ਰੰਗੀਲ ਤਸਵੀਰਾਂ ਖਿੱਚੀਆਂ।
ਮੈਂ ਪਹਿਲੀ ਵਾਰ ਰਾਮਪੁਰ ਸਭਾ ਚ ਗਿਆ ਸਾਂ। ਲਾਲਚ ਸੀ ਗੁਰਚਰਨ ਰਾਮਪੁਰੀ ਵੇਖਣ ਦਾ। ਅਸਲ ਵਿੱਚ ਸਾਨੂੰ ਸੁਰਜੀਤ ਰਾਮਪੁਰੀ ਜੀ ਸੱਦਾ ਦੇ ਕੇ ਗਏ ਸਨ ਗੌਰਮਿੰਟ ਕਾਲਿਜ ਚ ਆ ਕੇ। ਸੁਰਜੀਤ ਰਾਮਪੁਰੀ ਨੇ ਹੀ ਦੱਸਿਆ ਕਿ ਲਿਖਾਰੀ ਲਭਾ ਵੱਲੋਂ ਸਾਥੀ ਜੀ ਦੀ ਪੁਸਤਕ ਕਥਨਾਵਲੀ ਤੇ ਲੋਕ ਕਹਾਣੀਆਂ ਦੀ ਕਿਤਾਬ ਮੱਲ ਸਿੰਘ ਰਾਮਪੁਰੀ ਨਾਲ ਸਾਂਝੇ ਤੌਰ ਤੇ ਏਨੀ ਮੇਰੀ ਬਾਤ ਛਾਪੀ ਗਈ ਹੈ। ਉਦੋਂ ਸ: ਨਿਰੰਜਨ ਸਿੰਘ ਸਾਥੀ ਇਸ ਇਲਾਕੇ ਚ ਸਕੂਲ ਅਧਿਆਪਕ ਸਨ।
ਸਾਥੀ ਜੀ ਲੰਮਾ ਸਮਾਂ ਨਾ ਮਿਲ ਸਕੇ
ਮਗਰੋਂ ਕਈ ਸਾਲਾਂ ਬਾਅਦ ਰੋਜ਼ਾਨਾ ਅਜੀਤ ਦੇ ਦਫ਼ਤਰ ਚ ਅਕਸਰ ਮਿਲਦੇ। ਬਹੁਤ ਸਹਿਜ, ਸੁਹਜ, ਸਾਦਗੀ ਤੇ ਸੰਤੁਲਨ ਦੀ ਮੂਰਤ ਸਨ। ਕੁਝ ਸਾਲਾਂ ਤੋਂ ਮੇਰਾ ਵੀ ਜਲੰਧਰ ਚੱਕਰ ਨਹੀਂ ਲੱਗਿਆ, ਜਿਸ ਕਾਰਨ ਉਨ੍ਹਾਂ ਨਾਲ ਮੁਲਾਕਾਤ ਨਾ ਹੋ ਸਕੀ।
ਉਹ ਹਰ ਵੇਲੇ ਕੁਝ ਨਾ ਕੁਝ ਪੜ੍ਹਦੇ ਲਿਖਦੇ ਰਹਿੰਦੇ। ਕਦੇ ਵਾਧੂ ਗੱਲ ਨਹੀਂ ਸੀ ਸੁਣੀ ਉਨ੍ਹਾਂ ਦੇ ਮੂੰਹੋਂ। ਬਾਬਲ ਵਰਗੇ ਸਨ ਸਾਡੇ ਲਈ।
ਦੋ ਅਪਰੈਲ ਨੂੰ ਉਨ੍ਹਾਂ 91ਵਾਂ ਸਾਲ ਸੰਪੂਰਨ ਕੀਤਾ ਸੀ।
ਉਨ੍ਹਾਂ ਦੀ ਰਚਨਾ ਚਰਨ ਚਲਹੁ ਮਾਰਗਿ ਗੋਬਿੰਦ ਬੜੀ ਮੁੱਲਵਾਨ ਰਚਨਾ ਹੈ। ਪਹਿਲਾਂ ਲੜੀਵਾਰ ਅਜੀਤ ਚ ਛਪੀ ਤੇ ਮਗਰੋਂ ਚਤਰ ਸਿੰਘ ਜੀਵਨ ਸਿੰਘ ਵਾਲਿਆਂ ਪ੍ਰਕਾਸ਼ਿਤ ਕੀਤੀ। ਪੜ੍ਹਨੀ ਚਾਹੋ ਤਾਂ ਐਮਾਜ਼ੋਨ ਤੋਂ ਮੰਗਵਾ ਸਕਦੇ ਹੋ।
ਉਨ੍ਹਾਂ ਦਾ ਜਨਮ ਪਿੰਡ ਭਾਵੇਂ ਜ਼ਿਲ੍ਹਾ ਹੋਸ਼ਿਆਰਪੁਰ ਚ ਪਰਸੋਵਾਲ ਸੀ ਪਰ ਉਮਰ ਦਾ ਲੰਮਾ ਸਮਾਂ ਉਹ ਗੁਰੂ ਤੇਗ ਬਹਾਦਰ ਨਗਰ ਨੇੜੇ ਮਾਡਲ ਟਾਉਨ ,ਜਲੰਧਰ ਚ ਹੀ ਰਹੇ।
ਉਨ੍ਹਾਂ ਦੇ ਸਹਿਕਰਮੀ ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਉਹ ਕੋਵਿਡ ਤੋਂ ਪੀੜਤ ਹੋ ਗਏ ਸਨ ਪਰ ਪੂਰੇ ਠੀਕ ਹੋਣ ਉਪਰੰਤ ਆਂਤਮੀਆਂ ਦੇ ਕਿਸੇ ਰੋਗ ਕਾਰਨ ਹਸਪਤਾਲ ਚ ਸਨ। ਸਿਆਣੀ ਉਮਰ ਕਾਰਨ ਸਰਜਰੀ ਕਰਨੋਂ ਵੀ ਡਾਕਟਰ ਸਾਹਿਬਾਨ ਦੋਚਿੱਤੀ ਚ ਸਨ, ਅੱਜ ਫ਼ੈਸਲਾ ਕਰਨਾ ਸੀ ਕਿ ਕੀ ਕਰੀਏ?
ਪਰ ਉਹ ਤੜਕਸਾਰ ਪ੍ਰਭਾਤ ਵੇਲੇ ਅੰਤਿਮ ਫ਼ਤਹਿ ਬੁਲਾ ਗਏ।
1949 ਚ ਉਨ੍ਹਾਂ ਦੀ ਪਹਿਲੀ ਪੁਸਤਕ ਪੰਥਕ ਹਲੂਣੇ ਛਪੀ। ਦੋ ਸਾਲਾਂ ਬਾਦ ਟੁੱਟੀਆਂ ਜੰਜ਼ੀਰਾਂ। ਵਰਤਮਾਨ ਪੰਜਾਬੀ ਸ਼ਬਦਜੋੜ 1953 ਚ ਛਪੀ। ਪੰਖੜੀਆਂ 1956,ਹਰਿਆਣਾ ਦੇ ਲੋਕ ਰੁਮਾਂਸ 1964, ਏਨੀ ਮੇਰੀ ਬਾਤ 1966 ਤੇ ਕਥਨਾਵਲੀ 1973ਚ ਛਪੀ।
ਸੇਵਾ ਮੁਕਤੀ ਉਪਰੰਤ 1991 ਚ ਉਹ ਅਜੀਤ ਦੇ ਮੈਗਜ਼ੀਨ ਸੈਕਸ਼ਨ ਚ ਆ ਗਏ।
ਹਰਿਆਣਾ ਦੇ ਚਰਖੀ ਦਾਦਰੀ ਇਲਾਕੇ ਚ ਪੜ੍ਹਾਉਂਦਿਆਂ ਉਨ੍ਹਾਂ ਉਥੇ ਵੀ ਸਾਹਿੱਤ ਸਭਾ ਸਥਾਪਤ ਕਰ ਦਿੱਤੀ। ਜਲੰਧਰ ਦੀ ਪੰਜਾਬੀ ਲੇਖਕ ਸਭਾ ਦੇ ਵੀ ਉਹ ਲੰਮਾ ਸਮਾਂ ਅਹੁਦੇਦਾਰ ਰਹੇ।
ਇਹੋ ਜਹੇ ਸੱਜਣਾਂ ਦੇ ਜਾਣ ਤੇ ਮਨ ਬੇਹੱਦ ਉਦਾਸ ਹੁੰਦਾ ਹੈ, ਕਿਉਂਕਿ ਇਹ ਪਿਆਰੇ ਗਿਆਨ ਭੰਡਾਰ ਕੋਸ਼ ਹੁੰਦੇ ਨੇ। ਸਾਡੇ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਵਾਂਗ। ਜੋ ਜਾਣਦੇ ਹੁੰਦੇ ਹਨ ਕਿ ਕਿਹੜਾ ਗਿਆਨ ਕਿਸ ਪੁਸਤਕ ਵਿੱਚ ਕਿੱਥੇ ਲੁਕਿਆ ਬੈਠਾ ਹੈ। ਵਰਤਣ ਵੇਲੇ ਇਨ੍ਹਾਂ ਦੀ ਅਗਵਾਈ ਉਸ ਬਾਪੂ ਵਰਗੀ ਲੱਗਦੀ ਹੈ ਜੋ ਕਾਲ਼ੀ ਬੋਲ਼ੀ ਰਾਤ ਵਿੱਚ ਸਾਡੇ ਅੱਗੇ ਲਾਲਟੈਣ ਲੈ ਕੇ ਤੁਰ ਰਿਹਾ ਹੋਵੇ।
ਸਾਥੀ ਜੀ ਦੀ ਸਰਬਪੱਖੀ ਗਿਆਨਵੰਤ ਸ਼ਖ਼ਸੀਅਤ ਨੂੰ ਸਲਾਮ!
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
+91 98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.