ਗੁਰਭਜਨ ਗਿੱਲ ਦਾ ਤਾਅਰੁਫ਼ ਮੇਰੇ ਜਿਗਰੀ ਦੋਸਤ ਗੁਰਦਰਸ਼ਨ ਸਿੰਘ ਜੀ ਨੇ ਕਰਵਾਇਆ ਸੀ । ਮੈਂ ਗਿੱਲ ਸਾਹਿਬ ਨੂੰ ਜ਼ਾਹਿਰ ਤੌਰ ਤੇ ਆਪਣੇ ਸਾਹਮਣੇ ਕਦੇ ਨਹੀਂ ਦੇਖਿਆ । ਕੁਝ ਗੁਫ਼ਤਗੂ ਜੋ ਫੋਨ ਦੇ ਜ਼ਰੀਏ ਹੋਈ ਹੈ ਜਾਂ ਮੈਂ ਉਨ੍ਹਾਂ ਦੀਆਂ ਰਚਨਾਵਾਂ ਜੋ ਪੜੀਆਂ ਹਨ ਉਸ ਹਿਸਾਬ ਨਾਲ ਮੈਂ ਉਨ੍ਹਾਂ ਦੀ ਸ਼ਖਸੀਅਤ ਦਾ ਦਿਲੋ ਦਿਮਾਗ ਵਿਚ ਇੱਕ ਨਜ਼ਰੀ ਨਕਸ਼ਾ ਉਲੀਕਣ ਦੀ ਕਿਆਸਗੋਈ ਕੀਤੀ ਹੈ ।
ਗਿੱਲ ਸਾਹਿਬ ਕਾਵਿ ਖੇਤਰ ਵਿੱਚ ਇੱਕ ਵੱਡਾ ਨਾਮ ਤਾਂ ਹੈ ਹੀ ਉਨ੍ਹਾਂ ਦੀ ਕਲਮ ਨੇ ਜੋ ਵੀ ਲਿਖਿਆ ਹੈ ਉਹ ਨਿਆਂ ਦੀ ਦ੍ਰਿਸ਼ਟੀ ਤੋਂ ਉੱਚ ਪੈਮਾਨੇ ਵਾਲੀ ਰਚਨਾ ਹੈ ।
ਜਿੱਥੋਂ ਤੱਕ ਨਵੀਂ ਰਚਨਾ ਦਾ ਸਵਾਲ ਹੈ ਇਹ ਬਹੁਤ ਹੀ ਯੋਜਨਾ ਵੱਧ ਤਰੀਕੇ ਤੇ ਜ਼ਿੰਮੇਵਾਰੀ ਨਾਲ ਤਿਆਰ ਕੀਤੀ ਗਈ ਹੈ । ਗਿੱਲ ਸਾਹਿਬ ਦੀ ਰਚਨਾ ਸਭਿਆਚਾਰਕ ਪੱਖ ਤੋਂ ਮਜ਼ਬੂਤੀ ਦੇ ਨਾਲ ਨਾਲ ਸਮਾਜ ਦੇ ਸਾਹਮਣੇ ਆਉਂਦੀ ਹੈ ਜਿਸ ਨਾਲ ਸਮਾਜ ਵਿੱਚੋ ਅਲੋਪ ਹੋ ਚੁੱਕਾ ਵਿਰਸਾ ਨਵਾਂ ਸਾਹ ਲੈਣਾ ਸ਼ੁਰੂ ਕਰ ਦਿੰਦਾ ਪ੍ਰਤੀਤ ਹੁੰਦਾ ਹੈ ।
ਜਿਸ ਤਰ੍ਹਾਂ ਸਰੀਰ ਵਿੱਚ ਸਟਰੌਂਗ ਸੈਲ ਨਹੀਂ ਬਣਨਗੇ ਤਾਂ ਸਰੀਰ ਕਦੀ ਵੀ ਸਿਹਤਯਾਬ ਨਹੀਂ ਮੰਨਿਆ ਜਾ ਸਕਦਾ ਇਹ ਤਰ੍ਹਾਂ ਸਮਾਜ ਵਿਚੋਂ ਪੁਰਾਣੀਆਂ ਚੰਗੀਆਂ ਰਵਾਇਤਾਂ ਸ਼ਕਤੀਸ਼ਾਲੀ ਸੈਲ ਦੀ ਤਰ੍ਹਾਂ ਹੀ ਹੁੰਦੀਆਂ ਹਨ,ਜੋ ਸਮਾਜ ਰੂਪੀ ਸਰੀਰ ਨੂੰ ਬਿਨਾਂ ਬਿਮਾਰੀਆਂ ਦੇ ਜੀਣਾ ਨਸੀਬ ਕਰਦੇ ਹਨ । ਇਸ ਕਾਵਿ - ਸੰਗ੍ਰਹਿ ਚਰਖ਼ੜੀ ਵਿਚ ਮੁੱਖ ਪੰਜ ਕਲਾਂ ਦੇ ਰੰਗ ਬਿਖਰੇ ਹੋਏ ਹਨ ਪਰ ਕਦੀ ਕਦੀ ਛੇ ਤੇ ਸੱਤ ਰੰਗ ਵੀ ਪ੍ਰਗਟ ਹੋ ਕੇ ਸੱਤਰੰਗੀ ਬਣਾ ਦਿੰਦੇ ਹਨ
ਕਲਾ ਦੇ ਮਾਹਿਰ ਰੰਗਰੇਜ ਗਿੱਲ ਸਾਹਿਬ ਨੂੰ ਮੇਰਾ ਸਲਾਮ ।
ਕੋਰੋਨਾ ਨੇ ਜੋ ਇਨਸਾਨ ਨੂੰ ਡਰ ਸਹਿਮ ਰਾਹੀਂ ਜ਼ਿੰਦਾ ਲਾਸ਼ ਬਣਾ ਕੇ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਕੀਤਾ ਹੈ ਸ਼ਾਇਦ ਇਸ ਸਦੀ ਨੇ ਇਸ ਤਰ੍ਹਾਂ ਦਾ ਨੰਗਾ ਨਾਚ ਕਦੀ ਨਹੀਂ ਸੀ ਦੇਖਿਆ।
ਇਸ ਨਾਲ ਸਬੰਧਤ ਨਜ਼ਮਾਂ ਉੱਚ ਕੋਟੀ ਦੀਆਂ ਹਨ । ਆਰਥਿਕ ਮੰਦਹਾਲੀ , ਬੇਰੁਜ਼ਗਾਰੀ ਤੇ ਗਰੀਬੀ ਦਾ ਦੈਂਤ ਆਪਣੇ ਪੈਰ ਪਸਾਰ ਚੁੱਕਾ ਹੈ।
" ਆਸ ਉਮੀਦ ਤੇ ਜੱਗ ਜੀਂਦਾ ਹੈ" ਵਿੱਚ ਕਵੀ ਦੀ ਵੇਦਨਾ ਦੇਖੋ ਜੋ ਚਰਮ ਸੀਮਾ ਤੇ ਹੈ :
" ਹੁਕਮ ਹਕੂਮਤ ਇੰਜ ਕੀਤਾ ਹੈ ਆਪੋ ਆਪਣੇ ਅੰਦਰ ਵੜ ਜਾਉ। ਘਬਰਾਣਾ ਨਾ ,
ਤੇਜ਼ ਹਨੇਰੀ ,
ਅੱਖਾਂ ਵਿੱਚ ਕੱਖ ਪੈ ਸਕਦੇ ਨੇ ,
ਮੌਤ ਜਿਹਾ ਕੋਈ ਜਰਮ ਜੀਵਾਣੂ , ਸਾਹੀਂ ਮੌਤ ਪਰੋ ਸਕਦਾ ਹੈ ।
ਇੱਕ ਹੋਰ ਸਭ ਤੋਂ ਅਹਿਮ ਰੰਗ ਮਾਂ ਮਮਤਾ ਹੈ ਜਿਸ ਨੇ ਪੂਰੀ ਕਾਇਨਾਤ ਨੂੰ ਆਪਣੀ ਬੁੱਕਲ ਵਿੱਚ ਸਾਂਭ ਕੇ ਰੱਖਿਆ ਹੈ ਠਾਠਾ ਮਾਰਦਾ ਗੁਰਭਜਨ ਗਿੱਲ ਦੀ ਇਸ ਰਚਨਾਵਾਂ ਵਿੱਚੋਂ ਨਿਕਲ ਕੇ ਇੱਕ ਸੱਤਰੰਗੀ ਬਣਾ ਕੇ ਮਾਂ ਦੇ ਗਲੇ ਦਾ ਖੁਬਸੂਰਤ ਹਾਰ ਬਣ ਜਾਂਦਾ ਹੈ।
ਸਭ ਨੂੰ ਖੂਬ ਮੁਤਾਸਿਰ ਕਰਦਾ ਹੈ । ਗੁਰਭਜਨ ਗਿੱਲ ਦੀ ਨਵੀਂ ਕਾਵਿ ਸੰਗ੍ਰਹਿ " ਚਰਖੜੀ " ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਇਹ ਕਾਵਿ ਰਚਨਾਵਾਂ ਵਿਚੋਂ ਪੁਰਾਤਨ ਸਭਿਆਚਾਰ , ਪਰੰਪਰਾਵਾਂ , ਰੀਤੀ ਰਿਵਾਜਾਂ ( ਸੂਈ ਧਾਗਾ ) ਅਨੇਕਾਂ ਆਪਣੀਆਂ ਗੁਆਹੀ ਭਰਦੀਆਂ ਨਜ਼ਰ ਆਉਂਦੀਆਂ ਤੇ ਕਹਿ ਰਹੀਆਂ ਹਨ ਕਿ ਅੱਜ ਵੀ ਅਸੀਂ ਸਾਹ ਲੈ ਰਹੀਆਂ ਹਾਂ ਤੇ ਜਿੰਦਾ ਹਾਂ । ਕਿਸਾਨੀ ਅੰਦੋਲਨ , ਤਿੰਨ ਕਾਨੂੰਨ ਜੋ ਕਿਸਾਨਾਂ ਦੀ ਲਾਚਾਰ ਹਾਲਤ ਕਰਨ ਵਿੱਚ ਕਸਰ ਨਹੀਂ ਛੱਡਣਗੇ ਆਪਣੇ ਪੁਰਖਿਆਂ ਦਾ ਜ਼ਮੀਨ ਦਾ ਟੁਕੜਾ,ਉਸਤੇ ਬੀਜੀ ਹੋਈ ਫਸਲ ਵੀ ਕਿਸਾਨਾਂ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਦੀ ਰਹੇਗੀ ਤਾਂ ਇਨ੍ਹਾਂ ਤਿੰਨ ਕਾਨੂੰਨ ਨੂੰ ਖ਼ਤਮ ਕਰਨ ਲਈ ਅਰਜ਼ੋਈ ਕਰ ਰਹੇ ਕਿਸਾਨ ਕੀ ਗਲਤ ਕਰ ਰਹੇ ਹਨ ।
ਇਹ ਰੰਗ ਗਿੱਲ ਸਾਹਿਬ ਦੀ ਕਵਿਤਾ ਵਿੱਚ ਖੂਬ ਉੱਘੜ ਕੇ ਸਾਹਮਣੇ ਆਇਆ ਹੈ :
" ਬਦਲ ਗਏ ਮੰਡੀਆਂ ਦੇ ਭਾਅ"
ਮੰਡੀਆਂ ਦੇ ਭਾਅ ਨਹੀਂ ਸੁਣਦਾ ।
ਮਨ ਡੁੱਬਦਾ ਹੈ ਸੁਣਦਿਆਂ ,
ਜਦ ਵਟਾਲੇ ਮੰਡੀ ਵਿਕਦੀ ਗੋਭੀ ,
ਬਾਜਾਰ ਨਾਲੋਂ ਕਿਤੇ ਥੱਲੇ ਚਵਾਨੀ ਭਾਅ ਵਿਕਦੀ ।"
ਇਸ ਕਵਿਤਾ ਵਿੱਚ ਦੂਸਰਾ ਰੰਗ ਬੇਬਸੀ , ਉਦਾਸੀ , ਗਰੀਬੀ ਦਾ " ਮੀਂਹ ਕਣੀ ਚ ਕੋਠਾ ਚੋਂਦਾ ਹੈ ।
ਕੋਠੇ ਜਿੱਡੀ ਧੀ ਦਾ ਕੱਦ ਡਰਾਉਂਦਾ ਹੈ ।
ਸਕੂਲੋਂ ਹਟੇ ਪੁੱਤਰ ਨੂੰ ਫੌਜ ਵੀ ਨਹੀਂ ਲੈਂਦੀ ।
ਅਖੇ ਛਾਤੀ ਘੱਟ ਚੌੜੀ ਹੈ ।
ਕੌਣ ਦਸੇ ,
ਇਹ ਹੋਰ ਸੁੰਗੜ ਜਾਣੀ ਹੈ ,
ਇੰਜ ਹੀ ਪੁੜਾਂ ਹੇਠ ।
' ਆਖਰ ਗੰਦੀ ਰਾਜਨੀਤੀ ਵਿੱਚ ਭੋਲਾ ਭਾਲਾ ਕਿਸਾਨ ਫਸ ਗਿਆ ਲਗਦਾ ਹੈ ; ਕਵੀ ਦਾ ਜਜ਼ਬਾ ਦੇਖੋ ।
" ਘਿਰ ਗਿਆ ਹੈ ਜਰਨੈਲ , ਅਨੇਕ ਸ਼ਾਤਰ ਦੁਸ਼ਮਣਾਂ ਵਿੱਚ ॥ ਕਿਧਰ ਜਾਵੇ ?
ਅਕਲਾਂ ਵਾਲਿਓ , ਵਿਦਵਾਨੋ , ਹਕੂਮਤੋ , ਬੁੱਧੀਮਾਨੋ
ਪਤਾ ਲੱਗੇ ਤਾਂ
ਉਸ ਨੂੰ ਰਾਹ ਪਾਉਣਾ ।
ਮਰਨ ਮਗਰੋਂ ਅੰਕੜੇ ਗਿਣਨ ਵਾਲੇ ਅਰਥ ਸ਼ਾਸਤਰੀਓ ॥
ਇਹ ਇਨਕਲਾਬੀ ਰੰਗ ਖੂਬ ਲਹਿਰਾਇਆ ਹੈ । ਨਵੀਂ ਕਾਵਿ - ਪੁਸਤਕ ਜੋ 232 ਸਫਿਆਂ ਦਾ ਇੱਕ ਪ੍ਰਕਾਸ਼ਿਤ ਦਸਤਾਵੇਜ਼ ਬਣ ਗਿਆ ਹੈ ਜੋ ਚਰਖੜੀ ਦੇ ਨਾਮ ਨਾਲ ਸਾਹਿਤਕ ਖੇਤਰ ਵਿੱਚ ਆਪਣੀ ਹਸਤੀ ਨੂੰ ਅਜ਼ਮਾਏਗਾ ।
ਇਸ ਚ ਸ਼ਾਮਿਲ ਸਕੈੱਚ ਜੋ ਸਾਰ ਗਰਭਿਤ ਹੈ,ਅਸੀਸ ਕੌਰ ਗਿੱਲ ਦੁਆਰਾ ਖਿਚਿਆ / ਬਣਾਇਆ ਗਿਆ ਹੈ,ਕਿਤਾਬ ਦੀ ਦਿਲਕਸ਼ੀ ਵਿੱਚ ਨਿਰਸੰਦੇਹ ਇਜ਼ਾਫਾ ਕਰਦਾ ਹੈ।
ਇਸ ਕਾਵਿ ਸੰਗ੍ਰਹਿ ਨੂੰ ਕਵੀ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਚੌਥੀ ਪ੍ਰਕਾਸ਼ ਸ਼ਤਾਬਦੀ ਵੇਲੇ ਉਨ੍ਹਾਂ ਦੇ ਦੁਆਰਾ ਸਮੁੱਚੀ ਖ਼ਲਕਤ ਨੂੰ ਸੰਦੇਸ਼ ਨੂੰ ਸਮਰਪਿਤ ਕੀਤੀ ਹੈ ।
ਇਸ ਕਿਤਾਬ ਵਿੱਚ ਅਲੱਗ - ਅਲੱਗ ਵਿਸ਼ਿਆਂ ਤੇ ਤਕਰੀਬਨ 90 ਕਵਿਤਾਵਾਂ ਹਨ।
ਸਾਰੀਆਂ ਰਚਨਾਵਾਂ ਸੁੰਦਰ , ਸਾਰਗਰਭਿਤ , ਸੁਨੇਹਾ ਦਿੰਦੀਆਂ ਪ੍ਰਤੀਤ ਹੁੰਦੀਆਂ ਹਨ । ਪੜ੍ਹਨ ਵਿੱਚ ਬੋਰੀਅਤ ਨਹੀਂ ਲੱਗਦੀ ਸਗੋਂ ਇਹ ਗੁਣਾਂ ਕਰਕੇ ਇਸ ਚ ਸ਼ਾਮਿਲ ਰਚਨਾਵਾਂ ਨੂੰ ਵਾਰ ਵਾਰ ਪੜ੍ਹਨ ਨੂੰ ਦਿਲ ਕਰਦਾ ਹੈ ।
ਕਵੀ ਨੇ ਸੱਤ ਮਹਾਨ ਸ਼ਖ਼ਸੀਅਤਾਂ ਦੁਆਰਾ ਸਮਾਜ ਵਿੱਚ ਕੀਤੇ ਗਏ ਮਹਾਨ ਕੰਮ ਨੂੰ ਆਪਣੀ ਕਾਵਿ ਕੌਸ਼ਲ ਕਲਾ ਨਾਲ ਚਿੱਤਰਣ ਦੀ ਕੋਸ਼ਿਸ਼ ਕੀਤੀ ਹੈ ਜੋ ਬਹੁਤ ਖੂਬਸੂਰਤ ਵੰਨਗੀ ਹੈ ।
ਇਨ੍ਹਾਂ ਸਾਰੀਆਂ ਸਖਸ਼ੀਅਤਾਂ ਦੇ ਬਾਰੇ ਬਹੁਤ ਚੰਗਾ ਸੁਣਿਆ ਹੈ । ਖਯਾਮ ਦੀ ਸੰਗੀਤ ਕਲਾ ਦਾ ਮੈਂ ਹਮੇਸ਼ਾ ਕਾਇਲ ਰਿਹਾਂ ਹਾਂ ਤੇ ਇੱਕ ਮੁਲਾਕਾਤ ਵੀ ਹੈ । ਇੰਤਹਾਈ ਸ਼ਰੀਫ਼ ਇਨਸਾਨ ਸਨ ਜੋ ਆਪਣੀ ਸੰਗੀਤ ਕਲਾ ਵਿੱਚ ਮਾਹਿਰ ਸਨ । ਉਨ੍ਹਾਂ ਨੂੰ ਕਲਾਸੀਕਲ ਸੰਗੀਤ ਦਾ ਗਹਿਰਾਈ ਤੱਕ ਗਿਆਨ ਸੀ ।
ਮੈਂ ਖ਼ਯਾਮ ਸਾਹਿਬ ਜਿਨ੍ਹਾਂ ਦਾ ਪੂਰਾ ਨਾਮ ਮੁਹੰਮਦ ਯਹੂਰ ਖਯਾਮ ਸੀ ਜੋ ਪੰਜਾਬ ਵਿੱਚ ਰਾਹੋਂ ਨਾਲ ਸੰਬੰਧਿਤ ਸਨ,ਜਿਨ੍ਹਾਂ ਦੇ ਉਸਤਾਦ ਮਸ਼ਹੂਰ ਪੰਡਿਤ ਅਮਰਨਾਥ ਜੀ ਸਨ । ਖਯਾਮ ਸਾਹਿਬ ਪੱਕੇ ਰਾਗਾਂ ਦੇ ਜਾਨਣ ਵਾਲੇ ਵੱਡੇ ਪੰਡਿਤ ਸਨ ਉਨ੍ਹਾਂ ਨੇ ਅਨੇਕਾਂ ਗੀਤਾਂ ਦੀਆਂ ਸੁਰੀਲੀਆਂ ਧੁਨਾਂ ਬਣਾਈਆਂ ਤੇ ਫ਼ਿਲਮੀ ਸੰਗੀਤ ਦੀ ਦੁਨੀਆਂ ਤੇ ਬਹੁਤ ਲੰਮਾ ਸਮਾਂ ਰਾਜ ਕੀਤਾ । ਉਮਰਾਓ ਜਾਨ ਫਿਲਮ ਦਾ ਸੰਗੀਤ ਖਯਾਮ ਸਾਹਿਬ ਨੇ ਹੀ ਦਿੱਤਾ ਸੀ। ਗੀਤ ਉਰਦੂ ਦੇ ਮਸ਼ਹੂਰ ਲੇਖਕ ਸ਼ਹਰਯਾਰ ਜੀ ਦੁਆਰਾ ਲਿਖੇ ਗਏ ਸਨ । ਇੱਕ ਗੀਤ ' ਯਿਹ ਕਿਆ ਜਗਾਹ ਹੈ ਦੋਸਤੋ , ਯਿਹ ਕੌਨ ਸਾ ਦਯਾਰ ਹੈ।
ਇਸ ਗੀਤ ਨੂੰ ਖਯਾਮ ਸਾਹਿਬ ਨੇ ਰਾਗ ਬਿਹਾਗ ਵਿੱਚ ਸੰਗੀਤਬੱਧ ਕਰਕੇ ਸੰਗੀਤਕਾਰਾਂ ਦੀ ਦੁਨੀਆਂ ਨੂੰ ਇਹ ਦੱਸ ਦਿੱਤਾ ਸੀ ਕਿ ਜੇ ਤੁਹਾਡੇ ਕੋਲ ਇਲਮ ਹੈ ਤਾਂ ਤੁਸੀ ਔਖੇ ਤੇ ਔਖੋ ਰਾਗ ਨੂੰ ਵੀ ਆਪਣੇ ਹਾਰਮੋਨੀਅਮ ਤੇ ਨਚਾ ਸਕਦੇ ਹੋ । ਇਹ ਸਨ ਖ਼ਯਾਮ ਸਾਹਿਬ ਤੇ ਉਨਾਂ ਦਾ ਮੌਸੀਕੀ ਦਾ ਇਲਮ , ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਪਦਮ ਭੂਸ਼ਨ ਨਾਲ ਨਿਵਾਜਿਆ ਸੀ । ਨਿਰਸੰਦੇਹ ਖ਼ਯਾਮ ਸਾਹਿਬ ਸੰਗੀਤ ਦੀ ਦੁਨੀਆਂ ਦੇ ਬੇਤਾਜ ਬਾਦਸ਼ਾਹ ਸਨ। ਕਵੀ ਗੁਰਭਜਨ ਗਿੱਲ ਨੇ ਇਹ ਬਹੁਤ ਬੇਹਤਰੀਨ ਕੰਮ ਕੀਤਾ ਹੈ ।
ਗੁਰਭਜਨ ਗਿੱਲ ਦੀ ਕਵਿਤਾ ਪਰਪੱਕ ਤਾਂ ਹੈ ਹੀ ਉਹ ਹਰ ਹਰਫ਼ ਨੂੰ ਨਵੇਂ ਅੰਦਾਜ਼ ਨਾਲ ਪੇਸ਼ ਕਰਨ ਦਾ ਵੱਡਾ ਖਿਲਾੜੀ ਹੈ । ਉਸ ਦੇ ਕੋਲ ਐਨੀ ਸਮਰਥਾ ਹੈ ਕਿ ਉਸ ਦੁਨੀਆਂ ਦੇ ਗੰਭੀਰ ਤੋਂ ਗੰਭੀਰ ਵਿਸ਼ਿਆਂ ਤੇ ਵੀ ਉਸ ਦੀ ਕਲਮ ਬੇਬਾਕ ਬੋਲਦੀ ਹੈ ਅਤੇ ਸਾਕਾਰਾਤਮਕ ਅਸਰ ਛੱਡਦੀ ਹੈ ਇਹ ਉਸ ਦੇ ਕਾਵਿ ਅਨੁਭਵ ਦੀ ਵੱਡੀ ਖੂਬੀ ਹੈ ।
ਮੈ ਤਾਂ ਉਸ ਨੂੰ ਪੰਜਾਬੀ ਸਾਹਿਤ ਦਾ ਇਕ ਕੋਹੇਨੂਰ ਹੀਰਾ ਹੀ ਕਹਾਂਗਾ,ਕਿਉਂਕਿ ਇਹਦੇ ਵਿੱਚ ਸਚਾਈ ਵੀ ਹੈ । ਇਸ ਵਿੱਚ ਕੋਈ ਮੱਤਭੇਦ ਨਹੀਂ ਹੈ।
ਆਪ ਜੀ ਦੀ ਸ਼ਾਇਰੀ ਸਭ ਤੋਂ ਲੋਕ ਪ੍ਰਿਯ , ਮਨਮੋਹਕ , ਦਿਲਕਸ਼ ਤੇ ਮਧੁਰ ਹੈ ।
ਆਪ ਦੀ ਸ਼ਾਇਰੀ ਵਿੱਚ ਪਰੰਪਰਾਗਤ ਵਿਸ਼ੇ ਵਸਤੂ ਤੋਂ ਲੱਚਰ ਰਾਜਨੀਤੀ ਤੇ ਵਰਗ ਸੰਘਰਸ਼ ਤੀਕ ਸਭ ਕੁਝ ਮਿਲਦਾ ਹੈ ।
ਇਹ ਭਾਵਾਂ ਦੀ ਗਹਿਰਾਈ ਤੇ ਗਿਆਨ ਦੀ ਉਚਾਈ ਤੱਕ ਜਾਂਦੀ ਹੈ ।ਗੁਰਭਜਨ ਗਿੱਲ ਦੀ ਸ਼ਾਇਰੀ ਇੱਕ ਨਵੀਂ ਆਵਾਜ਼ ਦੇ ਰੂਪ ਵਿੱਚ ਗੂੰਜਦੀ ਸੁਣਾਈ ਦਿੰਦੀ ਹੈ । ਗਮੇਂ ਜਾਨਾਂ ਤੋਂ ਗਮੇਂ ਦੌਰਾਂ ਦਾ ਮੁਸਲਸਲ ਸਫ਼ਰ ਹੈ । ਕਵੀ ਪੰਜਾਬੀ ਅੱਦਬ ਦਾ ਇੱਕ ਰੌਸ਼ਨ ਮਿਨਾਰ ਹੈ ।
ਮੈਂ ਅਮਰੀਕਨ ਵਿਸ਼ਵ ਪ੍ਰਸਿੱਧ ਕਵੀ Robert Frost ਦੀਆਂ ਮਸ਼ਹੂਰ ਸਤਰਾਂ ਨਾਲ ਸਮਾਪਤੀ ਕਰਨਾ ਚਾਹੁੰਦਾ ਹਾਂ "
-
ਸੁਖਰਾਜ ਸਿੰਘ, ਡੀ ਜੀ ਪੀ (ਰੀਟਾਇਰਡ), ਮੱਧ ਪ੍ਰਦੇਸ਼
*****************
09425138555
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.