ਬੇਅਦਬੀ ਦੇ ਵਿਰੋਧ ਵਿਚ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਅਤੇ ਜ਼ਖ਼ਮੀ ਹੋਏ ਸ਼ਰਧਾਲੂਆਂ ਦੇ ਕੇਸਾਂ ਦੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਪੜਤਾਲ ਨੂੰ ਹਾਈ ਕੋਰਟ ਵੱਲੋਂ ਰੱਦ ਕਰਨ ਤੋਂ ਬਾਅਦ ਪੰਜਾਬ ਕਾਂਗਰਸ ਪਾਰਟੀ ਵਿਚ ਜਿਹੜੀ ਅੱਗ ਧੁਖਣ ਲੱਗੀ ਸੀ, ਉਹ ਹੁਣ ਭਾਂਬੜ ਬਣਨ ਜਾ ਰਹੀ ਹੈ। ਨਵਜੋਤ ਸਿੰਘ ਸਿੱਧੂ ਹਰ ਰੋਜ਼ ਸਰਕਾਰ ਨੂੰ ਆਪਣੇ ਟਵੀਟਾਂ ਨਾਲ ਕਟਹਿਰੇ ਵਿਚ ਖੜ੍ਹਾ ਕਰੀ ਜਾ ਰਿਹਾ ਹੈ। ਇਸ ਸਮੇਂ ਮੰਤਰੀਆਂ, ਸੰਸਦਾਂ ਅਤੇ ਵਿਧਾਨਕਾਰਾਂ ਦੀ ਅਸੰਤੁਸ਼ਟਤਾ ਗਰੁੱਪ ਮੀਟਿੰਗਾਂ ਦੇ ਸਿਲਸਿਲੇ ਤੋਂ ਗੁਰੂ ਵਿਖਾਈ ਦੇ ਰਹੀ ਹੈ।
ਕੈਪਟਨ ਵਿਰੋਧੀ ਅਤੇ ਸਮਰਥਕ ਦੋ ਧੜੇ ਆਹਮੋ ਸਾਹਮਣੇ ਆ ਗਏ ਹਨ। ਕਾਂਗਰਸ ਹਾਈ ਕਮਾਂਡ ਆਪਣੀ ਚੌਧਰ ਬਣਾਈ ਰੱਖਣ ਲਈ ਪੰਜਾਬ ਦੇ ਕਾਂਗਰਸੀ ਨੇਤਾਵਾਂ ਨੂੰ ਹੱਲਾ ਸ਼ੇਰੀ ਦੇ ਕੇ ਇਕ ਦੂਜੇ ਨਾਲ ਸਿੰਗ ਫਸਾਉਣ ਦੀਆਂ ਚਾਲਾਂ ਚਲਦੀ ਰਹੀ ਹੈ, ਤਾਂ ਜੋ ਪੰਜਾਬ ਦੇ ਸਾਰੇ ਧੜਿਆਂ ਦੇ ਨੇਤਾ ਉਨ੍ਹਾਂ ਦੀ ਚਮਚਾਗਿਰੀ ਕਰਦੇ ਰਹਿਣ। ਹੁਣ ਇਹ ਲੜਾਈ ਉਨ੍ਹਾਂ ਲਈ ਗਲੇ ਦੀ ਹੱਡੀ ਬਣ ਗਈ ਹੈ। ਕਾਂਗਰਸ ਦੇਸ਼ ਵਿਚੋਂ ਬਹੁਤ ਕਮਜ਼ੋਰ ਹੋ ਗਈ ਹੈ। ਅਜਿਹੀ ਸਥਿਤੀ ਵਿਚ ਉਹ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਕੋਈ ਫ਼ੈਸਲਾ ਲੈਣ ਦੇ ਸਮਰੱਥ ਨਹੀਂ ਹੈ।
ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਮਹਿਜ਼ 8 ਮਹੀਨੇ ਬਾਕੀ ਹਨ ਤਾਂ ਘੋੜੇ ਬਦਲਣੇ ਬਹੁਤੇ ਵਾਜਬ ਨਹੀਂ ਰਹਿਣਗੇ। ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਕਾਂਗਰਸ ਹਾਈ ਕਮਾਂਡ ਵਿਰੋਧੀ ਸੁਰਾਂ ਨੂੰ ਕਿਸ ਫ਼ਾਰਮੂਲੇ ਤਹਿਤ ਸੰਤੁਸ਼ਟ ਕਰੇਗੀ। ਨਵਾਂ ਨੇਤਾ 8 ਮਹੀਨੇ ਦੇ ਸਮੇਂ ਵਿਚ ਕੋਈ ਸਾਰਥਿਕ ਨਤੀਜੇ ਸਾਹਮਣੇ ਨਹੀਂ ਲਿਆ ਸਕੇਗਾ। 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਇਸਦਾ ਖ਼ਮਿਆਜ਼ਾ ਕਾਂਗਰਸ ਪਾਰਟੀ ਨੂੰ ਭੁਗਤਣਾ ਪੈ ਸਕਦਾ ਹੈ।
ਪੰਜਾਬ ਦੇ ਕਾਂਗਰਸੀਆਂ ਦੀ ਬਦਕਿਸਮਤੀ ਰਹੀ ਹੈ ਕਿ ਹਰ ਕਾਂਗਰਸੀ, ਵਰਕਰ ਬਣਕੇ ਪਾਰਟੀ ਵਿਚ ਕੰਮ ਕਰਨ ਦੀ ਥਾਂ ਨੇਤਾ ਬਣਨਾ ਚਾਹੁੰਦਾ ਹੈ। ਹੁਣ ਤਾਂ ਸ਼ਾਰਟ ਕੱਟ ਮਾਰਕੇ ਨੇਤਾ ਬਣਨ ਦੀ ਕੋਸ਼ਿਸ ਵਿਚ ਰਹਿੰਦੇ ਹਨ। ਜਿਸ ਕਰਕੇ ਪਾਰਟੀ ਦੀ ਹਾਲਤ ਦਿਨ-ਬਦਿਨ ਨਿੱਘਰਦੀ ਜਾ ਰਹੀ ਹੈ। ਪਾਰਟੀ ਅਤੇ ਪਾਰਟੀ ਦੀ ਵਿਚਾਰਧਾਰਾ ਦੀ ਵਫ਼ਾਦਾਰੀ ਤਾਂ ਪਰ ਲਾ ਕੇ ਉੱਡ ਗਈ ਹੈ। ਹੁਣ ਤਾਂ ਜਿੱਥੋਂ ਸਿਆਸੀ ਤਾਕਤ ਮਿਲਦੀ ਹੈ, ਓਧਰ ਨੂੰ ਹੀ ਝੁਕ ਜਾਂਦੇ ਹਨ। ਜੇ ਵਫ਼ਾਦਾਰੀ ਹੈ ਤਾਂ ਧੜੇਬੰਦੀ ਦੀ ਵਫ਼ਾਦਾਰੀ ਰਹਿ ਗਈ। ਛੋਟੇ-ਛੋਟੇ ਧੜੇ ਬਣ ਗਏ ਹਨ ਜੋ ਇਕ ਦੂਜੇ ਦੀਆਂ ਲੱਤਾਂ ਖਿਚਕੇ ਅੱਗੇ ਆਉਣਾ ਚਾਹੁੰਦੇ ਹਨ। ਉਨ੍ਹਾਂ ਵੱਲੋਂ ਪਾਰਟੀ ਜਾਵੇ ਢੱਠੇ ਖੂਹ ਵਿਚ।
ਸਿਆਸੀ ਤਾਕਤ ਲਈ ਬਹੁਤੇ ਤਾਂ ਪਾਰਟੀਆਂ ਬਦਲਣ ਨੂੰ ਵੀ ਮਾੜਾ ਨਹੀਂ ਸਮਝਦੇ। ਉਹ ਤਾਂ ਗਿਰਗਟ ਦੇ ਰੰਗ ਬਦਲਣ ਨਾਲੋਂ ਛੇਤੀ ਰੰਗ ਬਦਲ ਜਾਂਦੇ ਹਨ। ਪੰਜਾਬ ਕਾਂਗਰਸ ਦੇ ਨੇਤਾਵਾਂ ਦੀ ਖ਼ਹਿਬਾਜ਼ੀ ਜਗ ਜ਼ਾਹਿਰ ਹੈ, ਪ੍ਰੰਤੂ ਕਾਂਗਰਸ ਹਾਈ ਕਮਾਂਡ ਜਿਵੇਂ ਬਿੱਲੀ ਨੂੰ ਵੇਖਕੇ ਕਬੂਤਰ ਅੱਖਾਂ ਮੀਚ ਲੈਂਦਾ ਹੈ, ਉਸੇ ਤਰ੍ਹਾਂ ਕਾਂਗਰਸ ਹਾਈ ਕਮਾਂਡ ਸਭ ਕੁਝ ਜਾਣਦੀ ਹੋਈ ਚੁੱਪ ਕਰਕੇ ਪਾਸਾ ਵੱਟ ਕੇ ਬੈਠੀ ਹੈ। 2017 ਦੀ ਪੰਜਾਬ ਵਿਧਾਨ ਸਭਾ ਦੀ ਚੋਣ ਕੈਪਟਨ ਅਮਰਿੰਦਰ ਸਿੰਘ ਦੇ ਨਾਮ ‘ਤੇ ਲੜੀ ਗਈ ਸੀ। ਲੋਕਾਂ ਨੇ ਵੋਟਾਂ ਕਾਂਗਰਸ ਨੂੰ ਨਹੀਂ, ਸਗੋਂ ਕੈਪਟਨ ਅਮਰਿੰਦਰ ਸਿੰਘ ਨੂੰ ਪਾਈਆਂ ਸਨ। ਇਸ ਕਰਕੇ ਉਨ੍ਹਾਂ ਦਾ ਮੁੱਖ ਮੰਤਰੀ ਬਣਨਾ ਕੁਦਰਤੀ ਸੀ। ਕੁਝ ਨੇਤਾ ਉਦੋਂ ਦੇ ਹੀ ਮੁੱਖ ਮੰਤਰੀ ਦੇ ਵਿਰੁੱਧ ਝੰਡਾ ਚੁੱਕੀ ਫਿਰਦੇ ਹਨ।
ਇਹ ਵੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਸਨ, ਉਦੋਂ ਤੋਂ ਕਾਂਗਰਸ ਦੇ ਸੀਨੀਅਰ ਲੀਡਰਾਂ ਨੂੰ ਉਨ੍ਹਾਂ ਦਾ ਮੁੱਖ ਮੰਤਰੀ ਬਣਨਾ ਹਜ਼ਮ ਨਹੀਂ ਹੋ ਰਿਹਾ। ਵਾਰੋ ਵਾਰੀ ਸੀਨੀਅਰ ਨੇਤਾ ਸਰਕਾਰ ਦੀ ਕਾਰਗੁਜ਼ਾਰੀ ਦੀ ਨਿੰਦਿਆ ਕਰਦੇ ਰਹਿੰਦੇ ਹਨ। ਇਹ ਉਨ੍ਹਾਂ ਦਾ ਹੱਕ ਵੀ ਹੈ ਪ੍ਰੰਤੂ ਪਾਰਟੀ ਪੱਧਰ ਤੇ ਅਜਿਹੀ ਨਿੰਦਿਆ ਜਾਇਜ਼ ਹੈ। ਅਖ਼ਬਾਰਾਂ ਵਿਚ ਖ਼ਬਰਾਂ ਲਗਾਉਣ ਲਈ ਬਿਆਨਬਾਜ਼ੀ ਕਰਨੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਥਾਂ ਕਮਜ਼ੋਰ ਕਰਨ ਵਿਚ ਸਹਾਈ ਹੁੰਦੀ ਹੈ। ਇਸ ਨਾਲ ਵਿਰੋਧੀ ਪਾਰਟੀਆਂ ਨੂੰ ਵੀ ਮੁੱਦਾ ਮਿਲ ਜਾਂਦਾ ਹੈ। ਕੈਪਟਨ ਅਮਰਿੰਦਰ ਸਿੰਘ ਵੀ ਲੋਕਾਂ ਦੀਆਂ ਉਮੀਦਾਂ ‘ਤੇ ਪੂਰੇ ਨਹੀਂ ਉਤਰ ਸਕੇ। ਇਸ ਵਾਰੀ ਉਹ ਨਤੀਜੇ ਨਹੀਂ ਵਿਖਾ ਸਕੇ ਜਿਹੜੇ 2002 ਵਾਲੀ ਸਰਕਾਰ ਵਿਚ ਵਿਖਾਏ ਸਨ।
ਚਾਪਲੂਸੀ ਨੇ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਵਿਚ ਤੇਲ ਦਿੱਤਾ ਹੈ। ਕਾਂਗਰਸ ਪਾਰਟੀ ਵਿਚ ਅਜਿਹੇ ਹਾਲਾਤ ਪੈਦਾ ਕਰਨ ਦੀ ਜ਼ਿੰਮੇਵਾਰ ਕੇਂਦਰੀ ਲੀਡਰਸ਼ਿਪ ਹੈ, ਜਿਹੜੀ ਉਨ੍ਹਾਂ ਨੂੰ ਆਪਸ ਵਿਚ ਬਿਠਾਕੇ ਮਸਲੇ ਦਾ ਹੱਲ ਕਰਵਾਉਣਾ ਨਹੀਂ ਚਾਹੁੰਦੀ। ਕਾਂਗਰਸ ਪਾਰਟੀ ਵਿਚ ਅਨੁਸ਼ਾਸਨ ਨਾ ਦੀ ਕੋਈ ਚੀਜ਼ ਨਹੀਂ ਹੈ। ਜੇਕਰ ਨੇਤਾ ਲੋਕ ਇਸੇ ਤਰ੍ਹਾਂ ਲੜਦੇ ਰਹੇ ਤਾਂ ਪੰਜਾਬ ਦਾ ਹਾਲ 2022 ਵਿਚ ਦੂਜੇ ਰਾਜਾਂ ਵਾਲਾ ਹੋਵੇਗਾ, ਜਿੱਥੇ ਸਰਕਾਰ ਬਣਾਉਣੀ ਤਾਂ ਵੱਖਰੀ ਗੱਲ ਹੈ, ਪਾਰਟੀ ਦੀ ਹੋਂਦ ਵੀ ਨਜ਼ਰ ਨਹੀਂ ਆ ਰਹੀ।
ਜਿਸ ਦਿਨ ਤੋਂ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਵਿਚ ਮੁੱਖ ਮੰਤਰੀ ਬਣਨ ਦੇ ਸੁਪਨੇ ਸਿਰਜਕੇ ਭਾਰਤੀ ਜਨਤਾ ਪਾਰਟੀ ਨੂੰ ਪਲਟੀ ਮਾਰਕੇ ਕਾਂਗਰਸ ਪਾਰਟੀ ਵਿਚ ਪ੍ਰਿਅੰਕਾ ਗਾਂਧੀ ਦਾ ਸਹਾਰਾ ਲੈ ਕੇ ਸ਼ਾਮਲ ਹੋਏ ਸਨ। ਉਸੇ ਦਿਨ ਤੋਂ ਪੰਜਾਬ ਕਾਂਗਰਸ ਦੇ ਨੇਤਾਵਾਂ ਵਿਚ ਖੁਸਰ ਮੁਸਰ ਸ਼ੁਰੂ ਹੋ ਗਈ ਸੀ। ਕਾਂਗਰਸ ਵਿਚਲੀ ਹਲਚਲ ਇਸ ਕਰਕੇ ਸੀ ਕਿਉਂਕਿ ਮੁੱਖ ਮੰਤਰੀ ਦੇ ਪਹਿਲਾਂ ਹੀ ਬਹੁਤ ਉਮੀਦਵਾਰ ਲਾਈਨ ਵਿਚ ਲੱਗੇ ਹੋਏ ਸਨ। ਦੱਬੀ ਜ਼ੁਬਾਨ ਨਾਲ ਉਹ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਸਨ, ਪ੍ਰੰਤੂ ਖੁੱਲ੍ਹ ਕੇ ਬੋਲਦੇ ਨਹੀਂ ਸਨ। ਨਵਜੋਤ ਸਿੰਘ ਸਿੱਧੂ ਨੂੰ ਉਸ ਦਿਨ ਪਤਾ ਹੋਣਾ ਚਾਹੀਦਾ ਸੀ ਕਿ ਉਨ੍ਹਾਂ ਤੋਂ ਪਹਿਲਾਂ ਪ੍ਰਨਾਬ ਮੁਖਰਜੀ ਰਾਹੀਂ ਇਹੋ ਸਬਜ਼ ਬਾਗ ਵੇਖਣ ਦੇ ਸੁਪਨੇ ਸਿਰਜਕੇ ਆਏ ਮਨਪ੍ਰੀਤ ਸਿੰਘ ਬਾਦਲ ਪਹਿਲਾਂ ਹੀ ਲਾਈਨ ਵਿਚ ਲੱਗੇ ਹੋਏ ਹਨ। 100 ਸਾਲ ਪੁਰਾਣੀ ਆਜ਼ਾਦੀ ਸੰਗਰਾਮੀਆਂ ਦੇ ਵਾਰਸਾਂ ਦੀ ਕਾਂਗਰਸ ਪਾਰਟੀ ਦੇ ਪੁਸ਼ਤੈਨੀ ਪਰਿਵਾਰਾਂ ਦੇ ਫ਼ਰਜ਼ੰਦ ਕਿਵੇਂ ਉਨ੍ਹਾਂ ਦੇ ਪੈਰ ਲੱਗਣ ਦੇਣਗੇ? ਸ਼ਾਰਟ ਕੱਟ ਰਾਹੀਂ ਮੁੱਖ ਮੰਤਰੀ ਦੀ ਕੁਰਸੀ ਕਾਂਗਰਸ ਪਾਰਟੀ ਦੇ ਕੌਮੀ ਪੱਧਰ ਤੇ ਕਮਜ਼ੋਰ ਹੁੰਦਿਆਂ ਹਥਿਆਉਣਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਵੀ ਹੈ।
ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਕਾਂਗਰਸ ਵਿਚ ਉਨ੍ਹਾਂ ਤੋਂ ਬਹੁਤ ਸੀਨੀਅਰ ਨੇਤਾ ਬੈਠੇ ਹਨ, ਜਿਨ੍ਹਾਂ ਦਾ ਮੁੱਖ ਮੰਤਰੀ ਦੀ ਕੁਰਸੀ ‘ਤੇ ਦਾਅਵਾ ਕਰਨ ਦਾ ਹੱਕ ਬਣਦਾ ਹੈ। ਉਨ੍ਹਾਂ ਨੇਤਾਵਾਂ ਵਿਚ ਪ੍ਰਤਾਪ ਸਿੰਘ ਬਾਜਵਾ, ਬ੍ਰਹਮ ਮਹਿੰਦਰਾ, ਸੁਨੀਲ ਕੁਮਾਰ ਜਾਖੜ, ਲਾਲ ਸਿੰਘ, ਸ਼ਮਸ਼ੇਰ ਸਿੰਘ ਦੂਲੋ, ਮਹਿੰਦਰ ਸਿੰਘ ਕੇ ਪੀ, ਰਵਨੀਤ ਸਿੰਘ ਬਿੱਟੂ ਅਤੇ ਮਨੀਸ਼ ਤਿਵਾੜੀ ਆਦਿ ਦੀ ਲੰਬੀ ਸੂਚੀ ਹੈ। ਨਵਜੋਤ ਸਿੰਘ ਸਿੱਧੂ ਤਾਂ ਅਜੇ ਪੰਜਾਬੀ ਦੀ ਕਹਾਵਤ ਦੀ ਤਰ੍ਹਾਂ, ਕੱਲ੍ਹ ਦੀ ਭੂਤਨੀ ਸਿਵਿਆਂ ਵਿਚ ਅੱਧ ਵਾਲੀ ਗੱਲ ਹੈ। ਉਨ੍ਹਾਂ ਨੂੰ ਪੌੜੀ ਦਰ ਪੌੜੀ ਚੜ੍ਹਨ ਨੂੰ ਹੀ ਤਰਜ਼ੀਹ ਦੇਣੀ ਬਣਦੀ ਸੀ। ਸਿਆਸਤ ਵਿਚ ਲਚਕੀਲਾਪਣ ਹੋਣਾ ਜ਼ਰੂਰੀ , ਲੱਕੜ ਬਣਕੇ ਕੁਝ ਖੱਟਣਾ ਅਸੰਭਵ ਹੁੰਦਾ ਹੈ। ਸਮੇਂ ਦੀ ਨਜ਼ਾਕਤ ਨੂੰ ਸਮਝਕੇ ਨਵੇਂ ਮਿਲੇ ਵਿਭਾਗ ਰਾਹੀਂ ਆਪਣੀ ਭੱਲ ਬਣਾਉਂਦੇ, ਬਿਜਲੀ ਵਿਭਾਗ ਦਾ ਸੰਬੰਧ ਪੰਜਾਬ ਦੇ ਹਰ ਘਰ ਨਾਲ ਹੈ।
ਅਕਾਲੀ ਦਲ ਦੇ ਬਿਜਲੀ ਦੇ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਸਮਝੌਤਿਆਂ ਨੂੰ ਰੱਦ ਕਰਵਾਕੇ ਪੰਜਾਬ ਦੇ ਲੋਕਾਂ ਦੇ ਮਸੀਹਾ ਬਣ ਸਕਦੇ ਸਨ। ਕਾਂਗਰਸ ਪਾਰਟੀ ਵਿਚ ਥੋੜ੍ਹਾ ਸਮਾਂ ਪਹਿਲਾਂ ਸਰਗਰਮ ਹੋਏ ਪ੍ਰਿਅੰਕਾ ਗਾਂਧੀ, ਸੀਨੀਅਰ ਘਾਗ ਕਾਂਗਰਸੀਆਂ ਤੋਂ ਉਨ੍ਹਾਂ ਨੂੰ ਕਿਵੇਂ ਉਪ ਮੁੱਖ ਮੰਤਰੀ ਦੀ ਕੁਰਸੀ ਦਿਵਾ ਸਕਣਗੇ। ਭਾਵੇਂ ਪ੍ਰਿਅੰਕਾ ਗਾਂਧੀ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਧੀ ਹਨ ਪ੍ਰੰਤੂ ਉਹ ਸੀਨੀਅਰ ਨੇਤਾਵਾਂ ਨੂੰ ਨਰਾਜ਼ ਕਰਕੇ ਕਾਂਗਰਸ ਪਾਰਟੀ ਨੂੰ ਹੋਰ ਕਮਜ਼ੋਰ ਨਹੀਂ ਕਰਨਾ ਚਾਹੁਣਗੇ। ਕਿਉਂਕਿ ਉਨ੍ਹਾਂ ਨੂੰ ਤਾਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਲਿਆਂਦਾ ਗਿਆ ਹੈ। ਭਾਵੇਂ ਨਵਜੋਤ ਸਿੰਘ ਸਿੱਧੂ ਨੂੰ ਸਿਆਸਤ ਪਰਿਵਾਰਿਕ ਵਿਰਸੇ ਵਿਚੋਂ ਮਿਲੀ ਹੈ ਕਿਉਂਕਿ ਉਨ੍ਹਾਂ ਦੇ ਪਿਤਾ ਮਰਹੂਮ ਭਗਵੰਤ ਸਿੰਘ ਸਿੱਧੂ ਬੜਾ ਲੰਬਾ ਸਮਾਂ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਪਟਿਆਲਾ ਦੇ ਪ੍ਰਧਾਨ ਅਤੇ ਦਰਬਾਰਾ ਸਿੰਘ ਦੀ ਵਜ਼ਾਰਤ ਵਿਚ ਪੰਜਾਬ ਦੇ ਐਡਵੋਕੇਟ ਜਨਰਲ ਰਹੇ ਹਨ ਪ੍ਰੰਤੂ ਇਉਂ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਤੋਂ ਸਿਆਸਤ ਦੇ ਗੁਰ ਸਿੱਖਣ ਦੀ ਕੋਸ਼ਿਸ਼ ਨਹੀਂ ਕੀਤੀ।
ਉਦੋਂ ਉਹ ਕ੍ਰਿਕਟ ਖੇਡਣ ਵਲ ਹੀ ਧਿਆਨ ਲਾਉਂਦੇ ਰਹੇ। ਨਵਜੋਤ ਸਿੰਘ ਸਿੱਧੂ ਵਿਚ ਦੋ ਗੁਣ ਅਜਿਹੇ ਹਨ, ਜਿਹੜੇ ਹਰ ਸਿਆਸਤਦਾਨ ਵਿਚ ਬਹੁਤ ਘੱਟ ਮਿਲਦੇ ਹਨ। ਉਹ ਇਮਾਨਦਾਰ ਅਤੇ ਬੁਲਾਰੇ ਬਿਹਤਰੀਨ ਹਨ ਪ੍ਰੰਤੂ ਉਹ ਜ਼ਿਆਦਾ ਬਿਆਨਬਾਜ਼ੀ ਕਰਕੇ ਕਿਸੇ ਵੀ ਪਾਰਟੀ ਵਿਚ ਉਨ੍ਹਾਂ ਗੁਣਾ ਦਾ ਲਾਭ ਨਹੀਂ ਲੈ ਸਕੇ, ਜਿਤਨਾ ਲਾਭ ਉਨ੍ਹਾਂ ਨੂੰ ਮਿਲਣਾ ਚਾਹੀਦਾ ਸੀ। ਸਿਆਸਤ ਵਿਚ ਸੰਜੀਦਗੀ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ। ਜਿਸ ਦੀ ਨਵਜੋਤ ਸਿੰਘ ਸਿੱਧੂ ਵਿਚ ਘਾਟ ਹੈ। ਕੁਰਸੀ ਮਿਲਣਾ ਤਾਂ ਵੱਖਰੀ ਗੱਲ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਨਵਜੋਤ ਸਿੰਘ ਸਿੱਧੂ ਕੇਂਦਰੀ ਹਾਈ ਕਮਾਂਡ ਦੇ ਨੇੜੇ ਹਨ। ਪਿਛਲੇ ਸਵਾ ਚਾਰ ਸਾਲ ਤੋਂ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਹੈ, ਕਾਂਗਰਸ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਨੇ ਸਰਕਾਰ ਦੀ ਕਾਰਗੁਜ਼ਾਰੀ ਤੇ ਕਿੰਤੂ ਪ੍ਰੰਤੂ ਕੀਤਾ ਹੈ। ਉਨ੍ਹਾਂ ਵਿਚ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ, ਨਵਜੋਤ ਸਿੰਘ ਸਿੱਧੂ ਵਰਨਣਯੋਗ ਹਨ। ਬੇਅਦਬੀ ਦੇ ਮੁੱਦੇ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ। ਵੇਖਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਿਹੜੀ ਗਿੱਦੜ-ਸਿੰਗੀ ਨਾਲ ਅਰਥਾਤ ਦਾਅ ਪੇਚ ਨਾਲ ਆਪਣਾ ਅਕਸ ਮੁੜ ਸਥਾਪਤ ਕਰਨਗੇ। ਜੇਕਰ ਬੇਅਦਬੀ ਦੇ ਮੁੱਦੇ ਕੋਈ ਸਾਰਥਿਕ ਕਾਰਵਾਈ ਨਾ ਕੀਤੀ ਤਾਂ ਕਾਂਗਰਸ ਦਾ ਭਵਿੱਖ ਖ਼ਤਰੇ ਵਿਚ ਪੈ ਜਾਵੇਗਾ।
-
ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਕ ਅਧਿਕਾਰੀ
ujagarsingh48@yahoo.com
9417913072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.