40 ਵਰ੍ਹਿਆਂ ਬਾਅਦ ਕਿਵੇਂ ਅਚਾਨਕ ਮਿਲੀ ਮੇਰੀ ਜਮਾਤੀ ਸਹੇਲੀ ...ਤ੍ਰਿਪਤਾ ਕੰਧਾਰੀ ਦੀਆਂ ਯਾਦਾਂ 'ਚੋਂ
ਬਹੁਤ ਪੱਕੀ ਸਹੇਲੀ ਸੀ ਉਹ ਮੇਰੀ !!! ਅਸੀਂ ਦੋਨੋਂ ਇੱਕੋ ਬੈਂਚ ਤੇ ਬੈਠਦੇ ਸੀ. ਉਹ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਤੇ ਹਮੇਸ਼ਾ ਅੱਵਲ ਆਉਂਦੀ ਸੀ. ਸਾਡਾ ਸਭ ਕੁਝ ਸਾਂਝਾ ਹੁੰਦਾ.ਉਹ ਕਲਾਸ ਦੀ ਫ਼ਸਟ ਮਨੀਟਰ ਹੁੰਦੀ ਸੀ ਤੇ ਮੈਂ ਸੈਕੰਡ ਮਨੀਟਰ. ਜ਼ਮਾਨਾ ਬੜਾ ਸਾਦਾ ਹੁੰਦਾ ਸੀ. ਉਹਨਾਂ ਦੇ ਘਰ ਦੇ ਬਾਹਰ ਜਿਹੜੀ ਨੇਮ ਪਲੇਟ ਲੱਗੀ ਸੀ ਉਸ ਤੇ ਉਸ ਦੇ ਫਾਦਰ ਦੇ ਨਾਮ ਨਾਲ ਵਿਰਕ ਲਿਖਿਆ ਸੀ ਤੇ ਸਾਨੂੰ ਬਿਲਕੁਲ ਨਹੀਂ ਸੀ ਪਤਾ ਕਿ ਜਾਤਾਂ ਕੀ ਹੁੰਦੀਆਂ ਨੇ .ਕਦੇ ਜਾਤ ਉੱਚੀ ਨੀਵੀਂ ਸੋਚ ਕੇ ਦੋਸਤੀ ਨਹੀਂ ਸੀ ਹੁੰਦੀ. ਬਹੁਤ ਵੱਡੀ ਉਮਰ ਚ ਆ ਕੇ ਪਤਾ ਲੱਗਾ ਫਲਾਣਾ ਖੱਤਰੀ ਹੈ ਅਰੋੜਾ ਹੈ ਜਾਂ ਜੱਟ ਯਾ ਜਾਟ ਹੈ. ਮੇਰਾ ਘਰ ਸਕੂਲ ਤੋਂ 3 ਕੁ ਕਿਲੋਮੀਟਰ ਤੇ ਸੀ ਤੇ ਉਸ ਦਾ ਘਰ ਰਣਜੀਤ ਗਲੀ ਵਿਚ ਸਕੂਲ ਦੇ ਬਹੁਤ ਹੀ ਨੇੜੇ ਸੀ ਤੇ ਉਹ ਸਾਨੂੰ ਉਡੀਕਦੀ ਹੁੰਦੀ ਆਵਾਜ਼ ਮਾਰ ਕੇ. ਉਸ ਨੂੰ ਨਾਲ ਲੈ ਕੇ. ਜਾਣਾ ਸਾਡਾ ਰੋਜ਼ ਦਾ ਰੁਟੀਨ ਸੀ. ਦੋਸਤੀ ਇਤਨੀ ਗੂੜ੍ਹੀ ਕਿ ਇਕ -ਦੂਜੇ ਬਿਨਾ ਸਾਹ ਵੀ ਨਹੀਂ ਸੀ ਆਉਂਦਾ. ਹਰ ਚੀਜ਼ ਸ਼ੇਅਰ ਕਰਦੇ ਉਹ ਭਾਵੇਂ ਖਾਣਾ ਹੋਵੇ ਯਾ ਬੁੱਕਸ ਤੇ ਕਾਪੀਆਂ ਬੜਾ ਹੀ ਪਿਆਰ . ਇੱਕ ਜਣੀ ਨਾ ਆਵੇ ਦੂਜੀ ਦਾ ਕਤਈ ਜੀਅ ਨਹੀਂ ਸੀ ਲਗਦਾ.
ਉਸ ਦੇ ਪਾਪਾ ਬੈਂਕ ਚ ਮੈਨੇਜਰ ਸੀ ਤੇ ਮੇਰੇ ਪਾਪਾ ਸਕੂਲ ਚ ਟੀਚਰ ਸਨ. ਇੱਕ ਵਾਰੀ ਦੀ ਗੱਲ ਪਤਾ ਨਹੀਂ ਕਿਸ ਤਰ੍ਹਾਂ ਅਸੀਂ ਆਪਸ ਚ ਗ਼ੁੱਸੇ ਹੋ ਗਈਆਂ ਤੇ ਸਾਡੀ ਕੱਟੀ ਹੋ ਗਈ.
ਹੋ ਸਕਦਾ ਅੱਜਕੱਲ੍ਹ ਦੇ ਬੱਚਿਆਂ ਨੂੰ ਨਾ ਹੀ ਪਤਾ ਹੋਵੇ ਕੱਟੀ ਕੀ ਹੁੰਦੀ ਹੈ.ਕੱਟੀ ਤਾਂ ਹੋ ਗੀ ਪਰ ਜੀ ਜਰਾ ਵੀ ਨਾ ਲੱਗੇ ਘਰ ਜਾ ਕੇ. ਵੀ ਰੋਂਦੀ ਰਹੀ ਜਿਵੇਂ ਕਿ ਕੋਈ ਬਹੁਤ ਕੀਮਤੀ ਚੀਜ਼ ਗਵਾਚ ਗਈ ਹੋਵੇ . ਰਾਤ ਅੱਧੀ ਰਾਤ ਤੱਕ ਨੀਂਦ ਵੀ ਨਾ ਆਈ ਪਰ ਅਣਖ ਵੀ ਪੂਰੀ ਬਾਈ ਹਨ ਕੱਟੀ ਕਰ ਤੀ ਅੱਬਾ ਕਿਵੇਂ ਹੋਵੇ . ਦੂਜੇ ਦਿਨ ਸਕੂਲ ਪਹੁੰਚ ਕੇ. ਬੁਲਾਇਆ ਨਹੀਂ ਇੱਕ ਦੂਜੇ ਨੂੰ ਪਰ ਇੱਕ ਦੂਜੇ ਨੂੰ ਹੋਰ ਵੀ ਮੁਹੱਬਤ ਪਿਆਰ ਨਾਲ ਵੇਖਦੇ ਰਹੇ . ਕਈ ਦਿਨ ਇਹ ਸਿਲਸਿਲਾ ਚਲਦਾ ਰਿਹਾ ਇੱਕ ਦੂਜੇ ਨੂੰ ਬੁਲਾਇਆ ਨਹੀਂ ਪਰ ਅਦਾਨ ਪ੍ਰਦਾਨ ਕਾਪੀ ਕਿਤਾਬ ਪੈੱਨ ਪੈਨਸਿਲ ਦਾ ਹੁੰਦਾ ਰਿਹਾ ਇਕ ਦੂਜੇ ਦੇ ਦਿਲ ਦੀ ਗੱਲ ਸਮਝ ਕੇ. ਹਰ ਚੀਜ਼ ਇੱਕ ਦੂਜੇ ਨਾਲ ਗੱਲ ਕਿਤੇ ਬਿਨਾਂ ਸਰਵ ਕਰ ਦਿੱਤੀ ਜਾਂਦੀ. ਸ਼ਾਇਦ ਸਬਜ਼ੀ ਵੀ ਜਿਹੜੀ ਉਸ ਨੂੰ ਪਸੰਦ ਹੁੰਦੀ ਉਸ ਦੇ ਅੱਗੇ ਰੱਖ ਦੇਂਦੀ ਜੋ ਮੇਰੀ ਪਸੰਦ ਦੀ ਹੁੰਦੀ ਮੈਨੂੰ ਮਿਲ ਜਾਂਦੀ . ਸਾਡੀ ਟੁੱਟੀ ਦੋਸਤੀ ਵੇਖ ਕਈ ਸ਼ਰਾਰਤੀ ਕੁੜੀਆਂ ਖ਼ੁਸ਼ ਪਰ ਓਹ ਬੇਵਕੂਫ਼ ਸਨ . ਸਾਡੀ ਦੋਸਤੀ ਟੁੱਟੀ ਹੀ ਨਹੀਂ ਪਿਆਰ ਇਤਨਾ ਵਧ ਗਿਆ ਤੇ ਪਤਾ ਲੱਗ ਗਿਆ ਕੇ. ਅਸੀਂ ਇੱਕ ਦੂਜੇ ਬਿਨਾ ਰਹਿ ਹੀ ਨਹੀਂ ਸਕਦੇ ਤੇ ਪਿਆਰ ਇਤਨਾ ਕੇ ਯਾਦ ਕਰ ਕੇ ਅੱਜ ਵੀ ਦਿਲ ਬਾਗੋ ਬਾਗ਼ ਹੋ ਜਾਂਦਾ ਤੇ ਅੱਖਾਂ ਨਮ ਹੋ ਜਾਂਦੀਆਂ ਨੇ.
ਅੱਠਵੀਂ ਕਲਾਸ ਤੋਂ ਬਾਅਦ ਹਰਵਿੰਦਰ ਨਾਮੀ ਉਸ ਸਹੇਲੀ ਦੇ ਪਾਪਾ ਦੀ ਟਰਾਂਸਫ਼ਰ ਹੋ ਗਈ ਤੇ ਉਹ ਕਹਿਣ ਲੱਗੀ ਅਸੀਂ ਦੂਜੇ ਸ਼ਹਿਰ ਸ਼ਿਫ਼ਟ ਹੋ ਜਾਣਾ ਹੈ। ਉਹ ਦਿਨ ਸਾਡੇ ਵਾਸਤੇ ਬੜੇ ਹੀ ਕਹਿਰ ਦਾ ਦਿਨ ਸੀ. ਘਰ ਜਾ ਕੇ ਮੈ ਆਪਣੇ ਬੀਜੀ ਤੇ ਪਾਪਾ ਜੀ ਨੂੰ ਦੱਸਿਆ ਕੇ ਮੇਰੀ ਸਹੇਲੀ ਜਾ ਰਹੀ ਸੀ . ਮੈਂ ਰੋਈ ਹੀ ਜਾਵਾਂ ਬਹੁਤ ਜ਼ਿਆਦਾ. ਮਾਂ ਆਖੇ ਕੋਈ ਹੋਰ ਬਣਾ ਲਵੀਂ ਰੋਂਦੀ ਕਿਉਂ ਐਂ ਪਰ ਉਸ ਨੂੰ ਕੀ ਪਤਾ ਸਾਡੇ ਰੂਹ ਦੇ ਰਿਸ਼ਤੇ ਸੀ. ਵਿਛੜਨਾ ਕਿੰਨਾ ਕੁ ਔਖਾ ਸੀ. ਇਹ ਤਾਂ ਸਾਨੂੰ ਹੀ ਪਤਾ ਸੀ. ਉਹਨਾਂ ਦਿਨਾਂ ਵਿਚ ਰਿਵਾਜ ਹੁੰਦਾ ਸੀ ਜਿਹੜੀ ਕੁੜੀ ਸਕੂਲ ਛੱਡ ਕੇ ਜਾਂਦੀ ਸਾਰੀ ਕਲਾਸ ਦੀ ਸਹੇਲੀਆਂ ਉਸ ਨੂੰ ਕੁਝ ਨਾ ਕੁਝ ਗਿਫ਼ਟ ਯਾਦ ਵਜੋਂ ਦਿੰਦੀਆਂ ਹੁੰਦੀਆਂ ਸੀ .ਬੜਾ ਹੀ ਸਾਦਾ ਤੇ ਭੋਲਾ ਭਾਲਾ ਜ਼ਮਾਨਾ ਸੀ. ਘਰ ਜਾ ਕੇ. ਸੋਚਣਾ ਸ਼ੁਰੂ ਕੀਤਾ ਕੀ ਦਿੱਤਾ ਜਾਵੇ . ਸਮਝ ਨਹੀਂ ਆ ਰਹੀ ਸੀ ਤੇ ਦਿਲ ਕਰ ਰਿਹਾ ਸੀ ਕਿ ਆਪਣੀ ਕੋਈ ਸਭ ਤੋਂ ਵਧੀਆ ਚੀਜ਼ ਉਸ ਨੂੰ ਦੇਵਾਂ.. ਤੇ ਮੇਰੇ ਚਾਚੀ ਜੀ ਹੈਦਰਾਬਾਦ ਤੋਂ ਮੇਰੇ ਵਾਸਤੇ 4 ਚੂੜੀਆਂ ( ਬੈਂਗਲਜ਼)ਲੈ ਕੇ ਆਏ ਸੀ.
ਮੈਂ 2 ਬੈਂਗਲਜ਼ ਕੱਢ ਕੇ ਬਸਤੇ ਵਿਚ ਪਾ ਲਈਆਂ ਮਾਂ ਤੋਂ ਚੋਰੀ ਤੇ ਦੂਜੇ ਦਿਨ ਆਪਣੀ ਸਹੇਲੀ ਨੂੰ ਦੇ ਦਿੱਤੀਆਂ. ਉਸ ਜ਼ਮਾਨੇ ਵਿਚ ਨਾ ਕੋਈ ਟੈਲੀਫ਼ੋਨ ਸੰਚਾਰ ਸਾਧਨ ਵੀ ਥੋੜ੍ਹੇ ਸੀ. ਮਿਲਣ ਗਿਲਣ ਦਾ ਪ੍ਰਬੰਧ ਵੀ ਖ਼ਾਸ ਕਰ ਕੇ ਕੁੜੀਆਂ ਵਾਸਤੇ ਕੋਈ ਨਹੀਂ ਸੀ ਇੱਕ ਸਾਲ ਚਿੱਠੀ ਪੱਤਰੀ ਵੀ ਕੀਤੀ ਪਰ ਬਾਅਦ 'ਚ ਆਪੋ ਆਪਣੀ ਜ਼ਿੰਦਗੀ ਚ ਰੁੱਝਗੇ ਤੇ ਮੈਂ ਤਾਂ ਆਪਣੇ ਹੀ ਸ਼ਹਿਰ ਵਿਚ ਸਕੂਲ ਤੋਂ ਬਾਅਦ ਕਾਲਜ ਜੁਆਇਨ ਕਰ ਲਿਆ ਤੇ ਆਪਸ ਚ ਕੋਈ ਸੰਪਰਕ ਨਹੀਂ ਰਿਹਾ.
'
ਤੇ ਬਹੁਤ ਚਿਰਾਂ ਬਾਅਦ ਇੱਕ ਦਿਨ ਮੈਂ ਪੋਸਟ ਆਫ਼ਿਸ 'ਚ ਖੜ੍ਹੀ ਕੁਝ ਲੈ ਰਹੀ ਸੀ ਤੇ ਪਿੱਛੋਂ ਇੱਕ ਕੁੜੀ ਆਈ ਕਹਿੰਦੀ, "ਤੂੰ ਤ੍ਰਿਪਤਾ ਐ?' ਮੈ ਕਿਹਾ ਹਾਂ ਤੇ ਕੀ ਵੇਖਦੀ ਹਾਂ ਕਿ ਇਹ ਮੇਰੀ ਉਹੀ ਸਹੇਲੀ ਹਰਵਿੰਦਰ ਮੇਰੇ ਸਾਹਮਣੇ ਖੜ੍ਹੀ ਸੀ. ਉਹ ਖ਼ੁਸ਼ੀ ਬਿਆਨ ਕਰ ਕੇ ਤਾਂ ਨਹੀਂ ਦੱਸ ਸਕਦੀ ਬੱਸ ਮਹਿਸੂਸ ਹੀ ਹੋ ਸਕਦੀ.ਸਾਡੀਆਂ ਵਿੱਛੜੀਆਂ ਰੂਹਾਂ ਨੂੰ ਸਮਝੋ ਕੋਈ ਖ਼ੁਸ਼ੀ ਦਾ ਖ਼ਜ਼ਾਨਾ ਲੱਭ ਗਿਆ ਹੋਵੇ ਖ਼ਜ਼ਾਨਾ ਅਨਮੋਲ ਦੋਸਤੀ ਦਾ. ਤੇ ਅਸੀਂ ਦੋਨੋਂ ਗੱਲਾ ਕਰਦੇ ਕਰਦੇ ਉਸ ਦੇ ਘਰ ਚਲੇ ਗਏ. ਬੈਠੇ ਗੱਲਾਂ ਕੀਤੀਆਂ ਇੱਕ ਵਾਰੀ ਦੋਸਤੀ ਨਹੀਂ ਜ਼ਿੰਦਗੀ ਵੀ ਵਾਪਸ ਆ ਗਈ ਸੀ। ਫਿਰ ਮੈਂ ਚੰਡੀਗੜ੍ਹ ਆ ਗਈ ਇੱਥੇ ਮੇਰਾ ਵਿਆਹ ਹੋ ਗਿਆ ਉਸਦਾ ਮੈਨੂੰ ਪਤਾ ਨਾ ਲੱਗਾ ਉਹ ਕਿੱਥੇ ਹੈ. ਦਿਲ ਵਿਚ ਕਸਕ ਤੇ ਇੱਕ ਇੱਛਾ ਹਮੇਸ਼ਾ ਰਹਿੰਦੀ ਤੇ ਯਾਦ ਵੀ ਕਰਦੇ ਤੇ ਮਾਂ ਭੈਣ ਨਾਲ ਗੱਲਾਂ ਵੀ ਕਰਦੇ ਪਰ ਮੇਲ ਨਾ ਹੋਇਆ ਕਦੇ...
2016 ਦੀ ਗੱਲ ਹੈ ਮੇਰੇ ਬੀਜੀ ਯਾਨੀ ਮੰਮੀ ਪੂਰੇ ਹੋ ਗੇ ਤੇ ਅਸੀਂ ਇੱਕ ਇਸ਼ਤਿਹਾਰ ਦਿੱਤਾ ਉਹਨਾਂ ਦੇ ਭੋਗ ਦਾ. ਤੇ ਉਹਨਾਂ ਦਾ ਨਾਮ ਤੇ ਫ਼ੋਟੋ ਸੀ ਉਸ ਇਸ਼ਤਿਹਾਰ ਵਿਚ. ਮੇਰੀ ਉਸੇ ਸਹੇਲੀ ਨੇ ਉਹ ਵੇਖਿਆ. ਉਹ ਇਸ਼ਤਿਹਾਰ ਜਦੋਂ ਉਸ ਨੇ ਪੜ੍ਹਿਆ ਤਾਂ ਉਸ ਵਿਚ ਜਿਹੜੇ ਫ਼ੋਨ ਨੰਬਰ ਦਿੱਤੇ ਹੋਏ ਸੀ ਉਸ ਤੇ ਕਾਲ ਕਰ ਲਈ ਅੱਗੋਂ ਉਹ ਨੰਬਰ ਮੇਰਾ ਹੀ ਸੀ ਉਸ ਨੇ ਜਦੋਂ ਪੁੱਛਿਆ ਬੀ ਇਹ ਤ੍ਰਿਪਤਾ ਦਾ ਨੰਬਰ ਹੈ ਤਾਂ ਫਿਰ ਉਸ ਨੇ ਆਪਣੇ ਬਾਰੇ ਵੀ ਦੱਸਿਆ.ਉਹ ਪੰਜਾਬ ਦੇ ਇੱਕ ਸ਼ਹਿਰ ਵਿਚ ਰਹਿੰਦੀ ਹੈ ਆਪਣੇ ਪਰਿਵਾਰ ਨਾਲ ਅਜੇ ਕਿ ਉਸ ਦੇ ਬੱਚੇ ਕੈਨੇਡਾ ਨੇ .
ਲਗਭਗ 40 ਸਾਲ ਬਾਅਦ ਮੇਰੀ ਸਹੇਲੀ ਮਿਲ ਗਈ ਮਾਂ ਜਾਂਦੇ ਜਾਂਦੇ ਵੀ ਮੇਰੀ ਸਹੇਲੀ ਨੂੰ ਮਿਲਾ ਗਈ ਬਹੁਤ ਹੀ ਪਿਆਰੀ ਬਹੁਤ ਹੀ ਸੁਘੜ ਸਿਆਣੀ ਨਿੱਘੀ ਸਹੇਲੀ ਨਾਲ ਜਦੋਂ ਵੀ ਗੱਲਬਾਤ ਹੁੰਦੀ ਹੈ ਜ਼ਿੰਦਗੀ ਮਿਲ ਜਾਂਦੀ ਹੈ ਦੁਬਾਰਾ ...ਜੁੱਗ ਜੁੱਗ ਜੀਵੇ ਮੇਰੀ ਸਹੇਲੀ ਮੇਰਾ ਮਾਣ .
1 ਮਈ , 2021
-
ਤ੍ਰਿਪਤਾ ਕੰਧਾਰੀ, Digital Content Creator and Food Expert
tripta283@gmail.com
+91-987434996
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.