ਨੰਗੇ ਹੋਣਾ
ਨਿਰਵਸਤਰ ਹੋਣਾ ਨਹੀਂ ਹੁੰਦਾ।
ਨੰਗੇ ਹੋਣਾ ਕੁਝ ਹੋਰ ਹੁੰਦਾ ਹੈ।
ਨੰਗੇ ਹੋਣਾ ਬੇਸ਼ਰਮ ਹੋਣਾ ਹੁੰਦਾ ਹੈ।
ਬੇਸ਼ਰਮੀਆਂ ਦਾ ਸਮੂਹ ਹੈ ਨੰਗੇ ਹੋਣਾ।
ਮਹਾਂਵੀਰ ਦਾ ਨਿਰਵਸਤਰ ਹੋਣਾ
ਨੰਗੇ ਹੋਣਾ ਨਹੀਂ,
ਦਰੋਣਾਚਾਰੀਆ ਦਾ ਏਕਲਵਯ ਤੋਂ
ਅੰਗੂਠਾ ਮੰਗਣਾ ਨੰਗੇ ਹੋਣਾ ਹੁੰਦਾ ਹੈ।
ਦਰੋਪਦੀ ਨੂੰ ਨਿਰਵਸਤਰ ਕਰਨਾ
ਉਸ ਦਾ ਨੰਗੇ ਹੋਣਾ ਨਹੀਂ ਹੁੰਦਾ।
ਦਾਅ ਤੇ ਲੱਗੀ ਜਿੰਨ੍ਹਾਂ ਦੀ ਪਤਨੀ
ਜੋੜਦੇ ਰਹੇ ਹੱਥ
ਕੀਤੀ ਪ੍ਰਤਿੱਗਿਆ ਦੇ ਸਨਮੁਖ।
ਜੋ ਪੱਟਾਂ ਤੇ ਹੱਥ ਮਾਰਦੇ ਰਹੇ ਹੱਥ
ਪੂਰੀ ਬੇਸ਼ਰਮੀ ਨਾਲ
ਜੋ ਘਿੱਗੀ ਬੰਨ੍ਹ ਰੋਂਦੇ ਰਹੇ
ਦਰੋਪਦੀ ਬਚਾਉਣ ਲਈ
ਅੱਗੇ ਨਹੀਂ ਆਏ, ਉਹ ਸਭ ਨੰਗੇ ਸਨ।
ਜਿੰਨ੍ਹਾਂ ਨੇ ਇਲਜ਼ਾਮ ਲਾ ਕੇ
ਕੱਢ ਦਿੱਤੀਆਂ ਔਰਤਾਂ ਘਰੋਂ,
ਜਿੰਨ੍ਹਾਂ ਘਰਾਂ ‘ਚ ਕੈਦੀ
ਬਣਾ ਰੱਖੀਆਂ ਬੀਵੀਆਂ
ਤੇ ਖ਼ੁਦ ਬੈਂਗਕਾਕ,ਪਤਾਇਆ ਦੀਆਂ
ਉਡਾਨਾਂ ਭਰਦੇ ਰਹੇ
ਜੋ ਛੱਡ ਛੱਡ ਭੱਜੇ ਔਰਤਾਂ
ਵੱਡੇ ਬੰਦੇ ਬਣਨ ਲਈ
ਉਹ ਸਾਰੇ ਨੰਗ ਧੜੰਗੇ ਹਨ।
ਜਿੰਨ੍ਹਾਂ ਨੇ ਨਹੀਂ ਸੁਣੀ
ਕਸ਼ਟ ਵੇਲੇ ਪਰਜਾ ਪੁਕਾਰ
ਜਿੰਨ੍ਹਾਂ ਨੂੰ ਨਹੀਂ ਦਿਸੀ
ਸੜਕ ਕੰਢੇ ਗਰਭ ਡੇਗਦੀ ਮਾਂ
ਜਿਸ ਨੂੰ ਮਰ ਰਹੇ ਮਜ਼ਦੂਰ
ਦਫ਼ਨ ਹੁੰਦੇ ਕਿਸਾਨ ਨਹੀਂ ਦਿਸਦੇ
ਉਹ ਰਾਜਾ ਨਗਨ ਹੈ।
ਨਿਰਵਸਤਰ ਹੋਣਾ
ਨੰਗੇ ਹੋਣਾ ਨਹੀਂ ਹੁੰਦਾ ਜਨਾਬ!
ਬੇਸ਼ਰਮੀਆਂ ਦੇ ਢੇਰ ਨੂੰ ਜੋੜ ਕੇ
ਜੋ ਸੋਹਣੇ ਵਸਤਰ ਪਹਿਨ ਕੇ
ਹੰਕਾਰਦਾ ਹੈ,
ਉਹ ਭੱਦਾ ਤੇ ਕਰੂਪ ਚਿਹਰਾ
ਨੰਗਾ ਹੁੰਦਾ ਹੈ।
ਜੋ ਨੰਗਾ ਹੁੰਦਾ ਹੈ ਉਹੀ ਨਗਨਤਾ ਲਈ
ਦੁਰਕਾਰਿਆ ਜਾਂਦਾ ਹੈ।
ਨਿਰਵਸਤਰ ਹੋਣਾ
ਨੰਗੇ ਹੋਣਾ ਨਹੀਂ ਹੁੰਦਾ।
ਮਹਿੰਗੇ ਵਸਤਰਾਂ ਤੇ ਗਹਿਣਿਆਂ ਲੱਦੇ
ਲੋਕ ਵੀ ਨੰਗੇ ਹੋਣ ਲਈ
ਦੁਰਕਾਰੇ ਜਾ ਸਕਦੇ ਨੇ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.