ਨਾਨਕ ਝੀਰਾ ਬਿਦਰ (ਕਰਨਾਟਕਾ) ਵਿਖੇ ਪੜਾਈ ਮੁਕੰਮਲ ਹੋਣ ’ਤੇ ਆਖ਼ਰੀ ਪੇਪਰ ਤੋਂ ਬਾਅਦ ਮੈਂ ਆਪਣੇ ਇੱਕ ਦੋਸਤ ਨਾਲ਼ ਕਰਨਾਟਕਾ ਦੀ ਰਾਜਧਾਨੀ ਬੰਗਲੌਰ ਘੁੰਮਣ ਦਾ ਪ੍ਰੋਗਰਾਮ ਬਣਾ ਲਿਆ।ਕਰਨਾਟਕਾ ਦੇ ਜ਼ਿਲੇ ਬਿਦਰ ਤੋਂ ਰਾਜਧਾਨੀ ਬੰਗਲੌਰ ਦਾ ਸਫ਼ਰ ਕੋਈ ਸੋਲਾਂ-ਸਤਾਰਾਂ ਘੰਟਿਆਂ ਦਾ ਸੀ। ਇਸ ਲਈ ਅਸੀਂ ਦੋਹਾਂ ਨੇ ਪਹਿਲਾਂ ਹੀ ਗੱਡੀ ਦੀਆਂ ਸੀਟਾਂ ਰਾਖਵੀਂਆਂ ਕਰਵਾ ਲਈਆਂ ਸਨ।ਦੋ-ਤਿੰਨ ਦਿਨ ਉੱਥੇ ਘੁੰਮ ਕੇ ਉੱਥੋਂ ਹੀ ਸਿੱਧੇ ਪੰਜਾਬ ਜਾਣ ਦਾ ਪ੍ਰੋਗਰਾਮ ਸੀ।ਇਹ ਸਾਡਾ ਬਿਦਰ ਦਾ ਅਖੀਰਲਾ ਗੇੜਾ ਸੀ, ਇਸ ਲਈ ਸਾਡੇ ਕੋਲ ਸਾਮਾਨ ਵੀ ਬਹੁਤ ਸੀ।
ਮਿਥੇ ਦਿਨ ਗੱਡੀ ਦਾ ਸਮਾਂ ਰਹਿੰਦਿਆਂ ਹੀ ਅਸੀਂ ਬਿਦਰ ਸਟੇਸ਼ਨ ’ਤੇ ਪਹੁੰਚ ਗਏ।ਸਾਡਾ ਇੱਕ ਹੋਰ ਦੋਸਤ ਆਪਣੇ ਮੋਟਰਸਾਈਕਲ ’ਤੇ ਸਾਨੂੰ ਸਟੇਸ਼ਨ ਤੱਕ ਛੱਡਣ ਲਈ ਆਇਆ ਹੋਇਆ ਸੀ।ਅਚਾਨਕ ਮੇਰਾ ਉਹ ਦੋਸਤ ਮੈਨੂੰ ਕਹਿਣ ਲੱਗਿਆ ਕਿ ਤੂੰ ਇੱਥੇ ਖੜ ਸਾਮਾਨ ਕੋਲ਼, ਮੈਂ ਭਾਜੀ ਨਾਲ਼ ਜਾ ਕੇ ਇੱਕ ਵਾਰੀ ਫੇਰ ਆਪਣੀ ਸਹੇਲੀ ਨੂੰ ਮਿਲ ਆਵਾਂ। ਮੈਂ ਉਸ ਨੂੰ ਮਨਾ ਵੀ ਕੀਤਾ, ਪਰ ਉਹ ਕਹਿੰਦਾ ਕਿ ਯਾਰ ਆਖ਼ਰੀ ਗੇੜਾ, ਫੇਰ ਪਤਾ ਨਹੀਂ ਇੱਥੇ ਏਡੀ ਦੂਰ ਆਇਆ ਵੀ ਜਾਣਾ ਹੈ ਜਾਂ ਨਹੀਂ, ਬੱਸ ਜਾਣ-ਆਉਣ ਹੀ ਕਰਨਾ ਹੈ।ਉਹ ਦੋਵੇਂ ਜਣੇ ਸਕੂਟਰ ’ਤੇ ਚਲੇ ਗਏ ਤੇ ਮੈਂ ਸਟੇਸ਼ਨ ’ਤੇ ਉਨਾਂ ਨੂੰ ਬੇਸਬਰੀ ਨਾਲ਼ ਉਡੀਕਦਾ ਰਿਹਾ।ਉਸ ਸਮੇਂ ਮੋਬਾਈਲ ਫ਼ੋਨ ਬਗੈਰਾ ਵੀ ਨਹੀਂ ਹੁੰਦੇ ਸਨ।ਥੋੜੀ ਦੇਰ ਬਾਅਦ ਗੱਡੀ ਆ ਗਈ।ਮੈਨੂੰ ਇੱਕ ਚੜੇ ਤੇ ਇੱਕ ਉੱਤਰੇ, ਕੁਝ ਸਮਝ ਵੀ ਨਾ ਆਵੇ ਬਈ ਹੁਣ ਗੱਡੀ ਚੜਾਂ ਕਿ ਨਾ ਚੜਾਂ।ਗੱਡੀ ਬਹੁਤ ਦੇਰ ਸਟੇਸ਼ਨ ’ਤੇ ਰੁਕੀ ਵੀ ਰਹੀ, ਪਰ ਉਹ ਨਾ ਆਏ।ਮੈਂ ਦੋਹਾਂ ਦਾ ਸਾਮਾਨ ਗੱਡੀ ’ਚ ਰੱਖ ਕੇ ਗੱਡੀ ਦੇ ਦਰਵਾਜ਼ੇ ਕੋਲ਼ ਹੀ ਖੜਾ ਸੀ।ਏਨੇ ਨੂੰ ਗੱਡੀ ਚੱਲ ਪਈ।ਉਹ ਪਲੇਟਫ਼ਾਰਮ ਤੋਂ ਬਾਹਰ ਸਾਹਮਣੇ ਪਾਰਕਿੰਗ ’ਚ ਸਕੂਟਰ ਲਗਾ ਰਹੇ ਸਨ।ਉਹ ਭੱਜ ਕੇ ਗੱਡੀ ਤੱਕ ਆ ਨਹੀਂ ਸੀ ਸਕਦੇ।ਇਸ ਲਈ ਮੈਨੂੰ ਦੂਰੋਂ ਹੀ ਇਸ਼ਾਰਾ ਕਰ ਦਿੱਤਾ ਕਿ ਤੂੰ ਚੜ ਜਾ ਤੇ ਨਾਲ਼ੇ ਉੱਚੀ-ਉੱਚੀ ਕਹਿ ਦਿੱਤਾ ਕਿ ਅਸੀਂ ਜ਼ਹੀਰਾਬਾਦ ਤੱਕ ਸਕੂਟਰ ’ਤੇ ਹੀ ਆਉਂਦੇ ਹਾਂ।ਜ਼ਹੀਰਾਬਾਦ ਬਿਦਰ ਤੋਂ ਅਗਲਾ ਸਟੇਸ਼ਨ ਹੈ ਜੋ ਕਿ ਬਿਦਰ ਤੋਂ ਪੱਚੀ ਕੁ ਕਿੱਲੋਮੀਟਰ ਹੈ।
ਰਸਤੇ ਵਿੱਚ ਦੋ-ਤਿੰਨ ਵਾਰੀ ਰੇਲਵੇ ਕਰਾਸਿੰਗ ’ਤੇ ਉਹ ਦੋਵੇਂ ਮੈਨੂੰ ਦਿਸਦੇ ਰਹੇ।ਉਨਾਂ ਨੇ ਸਕੂਟਰ ਪੂਰਾ ਭਜਾਇਆ ਹੋਇਆ ਸੀ ਤੇ ਮੈਂ ਗੱਡੀ ਦੇ ਦਰਵਾਜ਼ੇ ਕੋਲ ਹੀ ਖੜਾ ਸੀ।ਗੱਡੀ ਜ਼ਹੀਰਾਬਾਦ ਸਟੇਸ਼ਨ ’ਤੇ ਆ ਕੇ ਰੁਕ ਗਈ, ਪਰ ਉਹ ਦੋਵੇਂ ਮੈਨੂੰ ਕਿਧਰੇ ਨਜ਼ਰ ਨਾ ਆਏ।ਮੈਂ ਦੁਖੀ ਮਨ ਨਾਲ਼ ਸਾਮਾਨ ਸਮੇਤ ਗੱਡੀ ’ਚੋਂ ਉੱਤਰ ਗਿਆ ਤੇ ਗੱਡੀ ਚੱਲ ਪਈ।ਗੱਡੀ ਚੱਲਣ ਸਾਰ ਮੈਂ ਦੇਖਿਆ ਕਿ ਉਹ ਦੋਵੇਂ ਸਾਹਮਣੇ ਤੋਂ ਭੱਜੇ ਆ ਰਹੇ ਸਨ।ਅਸੀਂ ਫਟਾਫਟ ਸਾਰਾ ਸਾਮਾਨ ਚੁੱਕ ਕੇ ਗੱਡੀ ਦੇ ਪਿੱਛੇ ਦੌੜੇ ਪਰ ਗੱਡੀ ਪਲੇਟਫ਼ਾਰਮ ਤੋਂ ਲੰਘ ਚੁੱਕੀ ਸੀ।ਅਚਾਨਕ ਫ਼ਰਲਾਂਗ ਕੁ ਚੱਲ ਕੇ ਗੱਡੀ ਫੇਰ ਰੁਕ ਗਈ, ਸ਼ਾਇਦ ਸਿਗਨਲ ਨਹੀਂ ਮਿਲਿਆ ਹੋਣਾ।ਅਸੀਂ ਪਲੇਟਫ਼ਾਰਮ ਤੋਂ ਹੇਠਾਂ ਰੋੜਿਆਂ ਉੱਪਰ ਦੀ ਸਾਮਾਨ ਸਮੇਤ ਪੂਰੀ ਤੇਜ਼ ਦੌੜੇ ਪਰ ਬਿਲਕੁਲ ਨੇੜੇ ਪਹੁੰਚਣ ’ਤੇ ਗੱਡੀ ਫੇਰ ਚੱਲ ਪਈ।ਪੂਰਾ ਫ਼ਿਲਮੀ ਦਿ੍ਰਸ਼ ਸੀ ਜਿਸ ਨੰੂ ਸਟੇਸ਼ਨ ’ਤੇ ਬਹੁਤ ਲੋਕ ਦੇਖ ਰਹੇ ਸਨ।ਮੇਰਾ ਉਹ ਦੋਸਤ ਸ਼ਰਮਿੰਦਾ ਹੋ ਰਿਹਾ ਸੀ ਤੇ ਮੈਨੂੰ ਉਸ ’ਤੇ ਬਹੁਤ ਗੁੱਸਾ ਆ ਰਿਹਾ ਸੀ।ਇੱਕ ਵਾਰੀ ਫੇਰ ਦੁਖੀ ਮਨ ਨਾਲ਼ ਵਾਪਸ ਪਲੇਟਫ਼ਾਰਮ ’ਤੇ ਆ ਗਏ।
ਉੱਥੇ ਕਿਸੇ ਨੇ ਸਾਨੂੰ ਦੱਸਿਆ ਕਿ ਸਟੇਸ਼ਨ ਤੋਂ ਬਾਹਰ ਨਿਕਲ ਕੇ ਅਗਲੇ ਸਟੇਸ਼ਨ ਤੱਕ ਜੀਪਾਂ ਚੱਲਦੀਆਂ ਹਨ।ਗੱਡੀ ਰਾਹੀਂ ਉਹ ਸਟੇਸ਼ਨ ਦੋ ਘੰਟਿਆਂ ਬਾਅਦ ਆਵੇਗਾ,ਪਰ ਸੜਕੀ ਰਸਤੇ ਰਾਹੀਂ ਵਿੱਚੋਂ-ਵਿੱਚੋਂ ਦੀ ਹੋ ਕੇ ਘੰਟਾ-ਸਵਾ ਘੰਟਾ ਹੀ ਲੱਗੇਗਾ।ਇੱਕ ਵਾਰੀ ਫੇਰ ਉਮੀਦ ਜਾਗੀ।ਬੇਸ਼ੱਕ ਸਾਨੂੰ ਉੱਧਰ ਦੇ ਰਸਤਿਆਂ ਬਾਰੇ ਕੁਝ ਵੀ ਪਤਾ ਨਹੀਂ ਸੀ।ਪਰ ਰਾਖਵੀਂ ਟਿਕਟ ਦਾ ਖਰਚਾ ਤੇ ਇੱਕ ਘੁੰਮਣ ਦੇ ਚਾਅ ਕਰ ਕੇ ਅਸੀਂ ਅਗਲੇ ਪਲ ਆਪਣੇ ਸਕੂਟਰ ਵਾਲ਼ੇ ਦੋਸਤ ਨੂੰ ਅਲਵਿਦਾ ਆਖ ਜੀਪ ਵਿੱਚ ਬੈਠ ਗਏ।ਜੀਪ ਵਾਲੇ ਨੂੰ ਥੋੜੇ ਵੱਧ ਪੈਸੇ ਦੇ ਕੇ ਉਸ ਨੰੂ ਛੇਤੀ ਤੋਂ ਛੇਤੀ ਅਗਲੇ ਸਟੇਸ਼ਨ ਤੱਕ ਪਹੁੰਚਣ ਲਈ ਰੌਲਾ ਪਾਉਂਦੇ ਰਹੇ।ਰਸਤੇ ਵਿੱਚ ਕੋਈ ਹੋਰ ਸਵਾਰੀ ਵੀ ਚੜਨ ਨਹੀਂ ਦਿੱਤੀ।ਸਿਰਫ਼ ਸਵਾਰੀਆਂ ਉਤਰ ਹੀ ਰਹੀਆਂ ਸਨ।ਡੇਢ ਕੁ ਘੰਟੇ ਬਾਅਦ ਉਹ ਸਟੇਸ਼ਨ ਵੀ ਆ ਗਿਆ।ਅਸੀਂ ਕਾਹਲੀ-ਕਾਹਲੀ ਜੀਪ ਵਾਲ਼ੇ ਨੂੰ ਪੈਸੇ ਦੇ ਕੇ ਪਲੇਟਫ਼ਾਰਮ ਵੱਲ ਭੱਜਣ ਲੱਗੇ।ਸਾਹਮਣੇ ਗੱਡੀ ਚੱਲਣ ਲਈ ਤਿਆਰ ਸੀ।ਅਸੀਂ ਭੱਜੇ ਆ ਹੀ ਰਹੇ ਸੀ ਕਿ ਗੱਡੀ ਉੱਥੋਂ ਵੀ ਚੱਲ ਪਈ।ਪਰ ਆਖ਼ਰੀ ਉਮੀਦ ਕਰ ਕੇ ਅੱਡੀਆਂ ਨੂੰ ਥੁੱਕ ਲਾ ਕੇ ਭੱਜਣ ਕਰ ਕੇ ਅਸੀਂ ਦੋਵੇਂ ਗੱਡੀ ਦੇ ਅਖੀਰਲੇ ਡੱਬੇ ਵਿੱਚ ਚੜਨ ’ਚ ਸਫਲ ਹੋ ਗਏ।ਫੁੱਲੇ ਹੋਏ ਸਾਹਾਂ ਨਾਲ਼ ਅਸੀਂ ਉੱਥੇ ਹੀ ਇੱਕ ਸੀਟ ’ਤੇ ਬੈਠ ਗਏ।ਸਾਹ ’ਚ ਸਾਹ ਆਉਣ ’ਤੇ ਮੈਂ ਨਾਲ਼ ਬੈਠੀ ਸਵਾਰੀ ਨੂੰ ਪੁੱਛਿਆ ਕਿ ਅੰਕਲ ਗੱਡੀ ਬੰਗਲੌਰ ਕਿੰਨੇ ਕੁ ਵਜੇ ਪਹੁੰਚ ਜਾਵੇਗੀ।ਹਾਲਾਤ ਦੀ ਸਾਡੇ ਨਾਲ਼ ਅਗਲੀ ਤੇ ਅਸਲੀ ਕਲੋਲ ਤਾਂ ਉਸ ਦਾ ਜਵਾਬ ਸੁਣ ਕੇ ਹੋਈ।ਉਹ ਕਹਿੰਦਾ, ‘‘ਸਰਦਾਰ ਜੀ, ਯੇਹ ਗਾੜੀ ਬੰਗਲੌਰ ਨਹੀਂ, ਬੰਬਈ ਜਾ ਰਹੀ ਹੈ।’’
ਉਸ ਵਕਤ ਸਾਡੇ ਮੂੰਹ ਕਿਹੋ ਜਿਹੇ ਹੋਏ ਹੋਣਗੇ, ਇਹ ਦੱਸਣਾ ਸੰਭਵ ਨਹੀਂ।ਪਰ ਅਸੀਂ ਬਿਨਾਂ ਦੇਰ ਕੀਤਿਆਂ ਤੇ ਬਿਨਾਂ ਜ਼ਿਆਦਾ ਸੋਚਿਆਂ ਸਮਝਿਆਂ ਫੁਰਤੀ ਦਿਖਾਉਂਦਿਆਂ ਗੱਡੀ ਦੀ ਚੇਨ ਖਿੱਚ ਦਿੱਤੀ।ਗੱਡੀ ਰੁਕਦਿਆਂ ਸਾਰ ਹੀ ਆਪਣੇ ਭਾਰ ਤੋਂ ਭਾਰੇ ਬੈਗਾਂ ਸਹਿਤ ਛਾਲਾਂ ਮਾਰ ਕੇ ਵਾਪਸ ਫੇਰ ਸਟੇਸ਼ਨ ਵੱਲ ਨੂੰ ਭੱਜ ਪਏ ਤੇ ਬਿਨਾਂ ਪਿੱਛੇ ਦੇਖਿਆਂ ਸਟੇਸ਼ਨ ’ਤੇ ਆ ਕੇ ਹੀ ਰੁਕੇ। ਫੇਰ ਥੋੜਾ ਸਾਹ ਲੈਣ ਤੋਂ ਬਾਅਦ ਪਲੇਟਫ਼ਾਰਮ ’ਤੇ ਚਾਹ ਵਾਲ਼ੇ ਨੂੰ ਬੰਗਲੌਰ ਵਾਲ਼ੀ ਗੱਡੀ ਬਾਰੇ ਪੁੱਛਿਆ।ਉਸ ਨੇ ਸਾਰਾ ਨਜ਼ਾਰਾ ਅੱਖੀਂ ਵੇਖ ਲਿਆ ਸੀ। ਉਸ ਨੇ ਹੱਸਦੇ ਹੋਏ ਸਾਨੂੰ ਚਾਹ ਦੇ ਕੱਪ ਫੜਾਉਂਦਿਆਂ ਦੱਸਿਆ ਕਿ ਗੱਡੀ ਵੀਹ ਕੁ ਮਿੰਟਾਂ ਤੱਕ ਆਵੇਗੀ।ਫੇਰ ਗੱਡੀ ਆਉਣ ’ਤੇ ਅਸੀਂ ਆਰਾਮ ਨਾਲ਼ ਆਪਣੀਆਂ ਰਾਖਵੀਂਆਂ ਸੀਟਾਂ ’ਤੇ ਜਾ ਕੇ ਬੈਠ ਗਏ।ਇਸ ਤਰਾਂ ਬਿਦਰ ਤੋਂ ਬੰਗਲੌਰ ਤੱਕ ਦਾ ਇਹ ਸਫ਼ਰ ਇੱਕ ਯਾਦਗਾਰੀ ਅਤੇ ਦਿਲ ਦੀ ਧੜਕਣ ਵਧਾਉਣ ਵਾਲ਼ਾ ਸਫ਼ਰ ਬਣ ਕੇ ਰਹਿ ਗਿਆ।ਹੁਣ ਵੀ ਜਦੋਂ ਮਿੱਤਰ ਮਿਲਣੀ ’ਤੇ ਸਾਰੇ ਬਿਦਰੀ ਦੋਸਤ ਇਕੱਠੇ ਹੁੰਦੇ ਹਾਂ ਤਾਂ ਇਸ ਸਫ਼ਰ ਦਾ ਜ਼ਿਕਰ ਜ਼ਰੂਰ ਹੁੰਦਾ ਹੈ।
ਮੈਂ ਸੋਚਦਾ ਹਾਂ ਅੱਲੜ ਉਮਰ ਵਿੱਚ ਹੋਸ਼ ਉੱਤੇ ਜੋਸ਼ ਭਾਰੂ ਹੁੰਦਾ ਹੈ ਜੋ ਕਿਸੇ ਵੇਲ਼ੇ ਮਾਰੂ ਵੀ ਸਾਬਤ ਹੋ ਸਕਦਾ ਹੈ।ਅਸੀਂ ਦੋਸਤ ਆਪਸ ਵਿੱਚ ਗੱਲਾਂ ਵੀ ਕਰਦੇ ਹਾਂ ਕਿ ਜਿਸ ਹਾਲਾਤ ਵਿੱਚ ਅਸੀਂ ਗੱਡੀ ਵਿੱਚ ਚੜਦੇ-ਉਤਰਦੇ ਹੋਏ ਆਪਣੀ ਜ਼ਿੰਦਗੀ ਨਾਲ਼ ਖਿਲਵਾੜ ਕਰਦੇ ਰਹੇ। ਪਰ ਇਨਾਂ ਗੱਲਾਂ ਦੀ ਸਮਝ ਓਦੋਂ ਨਹੀਂ ਸੀ। ਸਾਡੇ ਮਾਪਿਆਂ ਨੂੰ ਸਾਡੇ ਇਮਤਿਹਾਨ ਦੀ ਆਖ਼ਰੀ ਤਾਰੀਖ਼ ਦਾ ਪਤਾ ਸੀ ਤੇ ਉਹ ਸਾਨੂੰ ਉਡੀਕ ਰਹੇ ਸਨ ਪਰ ਅਸੀਂ ਬੇਪ੍ਰਵਾਹ ਹੋ ਕੇ ਬੰਗਲੌਰ ਵਿਖੇ ਘੁੰਮਣ ਵਿੱਚ ਮਸਰੂਫ਼ ਸੀ।ਉਨਾਂ ਦੀ ਪ੍ਰੇਸ਼ਾਨੀ ਵਿੱਚ ਹੋਰ ਵਾਧਾ ਹੋ ਗਿਆ ਜਦੋਂ ਉਨਾਂ ਦਿਨਾਂ ਵਿੱਚ ਖੰਨੇ ਨੇੜਲੇ ਪਿੰਡ ਕੌੜੀ ਵਿਖੇ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ।ਉਨਾਂ ਦੇ ਮਨਾਂ ਵਿੱਚ ਬੁਰੇ ਖ਼ਿਆਲ ਆ ਰਹੇ ਸਨ ਕਿ ਕਿਧਰੇ ਬੱਚੇ ਉਸ ਰੇਲ ਗੱਡੀ ਵਿੱਚ ਹੀ ਨਾ ਹੋਣ।ਜਦੋਂ ਮੈਂ ਘਰ ਪਹੁੰਚਿਆ ਤਾਂ ਸਾਰੇ ਪਰਿਵਾਰ ਦੀ ਬੁਰੀ ਹਾਲਤ ਸੀ।ਉਸ ਵੇਲ਼ੇ ਸਾਡੇ ਘਰ ਰੰਗ-ਰੋਗਣ ਦਾ ਕੰਮ ਚੱਲ ਰਿਹਾ ਸੀ, ਸਾਡੇ ਫ਼ਿਕਰ ਵਿੱਚ ਘਰਦਿਆਂ ਨੇ ਪੇਂਟਰ ਵੀ ਹਟਾ ਦਿੱਤੇ ਸਨ। ਜੋ ਸਵਾਗਤ ਗਾਲ਼ਾਂ ਤੇ ਝਿੜਕਾਂ ਨਾਲ਼ ਮੇਰਾ ਹੋਇਆ, ਉਹ ਵੀ ਅਭੁੱਲ ਹੈ।
-
ਅਮਰਬੀਰ ਸਿੰਘ ਚੀਮਾ, ਲੇਖਕ
amarbircheema@gmail.com
9888940211
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.