ਸਿੱਖ ਧਰਮ ਇਤਿਹਾਸ ਦੇ ਸ਼ਤਾਬਦੀ ਦਿਹਾੜਿਆਂ ਦੀ ਲੜੀ ਵਿਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਗੁਰਪੁਰਬ 1 ਮਈ 2021 ਨੂੰ ਸਿੱਖ ਕੌਮ ਵੱਲੋਂ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਦੀ ਨੁਮਾਇੰਦਾ ਧਾਰਮਿਕ ਸੰਸਥਾ ਹੋਣ ਨਾਤੇ ਸ਼ਤਾਬਦੀਆਂ ਦੇ ਸਮਾਗਮ ਆਯੋਜਿਤ ਕਰਨ ਦਾ ਮਾਣ ਹਾਸਲ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਵੀ ਗੁਰੂ ਸਾਹਿਬ ਦੀ ਪ੍ਰਕਾਸ਼ ਨਗਰੀ ਹੋਣ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਮਾਗਮ ਕੀਤੇ ਜਾ ਰਹੇ ਹਨ। ਬੇਸ਼ੱਕ ਕੋਰੋਨਾ ਮਹਾਮਾਰੀ ਕਾਰਨ ਸਮਾਗਮਾਂ ਵਿਚ ਭਰਵੀਂ ਸੰਗਤੀ ਸ਼ਮੂਲੀਅਤ ਨਹੀਂ ਕੀਤੀ ਜਾ ਸਕਦੀ ਪਰੰਤੂ ਸੰਕੇਤਕ ਤੌਰ 'ਤੇ ਸ਼ਤਾਬਦੀ ਸਬੰਧੀ ਸਮਾਗਮ ਰੱਖੇ ਗਏ ਹਨ। ਇਨਾਂ ਸਮਾਗਮਾਂ ਦਾ ਵੱਖ-ਵੱਖ ਮਾਧਿਅਮਾਂ ਰਾਹੀਂ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ ਤਾਂ ਜੋ ਦੇਸ਼ ਦੁਨੀਆਂ ਦੀਆਂ ਸੰਗਤਾਂ ਸਮਾਗਮ ਨਾਲ ਜੁੜ ਸਕਣ।
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਦਰਸ਼ਕ ਸ਼ਖ਼ਸੀਅਤ ਮਾਨਵਤਾ ਨੂੰ ਮੁਕੰਮਲ ਅਜ਼ਾਦੀ ਦੇ ਰਾਹ ਤੋਰਨ ਵਾਲੀ ਹੈ। ਸਿੱਖ ਇਤਿਹਾਸ ਪੜਦਿਆਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਲੋਂ ਪਾਏ ਪੂਰਨੇ ਮਨੁੱਖਤਾ ਨੂੰ ਇਕ ਰੱਖਿਅਕ ਸ਼ਖ਼ਸੀਅਤ ਦੇ ਰੂਪ ਵਿਚ ਸੁਰੱਖਿਆ ਦਾ ਅਹਿਸਾਸ ਦੇਣ ਵਾਲੇ ਹਨ। ਗੁਰੂ ਸਾਹਿਬ ਦਾ ਜੀਵਨ ਇਤਿਹਾਸ ਮਨੁੱਖ ਸ਼੍ਰੇਣੀ ਦੇ ਵਿਚਾਰ ਤੇ ਵਿਸ਼ਵਾਸ ਦੀ ਅਜ਼ਾਦੀ ਦੇ ਨਾਲ-ਨਾਲ ਬੁਨਿਆਦੀ ਹੱਕਾਂ ਤੇ ਅਧਿਕਾਰਾਂ ਦੀ ਬਰਕਰਾਰੀ ਦਾ ਲਖਾਇਕ ਹੈ। ਨੌਵੇਂ ਪਾਤਸਾਹ ਦੀ ਦੇਣ ਨੂੰ ਮਨੁੱਖਤਾ ਕਦੇ ਵੀ ਅੱਖੋਂ ਓਹਲੇ ਨਹੀਂ ਕਰ ਸਕਦੀ ਕਿਉਂਕਿ ਉਨਾਂ ਨੇ ਧਰਮ ਇਤਿਹਾਸ ਅੰਦਰ ਜਬਰ ਦੇ ਖਿਲਾਫ ਕੁਰਬਾਨੀ ਦੇ ਕੇ ਜੋ ਪੈੜਾਂ ਸਿਰਜੀਆਂ ਉਸ ਦਾ ਕੋਈ ਸਾਨੀ ਨਹੀਂ।
ਜਾਲਮ ਮੁਗਲ ਹਕੂਮਤ ਦੇ ਕੱਟੜਵਾਦੀ ਬਾਦਸ਼ਾਹ ਔਰੰਗਜ਼ੇਬ ਦੀਆਂ ਉਮੀਦਾਂ ਅਤੇ ਮਾਨਵਤਾ ਵਿਰੋਧੀ ਗਤੀਵਿਧੀਆਂ ਦੇ ਅੰਤ ਲਈ ਗੁਰੂ ਸਾਹਿਬ ਦੀ ਸ਼ਹਾਦਤ ਮਿਸਾਲੀ ਹੈ। ਸਭ ਤੋਂ ਵੱਡੇ ਸਾਮਰਾਜ ਮੁਗਲ ਸਲਤਨਤ ਦੀ ਰਾਜ ਸ਼ਕਤੀ ਨੂੰ ਗੁਰੂ ਸਾਹਿਬ ਦੀ ਚੁਣੌਤੀ ਮਾਨਵਤਾ ਲਈ ਇਕ ਸੁਖਦ ਅਹਿਸਾਸ ਹੋ ਨਿਬੜੀ। ਔਰੰਗਜੇਬ ਵੱਲੋਂ ਸਾਰੇ ਹਿੰਦੋਸਤਾਨ ਨੂੰ ਇਸਲਾਮ ਦੇ ਦਾਇਰੇ ਵਿਚ ਲਿਆਉਣ ਲਈ ਜਬਰੀ ਧਰਮ ਤਬਦੀਲੀ ਦੀ ਤੁਅਸਬੀ ਤੇ ਹਿੰਸਕ ਨੀਤੀ ਨੂੰ ਗੁਰੂ ਸਾਹਿਬ ਨੇ ਹੀ ਰੋਕਿਆ। ਪਰਉਪਕਾਰੀ ਭਾਵਨਾ, ਨਿਰਭੈਤਾ ਅਤੇ ਦ੍ਰਿੜਤਾ ਨਾਲ ਔਰੰਗਜ਼ੇਬ ਦੀ ਹੀ ਰਾਜਧਾਨੀ ਦਿੱਲੀ ਵਿਚ ਜਾ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਇਨਕਲਾਬੀ ਵੰਗਾਰ ਦਿੱਤੀ ਅਤੇ ਉਸ ਦੀ ਧਾਰਮਿਕ ਨੀਤੀ ਨੂੰ ਵੱਡੇ ਸਵਾਲਾਂ ਦੇ ਸਾਹਮਣੇ ਲਿਆਂਦਾ।
ਮਾਨਵਤਾ ਦੇ ਹਮਦਰਦ ਨੌਵੇਂ ਪਾਤਸ਼ਾਹ ਸ੍ਰੀ ਗੁਰੁੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਮਾਤਾ ਨਾਨਕੀ ਜੀ ਅਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗ੍ਰਹਿ ਅੰਮ੍ਰਿਤਸਰ ਵਿਖੇ ਗੁਰਦੁਆਰਾ ਗੁਰੂ ਕੇ ਮਹਿਲ ਦੇ ਸਥਾਨ 'ਤੇ 1621 ਈ: ਨੂੰ ਹੋਇਆ। ਆਪ ਛੇਵੇਂ ਪਾਤਸ਼ਾਹ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ। ਆਪ ਜੀ ਦੀ ਪੜਾਈ, ਸਿਖਲਾਈ ਮੀਰੀ ਪੀਰੀ ਦੇ ਮਾਲਿਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਨਿਗਰਾਨੀ ਹੇਠ ਪ੍ਰਵਾਨ ਚੜੀ। ਆਪ ਜੀ ਨੂੰ ਪੜਾਈ ਦੇ ਨਾਲ-ਨਾਲ ਸ਼ਸਤਰਾਂ ਤੇ ਘੋੜ ਸਵਾਰੀ ਦੀ ਸਿਖਲਾਈ ਵੀ ਦਿੱਤੀ ਗਈ। ਆਪ ਜੀ ਨੇ ਮੁਗ਼ਲਾਂ ਨਾਲ ਕਰਤਾਰਪੁਰ ਦੀ ਜੰਗ ਵਿਚ ਆਪ ਨੇ ਵੱਡੇ ਸੂਰਬੀਰਾਂ ਦੀ ਤਰਾਂ ਅਨੋਖੀ ਬਹਾਦਰੀ ਵਿਖਾਈ, ਤੇ ਆਪਣੇ ਆਪ ਨੂੰ ਤੇਗ ਦੇ ਧਨੀ ਸਾਬਤ ਕੀਤਾ।
ਆਪ ਜੀ ਦਾ ਵਿਆਹ ਕਰਤਾਰਪੁਰ ਨਿਵਾਸੀ ਸ੍ਰੀ ਲਾਲ ਚੰਦ ਜੀ ਦੀ ਸਪੁੱਤਰੀ ਗੁਜਰੀ ਜੀ ਨਾਲ ਹੋਇਆ। ਗੁਰੂ ਪਦਵੀ ਧਾਰਣ ਉਪਰੰਤ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਜਿੱਥੇ ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਪ੍ਰਚਾਰ ਦੌਰੇ ਕੀਤੇ, ਉਥੇ ਸ਼ਿਵਾਲਕ ਦੀ ਰਮਣੀਕ ਵਾਦੀ ਵਿਚ ਦਰਿਆ ਸਤਲੁਜ ਦੇ ਕੰਢੇ ਤੇ ਸ੍ਰੀ ਅਨੰਦਪੁਰ ਸਾਹਿਬ ਨਗਰ ਦੀ ਸਥਾਪਨਾ ਵੀ ਕੀਤੀ। ਇਤਿਹਾਸ ਅਨੁਸਾਰ ਕਸ਼ਮੀਰੋਂ ਆਏ ਪੰਡਿਤਾਂ ਦੇ ਵਫ਼ਦ ਨੇ ਅਨੰਦਪੁਰ ਸਾਹਿਬ ਵਿਖੇ ਆ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਦੀ ਹਕੂਮਤ ਵੱਲੋਂ ਕੀਤੀ ਜਾ ਰਹੀ ਜ਼ਬਰੀ ਧਰਮ ਤਬਦੀਲੀ ਦੀ ਦੁੱਖਾਂ ਭਰੀ ਦਾਸਤਾਨ ਸੁਣਾਈ ਤਾਂ ਸਤਿਗੁਰਾਂ ਨੇ ਉਤਰ ਦਿੱਤਾ ਕਿ ਕਿਸੇ ਪਵਿੱਤਰ ਆਤਮਾ ਦੀ ਕੁਰਬਾਨੀ ਨਾਲ ਹੀ ਹਕੂਮਤ ਦੇ ਅੱਤਿਆਚਾਰ ਰੁੱਕ ਸਕਣਗੇ।
ਇਸ ਸਮੇਂ ਕੋਲ ਖਲੋਤੇ 9 ਸਾਲਾਂ ਦੇ ਬਾਲਕ ਸ੍ਰੀ ਗੋਬਿੰਦ ਰਾਏ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਨੇ ਆਖਿਆ ਕਿ ਆਪ ਨਾਲੋਂ ਵਧੇਰੇ ਹੋਰ ਮਹਾਨ ਪੁਰਸ਼ ਹੋਰ ਕੌਣ ਹੋ ਸਕਦਾ ਹੈ? ਪਾਤਸ਼ਾਹ ਨੇ ਬਾਲ ਸ੍ਰੀ ਗੋਬਿੰਦ ਰਾਏ ਨੂੰ ਬੜੇ ਪ੍ਰਤਾਪੀ ਤੇ ਪ੍ਰਤੱਖ ਸਮਝ ਕੇ ਆਪਣੇ ਗਲੇ ਲਗਾ ਲਿਆ ਅਤੇ ਉਸੇ ਸਮੇਂ ਕਸ਼ਮੀਰੀ ਪੰਡਿਤਾਂ ਨੂੰ ਕਹਿ ਦਿੱਤਾ ਕਿ ਉਹ ਬਾਦਸ਼ਾਹ ਨੂੰ ਜਾ ਕੇ ਆਖ ਦੇਣ ਕਿ ਪਹਿਲਾਂ ਉਨਾਂ ਦੇ ਗੁਰੂ ਤੇਗ ਬਹਾਦਰ ਨੂੰ ਇਸਲਾਮ ਵਿਚ ਲੈ ਆਉਣ, ਫਿਰ ਆਪੇ ਹੀ ਸਭ ਮੁਸਲਮਾਨ ਬਣ ਜਾਣਗੇ। ਇਹ ਇਕ ਧਰਮੀ ਖੇਤਰ ਦੇ ਸੱਚੇ ਪਾਤਸ਼ਾਹ ਦੀ ਦੁਨਿਆਵੀ ਬਾਦਸ਼ਾਹ ਨੂੰ ਵੰਗਾਰ ਸੀ। ਉਧਰ ਜਦੋਂ ਕਸ਼ਮੀਰੀ ਪੰਡਿਤਾਂ ਨੇ ਔਰੰਗਜ਼ੇਬ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੁਨੇਹਾ ਦਿੱਤਾ ਤਾਂ ਉਹ ਮਨ ਹੀ ਮਨ ਬਹੁਤ ਖੁਸ਼ ਹੋਇਆ ਕਿਉਂਕਿ ਹੁਣ ਤਾਂ ਸਿਰਫ ਇਕੋ ਹੀ ਬੰਦੇ ਨੂੰ ਇਸਲਾਮ ਦੇ ਦਾਇਰੇ ਵਿਚ ਲਿਆ ਕੇ ਸਾਰੇ ਹਿੰਦੁਸਤਾਨ ਨੂੰ ਇਸਲਾਮ ਦੇ ਝੰਡੇ ਥੱਲੇ ਲਿਆਉਣਾ ਬਹੁਤ ਹੀ ਸੌਖਾ ਕੰਮ ਸੀ, ਪਰ ਉਸ ਨੂੰ ਇਸ ਦੇ ਅੰਦਰ ਛੁਪੀ ਵੰਗਾਰ ਨਜ਼ਰ ਨਹੀਂ ਸੀ ਆਈ। ਔਰੰਗਜ਼ੇਬ ਬਾਦਸ਼ਾਹ ਨੇ ਗੁਰੂ ਸਾਹਿਬ ਦੀ ਗ੍ਰਿਫਤਾਰੀ ਦਾ ਹੁਕਮ ਜਾਰੀ ਕਰ ਦਿੱਤਾ।
ਓਧਰ ਗੁਰੂ ਸਾਹਿਬ ਵੀ ਗੁਰੂ ਪਰਿਵਾਰ ਤੇ ਸਿੱਖ ਸੰਗਤਾਂ ਨੂੰ ਉਪਦੇਸ਼ ਦੇ ਕੇ ਕੁਝ ਚੋਣਵੇਂ ਸਿੱਖਾਂ ਸਹਿਤ ਦਿੱਲੀ ਲਈ ਰਵਾਨਾ ਹੋ ਗਏ। ਆਗਰੇ ਵਿਖੇ ਗ੍ਰਿਫਤਾਰ ਕਰਨ ਉਪਰੰਤ ਗੁਰੂ ਸਾਹਿਬ ਨੂੰ ਦਿੱਲੀ ਲਿਜਾਇਆ ਗਿਆ। ਹਕੂਮਤ ਨੇ ਪਹਿਲਾਂ ਤਾਂ ਬਹੁਤ ਡਰਾਵੇ ਤੇ ਲਾਲਚ ਦਿੱਤੇ ਕਿ ਉਹ ਮੁਸਲਮਾਨ ਬਣ ਜਾਣ, ਪਰ ਜਦੋਂ ਗੁਰੂ ਸਾਹਿਬ ਨਾ ਮੰਨੇ ਤਾਂ ਉਨਾਂ ਦੇ ਨਾਲ ਗ੍ਰਿਫਤਾਰ ਕੀਤੇ ਪਿਆਰੇ ਸਿੱਖਾਂ ਨੂੰ ਗੁਰੂ ਸਾਹਿਬ ਜੀ ਦੀਆਂ ਅੱਖਾਂ ਦੇ ਸਾਹਮਣੇ ਹੀ ਬੜੇ ਹੀ ਤਸੀਹੇ ਦਿੱਤੇ ਗਏ ਤੇ ਉਹ ਸ਼ਹੀਦੀ ਪਾ ਗਏ। ਅਖੀਰ ਜ਼ਾਲਮਾਂ ਨੇ ਗੁਰੂ ਸਾਹਿਬ ਜੀ ਨੂੰ ਵੀ ਸ਼ਹੀਦ ਕਰ ਦਿੱਤਾ। ਸੰਸਾਰ ਵਿਚ ਬਹੁਤ ਪੁਰਸ਼ਾਂ ਨੇ ਆਪਣੇ ਦੇਸ਼, ਕੌਮ ਜਾਂ ਆਪਣੇ ਧਰਮ ਨੂੰ ਬਚਾਉਣ ਲਈ ਕੁਰਬਾਨੀਆਂ ਦਿੱਤੀਆਂ ਹੋਣਗੀਆਂ, ਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹੋਰਨਾਂ ਦੇ ਧਰਮ ਨੂੰ ਬਚਾਉਣ ਲਈ ਅਤੇ ਮਨੁੱਖਤਾ ਦੇ ਮੁੱਢਲੇ ਅਧਿਕਾਰਾਂ ਲਈ ਕੁਰਬਾਨੀ ਦਿੱਤੀ।
ਨੌਵੇਂ ਪਾਤਸ਼ਾਹ ਜੀ ਦਾ ਜੀਵਨ ਮਨੁੱਖਤਾ ਲਈ ਚਾਨਣ-ਮੁਨਾਰਾ ਹੈ। ਗੁਰੂ ਸਾਹਿਬ ਨੇ ਮਾਨਵ ਧਰਮ ਦੀ ਸੁਰੱਖਿਆ ਭਾਵ ਧਾਰਮਿਕ ਆਜ਼ਾਦੀ ਵਾਲੇ ਬੁਨਿਆਦੀ ਹੱਕਾਂ-ਅਧਿਕਾਰਾਂ ਦੀ ਬਰਕਰਾਰੀ ਲਈ ਸ਼ਹਾਦਤ ਦਿੱਤੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਉਂਦਿਆਂ ਉਨਾਂ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ ਹੈ। ਪੰਥ ਦੀ ਸੇਵਾਦਾਰ ਹੋਣ ਨਾਤੇ ਮੈਂ ਗੁਰੂ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੀ ਦੇਸ਼ ਵਿਦੇਸ਼ ਅੰਦਰ ਵਸਦੀਆਂ ਸੰਗਤਾਂ ਨੂੰ ਵਧਾਈ ਦਿੰਦੀ ਹੋਈ ਬੇਨਤੀ ਕਰਦੀ ਹਾਂ ਕਿ ਧਰਮ ਦੀ ਵੱਡਮੁੱਲੀਆਂ ਕਦਰਾਂ ਕੀਮਤਾਂ ਨੂੰ ਜੀਵਨ ਦਾ ਹਿੱਸਾ ਬਣਾਈਏ। ਮਾਨਵਤਾ ਵਿਰੁੱਧ ਹੁੰਦੇ ਜ਼ੁਲਮਾਂ ਲਈ ਅਵਾਜ਼ ਬਣੀਏ ਅਤੇ ਸਮਾਜ ਨੂੰ ਗੁਰੂ ਆਸੇ ਅਨੁਸਾਰ ਬੇਹਤਰ ਬਣਾਉਣ ਲਈ ਯਤਨਸ਼ੀਲ ਹੋਈਏ।
-
ਬੀਬੀ ਜਗੀਰ ਕੌਰ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
sgpcmedia2@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.