ਜਰਨੈਲ ਸਿੰਘ ਅਰਸ਼ੀ 4 ਅਕਤੂਬਰ 1925 ਨੂੰ ਪੈਦਾ ਹੋਇਆ ਤੇ 14 ਜਨਵਰੀ 1951 ਨੂੰ ਤੁਰ ਵੀ ਗਿਆ ਕੁੱਲ 26 ਸਾਲ ਦੀ ਆਰਜਾ ਹੰਢਾ ਕੇ।
ਅਰਸ਼ੀ ਦੇਸ਼ ਭਗਤ, ਕਵੀ ਅਤੇ ਨਿਧੜਕ ਪੱਤਰਕਾਰ ਸੀ। ਉਨ੍ਹਾਂ ਦਾ ਜਨਮ ਸ. ਹਰਨਾਮ ਸਿੰਘ ਥਿੰਦ ਅਤੇ ਮਾਤਾ ਧੰਨ ਕੌਰ ਦੇ ਘਰ ਪਿੰਡ ਰਛੀਨ (ਲੁਧਿਆਣਾ) ਵਿਖੇ ਹੋਇਆ ।
ਉਨ੍ਹਾਂ ਨੇ 15 ਜੂਨ 1939 ਨੂੰ ਲਾਹੌਰ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਭਾਸ਼ਣ ਸੁਣ ਕੇ ਆਜ਼ਾਦੀ ਦਾ ਪਰਵਾਨਾ ਬਣਨ ਦੀ ਸੋਚ ਧਾਰੀ ਅਤੇ ਆਖਰੀ ਸਾਹਾਂ ਤੱਕ ਲੋਕਪੱਖੀ ਮੋਰਚਿਆਂ ਲਈ ਲੜਦੇ ਰਹੇ। ਕੁਝ ਸਮਾਂ ਕਲਕੱਤਾ ਚ ਵੀ ਰਹੇ।
ਢਾਈ ਸਾਲ ਤੱਕ ਲਲਕਾਰ ਗਿਆਨੀ ਕਾਲਿਜ ਚਲਾਉਣ ਤੋਂ ਬਿਨਾ ਉਹ ਹਫ਼ਤਾਵਾਰੀ ਅਖ਼ਬਾਰ 'ਲਲਕਾਰ' ਵੀ ਚੌੜਾ ਬਾਜ਼ਾਰ ਲੁਧਿਆਣਾ ਤੋਂ ਪ੍ਰਕਾਸ਼ਿਤ ਕਰਦੇ ਰਹੇ। ਸੰਤੋਖ ਸਿੰਘ ਧੀਰ, ਅਜਾਇਬ ਚਿਤਰਕਾਰ, ਈਸ਼ਰਪਾਲ ਨੱਤ, ਇੰਦਰਜੀਤ ਹਸਨਪੁਰੀ, ਗੁਰਚਰਨ ਰਾਮਪੁਰੀ ਉਸ ਦੇ ਮਿੱਤਰ ਸਨ। ਉਨ੍ਹਾਂ ਦੀ ਇਕਲੌਤੀ ਕਾਵਿ ਪੁਸਤਕ ਲਲਕਾਰ ਦਾ ਮੁੱਖ ਬੰਦ ਪ੍ਰੋ: ਮੋਹਨ ਸਿੰਘ ਜੀ ਨੇ 1947 ਚ ਲਿਖਿਆ। ਦੂਜੀ ਵਾਰ 1969 ਚ ਯੁਵਕ ਕੇਂਦਰ ਜਲੰਧਰ ਨੇ ਇਸ ਨੂੰ ਛਾਪਿਆ ਤੇ ਮਗਰੋਂ ਪਰਿਵਾਰ ਨੇ।
ਫਰੰਗੀ ਹਕੂਮਤ ਨੇ ਉਸ ਨੂੰ ਕਲਕੱਤਿਉਂ ਜਲਾਵਤਨ ਕਰਕੇ ਪਿੰਡ ਰਛੀਨ ਚ ਹਦੂਦ ਬੰਦ ਕਰ ਦਿੱਤਾ ਸੀ।
ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸਾਥੀਆਂ ਦੀ ਆਜ਼ਾਦ ਭਾਰਤ ਵਿੱਚ ਪਹਿਲੀ ਵਾਰ 1948 ਚ ਪਹਿਲੀ ਵਾਰ ਪਿੰਡ, ਇਲਾਕੇ ਤੇ ਸ: ਗੁਰਦੇਵ ਸਿੰਘ ਮਾਨ ਗੀਤਕਾਰ ਦੇ ਸਹਿਯੋਗ ਨਾਲ ਮਨਾਈ।
ਉਸ ਦੀਆਂ ਕ੍ਰਾਂਤੀਕਾਰੀ ਕਵਿਤਾਵਾਂ ਦੀ ਪੁਸਤਕ 'ਲਲਕਾਰ' ਉਨ੍ਹਾਂ ਦੀ ਅਮਰ ਰਚਨਾ ਹੈ। ਦਰਸ਼ਨ ਸਿੰਘ ਆਵਾਰਾ ਦੀ ਬਗਾਵਤ ਵਾਂਗ।
ਉਨ੍ਹਾਂ ਦੀਆਂ ਹੋਰ ਵੀ ਅਣਛਪੀਆ ਕਵਿਤਾਵਾਂ ਤੇ ਕਹਾਣੀਆ ਵੀ ਦੱਸੀਆਂ ਜਾਂਦੀਆਂ ਹਨ ਪਰ ਉੱਘ ਸੁੱਗ ਕੋਈ ਨਹੀਂ।
ਪਿਆਰੇ ਚਿਤਰਕਾਰ ਮੁਹੰਮਦ ਆਸਿਫ਼ ਰਜ਼ਾ ਨੇ ਅਰਸ਼ੀ ਜੀ ਦੀ ਪੁਰਾਣੀ ਮੱਧਮ ਤਲਵੀਰ ਦਾ ਮੂੰਹ ਮੱਥਾ ਸੰਵਾਰ ਤੇ ਭੇਜਿਆ ਹੈ। ਧੰਨਵਾਦ!
ਜਰਨੈਲ ਸਿੰਘ ਅਰਸ਼ੀ ਦੀ ਇੱਕ ਕਵਿਤਾ ਤੁਸੀਂ ਇਥੇ ਪੜ੍ਹੋ, ਬਾਕੀ ਉਸ ਦੀ ਪੂਰੀ ਪੁਸਤਕ ਲਲਕਾਰ ਪੰਜਾਬੀ ਕਵਿਤਾ ਡਾਟ ਕਾਮ ਤੇ ਪਈ ਹੈ। ਪੜ੍ਹ ਲੈਣਾ।
ਗੁਰੂ ਨਾਨਕ ਨੂੰ
ਜਰਨੈਲ ਸਿੰਘ ਅਰਸ਼ੀ
ਤੇਰੇ ਜਨਮ ਦਿਹਾੜੇ ਉਤੇ, ਲੋਕੀ ਕਹਿੰਦੇ ਆ ਜਾ ਨਾਨਕ,
ਦੀਦ ਪਿਆਸੇ ਨੈਣਾਂ ਤਾਈ, ਮੁੜ ਕੇ ਦਰਸ ਦਿਖਾ ਜਾ ਨਾਨਕ ।
ਫਸ ਗਈ ਬੇੜੀ ਵਿਚ ਭੰਵਰ ਦੇ, ਦਿਸਦਾ ਨਹੀਂ ਕਿਨਾਰਾ ਨਾਨਕ ।
ਆਪਣੀ ਮਿਹਰ ਦਾ ਚੱਪੂ ਲਾ ਕੇ, ਕੰਢੇ ਇਹਨੂੰ ਲਾ ਜਾ ਨਾਨਕ ।
ਪਰ ਮੈਂ ਕਹਿਨਾ ਏਸ ਦੇਸ਼ ਵਿਚ, ਮੁੜ ਕੇ ਨਾ ਤੂੰ ਆਈਂ ਬਾਬਾ ।
ਇਸ ਬੇੜੀ ਨੂੰ ਡੁਬ ਜਾਣ ਦੇਹ, ਬੰਨੇ ਨਾ ਤੂੰ ਲਾਈਂ ਬਾਬਾ ।
ਕੀ ਕਰੇਂਗਾ ਏਥੇ ਆ ਕੇ, ਏਥੇ ਕੋਈ ਇਨਸਾਨ ਨੇ ਵਸਦੇ ?
ਏਥੇ ਹਿੰਦ ਸਿੱਖ ਇਸਾਈ, ਏਥੇ ਮੁਸਲਮਾਨ ਨੇ ਵਸਦੇ ।
‘ਤੇਰਾਂ ਤੇਰਾਂ’ ਵਾਲੀਆਂ ਗੱਲਾਂ, ਤੇਰੇ ਨਾਲ ਹੀ ਚਲੀਆਂ ਗਈਆਂ,
ਝੂਠ ਵੀ ਬੋਲਣ ਘਟ ਵੀ ਤੋਲਣ, ਏਥੇ ਹੁਣ ਸ਼ੈਤਾਨ ਨੇ ਵਸਦੇ।
ਪੰਜਾ ਸੀ ਤੂੰ ਲਾਇਆ ਜਿਥੇ, ਹੋ ਗਏ ਉਸ ਪੰਜਾਬ ਦੇ ਟੁਕੜੇ ।
ਜਿਥੇ ਹੁਸਨ ਇਸ਼ਕ ਦੀ ਗਲ ਸੀ, ਹੋ ਗਏ ਉਸ ਕਿਤਾਬ ਦੇ ਟੁਕੜੇ ।
ਸਹਿਮੀ ਫਿਰੇ ਲੁਕਾਈ ਸਾਰੀ, ਬੁਚੜਖ਼ਾਨੇ ਥਾਂ ਥਾਂ ਖੁਲ੍ਹੇ;
ਨਗ਼ਮਾ ਅਜ ਖਾਮੋਸ਼ ਹੋ ਗਿਆ, ਹੋ ਗਏ ਅਜ ਰਬਾਬ ਦੇ ਟੁਕੜੇ ।
ਭਾਅ ਚਮਕੀਲੀ ਮਾਰਨ ਲਗੀਆਂ, ਕਾਲੀਆਂ ਹੋ ਕੇ ਕੁਲ ਜਮੀਰਾਂ ।
ਅਗੇ ਨਾਲੋਂ ਬਹੁਤੀਆਂ ਚਮਕਣ, ਹੋ ਗਈਆਂ ਨੇ ਨਿਕਲ ਜੰਜ਼ੀਰਾਂ ।
ਏਸ ਤਰ੍ਹਾਂ ਆਜ਼ਾਦੀ ਆਈ, ਏਸ ਤਰ੍ਹਾਂ ਤਬਦੀਲੀ ਹੋਈ,
ਭੁਖ ਮਿਲੀ ਜਜਮਾਨਾਂ ਤਾਈ, ਪੰਡਤ ਲੈ ਗਏ ਖੰਡਾਂ ਖੀਰਾਂ ।
ਅੱਗੇ ਭਾਗੋ ਕੱਲਾ ਹੈਸੀ, ਹੁਣ ਭਾਗੋ ਦੀ ਬਣ ਗਈ ਢਾਣੀ ।
ਟਾਟੇ, ਬਾਟੇ, ਬਿਰਲੇ ਸਾਰੇ, ਇਹ ਭਾਗੋ ਦੇ ਬਣ ਗਏ ਹਾਣੀ ।
ਧਰਮ ਛਡ ਗਏ, ਠੱਗੀ ਠੱਲ ਲਈ, ਸ਼ਰਮ ਛੱਡ ਗਏ ਵੱਢੀ ਫੜ ਲਈ,
ਬਾਬੇ ਏਥੇ ਇਕ ਸਿਆਪਾ ? ਚਾਰੇ ਪਾਸੇ ਉਲਝੀ ਤਾਣੀ ।
ਪੰਜੀ ਲੈ ਕੇ ਪੱਚੀਏ ਵੇਚਣ, ਇਹੋ ਜਿਹੇ ਵਿਉਪਾਰੀ ਬੀਬੇ ।
ਕੜੀਆਂ ਲਾਹ ਕੇ ਖਾ ਜਾਂਦੇ ਨੇ, ਹਾਥੀ ਨੇ ਸਰਕਾਰੀ ਬੀਬੇ ।
ਕੀ ਕੀ ਗੁਣ ਇਨ੍ਹਾਂ ਦਾ ਦੱਸਾਂ, ਇਹ ਗੁਣਾਂ ਦੇ ਗੁਥਲੇ ਭਾਰੇ,
ਲੁੱਕ ਸੜਾਕਣ, ਬੱਜਰੀ ਚੱਬਣ, ਆਪਣੇ ਪਾਨ ਸਿਪਾਰੀ ਬੀਬੇ ।
ਸੱਜਣ ਜਿਹੜੇ ਬਣ ਨਾ ਸਕਣ, ਇਥੇ ਹੁਣ ਉਹ ਚੋਰ ਹੋਣਗੇ ।
ਤੁਰਦੇ ਫਿਰਦੇ ਬੰਦੇ ਖਾਣੇ, ਐਸੇ ਆਦਮਖ਼ਰ ਹੋਣਗੇ ।
ਇਹੋ ਜਿਹੇ ਹੁਣ ਸੱਪ ਨੇ ਏਥੇ, ਡੰਗ, ਮਾਰ ਕੇ ਧੁਪੇ ਸੁਟਦੇ,
ਸੁਤਿਆਂ ਨੂੰ ਜੋ ਛਾਂ ਸੀ ਕਰਦੇ, ਉਹ ਸੱਪ ਕੋਈ ਹੋਰ ਹੋਣਗੇ ।
ਬੁਲ੍ਹ ਸ਼ਾਇਰ ਦੇ ਖੁਲ੍ਹ ਨਹੀਂ ਸਕਦੇ, ਐਸੇ ਤਾਲੇ ਜੜੇ ਹੋਏ ਨੇ ।
ਏਥੇ ਕਈ ਕਾਨੂੰਨੀ ਚਾਕੂ, ਕਲਮ ਦੇ ਸੰਘ ’ਚ ਅੜੇ ਹੋਏ ਨੇ ।
ਲੋਕਾਂ ਵਲ ਦੀ ਗੱਲ ਜੋ ਆਖੇ, ਦੇਸ਼ ਦਾ ਵੈਰੀ ਸਮਝਿਆ ਜਾਂਦੈ,
ਝੱਟ ਜੇਲ੍ਹ ਦੇ ਅੰਦਰ ਠੋਸਣ, ਰੂਲ ਇਹੋ ਜਿਹੇ ਘੜੇ ਹੋਏ ਨੇ ।
ਸੱਚੇ ਸੌਦੇ ਉਂਜ ਨਹੀਂ ਹੋਣੇ, ਚੋਰ ਬਜ਼ਾਰੀ ਕਰ ਨਹੀਂ ਸਕਣਾ ।
ਸਚ ਕਹਿਣ ਦੀ ਆਦਤ ਤੈਨੂੰ, ਝੂਠੀ ਹਾਮੀ ਭਰ ਨਹੀਂ ਸਕਣਾ ।
ਪਬਲਿਕ ਸੇਫਟੀ ਐਕਟ ਨੇ ਫਿਰ, ਹਰਕਤ ਵਿਚ ਮਜਬੂਰਨ ਆਉਣੈਂ,
ਤੈਨੂੰ ਜੇਲ੍ਹ 'ਚ ਡੱਕਣ ਬਾਝੋਂ, ਇਸ ਸਰਕਾਰ ਦਾ ਸਰ ਨਹੀਂ ਸਕਣਾ ।
ਏਸ ਲਈ ਮੈਂ ਕਹਿਨਾ ਤੈਨੂੰ ਏਥੇ ਨਾ ਤੂੰ ਆਈਂ ਬਾਬਾ ।
ਇਸ ਬੇੜੀ ਨੂੰ ਡੁੱਬ ਜਾਣ ਦੇਹ, ਬੰਨੇ, ਨਾ ਤੂੰ ਲਾਈਂ ਬਾਬਾ ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
91 98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.