ਪਰਸੋਂ ਸ਼ਾਮੀਂ ਸੰਤ ਰਾਮ ਉਦਾਸੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਔਨ ਲਾਈਨ ਸਮਾਗਮ ਚੱਲ ਰਿਹਾ ਸੀ ਜਦ ਬਾਬੂ ਸ਼ਾਹੀ ਡਾਟਕਾਮ ਨੇ ਖ਼ਬਰ ਜਾਰੀ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਨੂੰ ਨਵਾਂ ਵਾਈਸ ਚਾਂਸਲਰ ਮਿਲ ਗਿਆ ਹੈ।
ਨਾਮ ਹੀ ਸੀ ਇਕੱਲਾ, ਤਸਵੀਰ ਨਹੀਂ ਸੀ। ਮੈਂ ਇਸ ਨਾਮ ਤੋਂ ਤਾਂ ਕੁਝ ਸਾਲ ਪਹਿਲਾਂ ਵਾਕਿਫ਼ ਹੋ ਗਿਆ ਸਾਂ ਕਿਉਂ ਕਿ ਪੀ ਟੀ ਸੀ ਦੇ ਪ੍ਰੋਗ੍ਰਾਮ ਦਲੀਲ ਚ ਉਨ੍ਹਾਂ ਨਾਲ ਮੇਰਾ ਪਿਆਰਾ ਐੱਸ ਪੀ ਸਿੰਘ ਗਹਿਰ ਗੰਭੀਰੀ ਗੱਲ ਬਾਤ ਕਰਦਾ ਕਰਾਉਂਦਾ ਰਹਿੰਦਾ ਸੀ। ਪੰਜਾਬੀ ਟ੍ਰਿਬਿਊਨ ਚ ਵੀ ਕੁਝ ਲੇਖ ਪੜ੍ਹੇ ਜੋ ਆਸਾਨ ਜ਼ਬਾਨ ਚ ਗੁੰਝਲਦਾਰ ਵਿਸ਼ੇ ਸਮਝਾਉਂਦੇ ਸਨ।
ਪਤਾ ਨਹੀਂ ਕਿਹੜੇ ਵੇਲੇ ਕਿਸ ਨੇ ਮੇਰੀ ਚੇਤਨਾ ਚ ਇਹ ਬੀਜ ਦਿੱਤਾ ਤਿ ਅਰਵਿੰਦ ਦਾ ਸਬੰਧ ਡਾ: ਦੀਵਾਨ ਸਿੰਘ ਕਾਲੇਪਾਣੀ ਨਾਲ ਹੈ। ਮੈਂ ਉਹ ਭਰਮ ਖ਼ਰੀਦ ਲਿਆ ਤੇ ਮਾੜੇ ਹਕੀਮ ਵਾਂਗ ਪੁੜੀਆਂ ਵੰਡਦਾ ਰਿਹਾ।
ਨੀਮ ਹਕੀਮੀ ਨੂੰ ਤਾਂ ਹੀ ਜਾਨ ਦਾ ਖ਼ਤਰਾ ਕਹਿੰਦੇ ਨੇ।
ਮੈਂ ਐੱਸ ਪੀ ਨੂੰ ਫ਼ੋਨ ਕਰਕੇ ਮੁਬਾਰਕ ਦਿੱਤੀ ਕਿ ਜੇ ਤੇਰੇ ਨਾਲ ਵਿਚਾਰ ਵਟਾਂਦਰਾ ਕਰਨ ਵਾਲਾ ਇਹੀ ਬੰਦਾ ਹੈ ਤਾਂ ਮੁਬਾਰਕ ਤੂੰ ਹੀ ਲੈ ਲੈ।
ਮੈਂ ਉਸ ਨੂੰ ਵੀ ਟੋਹਿਆ ਕਿ ਇਸ ਦਾ ਕਾਲੇਪਾਣੀ ਪਰਿਵਾਰ ਨਾਲ ਕੀ ਰਿਸ਼ਤਾ ਹੈ। ਉਸ ਕਿਹਾ ਸ਼ਾਇਦ ਨਹੀਂ, ਜੇ ਹੁੰਦਾ ਤਾਂ ਕਾਲੇਪਾਣੀ ਦੇ ਸਪੁੱਤਰ ਸ: ਮਹਿੰਦਰ ਸਿੰਘ ਢਿੱਲੋਂ ਜੀ ਨੇ ਦੱਸ ਦੇਣਾ ਸੀ।
ਮੈਂ ਤਾਂ ਇਸ ਭੁਲੇਖੇ ਚ ਹੁੱਬਿਆ ਫਿਰਦਾ ਸਾਂ ਕਿ ਗੁਰੂ ਕੀਆਂ ਗਲ੍ਹੋਟੀਆਂ (ਸਿਆਲਕੋਟ) ਵਾਲੇ ਟੱਬਰ ਨੂੰ ਵੱਡੀ ਕੁਰਸੀ ਮਿਲੀ ਹੈ।
ਦਿਨ ਚੜ੍ਹਿਆ ਤਾਂ ਕਿਸੇ ਮਿੱਤਰ ਨੇ ਦਾਰਾ ਢਿੱਲੋਂ ਦੀ ਫੇਸ ਬੁੱਕ ਪੋਸਟ ਮੈਨੂੰ ਭੇਜੀ। ਉਸ ਲਿਖਿਆ ਸੀ ਕਿ ਇੱਕ ਘਰ ਚ ਦੋ ਵਾਈਸ ਚਾਂਸਲਰ ਬਣ ਗਏ।
ਦਾਰਾ ਪੰਜਾਬ ਖੇਤੀ ਯੂਨੀਵਰਸਿਟੀ ਚ ਅਤਿਵਾਦ ਦੇ ਤਪਦੇ ਦਿਨਾਂ ਚ ਪੜ੍ਹਦਾ ਹੁੰਦਾ ਸੀ। ਨਵਾਂ ਜ਼ਮਾਨਾ ਚ ਉਸ ਦੇ ਲੇਖ ਛਪਣ ਕਾਰਨ ਉਹ ਮੈਨੂੰ ਚੰਗਾ ਲੱਗਦਾ ਸੀ। ਦੋ ਭਰਾ ਸਨ ਇਥੇ ਪੜ੍ਹਦੇ। ਭੂਮੀ ਤੇ ਪਾਣੀ ਇੰਜਨੀਰਿੰਗ ਨਾਲ ਸਬੰਧਤ ਸਿਡਨੀ ਸਥਿਤ ਕਿਸੇ ਗੈਰ ਰਵਾਇਤੀ ਯੂਨੀਵਰਸਿਟੀ ਦਾ ਮੁੱਖ ਹੈ।
ਸਿਡਨੀ ਦਾ ਹਵਾਲਾ ਪੜ੍ਹ ਕੇ ਮੈਂ ਆਪਣੇ ਭਤੀਜੇ ਨਵਜੀਤ ਨੂੰ ਅੱਧੀ ਰਾਤੀਂ ਸਵੇਰ ਸਮਝ ਜਗਾ ਲਿਆ ਬਈ ਦੱਸ ਇਹ ਦਾਰਾ ਉਹੀ ਹੈ ਜਿਹੜਾ ਮੈਂ ਜਾਣਦਾਂ। ਅੱਜ ਸਵੇਰੇ ਦਾਰਾ ਢਿੱਲੋਂ ਦਾ ਫੋਨ ਆਇਆ। ਲਗਪਗ ਤੀਹ ਬੱਤੀ ਸਾਲ ਬਾਦ ਆਵਾਜ਼ ਦੀ ਸਾਂਝ ਪਈ ਸੀ।
ਦਾਰਾ ਨਾ ਦੱਸਿਆ ਕਿ ਮੇਰੇ ਤਾਇਆ ਜੀ ਦਾ ਬੇਟਾ ਹੈ ਡਾ: ਅਰਵਿੰਦ
ਮੈਨੂੰ ਚੇਤੇ ਆਇਆ ਇਹ ਟੱਬਰ ਤਾਂ ਅੰਮ੍ਰਿਤਸਰ ਜ਼ਿਲੇ ਦਾ ਸੀ।
ਉਸ ਦੱਸਿਆ ਕਿ ਜੱਦੀ ਪਿੰਡ ਝਬਾਲ ਸੀ ਪਰ ਬਾਰ ਚ ਦਾਦਾ ਜੀ ਲਾਇਲਪੁਰ ਰਹਿੰਦੇ ਸਨ। ਆਪਣੇ ਵੇਲੇ ਦੇ ਮਾਰਖੋਰੇ ਅੜਬ ਜੱਟ ਪਰ ਪੜ੍ਹਾਈ ਨੂੰ ਪਹਿਲ ਦੇਣ ਵਾਲੇ।
ਦਾਰੇ ਦੇ ਤਾਇਆ ਜੀ ਡਾ: ਹਰਸ਼ਰਨ ਸਿੰਘ ਢਿੱਲੋਂ ਮੈਡੀਕਲ ਲਾਈਨ ਚ ਸਿਰਮੌਰ ਬਣੇ ਜਿੰਨ੍ਹਾਂ ਦਾ ਪੁੱਤਰ ਅਰਵਿੰਦ ਵਾਈਸ ਚਾਂਸਲਰ ਬਣਿਆ ਹੈ। ਅਰਵਿੰਦ ਦੀਆਂ ਦੋਵੇਂ ਭੈਣਾਂ ਵੀ ਡਾਕਟਰ ਨੇ। ਵੱਡੀ ਭੈਣ ਅਰਾਧਨਾ ਡੇਹਰਾਦੂਨ ਵੱਸਦੀ ਹੈ, ਲਾਈਫ਼ ਸਾਇੰਸਜ਼ ਦੀ ਡਾਕਟਰ।
ਡਾ: ਹਰਸ਼ਰਨ ਸਿੰਘ ਢਿੱਲੋਂ ਅੱਜ ਵੀ 93 ਸਾਲ ਦੀ ਉਮਰ ਚ ਆਪਣੇ ਪਿੰਡ ਏਕਲਗੱਡਾ ਚ ਹੀ ਰਹਿੰਦੇ ਹਨ। ਏਥੇ ਹੀ ਇਨ੍ਹਾਂ ਤਿੰਨੇ ਬੱਚੇ ਸਰਕਾਰੀ ਸਕੂਲ ਚ ਪੜ੍ਹਾਏ ਪਰ ਤਿੰਨੇ ਹੀ ਵਿਸ਼ਵ ਚ ਵਿਗਿਆਨਕ ਪਛਾਣ ਰੱਖਦੇ ਨੇ।
ਮੈਨੂੰ ਚੇਤੇ ਆਇਆ ਬਚਪਨ ਤੋਂ ਹੀ ਮੈ ਜਿਸ ਡਾ: ਹਰਸ਼ਰਨ ਸਿੰਘ ਦਾ ਨਾਮ ਅਮਰਜੀਤ ਗੁਰਦਾਸਪੁਰੀ, ਮੋਹਨ ਕਾਹਲੋਂ, ਸ: ਗੁਰਸ਼ਰਨ ਸਿੰਘ ਨਾਟਕਕਾਰ ਤੇ ਜਗਜੀਤ ਸਿੰਘ ਆਨੰਦ ਤੋਂ ਸੁਣਦਾ ਰਿਹਾਂ ਇਹ ਤਾਂ ਉਹੀ ਟੱਬਰ ਹੈ। ਚੇਤੇ ਆਇਆ ਕਿ ਵੱਡਿਆਂ ਦੇ ਦੱਸਣ ਮੁਤਾਬਕ ਵਿਦਿਆਰਥੀ ਕਾਲ ਚ ਇਹ ਡਾ: ਹਰਸ਼ਰਨ ਪੰਜਾਬ ਦੇ ਸਿਰਕੱਢ ਵਿਦਿਆਰਥੀ ਆਗੂ ਰਹੇ ਸਨ।
ਬਹੁਤ ਚੰਗਾ ਲੱਗਿਆ ਕਿ ਭੈ ਮੁਕਤ ਵਿਗਿਆਨ ਸੰਸਾਰ ਸਿਰਜਣ ਦਾ ਸੁਪਨਕਾਰ ਪੰਜਾਬੀ ਯੂਨੀਵਰਸਿਟੀ ਦਾ ਮੁਖੀ ਬਣਿਆ ਹੈ।
ਸਰਕਾਰਾਂ ਜੇ ਚਾਹੁਣ ਤਾਂ ਚੰਗੇ ਫ਼ੈਸਲੇ ਵੀ ਲੈ ਸਕਦੀਆਂ ਨੇ, ਇਹ ਚੰਗਾ ਫ਼ੈਸਲਾ ਸੁਖਾਵਾਂ ਲੱਗਿਆ।
ਡਾ: ਅਰਵਿੰਦ ਬਾਰੇ ਡਾ: ਐੱਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਯੂਨੀਵਰਸਿਟੀ ਦੱਸ ਰਹੇ ਸਨ ਕਿ ਅਸੀਂ ਅੰਮ੍ਰਿਤਸ ਇਕੱਠਿਆਂ ਕੰਮ ਵੀ ਕੀਤਾ ਹੈ। ਸੱਚ ਤੇ ਅੜਨ ਤੇ ਖੜ੍ਹਨ ਵਾਲਾ ਵਿਗਿਆਨੀ ਹੈ, ਉਨ੍ਹਾਂ ਮਿਸਾਲ ਦੇ ਕੇ ਦੱਸਿਆ ਕਿ ਮੇਰੇ ਵਾਈਸ ਚਾਂਸਲਰ ਹੁੰਦਿਆਂ ਇੱਕ ਵਾਰ ਪੁਰਾਣਾ ਪ੍ਰਾਈਵੇਟ ਕਾਲਜਾਂ ਦਾ ਅਧਿਆਪਕ ਆਗੂ ਤੇ ਮਗਰੋਂ ਹਿਮਾਚਲ ਪ੍ਰਦੇਸ਼ ਦਾ ਮੁੱਖ ਮੰਤਰੀ ਬਣਿਆ ਪ੍ਰੋ: ਪ੍ਰੇਮ ਕੁਮਾਰ ਧੂਮਿਲ ਅਸੀਂ ਯੂਨੀਵਰਸਿਟੀ ਬੁਲਾ ਲਿਆ। ਉਹ ਬੋਲਦਿਆਂ ਬੋਲਦਿਆਂ ਕੁਝ ਅਜਿਹਾ ਬੋਲ ਗਿਆ ਜੋ ਡਾ: ਅਰਵਿੰਦ ਨੂੰ ਸਹੀ ਨਾ ਲੱਗੀ। ਉਸ ਨੇ ਮੌਕੇ ਤੇ ਹੀ ਮੁੱਖ ਮੰਤਰੀ ਨੂੰ ਆਪਣੀ ਬਾਤ ਤੇ ਪ੍ਰਤੀਬੱਧਤਾ ਵੰਗਾਰ ਕੇ ਸਮਝਾ ਦਿੱਤੀ। ਇਹ ਪੰਦਰਾਂ ਵੀਹ ਸਾਲ ਪੁਰਾਣੀ ਗੱਲ ਹੈ।
ਸਰਕਾਰ ਨੇ ਸਟੇਰਿੰਗ ਤਾਂ ਫੜਾ ਦਿੱਤਾ ਹੈ ਹੁਣ ਤੇਲ ਦੀ ਟੈਂਕੀ ਵੀ ਭਰ ਕੇ ਦੇਵੇਗੀ ਤਾਂ ਗੱਡੀ ਰਿੜ੍ਹੇਗੀ।
ਏਕਲਗੱਡਾ ਪਿੰਡ ਵਿੱਚ ਡਾ: ਅਰਵਿੰਦ ਜੰਮਿਆ ਜ਼ਰੂਰ ਹੈ ਪਰ ਹੁਣ ਉਹ ਗੱਡੇ ਦੀ ਰਫ਼ਤਾਰ ਨਾਲ ਨਹੀਂ ਰੇਲ ਗੱਡੀ ਦੀ ਰਫ਼ਤਾਰੋਂ ਵੱਧ ਭੱਜਣਾ ਤੇ ਭਜਾਉਣਾ ਜਾਣਦਾ ਹੈ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.