ਭਾਵੇਂ ਜ਼ਿੰਦਗੀ ਤੇ ਮੌਤ ਦੀ ਜੰਗ ਵਿੱਚ ਅੰਤਮ ਜਿੱਤ ਮੌਤ ਦੀ ਹੀ ਹੁੰਦੀ ਹੈ ਪਰ ਮੌਤ ਨੂੰ ਲਗਾਤਾਰ ਵੰਗਾਰਨਾ ਅਤੇ ਵੰਗਾਰ ਸਕਣ ਦੀ ਹਿੰਮਤ, ਹੌਸਲਾ ਤੇ ਜੁਰਅਤ ਰੱਖਣ ਵਾਲੇ ਵਿਰਲਿਆਂ ਚੋਂ ਵਿਰਲੇ ਇਨਸਾਨ ਸਨ ਮੇਰੇ ਛੋਟੇ ਵੀਰ, ਨਿੱਘੇ ਤੇ ਦਿਲਾਂ ਦੇ ਯਾਰ, ਹਾਣੀਆਂ ਦੇ ਹਾਣੀ ਅਮੋਲਕ ਸਿੰਘ ਜੋ ਹੁਣ ਸਾਡੇ ਵਿੱਚ ਨਹੀਂ ਰਹੇ।
ਬਹੁਤ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਸ਼ਿਕਾਗੋ ਵਿੱਚ ਪੰਜਾਬ ਟਾਈਮਜ਼ ਦੇ ਸਾਲਾਨਾ ਸਮਾਗਮ ਵਿੱਚ ਮੈਨੂੰ ਬੋਲਣ ਦਾ ਮੌਕਾ ਮਿਲਿਆ। ਮੈਨੂੰ ਉਹ ਪੰਜਾਬੀ ਜਗਤ ਦਾ ਸਟੀਫ਼ਨ ਹਾਈਕਿੰਗ ਨਜ਼ਰ ਆਇਆ ਜੋ ਕਈ ਵਰ੍ਹਿਆਂ ਤੋਂ ਕੁਰਸੀ ਤੇ ਬੈਠਾ ਹੀ ਸਾਇੰਸ ਦੀਆਂ ਵੱਡੀਆਂ ਵੱਡੀਆਂ ਗੱਲਾਂ ਦੱਸਦਾ ਰਹਿੰਦਾ ਅਤੇ ਦੱਸਦਾ ਵੀ ਟੈਕਨਾਲੋਜੀ ਦੇ ਯੰਤਰਾਂ ਦਾ ਓਟ ਆਸਰਾ ਲੈ ਕੇ ਹੀ। ਗਲ ਤੋਂ ਹੇਠਾਂ ਉਸਦਾ ਸਾਰਾ ਜਿਸਮ ਉਸਦੇ ਨਾਲ ਨਹੀਂ ਸੀ, ਸਦੀਵੀ ਨੀਂਦ ਵਿੱਚ ਸੀ ਪਰ ਫਿਰ ਵੀ ਇਕ ਤਾਜ਼ਗੀ ਉਸ ਦੇ ਚਿਹਰੇ ਤੇ ਹਰ ਦਮ ਰਹਿੰਦੀ ਸੀ।
ਕਈ ਵਰ੍ਹਿਆਂ ਤੋਂ ਦੋਸਤਾਂ ਦੀ ਮਹਿਫ਼ਲ ਵਿੱਚ ਇਹ ਸਵਾਲ ਉੱਠਦੇ ਰਹਿੰਦੇ: ਅਮੋਲਕ ਜਿਊਂਦਾ ਕਿਸ ਤਾਕਤ ਕਰਕੇ ਹੈ? ਉਹ ਕਿਹੜੀ ਇੱਛਾ ਸ਼ਕਤੀ ਹੈ ਜਿਸ ਕਾਰਨ ਮੌਤ ਉਸ ਨੂੰ ਦੂਰ ਤੋਂ ਹੀ ਵੇਖ ਸਕਦੀ ਹੈ? ਉਹ ਕਿਹੜਾ ਜਜ਼ਬਾ ਹੈ ਜੋ ਉਸ ਨੂੰ ਹਾਰ ਨਹੀਂ ਮੰਨਣ ਦਿੰਦਾ? ਹਾਰ ਕੇ ਵੀ ਹਾਰ ਨਹੀਂ ਮੰਨਦਾ ਉਹ।
ਕਈ ਸਾਲਾਂ ਤੋਂ ਉਸ ਦਾ ਹਰ ਸਾਹ ਤਿਲ ਤਿਲ ਵਿੰਨ੍ਹਿਆ ਹੋਇਆ ਸੀ ਪਰ ਉਸ ਦੀ ਆਵਾਜ਼ ਵਿੱਚ ਗਰਜ ਤੇ ਗੜ੍ਹਕ ਦਾ ਸਰਸਬਜ਼ ਚਸ਼ਮਾ ਕਿੱਥੇ ਸੀ? ਕਿਸੇ ਕੋਲ ਵੀ ਇਨ੍ਹਾਂ ਸਵਾਲਾਂ ਦੇ ਢੁੱਕਵੇਂ ਤੇ ਮੰਨਣਯੋਗ ਜੁਆਬ ਨਹੀਂ ਸਨ। ਆਪਣੇ ਸੁਭਾਅ ਅਤੇ ਜਗਿਆਸਾ ਮੁਤਾਬਕ ਇਹੋ ਜਿਹੇ ਸਵਾਲ ਮੈਂ ਵੀ ਉਸ ਨੂੰ ਪੁੱਛਣ ਦਾ ਹੌਸਲਾ ਕਰਦਾ ਰਿਹਾ ਸੀ ਪਰ ਜੋ ਵੀ ਜੁਆਬ ਮਿਲਿਆ ਉਹ ਤਸੱਲੀ ਨਹੀਂ ਸੀ ਦਿੰਦਾ। ਸ਼ਾਇਦ ਜ਼ਿੰਦਗੀ ਦੇ ਕੁਝ ਦਰਦ ਕਬਰਾਂ ਤਕ ਸਾਡੇ ਨਾਲ ਜਾਂਦੇ ਹਨ।
ਭਾਵੇਂ ਅਸਾਂ ਸਾਰਿਆਂ ਨੇ ਇੱਕ ਦਿਨ ਸਦਾ ਲਈ ਡੰਡੀਓਂ ਟੁੱਟ ਜਾਣਾ ਹੈ ਪਰ ਅਮੋਲਕ ਜਾਣ ਪਿੱਛੋਂ ਬਹੁਤ ਸਾਰੀਆਂ ਯਾਦਾਂ ਸਾਡੇ ਲਈ ਛੱਡ ਗਿਆ ਹੈ; ਭਾਵੇਂ ਉਹ ਯਾਦਾਂ ਪੰਜਾਬੀ ਟ੍ਰਿਬਿਊਨ ਵਿੱਚ ਗੁਜ਼ਾਰੇ ਪਲਾਂ ਨਾਲ ਜੁਡ਼ੀਆਂ ਹੋਣ, ਭਾਵੇਂ ਪੰਜਾਬ ਟਾਈਮਜ਼ ਦੀ ਸਿਰਜਣਾ ਅਤੇ ਪ੍ਰਸਾਰ ਦਾ ਹਿੱਸਾ ਹੋਣ, ਭਾਵੇਂ ਜੁਝਾਰੂ ਲਹਿਰ ਦਾ ਅਟੁੱਟ ਹਿੱਸਾ ਹੋਣ, ਭਾਵੇਂ ਅਮਰੀਕਾ ਦੀ ਧਰਤੀ ਤੇ ਪੱਕੇ ਪੈਰੀਂ ਟਿਕਣ ਲਈ ਹੰਢਾਏ ਸੰਕਟਾਂ ਨਾਲ ਸਬੰਧ ਰੱਖਦੀਆਂ ਹੋਣ ਅਤੇ ਭਾਵੇਂ ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਬਿਤਾਈਆਂ ਹੁਸੀਨ ਯਾਦਾਂ ਨਾਲ ਡੂੰਘਾ ਰਿਸ਼ਤਾ ਰੱਖਦੀਆਂ ਹੋਣ ਜਿੱਥੇ ਪੜ੍ਹਦਿਆਂ ਜਸਪ੍ਰੀਤ ਉਨ੍ਹਾਂ ਦੀ ਹਮਸਫ਼ਰ ਬਣੀ ਅਤੇ ਆਖ਼ਰੀ ਸਾਹਾਂ ਤਕ ਅੰਗ ਸੰਗ ਰਹੀ।
ਗੱਲ ਜਸਪ੍ਰੀਤ ਭਾਬੀ ਦੀ ਛਿੜ ਗਈ ਹੈ ਜਿਸ ਦੇ ਸਿਦਕ, ਸੇਵਾ, ਸਿਰੜ ਦੀ ਦਾਸਤਾਨ ਸ਼ਬਦਾਂ ਤੋਂ ਉੱਪਰ ਉੱਠ ਕੇ ਹੀ ਦੱਸੀ ਜਾ ਸਕਦੀ ਹੈ।ਇਸ ਘੜੀ ਜਿਥੇ ਅਰਦਾਸ ਹੈ ਕਿ ਵਾਹਿਗੁਰੂ ਸਾਡੇ ਵੀਰ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਉੱਥੇ ਦੁਆ ਵੀ ਹੈ ਕਿ ਅਮੋਲਕ ਦੀ ਸਿਰਜਣਾ "ਪੰਜਾਬ ਟਾਈਮਜ਼" ਅਮੋਲਕ ਵਾਂਗ ਹੀ ਚੜ੍ਹਦੀ ਕਲਾ ਦਾ ਪ੍ਰਤੀਕ ਬਣੀ ਰਹੇ।
-
ਕਰਮਜੀਤ ਸਿੰਘ, ਲੇਖਕ
*****************
99150-1063
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.