"ਬਾਤਾਂ ਸੜਕ ਦੀਆਂ" ਕਿਤਾਬ ਵਿੱਚੋਂ....ਗੁਰਮੇਲ ਬੀਰੋਕੇ (ਕੈਨੇਡਾ)
ਗਰਮੀ ਦਾ ਮਹੀਨਾ ਸੀ। ਸਾਰਾ ਦਿਨ ਧੁੱਪ ਚਮਕਦੀ ਰਹੀ ਸੀ। ਹੁਣ ਸੂਰਜ ਧਰਤੀ ਦੇ ਗੋਲੇ ਦੇ ਦੂਜੇ ਪਾਸੇ ਨੂੰ ਚੱਲਿਆ ਸੀ। ਪਿਆਰਾ ਤੇ ਉਸ ਦਾ ਪੁਰਾਣਾ ਜਮਾਤੀ ਪਾਂਡੂ ਟਰੱਕ ਸਟਾਪ 'ਤੇ ਬੈਠੇ ਸਨ। ਦੂਜੇ ਦਿਨ ਟਿੱਕੀ ਚੜ੍ਹਦੀ ਨਾਲ ਉਨ੍ਹਾਂ ਨੇ ਲੋਡ ਚੁੱਕਣਾ ਸੀ। ਟਰੱਕ ਸਟਾਪ 'ਤੇ ਕਾਫ਼ੀ ਗਹਿਮਾ-ਗਹਿਮੀ ਸੀ। ਟਰੱਕ ਆ ਰਹੇ ਸਨ ਤੇ ਜਾ ਰਹੇ ਸਨ। ਬਹੁਤ ਸਾਰੇ ਡਰਾਇਵਰ ਪੈਦਲ ਤੁਰੇ ਫਿਰਦੇ ਸਨ। ਕਈ ਆਪਣੇ ਕੁੱਤਿਆਂ ਨੂੰ ਘੁੰਮਾ ਰਹੇ ਸਨ।
ਇੱਕ ਸੋਹਣੀ ਜਿਹੀ ਗੋਰੀ ਤੁਰੀ ਫਿਰਦੀ ਸੀ। ਦੇਖਣ ਨੂੰ ਉਹ ਡਰਾਇਵਰ ਨਹੀਂ ਲੱਗਦੀ ਸੀ। ਉਹ ਹਰੇਕ ਖੜ੍ਹੇ ਟਰੱਕ ਕੋਲ ਜਾਂਦੀ ਸੀ ਤੇ ਬੂਹਾ ਖੜਕਾਉਂਦੀ ਸੀ। ਡਰਾਇਵਰ ਨਾਲ ਕੁਛ ਗੱਲਾਂ ਕਰਦੀ ਸੀ ਤੇ ਫਿਰ ਅਗਲੇ ਟਰੱਕ ਵੱਲ ਹੋ ਜਾਂਦੀ ਸੀ। ਪਿਆਰੇ ਤੇ ਪਾਂਡੂ ਦੀ ਸਮਝ 'ਚ ਨਾ ਆਇਆ ਕਿ ਉਹ ਕੀ ਕਰ ਰਹੀ ਹੈ ? ਉਸ ਦੇ ਹੱਥ 'ਚ ਇੱਕ ਬੈਗ ਫੜਿਆ ਹੋਇਆ ਸੀ। ਵਾਰੀ ਮੁਤਾਬਕ ਉਹ ਉਨ੍ਹਾਂ ਕੋਲ ਵੀ ਆ ਗਈ। ਕਹਿਣ ਲੱਗੀ, "ਰੱਬ 'ਚ ਵਿਸ਼ਵਾਸ ਰੱਖੋ, ਯਿਸੂ ਮਹਾਨ ਹੈ...।" ਤੇ ਇਸਾਈ ਮੱਤ ਦੇ ਕੁਛ ਪਰਚੇ ਦੇ ਕੇ ਤੁਰ ਗਈ।
ਪਾਂਡੂ ਕਹਿੰਦਾ, "ਆਪਾਂ ਕੀ ਸੋਚਦੇ ਸੀ, ਪਰ ਇਹ ਤਾਂ ਹੋਰ ਈ ਕੁਛ ਨਿਕਲੀ...।"
"ਕਿਉਂ ਤੇਰਾ ਜੀ ਕਰਦੈ ਅੱਜ ਕਿਸੇ ਗੋਰੀ ਨਾਲ ਆਥਣ ਮਨਾਉਣ ਨੂੰ...?" ਪਿਆਰਾ ਹੱਸ ਪਿਆ।
"ਉਏ ਕਾਹਨੂੰ ਯਾਰ।...ਮੇਰਾ ਜੀ ਕਰਦੈ, ਅੱਜ ਕਿਸੇ ਗੋਰੀ ਨਾਲ ਗੱਲਾਂ ਕਰਨ ਨੂੰ।"
"ਆਹ ਬਥੇਰੀਆਂ ਡਰਾਇਵਰ ਫਿਰਦੀਆਂ ਨੇ। ਛੇੜ ਲੈਨੇ ਆਂ ਕਿਸ ਨਾਲ ਵਾਰਤਾਲਾਪ...।"
"ਨਹੀਂ ਯਾਰ, ਡਰਾਇਵਰਾਂ ਕੋਲ ਤਾਂ ਆਪਣੇ ਆਲ਼ੀਆਂ ਗੱਲਾਂ ਈ ਹੋਣਗੀਆਂ।"
"ਹੋਰ ਤੈਂ ਕਹੀਆਂ ਜ੍ਹੀਆਂ ਕਰਨੀਆਂ ਨੇ ?"
"ਛੱਡ ਯਾਰ।...ਚੱਲ ਤੁਰ-ਫਿਰ ਕੇ ਆਈਏ।"
ਟਰੱਕ ਨੂੰ ਜਿੰਦਾ ਲਾ ਕੇ ਉਹ ਘੁੰਮਣ ਨਿਕਲ ਪਏ। ਸੜਕ 'ਤੇ ਆਏ ਹੀ ਸਨ ਕਿ ਸਾਹਮਣੇ ਇੱਕ ਹੋਰ ਗੋਰੀ ਨੇ ਬਹੁਤ ਹੀ ਪਿਆਰ ਨਾਲ ਉਨ੍ਹਾਂ ਨੂੰ 'ਹਾਏ' ਕਿਹਾ। ਦੇਖਣ ਨੂੰ ਉਹ ਕਾਲਜ ਦੀ ਵਿਦਿਆਰਥਣ ਜਾਪਦੀ ਸੀ। ਪਾਂਡੂ ਖੜ੍ਹ ਕੇ ਉਸ ਦਾ ਹਾਲ-ਚਾਲ ਪੁੱਛਣ ਲੱਗ ਪਿਆ। ਗੱਲਾਂ ਕਰਦੇ-ਕਰਦੇ ਉਹ ਪੁੱਛਣ ਲੱਗੀ, "ਥੋਨੂੰ ਕਮਰਸ਼ੀਅਲ ਕੰਪਨੀ ਚਾਹੀਂਦੀ ਐ ?"
"ਉਹ ਕੀ ਹੁੰਦੀ ਐ ?" ਇਸ ਤਰ੍ਹਾਂ ਦੀ ਕੰਪਨੀ ਬਾਰੇ ਉਨ੍ਹਾਂ ਦੋਹਾਂ ਨੂੰ ਪਤਾ ਨਹੀਂ ਸੀ।
ਉਹ ਕਹਿਣ ਲੱਗੀ, "ਚਲੋ, ਆਪਾਂ ਥੋਡੇ ਟਰੱਕ 'ਚ ਬੈਠਦੇ ਆਂ। ਉੱਥੇ ਗੱਲਾਂ ਕਰਾਂਗੇ।"
ਪਾਂਡੂ ਨੂੰ ਗੱਲਾਂ ਕਰਨ ਵਾਲੀ ਮਿਲ ਗਈ ਅਤੇ ਉਹ ਟਰੱਕ 'ਚ ਆ ਬੈਠੇ। ਉਹ ਦੱਸਣ ਲੱਗੀ, "ਟਰੱਕ ਡਰਾਇਵਰ ਸੈਕਸ ਕਰਨ ਵਾਸਤੇ ਕਮਰਸ਼ੀਅਲ ਕੰਪਨੀ ਸ਼ਬਦ ਵਰਤਦੇ ਨੇ। ਮੈਂ ਇਹ ਕੰਪਨੀ ਦਿੰਨੀ ਆਂ।"
"ਸਾਡੇ ਗਿਆਨ 'ਚ ਵਾਧਾ ਹੋਇਆ।" ਪਾਂਡੂ ਹੱਸ ਕੇ ਕਹਿਣ ਲੱਗਾ, "ਸਾਨੂੰ ਇਸ ਕੰਪਨੀ ਆਲ਼ੇ ਧੰਦੇ ਵਾਰੇ ਹੋਰ ਵੀ ਗੱਲਾਂ ਸੁਣਾ।"
"ਤੁਸੀਂ ਗੱਲਾਂ ਈ ਸੁਣਨੀਆਂ ਨੇ ਜਾਂ ਕੁਛ ਕਰਨਾ ਵੀ ਐ ?" ਉਹ ਬੈੱਡ 'ਤੇ ਬਹਿ ਕੇ ਹੱਸ ਪਈ।
"ਅਸੀਂ ਤਾਂ ਬੱਸ ਗੱਲਾਂ ਦੇ ਲਾਲਚੀ ਆਂ।...ਕਰਨਾ ਤਾਂ ਕੁਛ ਨ੍ਹੀਂ। ਸਾਨੂੰ ਗੱਲਾਂ ਸੁਣਾ। ਤੇਰੀ ਫ਼ੀਸ ਅਸੀਂ ਪੂਰੀ ਦੇਵਾਂਗੇ।" ਪਾਂਡੂ ਨੇ ਉਸ ਦੇ ਕੋਲੇ ਬਹਿੰਦਿਆਂ ਕਿਹਾ।
"ਤੁਸੀਂ ਲਾਟ-ਲਿਜ਼ਰੜ ਬਾਰੇ ਜਾਣਦੇ ਓਂ ?" ਉਹ ਪੁੱਛਣ ਲੱਗੀ।
"ਨਹੀਂ।" ਇਹ ਸ਼ਬਦ ਵੀ ਉਨ੍ਹਾਂ ਲਈ ਨਵਾਂ ਸੀ।
"ਲਾਟ-ਲਿਜ਼ਰੜ ਦਾ ਅਰਥ ਹੈ ਕਿ ਕਿਸੇ ਖਾਸ ਥਾਂ 'ਤੇ ਕਿਰਲੀ। ਪਰ ਅਸਲੀ ਅਰਥ ਇਸ ਦਾ ਟਰੱਕ ਡਰਾਇਵਰਾਂ ਲਈ ਧੰਦਾ ਕਰਨ ਵਾਲੀ ਔਰਤ ਹੁੰਦੈ। ਇਸ ਨਾਂ ਦੀ ਕਿਸੇ ਨੇ ਡਾਕੂਮੈਂਟਰੀ ਫ਼ਿਲਮ ਵੀ ਬਣਾਈ ਸੀ। ਉਸ ਫ਼ਿਲਮ ਦਾ ਮੁੱਖ ਵਿਸ਼ਾ ਟਰੱਕ ਸਟਾਪ ਜਾਂ ਟਰੱਕਾਂ ਦੇ ਰੁਕਣ ਵਾਲੀਆਂ ਹੋਰ ਥਾਂਵਾਂ 'ਤੇ ਧੰਦਾ ਕਰਨ ਵਾਲੀਆਂ ਔਰਤਾਂ ਬਾਰੇ ਸੀ।"
"ਦੇਖਲੈ ਪਿਆਰੇ, ਇਨ੍ਹਾਂ ਦੀ ਵੀ ਦੁਨੀਐ। ਇਨ੍ਹਾਂ ਦੇ ਵੀ ਤਕਨੀਕੀ ਸ਼ਬਦ ਨੇ।" ਪਾਂਡੂ ਪਿਆਰੇ ਵੱਲ ਦੇਖਦਾ ਕਹਿਣ ਲੱਗਾ।
"ਸਾਨੂੰ ਲੋਕ ਵਰਕਿੰਗ-ਗਰਲਜ਼ ਵੀ ਕਹਿੰਦੇ ਨੇ।" ਉਹ ਅੱਗੇ ਦੱਸਣ ਲੱਗੀ।
"ਤੁਸੀਂ ਆਪਣਾ ਗਾਹਕ ਕਿਵੇਂ ਭਾਲਦੀ ਓਂ ?" ਪਾਂਡੂ ਹੋਰ ਜਾਣਕਾਰੀ ਹਾਸਲ ਕਰਨ ਲੱਗਾ।
"ਜਿਵੇਂ ਤੁਸੀਂ ਲੱਭ ਗੇ...।" ਉਹ ਹੱਸ ਪਈ। ਉਸ ਦਾ ਹਾਸਾ ਕੁਦਰਤੀ ਸੀ। ਬਹੁਤ ਹੀ ਸੋਹਣਾ।
"ਅਸੀਂ ਤਾਂ ਗੱਲਾਂ ਬਾਤਾਂ ਆਲ਼ੇ ਈ ਆਂ।...ਤੂੰ ਅਸਲੀ ਗਾਹਕ ਬਾਰੇ ਦੱਸ।" ਪਾਂਡੂ ਸ਼ਰਮਿੰਦਾ ਜਿਹਾ ਹੋ ਗਿਆ।
"ਹੁਣੇ ਲੱਭ ਕੇ ਦਿਖਾਵਾਂ ?" ਉਸ ਨੇ ਕਹਿ ਕੇ ਸੀ. ਬੀ. ਰੇਡਿਉ ਦਾ ਮਾਇਕ ਫੜ ਲਿਆ ਤੇ ਬੋਲਣ ਲੱਗੀ, "ਕਿਸੇ ਨੂੰ ਕਮਰਸ਼ੀਅਲ ਕੰਪਨੀ ਚਾਹੀਂਦੀ ਐ ?"
"........." ਅੱਗੋਂ ਕੋਈ ਜਵਾਬ ਨਾ ਆਇਆ।
ਫਿਰ ਉਸ ਨੇ ਚੈਨਲ ਬਦਲ ਕੇ ਹਾਕ ਮਾਰੀ। ਇਸੇ ਤਰ੍ਹਾਂ ਕਈ ਚੈਨਲਾਂ 'ਤੇ ਕੀਤਾ, "ਕਿਸੇ ਨੂੰ ਕਮਰਸ਼ੀਅਲ ਕੰਪਨੀ ਚਾਹੀਂਦੀ ਐ ?"
"ਤੇਰੀ ਉਮਰ ਕਿੰਨੀ ਐ ?" ਇੱਕ ਚੈਨਲ 'ਤੇ ਕੋਈ ਬੋਲ ਪਿਆ।
"24 ਸਾਲ।"
"ਆ ਜਾ, ਬੇਬੀ...।" ਅਗਲਾ ਦੁਬਾਰਾ ਬੋਲਿਆ।
"ਤੇਰੇ ਘਰ ਦਾ ਰੰਗ ਕੀ ਐ ?"
"ਉਹਦੇ ਘਰ ਦਾ ਰੰਗ ਕੀ ਹੋਣੈ ? ਉਹ ਤਾਂ ਟਰੱਕ 'ਚ ਬੈਠੈ।" ਪਾਂਡੂ ਹੈਰਾਨ ਹੋ ਕੇ ਕਹਿਣ ਲੱਗਾ।
"ਘਰ ਦਾ ਰੰਗ ਪੁੱਛਣ ਦਾ ਮਤਲਬ ਹੈ ਕਿ ਤੇਰੇ ਟਰੱਕ ਦਾ ਰੰਗ ਕੀ ਐ ?" ਕੁੜੀ ਨੇ ਦੱਸਿਆ।
"ਇੱਕ ਹੋਰ ਦੱਸ ?...ਥੋਨੂੰ ਪੁਲਿਸ ਨ੍ਹੀਂ ਫੜਦੀ ?" ਪਾਂਡੂ ਨੇ ਇੱਕ ਸਵਾਲ ਹੋਰ ਕੱਢ ਮਾਰਿਆ।
"ਫੜ ਲੈਂਦੀ ਐ, ਬਹੁਤ ਵਾਰੀਂ।...ਪੁਲਿਸ ਆਉਣ 'ਤੇ ਅਸੀਂ ਲੁਕ ਜਾਂਦੀਆ ਹਾਂ।"
"ਕਿੱਥੇ ?"
"ਕਿਸੇ ਟਰੱਕ 'ਚ ਈ।...ਉਸ ਟਰੱਕ ਨੂੰ ਅਸੀਂ ਸੇਫ਼-ਟਰੱਕ ਕਹਿੰਦੀਆਂ ਹਾਂ।"
"ਤੇਰੀ ਕੋਈ ਹੋਰ ਵੀ ਸਹੇਲੀ ਇਹ ਕੰਮ ਕਰਦੀ ਐ ?" ਪਿਆਰੇ ਨੇ ਗੱਲ ਹੋਰ ਪਾਸੇ ਤੋਰ ਲਈ।
"ਇੱਕ ਹੁੰਦੀ ਸੀ। ਪਰ ਹੁਣ ਉਸ ਨੇ ਵਿਆਹ ਕਰਾ ਲਿਆ ਤੇ ਧੰਦਾ ਛੱਡ 'ਤਾ।"
"ਅੱਛਾ ! ਵਿਆਹ ਕੀਹਦੇ ਨਾਲ ਕਰਾ ਲਿਆ ?" ਪਾਂਡੂ ਵਿਆਹ ਵਾਲੀ ਗੱਲ ਸੁਣ ਕੇ ਅੱਖਾਂ ਟੱਡ ਕੇ ਪੁੱਛਣ ਲੱਗਾ।
"ਇੱਕ ਟਰੱਕ ਡਰਾਇਵਰ ਉਸ ਦਾ ਗਾਹਕ ਹੁੰਦਾ ਸੀ।...ਫਿਰ ਉਹ ਦੋਵੇਂ ਦੋਸਤ ਬਣ ਗਏ ਤੇ ਵਿਆਹ ਕਰਾ ਲਿਆ। ਹੁਣ ਤਾਂ ਉਨ੍ਹਾਂ ਦੇ ਬੱਚੇ ਵੀ ਹੈਗੇ।" ਉਹ ਆਪਣੇ ਹੱਥਾਂ ਦੀਆਂ ਉਂਗਲਾਂ ਨੂੰ ਮਰੋੜ ਰਹੀ ਸੀ।
"ਤੂੰ ਵੀ ਕਰਾ ਲੈ ਕਿਸੇ ਨਾਲ ਵਿਆਹ...।" ਪਿਆਰਾ ਕਹਿਣ ਲੱਗਾ।
"ਜਦ ਕੋਈ ਚੰਗਾ ਮਰਦ ਮਿਲ ਗਿਆ ਤਾਂ ਮੈਂ ਵੀ ਕਰਾ ਲੂੰਗੀ।" ਉਹ ਮੁਸਕਰਾ ਪਈ।
"ਹਰ ਰੋਜ਼ ਗਾਹਕ ਕਿੰਨੇ ਕੁ ਮਿਲ ਜਾਂਦੇ ਨੇ ?" ਪਾਂਡੂ ਨੇ ਕਮਾਈ ਵਾਲਾ ਵਿਸ਼ਾ ਛੋਹ ਲਿਆ।
"ਕਿਸੇ-ਕਿਸੇ ਦਿਨ ਚੰਗੀ ਦਿਹਾੜੀ ਲੱਗ ਜਾਂਦੀ ਐ ਤੇ ਕਿਸੇ-ਕਿਸੇ ਦਿਨ ਕੋਈ ਵੀ ਨ੍ਹੀਂ ਮਿਲਦਾ।"
"ਕਮਾਲ ਐ ! ਬੰਦੇ ਤਾਂ ਕਾਮ ਦੇ ਭੁੱਖੇ ਈ ਹੁੰਦੇ ਨੇ। ਇਹ ਕਿਵੇਂ ਹੁੰਦੈ ਕਿ ਤੈਨੂੰ ਕੋਈ ਮਿਲਦਾ ਈ ਨ੍ਹੀਂ ?" ਪਾਂਡੂ ਹੈਰਾਨ ਸੀ।
"ਸਾਰੇ ਮਰਦ ਨ੍ਹੀਂ ਭੁੱਖੇ ਹੁੰਦੇ। ਕਈ ਵਾਰ ਜਦ ਮੈਂ ਕਿਸੇ ਦੇ ਟਰੱਕ ਦਾ ਦਰਵਾਜ਼ਾ ਖੜਕਾਉਨੀ ਆਂ, ਤਾਂ ਮੂਹਰੋਂ ਜਵਾਬ ਹੁੰਦੈ, ਸੌਰੀ ! ਮੈਂ ਵਿਆਹਿਆ ਹੋਇਆਂ। ਕਈ ਕਹਿ ਦਿੰਦੇ ਨੇ, ਮੇਰੇ ਕੋਲੇ ਮੇਰੀ ਗਰਲ-ਫਰੈਂਡ ਹੈਗੀ।"
ਥੋੜ੍ਹਾ ਜਿਹਾ ਰੁਕ ਕੇ ਉਹ ਦੱਸਣ ਲੱਗੀ, "ਕਈ ਵਾਰ ਕਈ ਗੁੱਸੇ ਵੀ ਹੋ ਜਾਂਦੇ ਨੇ। ਇੱਕ ਵਾਰ ਮੇਰੀ ਇੱਕ ਸਹੇਲੀ ਨੇ ਟਰੱਕ ਦਾ ਬੂਹਾ ਖੜਕਾਇਆ। ਡਰਾਇਵਰ ਨੇ ਗੁੱਸੇ 'ਚ ਉਸ ਦੇ ਸਿਰ 'ਚ ਪਿਸ਼ਾਬ ਦਾ ਭਰਿਆ ਡੱਬਾ ਡੋਲ੍ਹ ਦਿੱਤਾ।"
"ਓ, ਤੇਰੀ...। ਇਹ ਤਾਂ ਬਹੁਤ ਔਖਾ ਕੰਮ ਐ ਫਿਰ।" ਪਾਂਡੂ ਦੇ ਬੋਲਾਂ 'ਚ ਦੁੱਖ ਰਲ਼ਿਆ ਹੋਇਆ ਸੀ, "ਤੂੰ ਇਸ ਰਸਤੇ 'ਤੇ ਕਿਉਂ ਤੁਰੀ ਐਂ ?"
"ਛੋਟੀ ਹੁੰਦੀ ਨੂੰ ਮੇਰੇ ਇੱਕ ਮਿੱਤਰ ਮੁੰਡੇ ਨੇ ਇਹ ਆਦਤ ਪਾ 'ਤੀ। ਹੁਣ ਛੁੱਟਦੀ ਨ੍ਹੀਂ।" ਕੁੜੀ ਦੇ ਬੋਲ ਹੁਣ ਉਦਾਸ ਸਨ।
"ਆਦਤ ਕਿਵੇਂ ਪਾ 'ਤੀ ?"
ਉਹ ਨੀਵੀਂ ਪਾ ਕੇ ਦੱਸਣ ਲੱਗ ਪਈ, "ਮੈਂ ਆਪਣੇ ਇੱਕ ਦੋਸਤ ਮੁੰਡੇ ਨਾਲ ਟਰੱਕ ਡਰਾਇਵਰਾਂ ਨੂੰ ਟਰੱਕਾਂ ਵਿੱਚ ਸਜਾਵਟ ਵਾਲਾ ਸਮਾਨ ਵੇਚਦੀ ਹੁੰਦੀ। ਕਈ ਵਾਰ ਸਾਡੀ ਵਿਕਰੀ ਚੰਗੀ ਹੋ ਜਾਣੀ ਤੇ ਕਦੇ-ਕਦੇ ਕੁਛ ਵੀ ਨਾ ਵਿਕਣਾ।...ਮੇਰੇ ਉਸ ਕਮੀਨੇ ਦੋਸਤ ਨੇ ਇੱਕ ਸਕੀਮ ਬਣਾਈ। ਮੈਨੂੰ ਡਾਲਰਾਂ ਦੀ ਸਖ਼ਤ ਜ਼ਰੂਰਤ ਸੀ। ਘਰ ਦੇ ਹਾਲਾਤ ਮਾੜੇ ਸਨ। ਮੈਂ ਉਸ ਦੀ ਸਕੀਮ ਮੰਨ ਲਈ। ਬੱਸ, ਉਸ ਦਿਨ ਤੋਂ ਅੱਜ ਤੱਕ ਇਹੀ ਮੇਰਾ ਕਿੱਤਾ ਐ।"
"ਕੀ ਸਕੀਮ ਸੀ ਤੇਰੇ ਕਮੀਨੇ ਦੋਸਤ ਦੀ ?" ਪਾਂਡੂ ਨੇ ਪੁੱਛਿਆ।
"ਜਿਸ ਦਿਨ ਕੋਈ ਚੀਜ਼ ਨਾ ਵਿਕਣੀ। ਉਸ ਦਿਨ ਉਹ ਡਰਾਇਵਰ ਨੂੰ ਸਮਾਨ ਵੇਚਣ ਵੇਲੇ ਕਹਿੰਦਾ, ਸਾਡਾ ਸਮਾਨ ਖਰੀਦ ਲੈ ਤੇ ਮੇਰੀ ਮਿੱਤਰ ਕੁੜੀ ਨਾਲ ਮੁਖਤ 'ਚ ਸੈਕਸ ਵੀ ਕਰ ਲੈ...। ਮੇਰਾ ਦੋਸਤ ਮੇਰਾ ਦੱਲਾ ਬਣ ਗਿਆ।" ਕੁੜੀ ਦੀਆਂ ਅੱਖਾਂ ਭਰ ਆਈਆਂ ਸਨ। ਫਿਰ ਉਹ ਕਿੰਨਾ ਚਿਰ ਚੁੱਪ ਹੀ ਬੈਠੀ ਰਹੀ। ਪਿਆਰੇ ਤੇ ਪਾਂਡੂ ਨੂੰ ਕੁੜੀ ਵਿਚਾਰੀ ਜਿਹੀ ਜਾਪਣ ਲੱਗੀ ਤੇ ਉਨ੍ਹਾਂ ਕੋਲ ਹੁਣ ਅੱਗੇ ਪੁੱਛਣ ਲਈ ਕੋਈ ਸਵਾਲ ਵੀ ਨਹੀਂ ਸੀ।
ਬਾਹਰ ਹਨੇਰਾ ਹੋਣ ਲੱਗ ਪਿਆ ਸੀ। ਤਿੰਨੇ ਜਣੇ ਚੁੱਪ ਸਨ। ਫਿਰ ਹੌਲੀ ਜਿਹੇ ਪਾਂਡੂ ਨੇ ਆਪਣਾ ਬਟੂਆ ਕੱਢ ਲਿਆ। ਉਸ ਨੂੰ ਦੇਖ ਕੇ ਪਿਆਰੇ ਦਾ ਹੱਥ ਵੀ ਜੇਬ 'ਤੇ ਚਲਾ ਗਿਆ। ਕੁੜੀ ਦੇ ਨਾਂਹ-ਨਾਂਹ ਕਰਦਿਆਂ ਉਨ੍ਹਾਂ ਨੇ ਕੁਛ ਡਾਲਰ ਉਸ ਨੂੰ ਦੇ ਦਿੱਤੇ।
ਉਹ ਡਾਲਰ ਸਾਂਭਦੀ ਤੇ ਅੱਖਾਂ ਨੀਵੀਂਆਂ ਕਰਕੇ ਟਰੱਕ ਵਿੱਚੋਂ ਉਤਰ ਗਈ। ਉਹ ਦੋਨੇਂ ਉਦਾਸ ਅੱਖਾਂ ਨਾਲ ਉਸ ਨੂੰ ਜਾਂਦੀ ਨੂੰ ਦੇਖਦੇ ਰਹੇ...।
****
ਬਾਤਾਂ ਸੜਕ ਦੀਆਂ" ਕਿਤਾਬ ਵਿੱਚੋਂ....
...ਅਸੀਂ ਕੁਛ ਚਿਰ ਚੁੱਪ ਬੈਠੇ ਰਹੇ। ਸ਼ਾਇਦ ਆਪੋ ਆਪਣੇ ਭੂਤ ਕਾਲ ਨੂੰ ਫਰੋਲ ਰਹੇ ਸਾਂ।
"ਡਾਕਟਰ ਸਾਹਿਬ, ਤੁਸੀਂ ਪੜ੍ਹ ਕੇ ਆਪਣੇ ਡਾਕਟਰੀ ਦੇ ਕਿੱਤੇ ਨੂੰ ਦੁਬਾਰਾ ਅਪਣਾਉਣ ਬਾਰੇ ਨ੍ਹੀਂ ਸੋਚਿਆ ?" ਮੈਂ ਚੁੱਪ ਤੋੜਦਿਆਂ ਡਾਕਟਰ ਸਿੱਧੂ ਨੂੰ ਸਵਾਲ ਕੀਤਾ। ਮੈਨੂੰ ਭਾਵੇਂ ਇਹ ਵੀ ਪਤਾ ਸੀ ਕਿ ਕਨੇਡਾ ਆ ਕੇ ਆਪਣੇ ਕਿੱਤੇ 'ਚ ਜਾਣ ਲਈ ਨਵੇਂ ਸਿਰੇ ਤੋਂ ਪੜ੍ਹਨਾ ਕੋਈ ਸੌਖਾ ਕੰਮ ਨਹੀਂ ਹੈ। ਮੱਥਾ ਤਾਂ ਬਹੁਤ ਲੋਕ ਮਾਰਦੇ ਨੇ ਪਰ ਸਫਲ ਟਾਂਵੇਂ-ਟਾਂਵੇਂ ਹੀ ਹੁੰਦੇ ਹਨ। ਬਹੁਤੇ ਜ਼ਿੰਦਗੀ ਦੀ ਗੱਡੀ ਚਲਾਉਣ ਲਈ ਦਿਹਾੜੀਆਂ ਹੀ ਕਰਦੇ ਹਨ।
"ਹੁਣ ਤਾਂ ਕੀ ਸੋਚਣੈਂ। ਸੋਚਾਂ ਬੰਦ ਈ ਹੋ ਗਈਆਂ ਸਭ।" ਡਾਕਟਰ ਹੌਲੀ-ਹੌਲੀ ਬੋਲਿਆ।
ਮੇਰੇ ਵੱਲੋਂ ਇਹ ਸਵਾਲ ਪੁੱਛਣ 'ਤੇ ਲਗਦਾ ਸੀ ਡਾਕਟਰ ਦਾ ਮਨ ਭਰ ਆਇਆ ਸੀ। ਜਿਵੇਂ ਕਿਸੇ ਦੇ ਦੁਖਦੇ ਥਾਂ ਸੱਟ ਲੱਗੀ ਹੋਵੇ।
ਉਸ ਨੇ ਮਨ ਕਰੜਾ ਕਰਕੇ ਚਿਹਰੇ ਤੋਂ ਉਦਾਸੀ ਪਰ੍ਹਾਂ ਕਰਦਿਆਂ, ਮੁਸਕਾਨ ਲਿਆਂਦੀ ਤੇ ਬੋਲਿਆ, "ਮੈਂ ਤਾਂ ਮੌਜਾਂ ਕਰਦਾ ਸੀ ਪੰਜਾਬ 'ਚ, ਪਟਿਆਲੇ ਸ਼ਹਿਰ 'ਚ...। ਫਸ ਗਿਆਂ ਇੱਥੇ ਆ ਕੇ। ਦੋ ਬੇਟੇ ਨੇ ਮੇਰੇ। ਘਰਵਾਲ਼ੀ ਐ।" ਡਾਕਟਰ ਨੇ ਆਪਣੀ ਕਹਾਣੀ ਗਲੋਟੇ ਵਾਂਗੂੰ ਉਧੇੜਨੀ ਸ਼ੁਰੂ ਕਰ ਦਿੱਤੀ, "ਮੈਂ ਪਟਿਆਲੇ ਦੇ ਨੇੜੇ ਇੱਕ ਸਰਕਾਰੀ ਹਸਪਤਾਲ 'ਚ ਡਾਕਟਰ ਸੀ। ਮੇਰੀ ਘਰਵਾਲ਼ੀ ਚੰਗੀ ਨੌਕਰੀ ਕਰਦੀ ਸੀ। ਉਹ ਉੱਥੇ ਯੂਨੀਵਰਸਿਟੀ 'ਚ ਪ੍ਰੋਫ਼ੈਸਰ ਲੱਗੀ ਹੋਈ ਸੀ...। ਬੱਚੇ ਪੜ੍ਹਦੇ ਸੀ, ਦਸਵੀਂ ਤੇ ਗਿਆਰ੍ਹਵੀਂ 'ਚ। ਪਟਿਆਲੇ ਸ਼ਹਿਰ 'ਚ ਹੀ ਸਾਡੀ ਰਿਹਾਇਸ਼ ਸੀ। ਇੱਕ ਵਾਰੀ ਇੱਕ ਕੇਸ ਆਇਆ, ਲੜਾਈ 'ਚ ਜਖਮੀ ਹੋਏ ਆਦਮੀ ਦਾ। ਮੈਂ ਮਰੀਜ਼ ਦਾ ਇਲਾਜ ਕੀਤਾ। ਜੋ ਜਖਮ ਅਤੇ ਮਰੀਜ਼ ਦੀ ਹਾਲਤ ਮੁਤਾਬਕ ਬਣਦੀ ਸੀ, ਉਹ ਰਿਪੋਰਟ ਬਣਾ ਕੇ ਪੁਲਿਸ ਨੂੰ ਦੇ 'ਤੀ। ਮਰੀਜ਼ ਦੇ ਘਰ ਵਾਲੇ ਕਹਿ ਰਹੇ ਸਨ ਕਿ ਤੂੰ ਤਿੰਨ ਸੌ ਛੱਬੀ ਦਾ ਕੇਸ ਬਣਾ ਕੇ ਦੇ। ਪਰ ਉਹ ਕੇਸ ਤਿੰਨ ਸੌ ਛੱਬੀ ਦਾ ਬਣਦਾ ਨਹੀਂ ਸੀ।
ਕੋਈ ਜਖਮ ਨਹੀਂ ਸੀ, ਕੋਈ ਕੱਟ ਨਹੀਂ ਸੀ। ਗੁੱਝੀਆਂ ਸੱਟਾਂ ਸਨ।...ਤੇ ਦੋ ਕੁ ਦਿਨਾਂ ਬਾਅਦ ਇੱਕ ਲੋਕਲ ਸਿਆਸੀ ਅਨਪੜ੍ਹ ਨੇਤਾ ਮੇਰੇ ਦਫ਼ਤਰ 'ਚ ਆ ਵੜਿਆ। ਮੈਨੂੰ ਕਹਿਣ ਲੱਗਾ, 'ਡਾਕਟਰਾ ਕੇਸ ਤਾਂ ਤੈਨੂੰ ਸਾਡੇ ਢੰਗ ਦਾ ਈ ਬਣਾਉਣਾ ਪਊ।' ਮੈਂ ਜਵਾਬ ਦੇ 'ਤਾ।...ਉਸੇ ਸ਼ਾਮ ਦਸ-ਬਾਰਾਂ ਗੁੰਡੇ ਡਾਂਗਾਂ ਲੈ ਕੇ ਮੇਰੇ ਘਰ ਆ ਗਏ। ਸਾਨੂੰ ਸਾਰੇ ਟੱਬਰ ਨੂੰ ਕੁੱਟਣ ਲੱਗ ਪਏ। ਕਹਿਣ ਲੱਗੇ, 'ਅਸੀਂ ਦੱਸਦੇ ਆਂ ਤੈਨੂੰ ਵੱਡੇ ਡਾਕਟਰ ਨੂੰ ਕਿ ਸਾਡੀ ਪਾਰਟੀ ਦੇ ਵਰਕਰ ਦਾ ਕੇਸ ਤੈਂ ਢਿੱਲਾ ਕਿਵੇਂ ਬਣਾਇਐ ?'...ਉਹ ਸਾਨੂੰ ਚਾਰਾਂ ਜੀਆਂ ਨੂੰ ਕੁੱਟ ਗਏ ਅਤੇ ਮੇਰੀ ਘਰਵਾਲ਼ੀ ਦੇ ਕੱਪੜੇ ਪਾੜ ਕੇ, ਨੰਗੀ ਕਰਕੇ ਸਿੱਟ ਗਏ। ਅਸੀਂ ਥਾਣੇ ਗਏ। ਪਰ ਸਾਡੀ ਕਿਸੇ ਨੇ ਨਾ ਸੁਣੀ। ਹੋਰ ਵੀ ਕਈ ਪਾਸੇ ਹੱਥ-ਪੈਰ ਮਾਰੇ, ਤੇ ਉੱਚ ਅਧਿਕਾਰੀਆਂ ਤੱਕ ਵੀ ਪਹੁੰਚ ਕੀਤੀ। ਪਰ ਸਭ ਵਿਅਰਥ।...ਕੁਛ ਨਾ ਬਣਿਆ, ਓਸ ਗੂੰਗੇ, ਬੋਲ਼ੇ ਤੇ ਅੰਨ੍ਹੇ ਸਿਸਟਮ 'ਚ। ਅਸੀਂ ਹਾਲ-ਦੁਹਾਈ ਪਾਉਂਦੇ ਰਹਿ ਗਏ।...ਮੇਰੀ ਪਤਨੀ ਨਾਲ ਯੂਨੀਵਰਸਿਟੀ ਪੜ੍ਹਾਉਣ ਵਾਲੇ ਕਈ ਪ੍ਰੋਫ਼ੈਸਰ ਕਨੇਡਾ ਆਉਣ ਲੱਗੇ ਹੋਏ ਸਨ।
ਅਸੀਂ ਵੀ ਉਨ੍ਹਾਂ ਨਾਲ ਹੀ ਪੁਆਇੰਟ ਸਿਸਟਮ 'ਤੇ ਅਪਲਾਈ ਕਰ 'ਤਾ...ਤੇ ਇੱਥੇ ਆ ਗਏ।...ਸੋਚਿਆ ਸੀ, ਸਾਲ ਦੋ ਸਾਲ ਕੰਮ ਕਰਦੇ ਆਂ, ਫਿਰ ਅੱਗੇ ਪੜ੍ਹਨ ਦੀ ਸੋਚਾਂਗੇ। ਮੈਂ ਟਰੱਕ ਚਲਾਉਣ ਲੱਗ ਪਿਆ। ਮੇਰੀ ਪਤਨੀ ਇੱਕ ਬੇਕਰੀ 'ਚ ਕੰਮ ਕਰਨ ਲੱਗ ਪਈ। ਬੱਚੇ ਸਕੂਲ ਪੜ੍ਹਨ ਲਾ 'ਤੇ। ਕੁਛ ਕੰਮ ਰੇੜ੍ਹੇ ਪੈ ਗਿਆ।...ਛੇ ਕੁ ਮਹੀਨਿਆਂ ਮਗਰੋਂ ਮੇਰੇ ਵੱਡੇ ਬੇਟੇ ਨੇ ਕਾਰ ਦਾ ਸਿਖਾਂਦਰੂ ਲਾਇਸੈਂਸ ਲੈ ਲਿਆ।...ਇੱਕ ਰਾਤ ਉਹ ਘਰੋਂ ਚੋਰੀ ਉੱਠ ਕੇ, ਕਾਰ ਚਲਾ ਕੇ, ਆਵਦੇ ਮਿੱਤਰਾਂ ਨਾਲ ਮਸਤੀ ਕਰਨ ਨਿਕਲ ਪਿਆ ਤੇ ਭਿਆਨਕ ਐਕਸੀਡੈਂਟ ਕਰ ਬੈਠਾ...। ਹੁਣ ਉਹ ਵ੍ਹੀਲ ਚੇਅਰ 'ਤੇ ਐ।...ਉਨ੍ਹਾਂ ਦਿਨਾਂ 'ਚ ਈ ਇੱਕ ਦੁੱਖਾਂ ਦਾ ਪਹਾੜ ਸਾਡੇ ਉੱਤੇ ਹੋਰ ਡਿਗ ਪਿਆ। ਮੇਰੀ ਘਰਵਾਲ਼ੀ ਦਾ ਬੇਕਰੀ 'ਚ, ਇੱਕ ਮਸ਼ੀਨ 'ਚ ਹੱਥ ਆ ਗਿਆ ਤੇ ਕੱਟਿਆ ਗਿਆ...। ਉਸ ਦਾ ਕੇਸ ਚਲਦੈ 'ਵਰਕਰ ਕੰਪਨਸ਼ੇਸ਼ਨ ਬੋਰਡ' ਨਾਲ।...ਹੱਥ ਵੀ ਉਸ ਦਾ ਸੱਜਾ ਕੱਟਿਆ ਗਿਆ। ਉਹ ਲਿਖ ਨ੍ਹੀਂ ਸਕਦੀ। ਜ਼ਿੰਦਗੀ ਮੂਹਰੇ ਹਨੇਰਾ ਖੂਹ ਐ।"
ਡਾਕਟਰ ਬਹੁਤ ਹੀ ਉਦਾਸ ਮਨ ਨਾਲ ਦੱਸਦਾ ਰਿਹਾ,
"...ਤੇ ਜਦ ਵੀ ਕਦੇ ਮੈਂ ਉਹਨੂੰ ਪਿਆਰ ਨਾਲ ਬੁਲਾਉਂਦਾ ਹਾਂ ਜਾਂ ਮੋਹ ਨਾਲ ਬੁੱਕਲ਼ 'ਚ ਲੈਂਦਾ ਹਾਂ ਤਾਂ ਉਹ ਕਹਿ ਦਿੰਦੀ ਐ, 'ਮੈਥੋਂ ਦੂਰ ਰਹੋ। ਮੈਂ ਥੋਡੇ ਕੱਪੜੇ ਧੋ ਦਿਆਂ ਕਰੂੰ। ਖਾਣਾ ਬਣਾ ਦਿਆਂ ਕਰੂੰ, ਇੱਕ ਹੱਥ ਨਾਲ। ਪਰ ਮੈਂ...।' ਹੁਣ ਉਹ ਬਹੁਤਾ ਸਮਾਂ ਰੋਂਦੀ ਈ ਰਹਿੰਦੀ ਐ। ਕਿੰਨਾ ਈ ਸਮਾਂ ਹੋ ਗਿਆ ਸਾਨੂੰ ਪਤੀ-ਪਤਨੀ ਦੀ ਤਰ੍ਹਾਂ ਸੁੱਤਿਆਂ ਨੂੰ। ਸ਼ਾਇਦ ਉਸ ਨੂੰ ਕੋਈ ਮਾਨਸਿਕ ਰੋਗ ਹੋ ਗਿਆ। ਉਸ ਨੂੰ ਦਵਾਈ ਦਿਵਾਉਣ ਦੀ ਮੈਂ ਬਹੁਤ ਕੋਸ਼ਿਸ਼ ਕੀਤੀ ਐ, ਪਰ ਦਵਾਈ ਉਹ ਲੈਂਦੀ ਨ੍ਹੀਂ...। ਕਈ ਵਾਰੀ ਮੈਂ ਉਸ ਨੂੰ ਇਹ ਵੀ ਕਿਹੈ ਬਈ ਆਪਾਂ ਵਾਪਸ ਮੁੜ ਚਲਦੇ ਆਂ। ਉਹਦਾ ਅੱਗੋਂ ਜਵਾਬ ਹੁੰਦੈ, 'ਮੈਂ ਨ੍ਹੀਂ ਹੁਣ ਮੁੜਦੀ, ਤੁਸੀਂ ਚਲੇ ਜਾਓ। ਮੈਂ ਆਵਦਾ ਇੱਕ ਹੱਥ ਗੁਆ ਲਿਆ। ਪੰਜਾਬ ਜਾ ਕੇ ਕੀ ਮੂੰਹ ਦਿਖਾਊਂਗੀ ? ਲੋਕ ਮੈਨੂੰ ਟੁੰਡੀ-ਟੁੰਡੀ ਕਹਿਣਗੇ।' ਇਹ ਕਹਿ ਕੇ ਭੁੱਬਾਂ ਮਾਰਨ ਲੱਗ ਜਾਂਦੀ ਐ। ਵਰਾਇਆਂ ਵੀ ਨ੍ਹੀਂ ਵਿਰਦੀ...। ਛੋਟਾ ਬੇਟਾ ਪੜ੍ਹਦੈ। ਦੇਖਦੇ ਆਂ ਕੀ ਕਰੂਗਾ। ...ਬਹਿ ਜੇ ਬੇੜਾ ਸਿਆਸਤਦਾਨਾਂ ਦਾ ਤੇ ਭਾਰਤੀ ਸਿਸਟਮ ਦਾ, ਜਿਨ੍ਹਾਂ ਨੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਤਬਾਹ ਕਰ 'ਤਾ...।" ਬੋਲਦਾ-ਬੋਲਦਾ ਡਾਕਟਰ ਸਿੱਧੂ ਅੱਖਾਂ ਪੂੰਝਣ ਲੱਗ ਪਿਆ।
***
‘ਬਾਤਾਂ ਸੜਕ ਦੀਆਂ’ ਕਿਤਾਬ ਵਿੱਚੋਂ ...
ਫ਼ਿਲਮ ਖਤਮ ਹੋਈ ਤਾਂ ਮੈਂ ਨਹਾਉਣ ਚਲਾ ਗਿਆ। ਜਦ ਵਾਪਸ ਆਇਆ ਤਾਂ ਰਾਜਾ ਬਾਹਰ ਖੜ੍ਹਾ ਇੱਕ ਬਹੁਤ ਹੀ ਸੋਹਣੀ ਗੋਰੀ ਕੁੜੀ ਨਾਲ ਹੱਸ-ਹੱਸ ਗੱਲਾਂ ਕਰ ਰਿਹਾ ਸੀ। ਗੋਰੀ ਕੁੜੀ ਵੀ ਮੱਕੀ ਦੀਆਂ ਖਿੱਲਾਂ ਵਾਂਗੂੰ ਖਿੜੀ ਖੜ੍ਹੀ ਸੀ। ਮੈਂ ਸੋਚਿਆ ਉਨ੍ਹਾਂ ਦੀ ਗੱਲਬਾਤ ਵਿੱਚ ਕਾਹਨੂੰ ਵਿਘਨ ਪਾਉਣਾ ਹੈ, ਇਸ ਲਈ ਮੈਂ ਦੂਰ ਹੀ ਰੁਕ ਗਿਆ। ਮੈਨੂੰ ਦੇਖ ਕੇ ਰਾਜੇ ਨੇ ਹਾਕ ਮਾਰ ਲਈ, "ਓ ਆ ਜਾ, ਦੂਰ ਕਿਉਂ ਖੜ੍ਹ ਗਿਆ...?"
ਮੈਂ ਉਨ੍ਹਾਂ ਦੇ ਨੇੜੇ ਜਾ ਕੇ, ਗੋਰੀ ਕੁੜੀ ਨੂੰ "ਹਾਏ !" ਕਿਹਾ।
"ਹਾਏ!" ਕਹਿ ਕੇ ਉਸ ਨੇ ਜੁਆਬ ਦਿੱਤਾ।
ਰਾਜਾ ਕਹਿਣ ਲੱਗਿਆ, "ਸੋਫ਼ੀਆ, ਇਹ ਮੇਰਾ ਮਿੱਤਰ ਵੀ ਐ ਤੇ ਮੇਰਾ ਪੁਰਾਣਾ ਜਮਾਤੀ ਵੀ। ਅਸੀਂ ਯੂਨੀਵਰਸਿਟੀ 'ਕੱਠੇ ਪੜ੍ਹਦੇ ਸੀ।"
ਸੋਫ਼ੀਆ ਨੇ ਇਹ ਸੁਣ ਕੇ ਮੈਨੂੰ ਆਪਣੀਆਂ ਬਾਂਹਾਂ ਵਿੱਚ ਇੰਝ ਘੁੱਟ ਲਿਆ ਜਿਵੇਂ ਕੋਈ ਦਾਦੀ ਜਾਂ ਨਾਨੀ ਆਪਣੇ ਪੋਤੇ-ਪੋਤੀ ਜਾਂ ਦੋਹਤੇ-ਦੋਹਤੀ ਨੂੰ ਘੁੱਟ ਕੇ ਪਿਆਰ ਦਿੰਦੀ ਹੋਵੇ। ਉਹ ਹੱਸ ਕੇ ਪੁੱਛਣ ਲੱਗੀ, "ਕੀ ਹਾਲ ਐ, ਤੁਹਾਡਾ ?"
"ਠੀਕ ਐ, ਤੁਸੀਂ ਦੱਸੋ ?" ਮੈਂ ਉਹਦਾ ਹਾਲ ਪੁੱਛਿਆ।
"ਠੀਕ, ਤੁਸੀਂ ਮਿਲ ਗਏ ਹੁਣ ਮੇਰਾ ਹਾਲ ਹੋਰ ਵੀ ਚੰਗਾ ਹੋਵੇਗਾ।"
"ਇਹ ਭਾਰਤ ਤੋਂ ਹਾਲੇ ਨਵਾਂ ਈ ਕਨੇਡਾ ਆਇਐ।" ਰਾਜੇ ਨੇ ਇਹ ਵੀ ਦੱਸ ਦਿੱਤਾ।
"ਚੱਲ ਫਿਰ ਰਾਜੇ, ਆਪਾਂ ਇਹਨੂੰ ਲਾਸ ਏਂਜਲਸ ਸ਼ਹਿਰ 'ਚ ਘੁੰਮਾ ਕੇ ਲਿਆਈਏ।" ਸੋਫ਼ੀਆ ਮੇਰਾ ਹੱਥ ਫੜ ਕੇ ਅਤੇ ਰਾਜੇ ਨੂੰ ਨਾਲ ਲੈ ਕੇ ਟਰੱਕ ਸਟਾਪ ਤੋਂ ਬਾਹਰ ਨੂੰ ਤੁਰ ਪਈ।
ਅਸੀਂ ਸਾਰਾ ਦਿਨ ਸ਼ਹਿਰ ਵਿੱਚ ਘੁੰਮਦੇ ਰਹੇ। ਹਾਲੀਵੁੱਡ ਦੀਆਂ ਫ਼ਿਲਮਾਂ ਦੇ ਸਟੂਡੀਓ ਦੇਖੇ ਤੇ ਫ਼ਿਲਮਾਂ ਬਣਦੀਆਂ ਵੀ ਦੇਖੀਆਂ।
ਹਨੇਰਾ ਹੋਏ ਤੋਂ ਮੁੜ ਕੇ ਆਏ।
ਸੋਫ਼ੀਆ ਅੱਧੀ ਰਾਤ ਤਕ ਸਾਡੇ ਟਰੱਕ ਵਿੱਚ ਬੈਠੀ ਸਾਡੇ ਨਾਲ ਗੱਲਾਂ ਕਰਦੀ ਰਹੀ।
ਦੂਜੇ ਦਿਨ ਰਾਜੇ ਨੇ ਮੈਨੂੰ ਸੋਫ਼ੀਆ ਬਾਰੇ ਦੱਸਿਆ;
ਸੋਫ਼ੀਆ ਇੱਕ ਟਰੱਕ ਡਰਾਇਵਰ ਹੈ।
-----
ਇਹਦੀ ਮਾਂ ਨੇ ਦੱਸਿਆ ਸੀ, "ਜਦੋਂ ਸੋਫ਼ੀਆ ਜੰਮੀ ਸੀ, ਉਦੋਂ ਅਸੀਂ ਟਰੱਕ ਚਲਾਉਣ ਲੱਗੇ ਸੀ। ਕੁਛ ਦਿਨਾਂ ਦੀ ਹੀ ਸੀ ਸੋਫ਼ੀਆ, ਜਦ ਅਸੀਂ ਇਹਨੂੰ ਟਰੱਕ 'ਚ ਚੜ੍ਹਾ ਲਿਆ ਤੇ ਫਿਰ ਨਾਲ ਹੀ ਰੱਖਣਾ ਸ਼ੁਰੂ ਕਰ 'ਤਾ। ਥੱਲੇ ਆਲ਼ੇ ਬੈੱਡ ਦੇ ਦੁਆਲੇ ਜਾਲ਼ ਲਾ ਕੇ ਸੋਫ਼ੀਆ ਨੂੰ ਵਿੱਚ ਨੂੰ ਛੱਡ ਦਿੰਦੇ ਸੀ।...ਵਿੱਚ ਕੁਛ ਖਿਡੌਣੇ ਧਰ ਦਿੰਦੇ, ਇਹ ਖੇਡਦੀ ਰਹਿੰਦੀ ਸੀ। ਇਸ ਦੀ ਪਰਵਰਿਸ਼ ਟਰੱਕ ਵਿੱਚ ਹੀ ਹੋਈ ਹੈ। ਇਹ ਟਰੱਕ ਵਿੱਚ ਹੀ ਰਿੜ੍ਹਨ ਸਿੱਖੀ, ਬੋਲਣ ਸਿੱਖੀ ਅਤੇ ਤੁਰਨ ਸਿੱਖੀ। ਇਹ ਤਾਂ ਸਾਡੀ ਬਹੁਤ ਹੀ ਪਿਆਰੀ ਤੇ ਸਾਊ 'ਟਰੱਕ-ਬੱਚੀ' ਐ। ਫਿਰ ਦੋ ਸਾਲਾਂ ਤੋਂ ਬਾਅਦ ਛੋਟੀ ਬੇਟੀ ਜੰਮ ਪਈ। ਛੋਟੀ ਇਹਦੇ ਨਾਲੋਂ ਉਲਟ ਸੀ। ਟਰੱਕ 'ਚ ਰੋਂਦੀ ਹੀ ਰਹਿੰਦੀ ਸੀ ਤੇ ਸਾਨੂੰ ਬਹੁਤ ਔਖਾ ਕਰਦੀ ਸੀ। ਦੂਜੀ ਗੱਲ ਇਹ ਵੀ ਸੀ ਕਿ ਸਾਡੇ ਚਾਰ ਜਣਿਆਂ ਵਾਸਤੇ ਟਰੱਕ 'ਚ ਥਾਂ ਵੀ ਥੋੜ੍ਹਾ ਸੀ। ਫਿਰ ਮੈਂ ਟਰੱਕ ਛੱਡ 'ਤਾ।"
ਰਾਜਾ ਦੱਸਦਾ ਰਿਹਾ,
ਸੋਫ਼ੀਆ ਚੰਗੀ ਪੜ੍ਹੀ-ਲਿਖੀ ਕੁੜੀ ਹੈ। ਇਹਨੇ ਵਾਤਾਵਰਣ ਸਾਇੰਸ ਅਤੇ ਟੈਕਨਾਲੋਜੀ ਵਿੱਚ ਗਰੈਜੂਏਸ਼ਨ ਕੀਤੀ ਹੋਈ ਹੈ ਤੇ ਇਹਦੀ ਛੋਟੀ ਭੈਣ ਹਾਲੇ ਯੂਨੀਵਰਸਿਟੀ ਵਿੱਚ ਪੜ੍ਹਦੀ ਹੈ।
ਸੋਫ਼ੀਆ ਕਹਿ ਦਿੰਦੀ ਹੈ ਕਿ ਮੈਨੂੰ ਟਰੱਕ ਚਲਾਉਣਾ ਬਹੁਤ ਹੀ ਚੰਗਾ ਲੱਗਦਾ ਹੈ। ਇਸ ਲਈ ਮੈਂ ਇਹ ਕਿੱਤਾ ਅਪਣਾਇਆ ਹੈ।
ਸੋਫ਼ੀਆ ਆਪਣੇ ਡੈਡੀ ਦੀ ਕੰਪਨੀ ਦਾ ਹੀ ਟਰੱਕ ਚਲਾਉਂਦੀ ਹੈ ਤੇ ਆਪਣੇ ਡੈਡੀ ਦੀ ਹੀ ਇੱਕ ਮੁਲਾਜ਼ਮ ਹੈ।
"ਬਾਕੀ ਤੂੰ ਦੇਖ ਈ ਲਿਐ ਕਿ ਸੋਫ਼ੀਆ ਕਿੰਨੀ ਚੰਗੀ ਕੁੜੀ ਐ।" ਰਾਜੇ ਨੇ ਮੈਨੂੰ ਕਿਹਾ।
ਰਾਜੇ ਦੀਆਂ ਗੱਲਾਂ ਸੁਣ ਕੇ ਮੈਂ ਸੋਚਿਆ ਕਿ ਇਹ ਸਾਰਾ ਕੁਛ ਟਰੱਕਾਂ ਵਿੱਚ ਟੈਕਨਾਲੋਜੀ ਦੀ ਹੀ ਦੇਣ ਹੈ, ਨਹੀਂ ਤਾਂ ਬੱਚੇ ਘਰਾਂ ਵਿੱਚ ਵੀ ਪਾਲਣੇ ਔਖੇ ਹਨ। ਇੱਥੇ ਸੋਫ਼ੀਆ ਵਰਗੀਆਂ ਕੁੜੀਆਂ ਟਰੱਕਾਂ ਵਿੱਚ ਵੀ ਪਲ਼ ਜਾਂਦੀਆਂ ਹਨ...।
***
"ਬਾਤਾਂ ਸੜਕ ਦੀਆਂ" ਵਿੱਚੋਂ---
"ਮੈਂ ਪਾਉਂਨਾਂ ਬੋਲੀ।" ਮੈਂ ਸੀ. ਬੀ. ਦਾ ਮਾਈਕ ਫੜ ਕੇ ਸ਼ੁਰੂ ਕਰ ਦਿੱਤੀ :-
"ਹੋ, ਸੋਟੀ...ਸੋਟੀ....ਸੋਟੀ...
ਮੀਆਂ-ਬੀਵੀ ਚਲਾਉਣ ਟਰਾਲਾ
ਕਮਾਈ ਕਰਦੇ ਮੋਟੀ
ਰਜਾਈ ਗਦੈਲਾ ਨਾਲ ਈ ਰੱਖਿਆ
ਰੱਖੀ ਤੇੜ ਦੀ ਧੋਤੀ
ਟੀ. ਵੀ. ਫ਼ਰਿੱਜ ਵਿੱਚੇ ਲੱਗਿਆ
ਗੱਲ ਕੋਈ ਨਾ ਖੋਟੀ
ਵਿੱਚ ਈ ਚਾਹ ਬਣਦੀ
ਵਿੱਚੇ ਪਕਾਉਂਦੇ ਰੋਟੀ
'ਕੱਠੇ ਹਰਦਮ ਰਹਿੰਦੇ
ਵਿੱਚ ਮਾਲ਼ਾ ਦੇ ਮੋਤੀ...।"
"ਬਿੱਲ, ਬੋਲੀ ਥੋਡੇ ਗੋਡਿਆਂ 'ਤੇ ਵੱਜੀ ਐ।" ਰਾਜੇ ਨੇ ਬਿੱਲ ਨੂੰ ਅਵਾਜ਼ ਮਾਰ ਦਿੱਤੀ, "ਜਾਗਦੈਂ ਕਿ ਸੌਂ ਗਿਆ ? ਬੋਲਦਾ ਨ੍ਹੀਂ ?"
"ਤੁਸੀਂ ਸੌਣ ਕਿੱਥੇ ਦਿੰਨੇ ਓਂ ਅੱਜ...।" ਬਿੱਲ ਨੇ ਖੁਰਦਰੀ ਜਿਹੀ ਅਵਾਜ਼ ਕੱਢੀ। ਉਹ ਜਾਗੋ-ਮੀਟੀ ਵਿੱਚੋਂ ਉੱਠਿਆ ਲਗਦਾ ਸੀ।
"ਸੌਂ ਜਾ, ਸੌਂ ਜਾ। ਰਾਤ ਨੂੰ ਤੈਂ ਟਰੱਕ ਚਲਾਉਣਾ ਹੋਊ, ਫੇਰ ਨੀਂਦ ਆਊ। ਹੁਣ ਨ੍ਹੀਂ ਕੋਈ ਬੋਲੀ ਤੇਰੇ 'ਤੇ ਪਾਉਂਦੇ।" ਰਾਜੇ ਨੂੰ ਬਿੱਲ ਨੂੰ ਉਠਾਉਣਾ ਬੁਰਾ ਲੱਗਿਆ।
...ਤੇ ਦੁਬਾਰਾ ਬਿੱਲ ਨਾ ਬੋਲਿਆ।
ਬੋਲੀਆਂ ਪੈਂਦੀਆਂ ਰਹੀਆਂ। ਵਾਟ ਨਿੱਬੜਦੀ ਰਹੀ। ਮਨੀ ਦੇ ਸੀ. ਬੀ. ਰੇਡੀਉ ਦੀ ਅਵਾਜ਼ ਰੁਕ-ਰੁਕ ਕੇ ਆਉਣ ਲੱਗੀ ਸੀ।
"ਮਨੀ ਭਾਬੀ ਤਾਂ ਟਰੱਕ ਬਹੁਤ ਭਜਾਉਂਦੀ ਐ, ਯਾਰ। ਅਵਾਜ਼ ਈ ਸੁਣਨੋਂ ਹਟ ਗੀ, ਬਹੁਤ ਮੂਹਰੇ ਲਾਂਘੀ।" ਰਾਜੇ ਨੇ ਮੈਨੂੰ ਕਿਹਾ।
"ਮੈਨੂੰ ਸੁਣਦੀ ਐ ਥੋਡੀ ਅਵਾਜ਼।" ਮਨੀ ਦੇ ਸੀ. ਬੀ. ਦੀ ਮੱਧਮ ਜਿਹੀ ਅਵਾਜ਼ ਸਾਨੂੰ ਸੁਣਾਈ ਦਿੱਤੀ।
"ਹੌਲੀ ਚੱਲ ਭਾਬੋ, ਹੌਲੀ। ਟਿਕਟ ਮਿਲਜੂ ਗੀ।" ਰਾਜੇ ਨੇ ਖ਼ਬਰਦਾਰ ਕੀਤਾ।
ਮਨੀ ਨੇ ਸਪੀਡ ਘਟਾ ਕੇ ਸਾਨੂੰ ਨਾਲ ਰਲਾ ਲਿਆ। ਰਾਤ ਦਾ ਹਨੇਰਾ ਗੂੜ੍ਹਾ ਹੋ ਗਿਆ ਸੀ। ਮੇਰੀ ਅਤੇ ਰਾਜੇ ਦੀ ਲਾਗ ਬੁੱਕ ਖਤਮ ਹੋਣ ਤੇ 'ਆ ਗਈ। ਬੋਲੀਆਂ ਨਾ ਮੁੱਕੀਆਂ ਤੇ ਹਾਸਾ-ਮਖੌਲ ਚਲਦਾ ਰਿਹਾ।
"ਲਓ ਬਈ, ਆਪਾਂ ਅਗਲੇ ਟਰੱਕ ਸਟਾਪ 'ਤੇ ਰੁਕਾਂਗੇ।" ਰਾਜੇ ਦੇ ਸੀ. ਬੀ. ਦੀ ਅਵਾਜ਼ ਆਈ।
"ਕੀ ਗੱਲ ਹੋਗੀ ? ਨੀਂਦ ਆਉਂਦੀ ਐ ?" ਮਨੀ ਹਾਲੇ ਰੁਕਣਾ ਨਹੀਂ ਚਾਹੁੰਦੀ ਸੀ।
"ਭਾਬੋ ਰਾਣੀਏ, ਬਹੁਤੀਏ ਸਿਆਣੀਏ ਲਾਗ ਬੁੱਕ ਦੇ 'ਗੀ ਜਵਾਬ ਕੁੜੇ...।" ਰਾਜੇ ਨੇ ਗਾ ਕੇ ਸੁਣਾ ਦਿੱਤਾ।
"ਪੈਂਦੀਆਂ ਬੋਲੀਆਂ 'ਚ ਨੀਂਦ ਕਿੱਥੇ ਆਉਂਦੀ ਐ ?" ਮੈਂ ਆਪਣੀ ਸੁਣਾ ਦਿੱਤੀ।
...ਤੇ ਫਿਰ ਤਿੰਨੇ ਟਰੱਕ ਰੁਕ ਗਏ।
"ਆ ਜੋ ਵੀਰਿਓ ! ਰੋਟੀ ਸਾਡੇ ਟਰੱਕ 'ਚ ਈ ਖਾਇਓ।" ਬਿੱਲ ਨੇ ਜਾਗਣ ਸਾਰ ਈ ਸਾਨੂੰ ਰਾਤ ਦੇ ਖਾਣੇ ਦਾ ਸੱਦਾ ਦੇ ਦਿੱਤਾ।
ਅਸੀਂ ਮੂੰਹ-ਹੱਥ ਧੋ ਕੇ ਮੁੜ ਆਏ। ਮਨੀ ਤੇ ਬਿੱਲ ਰੋਟੀ ਬਣਾਉਣ ਦੇ ਆਹਰ ਲੱਗੇ ਸਨ। ਮਨੀ ਨੇ ਸਾਗ ਗਰਮ ਕਰ ਕੇ, ਤਾਜ਼ੀਆਂ ਰੋਟੀਆਂ ਪਕਾ ਲਈਆਂ ਸਨ।
...ਖਾ-ਪੀ ਕੇ ਫਿਰ ਮਹਿਫ਼ਲ ਲੱਗ ਗਈ।
"ਮੈਨੂੰ ਉਹ ਬੋਲੀ ਸੁਣਾਓ ਜਿਹੜੀ ਉੱਤੇ ਤੁਸੀਂ ਰੈਸਟ ਏਰੀਆ 'ਚ ਗਿੱਧਾ ਪਾਉਣ ਲੱਗੇ ਸੀ।" ਮਨੀ ਦੁਬਾਰਾ ਬੋਲੀਆਂ ਪਾਉਣ ਦੇ ਮੂਡ ਵਿੱਚ ਸੀ।
ਰਾਜੇ ਨੇ ਸੱਜਾ ਹੱਥ ਚੁੱਕ ਕੇ ਬੋਲੀ ਪਾ ਦਿੱਤੀ :-
"ਭੰਗ ਦਾ ਪੂਰਾ ਟਰੱਕ ਭਰ ਲਿਆ
ਕੈਲੇਫੋਰਨੀਆ ਲੰਘਾ 'ਤਾ
ਰੱਬ-ਰੱਬ ਕਰਦਾ ਟੱਪਿਆ ਬਾਡਰ
ਵਾਹ ਦਾਤਿਆ ਪਾਰ ਤੈਂ ਲਾ 'ਤਾ
'ਮਰੀਕੇ ਤੋਂ ਡਰੱਗ ਭਰ ਲੀ
ਮੋੜ ਟੋਰਾਂਟੋ ਲਾਹ 'ਤਾ
ਜਾ ਕੇ ਗੁਰੂਆਂ ਦੀ ਧਰਤੀ 'ਤੇ
ਧਰਮੀ ਜੱਗ ਕਰਾ 'ਤਾ
ਪੁੱਤ ਮੇਰਾ ਖੇਡੇ ਡਾਲਰੀਂ
ਬਾਪੂ ਦਾ ਟੌਰ੍ਹ ਬਣਾ 'ਤਾ
ਬੰਤੋ ਜੱਸ ਗਾਉਂਦੀ
ਲੌਂਗ 'ਚ ਹੀਰਾ ਜੜਾ 'ਤਾ...।"
...ਗਿੱਧਾ ਦੁਬਾਰਾ ਪੈਣ ਲੱਗ ਪਿਆ।
ਘੰਟੇ ਕੁ ਬਾਅਦ ਬਿੱਲ ਬੋਲਿਆ, "ਚੱਲੀਏ ਭਰਾਵੋ ਆਪਾਂ ਹੁਣ।"
"ਜਾਣਾ ਕਿੱਥੇ ਐ ? ਸੌਂਵਾਂਗੇ ਬਾਈ ਜੀ ਅਸੀਂ ਤਾਂ ਇੱਥੇ ਈ।" ਮੈਂ ਕਿਹਾ।
"ਅਸੀਂ ਤਾਂ ਯਾਰ, ਸਵੇਰੇ ਲੋਡ ਵੈਨਕੂਵਰ ਲਾਹੁਣੈਂ।" ਬਿੱਲ ਡਰਾਇਵਰ ਸੀਟ ਉੱਤੇ ਬਹਿ ਗਿਆ। ਉਹ ਤੁਰਨ ਲਈ ਕਾਹਲ ਕਰਨ ਲੱਗਿਆ।
"ਮਨੀ ਭਾਬੀ, ਬਿੱਲ ਨੂੰ ਪੋਸਤ ਦੇ ਡੋਡਿਆਂ ਦੀ ਚਾਹ ਪਿਆਇਆ ਕਰ, ਦੇਖੀਂ ਫੇਰ ਕਿਵੇਂ ਟਰੱਕ ਦੇ ਫੰਗ ਲਾਇਆ ਕਰੂ।" ਰਾਜਾ ਹੱਸ ਪਿਆ।
"ਨਾ ਓਏ ਵੀਰੋ, ਨਸ਼ਿਆਂ ਤੋਂ ਰੱਬ ਬਚਾਵੇ।" ਮਨੀ ਨੇ ਕੰਨਾਂ ਨੂੰ ਹੱਥ ਲਾਏ।
"ਸਾਨੂੰ ਇਸ਼ਕੇ ਦਾ ਨੂਰ ਬਥੇਰਾ, ਅੱਗ ਲੱਗੇ ਨਸ਼ਿਆਂ ਨੂੰ...ਨੀਂ ਜਿੰਦੇ ਮੇਰੀਏ...!" ਬਿੱਲ ਨੇ ਹੱਸਦਿਆਂ-ਹੱਸਦਿਆਂ ਹੇਕ ਲਾਈ ਅਤੇ ਮਨੀ ਵੱਲ ਝਾਕਿਆ। ਮਨੀ ਨੇ ਮੁਸਕਰਾ ਕੇ ਨੀਵੀਂ ਪਾ ਲਈ।
ਬਿੱਲ ਨੇ ਟਰੱਕ ਸਟਾਰਟ ਕਰ ਲਿਆ। "ਗੁੱਡ ਨਾਈਟ ਤੇ ਮਿੱਠੇ ਸੁਪਨੇ !" ਸਾਨੂੰ ਕਹਿ ਕੇ ਮਨੀ ਬੈੱਡ ਉੱਤੇ ਜਾ ਬੈਠੀ। ਅਸੀਂ ਵੀ ਉਨ੍ਹਾਂ ਨੂੰ 'ਗੁੱਡ ਨਾਈਟ' ਕਹਿ ਦਿੱਤਾ। ਬਿੱਲ ਨੇ ਟਰੱਕ ਤੋਰ ਲਿਆ।
ਜੁਲਾਈ ਦੇ ਮਹੀਨੇ ਦੀ ਚੰਨ ਚਾਨਣੀ ਰਾਤ ਖਿੜੀ ਪਈ ਸੀ। ਤਾਰਿਆਂ ਨੂੰ ਵੀ ਕੋਈ ਨਸ਼ਾ ਚੜ੍ਹਿਆ ਜਾਪਦਾ ਸੀ।
ਮੈਂ ਅਤੇ ਰਾਜਾ ਸਵੇਰ ਨੂੰ ਜਾਗਣ ਲਈ ਘੜੀ ਉੱਤੇ ਅਲਾਰਮ ਲਾ ਕੇ ਸੌਂ ਗਏ ਅਤੇ ਸਾਰੀ ਰਾਤ ਰੂਹ ਰੰਗ-ਬਰੰਗੇ ਸੁਪਨਿਆਂ ਨਾਲ ਨਸ਼ਿਆਈ ਰਹੀ।
-
ਗੁਰਮੇਲ ਬੀਰੋਕੇ (ਕੈਨੇਡਾ), ਲੇਖਕ
gurmailbiroke@gmail.com
+1 (604) 825-8053
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.