ਵਿਸਾਖੀ ਦੇ ਦਿਹਾੜੇ ਦੀ ਸਿੱਖ ਧਰਮ ਵਿਚ ਖਾਸ ਅਹਿਮੀਅਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਹਾੜੇ ਖ਼ਾਲਸੇ ਦੀ ਸਿਰਜਣਾ ਕਰਕੇ ਇਸ ਦਿਵਸ ਨੂੰ ਮਹੱਤਵਪੂਰਨ ਨਵੇਂ ਅਰਥ ਪ੍ਰਦਾਨ ਕੀਤੇ। ਭਾਵੇਂ ਕਿ ਖਾਲਸਾ ਸਿਰਜਣਾ ਤੋਂ ਪਹਿਲਾਂ ਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਜ਼ਾਬਰ ਦੇ ਜ਼ੁਲਮ ਖਿਲਾਫ਼ ਆਵਾਜ਼ ਉਠਾਉਣ ਦੀ ਪਰੰਪਰਾ ਆਰੰਭ ਹੋ ਚੁੱਕੀ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦੇ ਹੁਕਮ ਜਾਰੀ ਹੋ ਗਏ ਸਨ ਅਤੇ ਇਤਿਹਾਸ ਇਸ ਗੱਲ ਦੀ ਗੁਆਹੀ ਭਰਦਾ ਹੈ ਕਿ ਸਮੇਂ-ਸਮੇਂ ਗੁਰੂ ਸਾਹਿਬ ਦੇ ਜੀਵਨ ਦੌਰਾਨ ਹੀ ਸਿੱਖਾਂ ਨੂੰ ਜ਼ੁਲਮ ਦੇ ਖਿਲਾਫ਼ ਧਰਮ ਯੁੱਧ ਲੜਨੇ ਪਏ। ਗੁਰਬਾਣੀ ਦੁਆਰਾ ਸਿੱਖਿਅਤ ਸਿੱਖ ਸਖਸ਼ੀਅਤ ਸਿੰਘ ਰੂਪ ਧਾਰ ਕੇ ਹਰ ਪ੍ਰਕਾਰ ਦੀ ਗੁਲਾਮੀ ਤੋਂ ਮੁਕਤ ਹੁੰਦਿਆਂ ਮਜ਼ਲੂਮਾਂ ਤੇ ਕਮਜ਼ੋਰਾਂ ਦੀ ਰਾਖੀ ਦੇ ਜ਼ਾਮਨ ਹੋਣ ਲੱਗ ਪਏ। ਇਸ ਸਭ ਲਈ ਸ੍ਰੀ ਗੁਰੂ ਨਾਨਕ ਸਾਹਿਬ ਨੇ ਆਪਣੀ ਅਕਾਲੀ ਬਾਣੀ ਵਿਚ ਸਪੱਸ਼ਟ ਉਪਦੇਸ਼ ਕੀਤਾ ਸੀ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)
ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਬਾਕੀ ਗੁਰੂ ਸਾਹਿਬਾਨ ਨੇ ਵੀ ਸਿੱਖ ਸੰਗਤਾਂ ਨੂੰ ਇਹੋ ਪਾਠ ਦ੍ਰਿੜ੍ਹ ਕਰਵਾਇਆ। ਇਸ ਤਰ੍ਹਾਂ ਖਾਲਸੇ ਦੀ ਸਿਰਜਨਾ ਕਰੀਬ ਢਾਈ ਸਦੀਆਂ ਲੰਮੀ ਦੀਖਿਆ ਦੀ ਪੂਰਤੀ ਦਾ ਅਵਸਰ ਸੀ। ਮਨੁੱਖਤਾ ਦੇ ਇਤਿਹਾਸ ਵਿਚ 1699 ਦੀ ਵੈਸਾਖੀ ਵਾਲੇ ਦਿਨ ਇਕ ਅਜਿਹਾ ਇਨਕਲਾਬੀ ਮੋੜ ਆਇਆ ਜੋ ਸੰਸਾਰ ਦੀਆਂ ਅੱਖਾਂ ਨੇ ਨਾ ਪਹਿਲਾਂ ਕਦੀ ਵੇਖਿਆ ਸੀ ਅਤੇ ਨਾ ਹੀ ਕਦੀ ਵੇਖਣਾ ਹੈ। ਇਸ ਅਲੌਕਿਕ ਖੇਡ ਦਾ ਭੇਦ ਉਦੋਂ ਖੁੱਲ੍ਹਿਆ ਜਦੋਂ ਇਕ-ਇਕ ਸਿੱਖ (ਖਾਲਸਾ) ਸਵਾ-ਸਵਾ ਲੱਖ ਨਾਲ ਮੁਕਾਬਲਾ ਕਰਨ ਲੱਗ ਪਿਆ। ਚਮਕੌਰ ਦੀ ਕੱਚੀ ਗੜ੍ਹੀ ਵਿਚ ਚਾਲੀ ਭੁੱਖੇ-ਭਾਣੇ ਸਿੰਘਾਂ ਨੇ ਦਸ ਲੱਖ ਹਥਿਆਰ-ਬੰਦ ਫ਼ੌਜ ਦਾ ਟਾਕਰਾ ਕਰ ਵਿਖਾਇਆ। ਦਸਮ ਪਾਤਸ਼ਾਹ ਨੇ ਖਾਲਸਾ ਸਾਜ ਕੇ ਇਸ ਅੰਦਰ ਸਿੱਖੀ ਸਿਧਾਂਤ ਦੀ ਸੁਤੰਤਰਤਾ ਤੇ ਬਰਾਬਰਤਾ ਦਾ ਅਜਿਹਾ ਜ਼ਜਬਾ ਉਭਾਰਿਆ ਜਿਸ ਨੇ ਨਾ ਕੇਵਲ ਵਕਤ ਦੀ ਸ਼ਕਤੀਸ਼ਾਲੀ ਮੁਗ਼ਲ ਹਕੂਮਤ ਨੂੰ ਹੀ ਝੰਜੋੜਿਆ ਸਗੋਂ ਮਨੁੱਖਤਾ ਦੀਆਂ ਵੰਡੀਆਂ ਪਾਉਣ ਵਾਲੇ, ਜਾਤ-ਪਾਤ ਤੇ ਵਰਨ-ਵੰਡ ਕਰਨ ਵਾਲੇ ਸਮਾਜ ਨੂੰ ਵੀ ਪ੍ਰਭੂ ਦੇ ਸੱਚੇ ਮਨੁੱਖ ਬਣਨ ਦਾ ਉਪਦੇਸ਼ ਦਿੱਤਾ।
ਖਾਲਸਾ, ਹਰ ਕਿਸਮ ਦੀ ਸ਼ਖ਼ਸੀ ਗੁਲਾਮੀ ਤੋਂ ਅਜ਼ਾਦ ਹੋ ਕੇ ਅਕਾਲ ਪੁਰਖ ਵਾਹਿਗੁਰੂ ਨਾਲ ਸਿੱਧੇ ਰੂਪ ਵਿਚ ਸੰਬੰਧਿਤ ਹੈ ਜੋ ਪਰਮਾਤਮਾ ਦੀ ਆਪਣੀ ਰਜ਼ਾ ਵਿਚੋਂ ਹੀ ਪ੍ਰਗਟ ਹੋਇਆ ਹੈ:
ਖਾਲਸਾ ਅਕਾਲ ਪੁਰਖ ਕੀ ਫੌਜ।
ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ।
ਖਾਲਸਾ, ਇਕ ਅਕਾਲ ਪੁਰਖ ਦਾ ਪੁਜਾਰੀ ਹੈ। ਪੰਜ-ਕਕਾਰੀ ਰਹਿਤ ਰੱਖਣੀ, ਪੰਜਾਂ ਬਾਣੀਆਂ ਦਾ ਪਾਠ ਕਰਨਾ, ਸਦਾ ਹੀ ਸੱਚਾ, ਧਰਮੀ ਜੀਵਨ ਜਿਉਣਾ ਖਾਲਸੇ ਦਾ ਨੇਮ ਅਤੇ ‘ਗੁਰਸਿਖ ਮੀਤ ਚਲਹੁ ਗੁਰ ਚਾਲੀ’ ਦਾ ਧਾਰਨੀ ਹੋਣਾ ਹੈ। ਗੁਰਮੁਖ-ਗਾਡੀ ਰਾਹ ਦੀ ਜੀਵਨ-ਜਾਚ ਦਾ ਅਨੁਸਾਰੀ ਹੋਣਾ ਹੀ ਖਾਲਸੇ ਦਾ ਪਰਮ ਧਰਮ ਕਰਤੱਵ ਹੈ।
ਖਾਲਸਾ ਧਰਮ ਅਤੇ ਸਦਾਚਾਰ ਦਾ ਸੁਮੇਲ ਹੈ। ਇਹ ਅੰਦਰਲੀ ਅਤੇ ਬਾਹਰਲੀ ਇਕਸੁਰਤਾ ਕਾਇਮ ਰੱਖਣ ਦੀ ਜੁਗਤੀ ਹੈ। ਖਾਲਸੇ ਦੀ ਆਵਾਜ਼ ਹੱਕ, ਸੱਚ ਤੇ ਨਿਆਂ ਦੀ ਆਵਾਜ਼ ਹੈ। ਸੱਚ ਦੀ ਇਸ ਆਵਾਜ਼ ਅੱਗੇ ਕੋਈ ਜ਼ਾਲਮ, ਜਾਬਰ, ਪਾਖੰਡੀ ਅਤੇ ਅਹੰਕਾਰੀ ਕਦੇ ਵੀ ਟਿਕ ਨਹੀਂ ਸਕਿਆ। ਖਾਲਸੇ ਦਾ ਆਤਮਿਕ ਤੇ ਸਦਾਚਾਰਕ ਜੀਵਨ ਲੱਖਾਂ ਕਪਟੀਆਂ `ਤੇ ਭਾਰੂ ਹੁੰਦਾ ਹੈ। ਜ਼ਬਰ ਤੇ ਜ਼ੁਲਮ ਵਿਰੁੱਧ ਡਟਣਾ ਖਾਲਸੇ ਦਾ ਪਰਮ ਧਰਮ ਹੈ ਜੋ ਖਾਲਸੇ ਦੀ ਚੜ੍ਹਦੀ ਕਲਾ ਦਾ ਜ਼ਾਮਨ ਹੈ।
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਸੰਸਾਰ ਨੂੰ ਸੰਤ-ਸਿਪਾਹੀ ਦਾ ਅਜਿਹਾ ਨਵੀਨ, ਸ਼ਕਤੀਸ਼ਾਲੀ ਤੇ ਵਿਲੱਖਣ ਜੀਵਨ-ਸਿਧਾਂਤ ਦਿੱਤਾ ਹੈ ਜਿਹੜਾ ਹੁਣ ਤਕ ਸ਼ਹਾਦਤਾਂ ਤੇ ਕੁਰਬਾਨੀਆਂ ਦੀਆਂ ਨਿੱਤ-ਨਵੀਆਂ ਸਿਖਰਾਂ ਛੋਂਹਦਾ ਆ ਰਿਹਾ ਹੈ। ਸ਼ਹਾਦਤ ਦੀ ਭਾਵਨਾ ਅਤੇ ਸ਼ਕਤੀ, ਅਜਿਹੇ ਜੀਵਨ-ਸਿਧਾਂਤ ਵਿਚੋਂ ਹੀ ਉਪਜਦੀ ਹੈ।
ਗੁਰੂ ਸਾਹਿਬ ਦੀ ਅਪਾਰ ਬਖ਼ਸ਼ਿਸ਼ ਸਦਕਾ ਕੁਰਬਾਨੀਆਂ ਨਾਲ ਹਮੇਸ਼ਾਂ ਸਿੱਖੀ ਪ੍ਰਫੁੱਲਤ ਹੋਈ ਹੈ। ਸਿੱਖ-ਇਤਿਹਾਸ ਵਿਚ ਸ਼ਹਾਦਤ ਦਾ ਜਾਮ ਪੀਣ ਵਾਲੇ ਤਾਂ ਹਮੇਸ਼ਾਂ-ਹਮੇਸ਼ਾਂ ਲਈ ਅਮਰ ਹੋ ਗਏ ਪਰ ਜਾਬਰਾਂ ਤੇ ਹੰਕਾਰੀਆਂ ਦੇ ਨਾਮੋ-ਨਿਸ਼ਾਨ ਤਕ ਮਿਟ ਗਏ। ਹਰ ਇਕ ਗੁਰਸਿੱਖ ਲਈ ਬਾਣੀ ਅਤੇ ਬਾਣੇ ਦੇ ਧਾਰਨੀ ਹੋਣਾ, ਰਹਿਤ ਦੀ ਪਰਪੱਕਤਾ ਅਤੇ ਗੁਰਮਤਿ ਸਿਧਾਂਤਾਂ ਦੀ ਜਾਣਕਾਰੀ ਉਸ ਦੇ ਖਾਲਸਈ ਜੀਵਨ ਦਾ ਅਹਿਮ ਵਿਧਾਨ ਹੈ।ਭਵਿੱਖ ਦੀ ਨਵੀਂ ਪੀੜ੍ਹੀ ਨੂੰ ਅਜਿਹੇ ਗੌਰਵਮਈ ਵਿਰਸੇ ਨਾਲ ਜੋੜਨ ਲਈ ਗੁਰਮਤਿ ਵਿਚਾਰਧਾਰਾ ਦੇ ਧਾਰਨੀ ਹੋਣਾ ਤੇ ਬੱਚਿਆਂ ਨੂੰ ਬਣਾਉਣ ਲਈ ਮਾਤਾ-ਪਿਤਾ ਦਾ ਵੱਡਾ ਯੋਗਦਾਨ ਹੁੰਦਾ ਹੈ। ਇਸ ਕਾਰਜ ਲਈ ਹਰ ਗੁਰਸਿੱਖ ਨੂੰ ਵਿਅਕਤੀਗਤ ਰੂਪ ਵਿਚ ਤੇ ਹਰ ਸੰਸਥਾ ਨੂੰ ਸੰਸਥਾਗਤ ਰੂਪ ਵਿਚ ਸਾਰਥਕ ਉਪਰਾਲੇ ਕਰਨੇ ਚਾਹੀਦੇ ਹਨ। ਸਮੂਹ ਗੁਰੂ ਨਾਨਕ ਨਾਮ-ਲੇਵਾ ਗੁਰਸਿੱਖਾਂ ਨੂੰ ਆਪਣੇ ਮਹਾਨ ਤੇ ਅਮੀਰ ਵਿਰਸੇ ਨੂੰ ਪਹਿਚਾਣਦੇ ਹੋਏ ਬਾਣੀ ਤੇ ਬਾਣੇ ਦੇ ਧਾਰਨੀ ਹੋ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣਨਾ ਚਾਹੀਦਾ ਹੈ।
ਖ਼ਾਲਸਾ ਸਿਰਜਨਾ ਦਿਵਸ ਸਾਨੂੰ ਗੁਰੂ ਆਸ਼ੇ ਅਨੁਸਾਰੀ ਹੋ ਕੇ ਜੀਵਨ ਜਿਉਣ ਦੀ ਪ੍ਰੇਰਨਾ ਕਰਦਾ ਹੈ। ਇਸ ਇਤਿਹਾਸਕ ਸ਼ੁਭ ਅਵਸਰ ’ਤੇ ਮੈਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਖ਼ਾਲਸਾ ਸਾਜਣਾ ਦਿਵਸ ਦੀ ਮੁਬਾਰਕਬਾਦ ਦਿੰਦਾ ਹੋਇਆ ਅਪੀਲ ਕਰਦਾ ਹਾਂ ਕਿ ਆਓ! ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖ਼ਸ਼ਿਸ਼ ਕੀਤੀ ਖੰਡੇ-ਬਾਟੇ ਦੀ ਪਾਹੁਲ ਛਕ ਕੇ, ਗੁਰਮਤਿ ਦੇ ਧਾਰਨੀ ਹੋ ਕੇ ‘ਧਰਮ ਦਾ ਜੈਕਾਰ’ ਦੇ ਮਿਸ਼ਨ ਨੂੰ ਸਾਕਾਰ ਕਰਦੇ ਹੋਏ ਆਪਣਾ ਜੀਵਨ ਸਫਲਾ ਕਰੀਏ।
-
ਦਿਲਜੀਤ ਸਿੰਘ ਬੇਦੀ, ਸਕੱਤਰ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ
dsbedisgpc@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.