ਪੰਜਾਬੀ ਯੂਨੀਵਰਸਿਟੀਏ
ਸਿਰਜਣਾ ਦੀ ਧਰਤੀਏ
ਤੈਨੂੰ ਪੈਣ ਵਾਲੀ ਵੱਡੀ ਮਾਰ, ਮਾਂ ਰਾਣੀਏ,
ਕਿੰਝ ਵੇਖਾਂਗੇ ਤੇਰਾ ਹਾਲ।
ਚਾਨਣ ਦੀਏ ਬੁਰਜੀਏ
ਕੀਕਣ ਤੈਨੂੰ ਭੁੱਲ ਜੀਏ
ਤੂੰ ਇਤਿਹਾਸ ਘੜਿਆ ਹੈ,
ਦਿਸ਼ਾਹੀਣ ਸੋਚਾਂ ਨੂੰ ਦਿੱਤੇ
ਸਾਰਥਕ ਦ੍ਰਿਸ਼ਟੀਕੋਣ, ਦਰੁੱਸਤ ਨਜ਼ਰੀਏ
ਕੋਰਿਆਂ ਨੈਣਾਂ ਦੀ ਸਰਦਲ
ਮਾਨਵਤਾ ਦਾ ਲਿਸ਼ਕਦਾ ਪੈਗਾਮ ਧਰਿਆ ਹੈ,
ਅਗਿਆਨਤਾ ਦੀ ਧੁੰਦ ਵਿੱਚ
ਚਾਨਣ ਦੇ ਸਾਹ ਫੂਕ ਕੇ
ਅਣਲੱਭੇ ਦਿਸਹੱਦੇ ਫਰੋਲਣ ਦਾ ਵਿਸ਼ਵਾਸ ਭਰਿਆ ਹੈ,
ਅਣਤਰਾਸ਼ੇ ਪੱਥਰਾਂ ਨੂੰ
ਦਿੱਤੇ ਸੁਘੜ ਮੁਹਾਂਦਰੇ
ਤੂੰ ਅਹਿਸਾਨ ਕਰਿਆ ਹੈ,
ਅਣਘੜ ਤੌਰ ਤਰੀਕਿਆਂ ਨੂੰ
ਬੇਢੰਗੇ ਕੁੱਢਰ ਸਲੀਕਿਆਂ ਨੂੰ
ਅਦਬ, ਸ਼ਹੂਰ, ਜ਼ਮੀਰ ਦੇ
ਅਣਮੁੱਲੇ ਮੋਤੀਆਂ ਨਾਲ ਜੜਿਆ ਹੈ,
ਤੂੰ ਇਨਸਾਨ ਘੜਿਆ ਹੈ।
ਅਕਲਾਂ ਵੀ ਦਿੱਤੀਆਂ ਤੂੰ
ਸ਼ੁਹਰਤਾਂ ਵੀ ਦਿੱਤੀਆਂ
ਰਿਜ਼ਕ ਵੀ ਦਿੱਤਾ ਬੇਸ਼ੁਮਾਰ
ਬੰਦੇ ਤੋਂ ਬਣਾਇਆ ਇਨਸਾਨ ਧੀਆਂ ਪੁੱਤਰਾਂ ਨੂੰ
ਗਿਆਨ ਦੇ ਉਸਾਰੇ ਤੂੰ ਅੰਬਾਰ
ਤੈਨੂੰ ਪੈਣ ਵਾਲੀ ਵੱਡੀ ਮਾਰ
ਤੇਰੀ ਜਰਖੇਜ਼ ਜ਼ਮੀਨ ’ਚੋਂ
ਫ਼ਲਸਫ਼ੇ ਦੀ ਫਸਲ ਉੱਗਦੀ ਹੈ
ਸ਼ਾਇਰ ਦੀ ਗਜ਼ਲ ਧੁੱਖਦੀ ਹੈ
ਬੁੱਧੀਜੀਵੀ ਦੀ ਕਲਮ ਉੱਠਦੀ ਹੈ
ਕਿਤੇ ਤਕਰਾਰ ਚਿੰਤਨ ਦਾ, ਕਿਤੇ ਰੂਹ ਬੋਲ ਉੱਠਦੀ ਹੈ,
ਇਉਂ ਜੁਗਨੂੰਆਂ ਦੇ ਕਾਫ਼ਲੇ ਦੀ ਲੋਰ ਉੱਠਦੀ ਹੈ।
ਪੰਜਾਬੀ ਬੋਲੀ ਦੀ ਧਰੋਹਰ ਤੂੰ
ਪੰਜਾਬੀਅਤ ਦਾ ਗੌਰਵ ਤੂੰ,
ਤੇਰੇ ਕਣ ਕਣ ਵਿੱਚ ਕਨਸੋਅ, ਪੀਰ ਫਕੀਰਾਂ ਦੀ
ਬੁੱਲ੍ਹੇ ਦੀਆਂ ਕਾਫ਼ੀਆਂ, ਨਾਨਕ ਦੀਆਂ ਉਦਾਸੀਆਂ ਦੀ
ਤੇਰੇ ਵਿਹੜੇ ਲੁੱਡੀਆਂ ਪੈਂਦੀਆਂ, ਗੂੰਜੇ ਹੇਕ ਲੋਕ—ਗੀਤਾਂ ਦੀ
ਤੇਰੇ ਮਹਿਲੀਂ ਰੁਮਕਦੀ ਪੌਣ, ਰਸ ਭਿੰਨੀਆਂ ਲੋਕ ਪ੍ਰੀਤਾਂ ਦੀ,
ਪੰਜਾਬ ਦੀ ਵੱਡੀ ਬੇਬੇ!
ਰਹਿਮਤ ਹੈ ਤੇਰੀਆਂ ਬਖਸ਼ਾਂ ਦੀ,
ਤੇਰੀ ਅਸੀਸ ਘੜੇ ਤਦਬੀਰ ਕੌਮ ਦੇ ਨਕਸ਼ਾਂ ਦੀ।
ਤੇਰੀ ਚੜ੍ਹਤ ਸੀ, ਤੂੰ ਕਮਾਲ ਸੀ
ਦਰਿਆਵਾਂ ਵਰਗੀ ਚਾਲ ਸੀ
ਠ੍ਹੋਕਰ ਵਿੱਚ ਮਜਾਲ ਸੀ
ਆਲਮ ਸੂਹਾ ਲਾਲ ਸੀ
ਤੂੰ ਬੇਮਿਸਾਲ ਸੀ।
ਆਉਂਦੇ ਨੇ ਵਪਾਰੀ ਬੱਸ, ਤੇਰੇ ਨੱਥ ਪਾਉਣ ਨੂੰ
ਮੂੰਹ ’ਤੇ ਤੇਰੇ ਬੱਚਿਆਂ ਦੇ, ਛਿਕਲੀ ਚੜ੍ਹਾਉਣ ਨੂੰ,
ਸ਼ਿਕਾਰੀਆਂ ਦਾ ਜਾਲ ਬੱਸ, ਡਿੱਗਿਆ ਕਿ ਡਿੱਗਿਆ
ਇਲਮ ਦਾ ਸੂਰਜ ਬੱਸ, ਡੁੱਬਿਆ ਕਿ ਡੁੱਬਿਆ,
ਕਾਰਖਾਨਾ ਸਿੱਖਿਆ ਦਾ ਬਣੇਗੀ ਤੂੰ ਕੱਲ੍ਹ ਨੂੰ
ਪੜ੍ਹੇ ਲਿਖੇ ਪੁਰਜੇ ਘੜੇਂਗੀ ਤੂੰ ਕੱਲ੍ਹ ਨੂੰ
ਚਾਨਣ ਮੁਨਾਰੇ ਤੇਰੇ ਰੜਕਦੇ ਨੇ ਹਾਕਮਾਂ ਨੂੰ
ਮੜਕ ਤੇ ਸਵੈਮਾਣ ਤੇਰੇ ਖਟਕਦੇ ਨੇ ਹਾਕਮਾਂ ਨੂੰ,
ਕੁਫ਼ਰ ਦੇ ਸੁਦਾਗਰਾਂ ਦੀ ਨ੍ਹੇਰ ਨਾਲ ਯਾਰੀ
ਰੂਹਦਾਰਾਂ ਦੀ ਲਿਸ਼ਕ ਉਹਤੋਂ ਜਾਵੇ ਨਾ ਸਹਾਰੀ,
ਰਾਜ ਭਾਗ ਵਾਲਿਆਂ ਨੂੰ ਭਾਉਂਦਾ ਨਾ ਗਿਆਨ ਕਦੇ
ਖੇਰੂੰ ਖੇਰੂੰ ਹੋਜੂ ਰੌਸ਼ਨੀ ਦੀ ਲਾਟ,
ਮੁੜ ਫੇਰ ਨੀ ਤੂੰ ਹੋਣਾ ਪੱਬਾਂ ਭਾਰ
ਰਹਿ ਜੂ ਵਿੱਦਿਆ ਤਾਂ ਸਿਰਫ ਵਪਾਰ
ਤੈਨੂੰ ਪੈਣ ਵਾਲੀ ਵੱਡੀ ਮਾਰ।
ਹਾਲ ਦੁਹਾਈ ਅੱਜ, ਪੈਂਦੀ ਐ ਜੇ ਪਾ ਲੈ ਮਾਏ
ਸੁੱਤੇ ਧੀਆਂ ਪੁੱਤਾਂ ਨੂੰ, ਹਲੂਣ ਕੇ ਜਗਾ ਲੈ ਮਾਏ
ਪੁੱਤਾਂ ਤੇ ਕਪੁੱਤਾਂ ਦਾ ਵੀ ਹੋਜੂਗਾ ਨਿਤਾਰਾ ਅੱਜ
ਦੇਖੋ ਕੌਣ ਲੈਂਦੈ ਅੱਜ ਤੇਰੀ ਸਾਰ
ਤੈਨੂੰ ਪੈਣ ਵਾਲੀ ਵੱਡੀ ਮਾਰ, ਮਾਂ ਰਾਣੀਏ
ਕਿੰਝ ਵੇਖਾਂਗੇ ਤੇਰਾ ਹਾਲ।
-
ਪ੍ਰੋਫੈਸਰ ਹਰਿੰਦਰ ਕੌਰ ਸੋਹੀ, ਪਟਿਆਲਾ, ਪ੍ਰੋਫੈਸਰ
neelofarsohi7@gmail.com
9417282833
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.