ਇਹ ਤਸਵੀਰ ਜੁਲਾਈ ਮਹੀਨੇ 2005 ਦੀ ਹੈ।
ਮੈਂ ਵੈਨਕੂਵਰ ਸਾਂ ਤੇ ਸਾਹਿਬ ਥਿੰਦ ਹੁਰਾਂ ਗਦਰੀ ਬਾਬਿਆਂ ਦੇ ਮੇਲੇ ਉਤੇ ਇਕ ਪੁਰਸਕਾਰ ਦੇਣਾ ਸੀ। ਉਚੇਚਾ ਇਧਰੋਂ ਸੱਦਿਆ ਸੀ। ਇਧਰੋਂ ਮਾਣਕ ਸਾਹਬ ਵੀ ਗਏ। ਨਿਰਮਲ ਸਿੱਧੂ, ਗਿੱਲ ਹਰਦੀਪ ਤੇ ਗੁਰਸੇਵਕ ਮਾਨ ਹੁਰੀਂ ਪਹਿਲਾਂ ਈ ਉਥੇ ਸਨ। ਸਾਹਿਬ ਥਿੰਦ ਨੇ ਆਖਿਆ ਕਿ ਤੇਰੇ ਨਾਲ ਸ਼ੌਕਤ ਅਲੀ ਜੀ ਦਾ ਸਨਮਾਨ ਵੀ ਰੱਖਿਆ ਹੈ, ਤਾਂ ਮੈਂ ਮਾਣ ਜਿਹੇ ਵਿਚ ਹੀ ਇੰਡੀਆ ਹਰਭਜਨ ਮਾਨ ਨੂੰ ਫੋਨ ਮਿਲਾਇਆ। ਹਰਭਜਨ ਬਾਈ ਅਕਸਰ ਈ ਸ਼ੌਕਤ ਅਲੀ ਜੀ ਨੂੰ ਗਾਉਂਦਾ ਵੀ ਤੇ ਧਿਆਉਂਦਾ ਵੀ, ਜਦ ਅਸੀਂ ਮਿਲਦੇ, ਆਥਣੇ, ਮੈਂ ਆਖਣਾ, "ਹੋਜੇ ਫੇ ਸ਼ੌਕਤ ਅਲੀ ਜੀ ਦਾ ਕੋਈ ਨਗਮਾ।" ਕਦੇ ਹਰਭਜਨ ਗਾਉਂਦਾ:
ਜਾਂਦਾ ਓ ਤੁਰਿਆ ਜਾਂਦਾ
ਬੜਾ ਮਾਣ ਮਾਵਾਂ ਦੀ ਛਾਂ ਦਾ
ਜਿਸ ਘਰ ਮਾਂ ਨਾ ਹੋਵੇ
ਰੱਬ ਫੇਰਕੇ ਮੁੂੰਹ ਲੰਘ ਜਾਂਦਾ
ਉਹਦੀਆਂ ਅੱਖਾਂ ਡੁਬ ਡੁਬਾ ਆਉਂਦੀਆਂ। ਏਨੀ ਰੂਹ ਨਾਲ ਗਾਉਂਦਾ ਸ਼ੌਕਤ ਜੀ ਨੂੰ। ਖੈਰ! ਹਰਭਜਨ ਬਾਈ ਆਖਣ ਲੱਗਾ ਕਿ ਹੁਣੇ ਫੋਨ ਕਰਦਾ ਹਾਂ ਸ਼ੌਕਤ ਸਾਹਬ ਨੂੰ, ਉਨਾ ਨੂੰ ਮਿਲੀਂ ਤੇ ਕੁਛ ਉਨਾ ਬਾਬਤ ਲਿਖਣਾ ਵੀ। ਦੂਜੇ ਦਿਨ ਅਸੀਂ ਇਕ ਸੰਗੀਤ ਅਕਾਡਮੀ ਵਿਚ ਕੱਠੇ ਹੋਏ ਰਿਹਸਲ ਕਰਨ ਨੂੰ ਸਾਰੇ। ਸ਼ੌਕਤ ਜੀ ਨੇ ਜੱਫੀ ਵਿਚ ਘੁੱਟ ਲਿਆ ਤੇ ਬੋਲੇ, "ਓ ਮੇਰੇ ਪਿਆਰੇ, ਜੀਂਦਾ ਰਹੁ ਨਿੰਦਰਾ, ਕੱਲ ਹਰਭਜਨ ਫੋਨ ਉਤੇ ਤੇਰੀਆਂ ਅੱਧਾ ਘੰਟਾ ਸਿਫਤਾਂ ਕਰੀ ਗਿਆ ਏ, ਓ ਜਰਾ ਘੁਟਕੇ ਮਿਲ ਮੇਰੇ ਪੁੱਤਰਾ।"
ਬੜੀ ਨਿੱਘੀ ਮਿਲਣੀ ਸੀ ਓਹ।
**
ਗਦਰੀ ਬਾਬਿਆਂ ਦਾ ਮੇਲਾ ਬੀਅਰ ਕ੍ਰੀਕ ਪਾਰਕ ਵਿਚ। ਹਾਏ ਓ ਰੱਬਾ! ਕਿਆ ਬਾਤਾਂ! ਚਾਲੀ ਹਜਾਰ ਤੋਂ ਵੀ ਵਧੇਰੇ ਇਕੱਠ ਪੰਜਾਬੀਆਂ ਦਾ। ਗਿੱਲ ਹਰਦੀਪ ਗਾ ਰਿਹਾ ਸੀ:
ਕਰੀਂ ਕਿਤੇ ਮੇਲ ਰੱਬਾ
ਦਿੱਲੀ ਤੇ ਲਾਹੌਰ ਦਾ
ਤੇ ਸਟੇਜ ਉਤੇ ਖਲੋਤੇ ਮਾਣਕ ਜੀ ਨੇ ਆਪਣੀ ਪੱਗ ਸ਼ੌਕਤ ਜੀ ਦੇ ਸਿਰ ਉਤੇ ਧਰ ਦਿੱਤੀ ਤੇ ਸ਼ੌਕਤ ਜੀ ਨੇ ਆਪਣੇ ਗਲ ਵਾਲਾ ਰੰਗੀਨ ਪਰਨਾ ਮਾਣਕ ਦੇ ਸਿਰ ਉਤੇ ਵਲ ਦਿੱਤਾ। ਪੰਜ ਮਿੰਟ ਤਾੜੀਆਂ ਵਜਦੀਆਂ ਰਹੀਆਂ। ਸਰੋਤੇ ਆਪਣੀ ਆਪਣੀ ਥਾਂ ਉਤੇ ਖਲੋ ਕੇ ਅਨੰਦ ਲੈਂਦੇ ਰਹੇ। ਦੋਵੇ ਤਿੰਨੇ ਗਾਇਕ ਰਲਕੇ ਗਾਉਣ ਲੱਗੇ ਤਾਂ ਲੱਗਿਆ ਕਿ ਦੋਵੇਂ ਪੰਜਾਬਾਂ ਨੇ ਅੱਜ ਪ੍ਰਦੇਸ ਵਿਚ ਗਲਵੱਕੜੀਆਂ ਪਾ ਲਈਆਂ ਨੇ।
ਮੈਂ ਲਿਖਿਆ ਸੀ ਕਿ ਕਲਾ ਜੋੜਦੀ ਹੈ, ਤੋੜਦੀ ਨਹੀਂ। ਕਲਾ ਸੂਈ ਦਾ ਕੰਮ ਕਰਦੀ ਹੈ, ਸੀਂਦੀ ਹੈ ਤੇ ਰਾਜਨੀਤੀ ਕੈਂਚੀ ਹੈ। ਕਟਦੀ ਹੈ ਹਮੇਸ਼ਾ। ਉਸ ਵੇਲੇ ਲੋਕ ਗਾਇਕੀ ਦੇ ਦੋ ਦਰਿਆ ਆਪੋ ਵਿਚ ਸਮੋ ਗਏ। ਖੈਰ!
ਸ਼ੌਕਤ ਅਲੀ ਜੀ ਨੇ ਫੋਨ ਨੰਬਰ ਤਾਂ ਪਹਿਲੇ ਦਿਨ ਹੀ ਦੇ ਦਿਤਾ ਸੀ ਪਾਕਿਸਤਾਨ ਵਾਲਾ। ਕੈਨੇਡਾ ਤੋਂ ਆਕੇ ਗੱਲ ਵੀ ਹੋਈ ਦੋ ਤਿੰਨ ਵਾਰ। ਪਰ ਕੰਡਿਆਲੀਆਂ ਤਾਰਾਂ ਦੇ ਕਰੁੰਡੇ ਪਏ ਆਂ ਭਾਈ, ਕੀ ਕਰੀਏ?
ਹਰਭਜਨ ਮਾਨ ਤੇ ਮੈਂ ਜਦੋਂ ਮਿਲਦੇ ਤਾਂ ਓਸ ਕਹਿਣਾ ਕਿ ਸ਼ੌਕਤ ਜੀ ਜਦ ਵੀ ਗੱਲ ਕਰਦੇ ਆ, ਤੇਰਾ ਹਾਲ ਚਾਲ ਪੁਛਦੇ ਆ, ਫੂਨ ਕਰ ਲਿਆ ਕਰ ਕਦੇ ਕਦੇ। "ਹਾਂ ਕਰੂੰਗਾ ਬਾਈ" ਕਹਿ ਦਿੰਦਾ ਸਾਂ। ਬਸ, ਸਾਡੇ ਬੇਭਾਗਿਆਂ ਦੇ ਭਾਗਾਂ ਵਿੱਚ ਨਹੀਂ ਸੀ ਸੰਗੀਤ ਦੇ ਸਮੁੰਦਰਾਂ ਦੀ ਸੰਗਤ। ਉਹ ਸਰੀਰਕ ਤੌਰ ਉਤੇ ਤਾਂ ਚਲੇ ਗਏ ਨੇ ਪਰ ਉਨਾ ਦੀ ਆਵਾਜ਼ ਸਾਥੋਂ ਕੋਈ ਨਹੀਂ ਖੋਹ ਸਕਦਾ। ਉਨਾ ਦਾ ਗਾਇਆ ਇਕ ਟੱਪਾ ਹੈ ਤੇ ਅੱਜ ਉਦਾਸੀ ਲੱਦੇ ਮਨ ਨਾਲ ਵਾਰ ਵਾਰ ਗੁਣ ਗੁਣਾ ਰਿਹਾ ਹਾਂ:
ਕਾਵਾਂ ਵੇ ਸੁਣ ਕਾਵਾਂ
ਜਾਂਦਾ ਹੋਇਆ ਦੱਸ ਨਾ ਗਿਓਂ
ਵੇ ਲਿਖ ਚਿੱਠੀਆਂ ਕਿਧਰ ਨੂੰ ਪਾਵਾਂ।
-
ਨਿੰਦਰ ਘੁਗਿਆਣਵੀ, ਲੇਖਕ
ninder_ghugianvi@yahoo.com
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.