ਸ਼ੌਕਤ ਅਲੀ ਦੇ ਜਾਣ ਨਾਲ ਪੰਜਾਬੀ ਲੋਕ ਸੰਗੀਤ ਦਾ ਕਿਲ੍ਹਾ ਢਹਿ ਗਿਆ....ਗੁਰਭਜਨ ਗਿੱਲ .....ਫੋਟੋ: ਟੀ ਪੀ ਐਸ ਸੰਧੂ
ਸਵੇਰੇ 10 ਵਜੇ ਤੀਕ ਸੋਚਿਆ ਸੀ, ਸ਼ੁਕਰ ਹੈ ਅੱਜ ਕੋਈ ਪਾਟੀ ਚਿੱਠੀ ਨਹੀਂ ਆਈ। 10.10 ਤੇ ਲਾਹੌਰ ਤੋਂ ਭਾ ਜੀ ਸ਼ੌਕਤ ਅਲੀ ਦੇ ਪੁੱਤਰ ਅਲੀ ਇਮਰਾਨ ਦਾ ਫੋਨ ਤੇ ਸੁਨੇਹਾ ਮਿਲਿਆ, ਅੱਬਾ ਆਖਰੀ ਜੰਗ ਲੜ ਰਹੇ ਨੇ। ਜ਼ਿੰਦਗੀ ਤੇ ਮੌਤ ਵਿਚਕਾਰ ਕਸ਼ਮਕਸ਼ ਹੈ, ਡਾਕਟਰ ਪੂਰੀ ਵਾਹ ਲਾ ਰਹੇ ਨੇ, ਤੁਸੀਂ ਸਭ ਅਰਦਾਸ ਕਰੋ।
ਮੈਂ ਸਮਝ ਗਿਆ, ਪਾਣੀ ਚੜ੍ਹ ਆਇਆ ਹੈ। ਹੁਣ ਬਚਣਾ ਮੁਹਾਲ ਜਾਪਦਾ ਹੈ। ਰੋਂਦਿਆਂ ਅਰਦਾਸ ਕਰਕੇ ਇਮਰਾਨ ਨੂੰ ਰੀਕਾਰਡ ਕਰਕੇ ਭੇਜੀ।
ਰੱਬ ਰੱਬ ਕਰਕੇ ਸ਼ਾਮ ਉਡੀਕੀ। ਚਾਰ ਸਾਢੇ ਚਾਰ ਵਜੇ ਤੀਕ ਸ਼ੁਕਰ ਕੀਤਾ ਕਿ ਕੋਈ ਉਦਾਸ ਖ਼ਬਰ ਨਹੀਂ।
ਨੀਂਦ ਨੇ ਢਾਹ ਲਿਆ ਗਿਆਨੀ ਪਿੰਦਰਪਾਲ ਸਿੰਘ ਦੀ ਪਟਿਆਲਿਉਂ ਆਉਂਦੀ ਕਥਾ ਸੁਣਦੇ ਸੁਣਦੇ।
ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਵੈਰਾਗ ਚੋਂ ਵੀ ਸ਼ੌਕਤ ਅਲੀ ਭਾ ਜੀ ਦਾ ਚਿਹਰਾ ਬਾਰ ਬਾਰ ਉੱਭਰ ਰਿਹਾ ਸੀ। ਨੀਂਦ ਉੱਖੜੀ ਤਾਂ ਫੋਨ ਤੇ ਪੰਜ ਸੱਤ ਸੁਨੇਹੇ ਸਨ। ਡਾ: ਸੁਖਨੈਨ,ਪੰਮੀ ਬਾਈ, ਇਕਬਾਲ ਮਾਹਲ ਕੈਨੇਡਾ,ਅਸ਼ਰਫ਼ ਸੁਹੇਲ ਲਾਹੌਰ ਤੇ ਕਿੰਨੇ ਹੋਰ। ਲੱਗਿਆ ਗਲੋਬ ਹਿੱਲ ਰਿਹਾ ਹੈ। ਭਾਣਾ ਵਾਪਰ ਚੁਕਾ ਸੀ। ਸਾਡਾ ਵੀਰ ਸ਼ੌਕਤ ਅਲੀ ਸਾਨੂੰ ਆਖ਼ਰੀ ਸਲਾਮ ਕਹਿ ਚੁਕਾ ਸੀ।
ਯਾਦਾਂ ਦੇ ਕਾਫ਼ਲੇ ਅੱਖਾਂ ਅੱਗਿਉਂ ਲੰਘਣ ਲੱਗੇ। ਬਚਪਨ ‘ ਚ ਪਿੰਡ ਬਸੰਤਕੋਟ (ਗੁਰਦਾਸਪੁਰ)ਰਹਿੰਦਿਆਂ ਰੇਡੀਉ ਲਾਹੌਰ ਤੋਂ ਪਹਿਲ ਪਲੱਕੜੇ ਸੁਣੇ ਉਨ੍ਹਾਂ ਦੇ ਗੀਤ ਚੇਤੇ ਆਏ।
ਕਾਹਨੂੰ ਦੂਰ ਦੂਰ ਰਹਿੰਦੇ ਓ ਹਜ਼ੂਰ ਮੇਰੇ ਕੋਲੋਂ।
ਸਾਨੂੰ ਦੱਸ ਦਿਉ ਹੋਇਆ ਕੀ ਕਸੂਰ ਮੇਰੇ ਕੋਲੋਂ।
ਛੱਲਾ ਤਾਂ ਵੱਖ ਵੱਖ ਦੋਹਾਂ ਭਰਾਵਾਂ ਗਾਇਆ ਹੋਇਆ ਸੀ। ਵੱਡੇ ਵੀਰ ਇਨਾਇਤ ਅਲੀ ਨੇ ਵੀ ਤੇ ਸ਼ੌਕਤ ਅਲੀ ਨੇ ਵੀ। ਦੋਵੇਂ ਕਮਾਲ ਸਨ। ਫਿਰ ਮੀਆਂ ਮੁਹੰਮਦ ਬਖ਼ਸ਼ ਸਾਹਿਬ ਦਾ ਕਲਾਮ ਸੁਣਦੇ ਰਹੇ।
ਸ਼ੌਕਤ ਅਲੀ ਦਾ ਸੰਗੀਤ ਸਾਡੇ ਮਨ ਦੇ ਖ਼ਾਲੀ ਕੋਨੇ ਭਰਦਾ ਸੀ। ਲੱਗਦਾ ਸੀ ਕਿ ਕੋਈ ਸੁਰਵੰਤਾ ਵਡਿੱਕਾ ਤੁਹਾਡੇ ਨਾਲ ਵਿਰਸੇ ਦਾੀ ਬਾਤ ਪਾ ਰਿਹਾ ਹੈ।
ਅੰਮ੍ਰਿਤਾ ਪ੍ਰੀਤਮ ਦਾ ਇੱਕ ਗੀਤ
ਵੇ ਮੈਂ ਤਿੜਕੇ ਘੜੇ ਦਾ ਪਾਣੀ
ਮੈਂ ਕੱਲ੍ਹ ਤੱਕ ਨਹੀਂ ਰਹਿਣਾ
ਵੀ ਸ਼ੌਕਤ ਭਾ ਜੀ ਨੇ ਕਮਾਲ ਗਾਇਆ। ਅੰਮ੍ਰਿਤਾ ਜੀ ਨੇ ਸ਼ੌਕਤ ਅਲੀ ਦੀ ਮੁਲਾਕਾਤ ਆਧਾਰਿਤ ਲੇਖ ਨਾਗਮਣੀ ਚ ਛਾਪਿਆ।
ਸ਼ਮਸ਼ੇਰ ਸਿੰਘ ਸੰਧੂ ਨੇ ਏਧਰ ਪਹਿਲੀ ਵਾਰ ਸੁਰ ਦਰਿਆਉਂ ਪਾਰ ਦੇ ਪੁਸਤਕ ਚ ਸ਼ੌਕਤ ਭਾ ਜੀ ਬਾਰੇ ਲੇਖ ਲਿਖਿਆ। ਫਿਰ ਇਕਬਾਲ ਮਾਹਲ ਜੀ ਦਾ ਲੇਖ ਆਰਸੀ ਮੈਗਜ਼ੀਨ ਚ ਪੜ੍ਹਿਆ। ਸੁਰਾਂ ਦੇ ਸੌਦਾਗਰ ਕਿਤਾਬ ਚ ਵੀ। ਹੋਰ ਵੀ ਆਪਣਾ ਆਪਣਾ ਲੱਗਣ ਲੱਗ ਪਿਆ ਵੱਡਾ ਵੀਰ। 1995-
1996 ਸੀ ਸ਼ਾਇਦ ਜਦ ਨੱਚਦੀ ਜਵਾਨੀ ਕਲਚਰਲ ਸੋਸਾਇਟੀ ਦੇ ਸਹਿਯੋਗ ਨਾਲ ਸ: ਹਰਨੇਕ ਸਿੰਘ ਘੜੂੰਆਂ ਤੇ ਬਾਕੀ ਦੋਸਤਾਂ ਰਲ਼ ਕੇ ਮੋਹਾਲੀ ਚ ਲੋਕ ਸੰਗੀਤ ਉਤਸਵ ਕੀਤਾ। ਉਨ੍ਹਾਂ ਦੇ ਬੁਲਾਵੇ ਤੇ ਇਨਾਇਤ ਹੁਸੈਨ ਭੱਟੀ, ਰੇਸ਼ਮਾਂ, ਸ਼ੌਰਤ ਅਲੀ, ਅਕਰਮ ਰਾਹੀ ਤੇ ਕਈ ਹੋਰ ਕਲਾਕਾਰ ਏਧਰ ਆਏ। ਸਭਨਾਂ ਨੂੰ ਇਕੱਠਿਆਂ ਵੇਖਣਾ ਕਰਾਮਾਤ ਤੋਂ ਘੱਟ ਨਹੀਂ ਸੀ।
ਅਟਾਰੀ ਰੇਲਵੇ ਸਟੇਸ਼ਨ ਤੇ ਸ: ਜਗਦੇਵ ਸਿੰਘ ਜੱਸੋਵਾਲ ਨਾਲ ਜਾ ਕੇ ਸਭਨਾਂ ਦਾ ਸਵਾਗਤ ਕੀਤਾ ਤੇਲ ਚੋ ਕੇ। ਗੁੜ ਨਾਲ ਮੂੰਹ ਜੁਠਾਲ ਕੇ।
ਸ਼ੌਕਤ ਅਲੀ ਭਾ ਜੀ ਸਾਡੇ ਵਾਲੀ ਕਾਰ ਚ ਬਹਿ ਗਏ। ਰੇਸ਼ਮਾਂ ਵੀ।
ਕਹਿਣ ਲੱਗੇ ਦਰਬਾਰ ਸਾਹਿਬ ਮੱਥਾ ਟੇਕ ਕੇ ਹੀ ਹੋਰ ਕੰਮ ਕਰਨੈ। ਬਾਕੀ ਕਲਾਕਾਰਾਂ ਨੇ ਵੀ ਇਹੀ ਮਿਥਿਆ ਹੋਇਆ ਸੀ। ਮਸ਼ਵਰਾ ਕਰਕੇ ਅਸੀਂ ਉਨ੍ਹਾਂ ਨੂੰ ਦਰਬਾਰ ਸਾਹਿਬ ਲੈ ਤੁਰੇ। ਉਸ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸੀ। ਸੰਗਤ ਬੇਸ਼ੁਮਾਰ ਸੀ। ਸ਼੍ਰੋਮਣੀ ਕਮੇਟੀ ਦੇ ਲੋਕ ਸੰਪਰਕ ਅਧਿਕਾਰੀ ਅਮਰਜੀਤ ਸਿੰਘ ਗਰੇਵਾਲ ਨੇ ਸਾਡੀ ਮਦਦ ਕੀਤੀ। ਜਲਦੀ ਮੱਥਾ ਟਿਕਵਾ ਦਿੱਤਾ। ਸੂਚਨਾ ਕੇਂਦਰ ਚ ਮੁੜੇ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਸਭਨਾਂ ਨੂੰ ਸਿਰੋਪਾਉ ਦੀ ਬਖ਼ਸ਼ਿਸ਼ ਕੀਤੀ ਗਈ। ਸ਼ਾਇਦ ਸ: ਕੁਲਵੰਤ ਸਿੰਘ ਰੰਧਾਵਾ ਸਕੱਤਰ ਸਨ।
ਰਾਮ ਬਾਗ ਕਲੱਬ ਚ ਸ: ਹਰਨੇਕ ਸਿੰਘ ਘੜੂੰਆਂ ਆਪਣੇ ਸਾਥੀ ਵਿਧਾਇਕਾਂ ਜਸਜੀਤ ਸਿੰਘ ਰੰਧਾਵਾ, ਪਰਮਿੰਦਰ ਸਿੰਘ ਰਾਜਾਸਾਂਸੀ ਤੇ ਸ: ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਆਪਣੇ ਵੱਡੇ ਵੀਰ ਸਮੇਤ ਇਨ੍ਹਾਂ ਨੂੰ ਉਡੀਕ ਰਹੇ ਰਹੇ ਸਨ।
ਮੋਹਾਲੀ ਸੰਗੀਤ ਉਤਸਵ ਚ ਵੀ ਨਾਲ ਹੀ ਰਹੇ।
ਦੂਜੀ ਮੁਲਾਕਾਤ 1997 ਚ ਹੋਈ ਜਦ ਮੈਂ ਆਪਣੀ ਜੀਵਨ ਸਾਥਣ ਸਮੇਤ ਪਹਿਲੀ ਵਾਰ ਜਥੇ ਚ ਪਾਕਿਸਤਾਨ ਗਿਆ। ਉਦੋਂ ਉਹ ਕ੍ਰਿਸ਼ਨ ਨਗਰ ਲਾਹੌਰ ਵਾਲੇ ਘਰ ਚ ਰਹਿੰਦੇ ਸਨ। ਅਸੀਂ ਵੀ ਆਪਣੇ ਮਿੱਤਰ ਜਸਵਿੰਦਰ ਸਿੰਘ ਬਲੀੱਏਵਾਲ ਸਮੇਤ ਭਾ ਜੀ ਰੀਤਿੰਦਰ ਸਿੰਘ ਭਿੰਡਰ ਦੇ ਸਬੰਧ ਵਾਲੇ ਵੀਰ ਅਸਲਮ ਖਾਨ ਲੋਧੀ ਸਾਹਿਬ ਦੇ ਘਰ ਠਹਿਰੇ ਹੋਏ ਸਾਂ।
ਮੈਂ ਸ਼ੌਕਤ ਅਲੀ ਭਾ ਜੀ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਤਾਂ ਅਸਲਮ ਭਾਈ ਸਾਹਿਬ ਨੇ ਫੋਨ ਕਰਕੇ ਸਮਾਂ ਨਿਸ਼ਚਤ ਕਰ ਦਿੱਤਾ।
ਅਸੀਂ ਦੋਵੇਂ ਜੀਅ ਤੇ ਬਲੀਏਵਾਲ ਸ਼ੌਕਤ ਭਾ ਜੀ ਦੇ ਬੂਹੇ ਤੇ ਜਾ ਟੱਲੀ ਖੜਕਾਈ। ਅਸਲਮ ਭਾਈ ਸਾਹਿਬ ਦਾ ਪੁੱਤਰ ਨਵੀਦ ਲੋਧੀ ਸਾਡੇ ਨਾਲ ਸੀ ਅਗਵਾਈ ਲਈ। ਹੁਣ ਉਹ ਪਾਕਿਸਤਾਨੀ ਪੰਜਾਬ ਦਾ ਸ਼ਾਇਦ ਹੜੱਪਾ ਤੋਂ ਵਿਧਾਇਕ ਹੈ।
ਸ਼ੌਕਤ ਅਲੀ ਭਾ ਜੀ ਦੀ ਬੇਗਮ ਨੇ ਬਰੂਹਾਂ ਤੇ ਤੇਲ ਚੋ ਕੇ ਸਾਡਾ ਸਵਾਗਤ ਕੀਤਾ। ਗੁੜ ਨਾਲ ਮੂੰਹ ਮਿੱਠਾ ਕਰਵਾਇਆ।
ਬਾਬੂ ਸਿੰਘ ਬੋਲੇ, ਸਤਿੰਦਰ ਚਾਰ ਮੁਸਲ ਮਾਨ ਵੀ ਗਿਣ ਲੈ। ਹਾਸੜ ਪੈ ਗਈ।
ਫਿਰ ਇੱਕ ਵਾਰੀ ਉਹ ਬਾਰਾਂ ਕੁ ਸਾਲ ਪਹਿਲਾਂ ਕਪੂਰਥਲਾ ਚ ਸ਼ਰਦ ਫੈਸਟੀਵਲ ਤੇ ਆਏ। ਹਰਭਜਨ ਮਾਨ ਤੇ ਭਗਵੰਤ ਮਾਨ ਨੇ ਇੱਛਾ ਜ਼ਾਹਰ ਕੀਤੀ ਕਿ ਸ਼ੌਕਤ ਭਾ ਜੀ ਨੂੰ ਲੁਧਿਆਣਾ ਚ ਗਿਣਵੇਂ ਚੁਣਵੇਂ ਸਰੋਤਿਆਂ ਨੂੰ ਸੁਣਾਈਏ। ਪ੍ਰਬੰਧ ਕਰਨਾ ਆਸਾਨ ਤਾਂ ਨਹੀਂ ਸੀ ਪਰ ਜੀ ਜੀ ਐੱਨ ਖਾਲਸਾ ਕਾਲਿਜ ਨੇ ਬਾਂਹ ਫੜੀ। ਡਾ: ਐੱਸ ਪੀ ਸਿੰਘ ਤੇ ਪ੍ਰੋ: ਪਿਰਥੀਪਾਲ ਸਿੰਘ ਕਪੂਰ ਜੀ ਨੇ ਸਰਪ੍ਰਸਤੀ ਕੀਤੀ। ਪ੍ਰੋ: ਗੁਣਵੰਤ ਸਿੰਘ ਦੂਆ ਨੇ ਜੀ ਜੀ ਐੱਨ ਆਈ ਐੱਮ ਟੀ ਵੱਲੋਂ ਖੜ੍ਹੇ ਪੈਰ ਪੂਰੇ ਪ੍ਰਬੰਧ ਕਰ ਦਿੱਤੇ। ਹਰਭਜਨ ਮਾਨ ਤੇ ਭਗਵੰਤ ਨੇ ਕੁਰਸੀਆਂ ਤੇ ਬਹਿਣ ਦੀ ਥਾਂ ਭੁੰਜੇ ਚੌਕੜਾ ਮਾਰ ਕੇ ਸਾਰਾ ਪ੍ਰੋਗਰਾਮ ਸੁਣਿਆ। ਤੁਰਨ ਲੱਗਿਆਂ ਦੋ ਲੱਖ ਰੁਪਏ ਦੀ ਰਾਸ਼ੀ ਵੀ ਦਰਸ਼ਨ ਭੇਂਟ ਕੀਤੀ ਦੋਹਾਂ ਨੇ।
ਫਿਰ ਮੇਰੇ ਪੁੱਤਰ ਪੁਨੀਤ ਦੇ ਵਿਆਹ ਤੇ ਆਉਣ ਦਾ ਪੱਕਾ ਵਿਚਾਰ ਸੀ ਉਨ੍ਹਾਂ ਦਾ ਪਰ ਸਿਹਤ ਵਿਗੜਨ ਕਰਕੇ ਨਾ ਆ ਸਕੇ। ਪੁਨੀਤ ਲਈ ਲਾਹੌਰੀ ਕੁਰਤਾ ਸਲਵਾਰ ਭੇਜਿਆ ਉਨ੍ਹਾਂ।
ਫਿਰ ਆਸ ਬੱਝੀ ਕਿ ਮੁੜ ਮਿਲਾਂਗੇ। ਇਕਬਾਲ ਮਾਹਲ ਜੀ ਨੇ ਸੱਦਾ ਭੇਜਿਆ ਸੀ ਗੁਰੂ ਨਾਨਕ ਨੈਸ਼ਨਲ ਕਾਲਿਜ ਦੋਰਾਹਾ ਚ ਸਰਦਾਰਨੀ ਭਗਵੰਤ ਕੌਰ ਯਾਦਗਾਰੀ ਸਮਾਗਮ ਲਈ। ਇਕਬਾਲ ਤੇ ਸ਼ੌਕਤ ਭਾਈ ਸਾਹਿਬ ਦੋਵੇਂ ਸਕੇ ਭਰਾਵਾਂ ਤੋਂ ਵੱਧ ਸਨ। ਪਰ ਵੀਜ਼ਾ ਨਾ ਮਿਲਿਆ। ਅਸੀਂ ਹਾਉਕੇ ਭਰਦੇ ਰਹਿ ਗਏ। ਹਰਭਜਨ ਮਾਨ ਨੇ ਮੌਕਾ ਸਾਂਭਿਆ।
ਫਿਰ 2014 ਚ ਜਨਾਬ ਫ਼ਖ਼ਰ ਜ਼ਮਾਂ ਤੇ ਡਾ: ਦੀਪਕ ਮਨਮੋਹਨ ਵੱਲੋਂ ਕਰਵਾਈ ਲਾਹੌਰ ਵਿਸ਼ਵ ਅਮਨ ਕਾਨਫਰੰਸ ਦੌਰਾਨ ਜਦ ਭਾ ਜੀ ਉਜਾਗਰ ਸਿੰਘ ਕੰਵਲ,ਸਹਿਜਪ੍ਰੀਤ ਸਿੰਘ ਮਾਂਗਟ ਸਮੇਤ ਮੈਂ ਉਥੇ ਗਿਆ ਤਾਂ ਆਪਣੇ ਪੁੱਤਰ ਇਮਰਾਨ ਸਮੇਤ ਮੈਨੂੰ ਪਾਕ ਹੈਰੀਟੇਜ ਹੋਟਲ ਚ ਮਿਲਣ ਆ ਗਏ।
ਆਖਰੀ ਗੱਲ ਹੋਈ ਕੋਈ ਛੇ ਕੁ ਮਹੀਨੇ ਪਹਿਲਾਂ। ਡਾ: ਸੁਗਰਾ ਸੱਦਫ ਨੇ ਪੰਜਾਬ ਇੰਸਟੀਚਿਉਟ ਆਫ ਲੈਂਗੁਏਜ ਐਂਡ ਕਲਚਰ ਵੱਲੋਂ ਆਲਮ ਲੋਹਾਰ ਸਾਹਿਬ ਤੇ ਮੀਆਂ ਮੁਹੰਮਦ ਬਖ਼ਸ਼ ਸਾਹਿਬ ਬਾਰੇ ਦੋ ਔਨਲਾਈਨ ਸਮਾਗਮ ਕੀਤੇ। ਅਸੀਂ ਦੋਵੇਂ ਦੋਹਾਂ ਚ ਸ਼ਾਮਿਲ ਸਾਂ। ਬਹੁਤ ਗੱਲਾਂ ਕੀਤੀਆਂ। ਉਨ੍ਹਾਂ ਦੱਸਿਆ ਕਿ ਮੇਰੇ ਸਹੁਰਾ ਸਾਹਿਬ ਨੇ ਹੀ ਆਲਮ ਲੋਹਾਰ ਨੂੰ ਚਿਮਟੇ ਨਾਲ ਗਾਉਣ ਲਾਇਆ ਸੀ, ਪਹਿਲਾਂ ਤੂੰਬਾ ਵਜਾਉਂਦਾ ਸੀ। ਦੋਹਾਂ ਦੀ ਇਕੱਠੀ ਰੀਕਾਰਡਿੰਗ ਵੀ ਉਨ੍ਹਾਂ ਮੈਨੂੰ ਵਟਸਐਪ ਤੇ ਭੇਜੀ।
ਫਿਰ ਚੋਖੇ ਢਿੱਲੇ ਹੋ ਗਏ। ਗੁਰਦਿਆਂ ਦੇ ਰੋਗ ਕਾਰਨ ਬਹੁਤੇ ਨਿਢਾਲ ਹੋ ਗਏ। ਪੁੱਤਰ ਇਮਰਾਨ ਦਾ ਫੋਨ ਆਇਆ ਕਿ ਅੱਬਾ ਜੀ ਯਾਦ ਕਰਦੇ ਨੇ। ਗੱਲ ਕਰਨ ਪਰ ਹੋਵੇ ਨਾ। ਇਲਾਜ ਲਈ ਸਿੰਧ ਸਰਕਾਰ ਲੈ ਗਈ। ਫਿਰ ਪੰਜਾਬ ਸਰਕਾਰ ਨੇ ਜ਼ਿੰਮਾ ਲੈ ਲਿਆ। ਮਿਲਟਰੀ ਹਸਪਤਾਲ ਚ ਇਲਾਜ ਚੱਲਿਆ ਪਰ ਹੁਣ ਮੌਤ ਜਿੱਤ ਗਈ, ਜ਼ਿੰਦਗੀ ਹਾਰ ਗਈ। ਵੱਡਾ ਗਾਇਕ ਸੀ ਤੇ ਉਸ ਤੋਂ ਵੀ ਵੱਡਾ ਬੰਦਾ ਸੀ। ਲੋਕ ਗਾਇਕ ਸੁਰਿੰਦਰ ਸ਼ਿੰਦਾ ਨੂੰ ਨਿੱਕਾ ਵੀਰ ਕਹਿ ਕੇ ਪਿਆਰ ਦਿੰਦਾ।
ਸ਼ੌਕਤ ਅਲੀ ਭਾ ਜੀ ਦੇ ਜਾਣ ਤੇ ਮਨਗੁੰਮ ਜਿਹਾ ਹੋ ਗਿਐ। ਯਾਦਾਂ ਬਹੁਤ ਨੇ। ਏਨੀਆਂ ਕੁ ਪ੍ਰਵਾਨ ਕਰੋ ਹਾਲ ਦੀ ਘੜੀ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.