ਭੂਆ ਤੇ ਮਾਂ ਸਿਵਿਆਂ ਵਾਲੇ ਨਲਕੇ ਤੋਂ ਘੜੇ ਭਰ ਭਰ ਪਾਣੀ ਢੋਂਦੀਆਂ ਸਨ। ਅਸੀਂ ਨਿਆਣੇ ਵੀ ਨਾਲ ਨਾਲ ਤੁਰ ਪੈਂਦੇ ਸਾਂ। ਸਾਰਾ ਪਿੰਡ ਉਥੋਂ ਹੀ ਪਾਣੀ ਭਰਦਾ ਸੀ। ਜਿੱਦਣ ਸਿਵਿਆਂ ਵਿਚ ਕੋਈ ਸਿਵਾ ਮੱਚ ਰਿਹਾ ਹੁੰਦਾ, ਔਰਤਾਂ ਮਰਨ ਵਾਲੇ ਦੀਆਂ ਗੱਲਾਂ ਕਰਨ ਲਗਦੀਆਂ ਪਰ ਮੱਚ ਰਹੇ ਸਿਵੇ ਵੱਲ ਨਾ ਝਾਕਦੀਆਂ।
ਸਾਡੇ ਚੌਂਕੇ ਨੇੜੇ ਪੰਜ ਛੇ ਘੜੇ ਪਾਣੀ ਦੇ ਭਰੇ ਪਏ ਰਹਿੰਦੇ। ਘਰ ਦੀ ਖੂਹੀ ਦਾ ਪਾਣੀ ਖਾਰਾ ਸੀ। ਏਹ ਪਸੂਆਂ ਨੂੰ ਪਿਲਾਉਣ, ਨਹਾਉਣ ਜਾਂ ਭਾਂਡੇ ਟੀਂਡੇ ਧੋਣ ਵਾਸਤੇ ਵਰਤਿਆ ਜਾਂਦਾ। ਘੜਿਆਂ ਉਤੇ ਪਿੱਤਲ ਦੀਆਂ ਗੜਬੀਆਂ ਟਿਕੀਆਂ ਰਹਿੰਦੀਆਂ। ਹਰ ਕੋਈ ਓਕ ਲਾਕੇ ਪਾਣੀ ਪੀਂਦਾ। ਗਲਾਸ ਜੂਠਾ ਕੋਈ ਕੋਈ ਕਰਦਾ,ਕਿਸੇ ਪ੍ਰਾਹੁਣੇ ਧਰਾਹੁਣੇ ਆਏ ਤੋਂ ਗਲਾਸ ਟਾਣ ਤੋਂ ਉਤਰਦੇ।
ਘੜਿਆਂ ਦਾ ਪਾਣੀ ਠੰਢਾ ਠਾਰ, ਸ਼ੀਤਲ ਤੇ ਅੰਤਾਂ ਦਾ ਮਿੱਠਾ ਹੁੰਦਾ। ਗਰਮੀਆਂ ਦੇ ਦਿਨਾਂ ਵਿੱਚ ਬੋਰੀਆਂ ਗਿੱਲੀਆਂ ਕਰਕੇ ਬੁੜੀਆਂ ਘੜਿਆਂ ਦੁਆਲੇ ਵਲ ਦਿੰਦੀਆਂ ਤਾਂ ਪਾਣੀ ਵਿਚ ਹੋਰ ਵੀ ਠਾਰੀ ਆ ਜਾਂਦੀ।
ਵੇੰਹਦਿਆਂ ਵੇਂਹਦਿਆਂ ਵਾਟਰ ਵਰਕਸ ਲੱਗਣ ਲੱਗੇ। ਗਲੀਆਂ ਵਿਚ ਸਾਂਝੀਆਂ ਟੂਟੀਆਂ ਲੱਗ ਗਈਆਂ। ਫਿਰ ਟੂਟੀਆਂ ਘਰਾਂ ਅੰਦਰ ਵੜੀਆਂ। ਆਰ ਓ ਆ ਗੇ। ਫਿਲਟਰ ਆ ਗੇ। ਘੜੇ ਲਾਵਾਰਿਸ ਹੋ ਗਏ।
***
ਤੰਦੂਰ ਉਤੇ ਪਿਆ ਘੜਾ ਜਿਵੇਂ ਕਹਿ ਰਿਹਾ ਹੈ ਕਿ ਮੈਂ ਸਾਰੇ ਟੱਬਰ ਨੂੰ ਠੰਢਾ ਮਿੱਠਾ ਜਲ ਪਿਲਾਉਂਦਾ ਰਿਹਾ ਸਾਂ। ਤੰਦੂਰ ਦੇ ਤਪ ਹਟਣ ਬਾਅਦ ਤੰਦੂਰ ਨੂੰ ਮੀਂਹ ਕਣੀਂ ਤੋਂ ਬਚਾਉਣ ਵਾਸਤੇ ਹੁਣ ਮੈਨੂੰ ਖਾਹ ਮਖਾਹ ਤਪਣਾ ਪੈਂਦਾ ਹੈ। ਇਹੋ ਸੇਵਾ ਮਿਲੀ ਹੈ ਮੈਨੂੰ, ਠੰਢਾ ਪਾਣੀ ਪਿਲਾਉਣ ਦੀ? ਤੰਦੂਰ ਉਤੇ ਤਪਿਆ ਪਿਆ ਘੜਾ ਸਵਾਲ ਕਰਦਾ ਜਾਪਦਾ ਹੈ। ਤਪਦਾ ਤਪਦਾ ਇਕ ਦਿਨ ਤਿੜਕ ਜਾਏਗਾ ਏਹ ਘੜਾ, ਬਿਲਕੁਲ ਉਵੇਂ, ਜਿਵੇਂ ਮਨੁੱਖੀ ਜੀਵਨ!!
-
ਨਿੰਦਰ ਘੁਗਿਆਣਵੀ, ਲੇਖਕ
ninder_ghugianvi@yahoo.com
na
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.