ਆਂਤ ਦਾ ਰੋਗ-ਸੰਗ੍ਰਹਿਣੀ (Ulcerative Colitis)- ਕਾਰਨ, ਲੱਛਣ ਤੇ ਇਲਾਜ…..ਡਾ. ਪਰਵਿੰਦਰ ਸਿੰਘ, ਕੈਨੇਡਾ
ਸੰਗ੍ਰਹਿਣੀ (ਸੰਗ - ਰਹਿਣੀ) ਵੱਡੀ ਆਂਤ ਦੀ ਬਿਮਾਰੀ ਹੈ ਜਿਸ ਵਿਚ ਵੱਡੀ ਆਂਤ ਵਿਚ ਸੋਜਸ਼ ਤੇ ਜ਼ਖਮ ਹੋ ਜਾਂਦੇ ਹਨ l ਜਿਵੇਂ ਕਿ ਇਸ ਦਾ ਨਾਂ ਹੈ ਇਹ ਬਿਮਾਰੀ ਜੇ ਇੱਕ ਵਾਰ ਹੋ ਜਾਵੇ ਤਾਂ ਸਾਰੀ ਉਮਰ ਹੀ ਮਰੀਜ਼ ਦੇ ਸੰਗ ਰਹਿੰਦੀ ਹੈ l ਵੱਡੀ ਆਂਤ ਦਾ ਕੰਮ ਪਖਾਨੇ ਵਿਚੋਂ ਪਾਣੀ ਤੇ ਖਣਿਜ ਪਦਾਰਥਾਂ ਨੂੰ ਜ਼ਜ਼ਬ ਕਰਨਾ ਹੈ l ਇਸ ਸੋਜਸ਼ ਕਾਰਨ ਵੱਡੀ ਆਂਤ ਦੀ ਅੰਦਰਲੀ ਝਿੱਲੀ ਖਰਾਬ ਹੋ ਜਾਂਦੀ ਹੈ, ਜਿਸ ਨਾਲ ਪਖਾਨੇ ਨਾਲ ਖੂਨ, ਪਸ, ਪਤਲੀ ਟੱਟੀ ਜਾਂ ਪੇਟ ਵਿਚ ਦਰਦ ਹੋ ਸਕਦਾ ਹੈ l ਸੰਗ੍ਰਹਿਣੀ ਕੈਨੇਡਾ ਵਿੱਚ ਕਾਫੀ ਆਮ ਹੈ l ਇੱਕ ਅਨੁਮਾਨ ਮੁਤਾਬਿਕ ਕੈਨੇਡਾ ਵਿੱਚ ਲਗਪਗ ਸਵਾ ਕੁ ਲੱਖ ਲੋਕ ਇਸ ਬਿਮਾਰੀ ਤੋਂ ਪੀੜਤ ਹਨ ਅਤੇ ਅਗਲੇ 10 ਸਾਲ ਵਿੱਚ ਇਹ ਨੰਬਰ ਦੁੱਗਣਾ ਹੋ ਸਕਦਾ ਹੈ l
ਕਾਰਨ
ਇਸ ਦੇ ਕਾਰਨਾਂ ਦਾ ਅਜੇ ਤੱਕ ਪੱਕੇ ਤਰੀਕੇ ਨਾਲ ਪਤਾ ਨਹੀਂ ਲਗ ਸਕਿਆ l ਸਾਡੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਕਰਕੇ ਸਾਡਾ ਸਰੀਰ ਬੈਕਟੀਰੀਆ, ਇਨਫੈਕਸ਼ਨ, ਕੀਟਾਣੂਆਂ ਅਤੇ ਹੋਰ ਤੱਤਾਂ ਤੋਂ ਜੋ ਕਿ ਸਰੀਰ ਲਈ ਹਾਨੀਕਾਰਕ ਹੁੰਦੇ ਹਨ, ਨਾਲ ਲੜਦਾ ਹੈ ਅਤੇ ਉਨ੍ਹਾਂ ਤੋਂ ਬਚਿਆ ਰਹਿੰਦਾ ਹੈ l ਜਿਨ੍ਹਾ ਮਰੀਜ਼ਾਂ ਨੂੰ ਸੰਗ੍ਰਹਿਣੀ ਹੈ ਉਨ੍ਹਾਂ ਦੇ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸ਼ਕਤੀ ਠੀਕ ਤਰੀਕੇ ਨਾਲ ਕੰਮ ਨਹੀਂ ਕਰਦੀ ਜਿਸ ਕਰਕੇ ਇਹ ਬਿਮਾਰੀ ਹੋਣ ਦੀ ਸੰਭਾਵਨਾ ਹੁੰਦੀ ਹੈ l ਸੰਗ੍ਰਹਿਣੀ ਕਈ ਵਾਰ ਕਈ ਪਰਿਵਾਰਾਂ ਵਿਚ ਵੀ ਹੰੁਦੀ ਹੈ ਅਤੇ ਉਸ ਬਿਮਾਰੀ ਨਾਲ ਉਸ ਪਰਿਵਾਰ ਦੇ ਕਈ ਬੰਦੇ ਪੀੜਤ ਹੁੰਦੇ ਹਨ l ਚਾਹੇ ਭੋਜਨ ਨਾਲ ਸੰਗ੍ਰਹਿਣੀ ਨਹੀਂ ਹੁੰਦੀ ਲੇਕਿਨ ਕਈ ਭੋਜਨ ਪਦਾਰਥ ਇਸ ਦੇ ਲੱਛਣਾਂ ਨੂੰ ਵਧਾ ਸਕਦੇ ਹਨ l ਇਸ ਤੋਂ ਇਲਾਵਾ ਅੱਜਕੱਲ ਜ਼ਿਆਦਾ ਭੱਜ ਦੌੜ ਅਤੇ ਤਨਾਅ ਵਾਲੀ ਜ਼ਿੰਦਗੀ ਕਾਰਨ ਇਸ ਬਿਮਾਰੀ ਦੇ ਲੱਛਣ ਵੱਧ ਜਾਂਦੇ ਹਨ l
ਇਹ ਕਿਨ੍ਹਾਂ ਵਿਚ ਹੋ ਸਕਦੀ ਹੈ
ਚਾਹੇ ਇਹ ਕਿਸੀ ਉਮਰ ਦੇ ਵਿਅਕਤੀ ਨੂੰ ਹੋ ਸਕਦੀ ਹੈ ਲੇਕਿਨ ਜ਼ਿਆਦਾਤਰ ਇਹ 15 ਤੋਂ 30 ਸਾਲ ਦੇ ਲੋਕਾਂ ਵਿਚ ਜ਼ਿਆਦਾ ਹੁੰਦੀ ਹੈ ਅਤੇ 60 ਸਾਲ ਤੋਂ ਬਾਅਦ ਇਸ ਦੇ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ l ਜਿਸ ਪਰਿਵਾਰ ਵਿਚ ਸੰਗ੍ਰਹਿਣੀ ਦੇ ਮਰੀਜ਼ ਹੋਣ ਉਨ੍ਹਾਂ ਵਿਚ ਇਸ ਦੇ ਹੋਣ ਦੀ ਸੰਭਾਵਨਾ ਕਾਫੀ ਜ਼ਿਆਦਾ ਹੁੰਦੀ ਹੈ l
ਲੱਛਣ
ਇਸ ਦੇ ਪ੍ਰਮੁੱਖ ਲੱਛਣ ਪਖਾਨੇ ਵਿਚ ਖੂਨ ਜਾਂ ਪੱਸ ਦਾ ਹੋਣਾ ਹੈ ਜਾਂ ਪੇਟ ਵਿਚ ਦਰਦ ਹੁੰਦਾ ਹੈੇ l ਇਸ ਤੋਂ ਇਲਾਵਾ ਹੇਠ ਲਿਖੇ ਲੱਛਣ ਹੋ ਸਕਦੇ ਹਨ l
• ਖੂਨ ਦਾ ਘੱਟਣਾ (ਅਨੀਮੀਆ)
• ਜਲਦੀ ਥਕਾਵਟ ਦਾ ਹੋਣਾ
• ਬੁਖਾਰ
• ਦਿਲ ਕੱਚਾ ਹੋਣਾ
• ਭਾਰ ਦਾ ਘੱਟਣਾ
• ਭੁੱਖ ਦਾ ਘੱਟਣਾ
• ਸਰੀਰ ਵਿਚੋਂ ਪਾਣੀ ਅਤੇ ਖਣਿਜ ਪਦਾਰਥਾਂ ਦਾ ਘੱਟਣਾ
• ਚਮੜੀ ਤੇ ਜ਼ਖਮ ਹੋਣਾ
• ਬੱਚਿਆਂ ਵਿੱਚ ਇਸ ਦੇ ਹੋਣ ਤੇ ਬੱਚਿਆਂ ਦਾ ਵਾਧਾ ਰੁੱਕਣਾ
ਜ਼ਿਆਦਾਤਰ ਲੋਕਾਂ ਨੂੰ ਇਨ੍ਹਾਂ ਵਿਚੋਂ ਕੁੱਝ ਇੱਕ ਲੱਛਣ ਹੀ ਹੁੰਦੇ ਹਨ l ਅੰਦਾਜ਼ਨ 10 % ਲੋਕਾਂ ਨੂੰ ਕਾਫੀ ਜ਼ਿਆਦਾ ਲੱਛਣ ਹੁੰਦੇ ਹਨ l ਜਿਵੇਂ ਕਾਫੀ ਬੁਖਾਰ ਦਾ ਆਉਣਾ, ਪਖਾਨੇ ਵਿਚ ਬਹੁਤ ਜ਼ਿਆਦਾ ਖੂਨ ਦਾ ਆਉਣਾ l ਸੰਗ੍ਰਹਿਣੀ ਕਰਕੇ ਜੋੜਾਂ ਵਿਚ ਦਰਦ, ਅੱਖਾਂ ਵਿਚ ਖਾਰਸ਼, ਗੁਰਦੇ ਦੀ ਪੱਥਰੀ, ਜਿਗਰ ਦਾ ਕਮਜ਼ੋਰ ਹੋਣਾ, ਹੱਡੀਆਂ ਦਾ ਕਮਜ਼ੋਰ ਹੋਣਾ ਆਦਿਕ ਅਲਾਮਤਾਂ ਵੀ ਹੋ ਸਕਦੀਆਂ ਹਨ l
ਇਸ ਤੋਂ ਇਲਾਵਾ ਇਹ ਵੀ ਨਿਰਭਰ ਕਰਦਾ ਹੈ ਕਿ ਸੋਜਸ਼ ਵੱਡੀ ਆਂਤ ਦੇ ਕਿਤਨੇ ਹਿੱਸੇ ਵਿਚ ਹੋਈ ਹੈ l
ਅਲਸਰੇਟਿਵ ਪਰੋਕਟਾਈਟਸ (Ulcerative Proctitis)
ਇਸ ਵਿਚ ਸੋਜਸ਼ ਵੱਡੀ ਆਂਤ ਦੇ ਸਭ ਤੋਂ ਨਿਚਲੇ ਹਿੱਸੇ ਭਾਵ ਪਖਾਨੇ ਦੇ ਰਸਤੇ ਦੇ ਕੋਲ ਹੀ ਹੁੰਦੀ ਹੈ l ਬਾਕੀ ਸਾਰੀ ਵੱਡੀ ਆਂਤ ਠੀਕ ਹੁੰਦੀ ਹੈ l ਇਸ ਵਿਚ ਮਰੀਜ਼ ਦੀ ਲੈਟਰੀਨ ਵਿੱਚ ਸਿਰਫ ਖੂਨ ਆਉੰਦਾ ਹੈ l ਕੁੱਝ ਇੱਕ ਲੋਕਾਂ ਨੂੰ ਲੈਟਰੀਨ ਦੇ ਰਸਤੇ ਤੇ ਦਰਦ ਅਤੇ ਪਖਾਨਾ ਲਗਾਤਾਰ ਹਾਜਤ ਰਹਿਣ ਦੀ ਤਕਲੀਫ ਰਹਿ ਸਕਦੀ ਹੈ l ਇਹ ਸਭ ਤੋਂ ਹਲਕੀ ਕਿਸਮ ਦੀ ਸੰਗ੍ਰਹਿਣੀ ਹੈ l
ਪਰੋਕਟੋਸਿਗਮੋਡਾਈਟਸ (Proctosigmoidits)
ਇਸ ਵਿਚ ਵੱਡੀ ਆਂਤ ਦਾ ਨੀਚੇ ਦਾ ਲਗਪਗ ਡੇਢ ਤੋਂ ਦੋ ਫੁੱਟ ਤੱਕ ਖਰਾਬ ਹੁੰਦੀ ਹੈ l ਇਸ ਤਰ੍ਹਾਂ ਦੀ ਸੰਗ੍ਰਹਿਣੀ ਵਿਚ ਲੈਟਰੀਨ ਵਿਚ ਖੂਨ ਆਉਣਾ, ਪੇਟ ਵਿਚ ਮਰੋੜ ਪੈਣੇ ਤੇ ਦਰਦ ਹੋਣਾ ਅਤੇ ਬੰਦੇ ਨੂੰ ਟੱਟੀ ਦੀ ਵਾਰ ਵਾਰ ਹਾਜਤ ਹੁੰਦੀ ਹੈ l
ਖੱਬੇ ਪਾਸੇ ਦੀ ਆਂਤ ਦੀ ਸੋਜਸ਼ (Left Sided Colitis)
ਇਸ ਵਿਚ ਲੈਟਰੀਨ ਵਿਚ ਖੂਨ ਆਉਣ ਤੋਂ ਇਲਾਵਾ ਪੇਟ ਵਿਚ ਦਰਦ ਹੋਣਾ, ਸਰੀਰ ਦਾ ਭਾਰ ਘਟਣਾ ਆਦਿ ਲੱਛਣ ਹੁੰਦੇ ਹਨ l ਇਸ ਵਿਚ ਸੋਜਸ਼ ਤੇ ਜਖਮ ਵੱਡੀ ਆਂਤ ਦੇ ਖੱਬੇ ਵਾਲੇ ਪਾਸੇ (Descending Colon) ਵਿੱਚ ਹੁੰਦੀ ਹੈ l
ਪੂਰੀ ਵੱਡੀ ਆਂਤ ਦੀ ਸੋਜਸ਼ ( Pan Colitis)
ਇਸ ਵਿਚ ਸਾਰੀ ਦੀ ਸਾਰੀ ਵੱਡੀ ਆਂਤ ਵਿਚ ਸੋਜਸ਼ ਤੇ ਜ਼ਖਮ ਹੁੰਦੇ ਹਨ, ਜਿਸ ਨਾਲ ਖੂਨ ਵਾਲੀ ਟੱਟੀ, ਪੇਟ ਵਿਚ ਮਰੋੜ ਪੈਣਾ, ਭਾਰ ਦਾ ਘੱਟਣਾ ਅਤੇ ਸਾਰਾ ਦਿਨ ਥਕਾਵਟ ਰਹਿਣੀ ਆਦਿਕ ਲੱਛਣ ਰਹਿੰਦੇ ਹਨ
ਬਹੁਤ ਜ਼ਿਆਦਾ ਸੋਜਸ਼ ਹੋਣੀ (Fulminant Colitis)
ਇਸ ਵਿਚ ਸਾਰੀ ਵੱਡੀ ਆਂਤ ਵਿਚ ਸੋਜਸ਼ ਹੁੰਦੀ ਹੈ ਅਤੇ ਪੇਟ ਵਿਚ ਬਹੁਤ ਜ਼ਿਆਦਾ ਦਰਦ ਹੁੰਦਾ ਹੈ l ਕਾਫੀ ਮਾਤਰਾ ਵਿਚ ਜੁਲਾਬ ਲਗਦੇ ਹਨ l ਮਰੀਜ਼ ਦੇ ਸਰੀਰ ਵਿਚੋਂ ਪਾਣੀ ਦੀ ਘਾਟ ਹੋ ਜਾਂਦੀ ਹੈ ਅਤੇ ਮਰੀਜ਼ ਦਾ ਬਲੱਡ ਪ੍ਰੈਸ਼ਰ ਵੀ ਕਾਫੀ ਘੱਟ ਜਾਂਦਾ ਹੈ l ਇਹ ਇੱਕ ਐਮਰਜੰਸੀ ਹੈ ਤੇ ਮਰੀਜ਼ ਦੀ ਵੱਡੀ ਆਂਤ ਫੱਟ ਵੀ ਸਕਦੀ ਹੈ ਅਤੇ ਪੇਟ ਵਿਚ ਜ਼ਹਿਰ ਫੈਲ੍ਹ ਸਕਦਾ ਹੈ l
ਉਲਝਣਾਂ –
ਇਸ ਬਿਮਾਰੀ ਦੀਆਂ ਕਈ ਉਲਝਣਾਂ (Complications) ਹੋ ਸਕਦੀਆਂ ਹਨ ਜੋ ਕਿ ਇਸ ਪ੍ਰਕਾਰ ਹਨ l
• ਅੰਤੜੀ ਦੇ ਰਸਤੇ ਖੂਨ ਦਾ ਰਿਸਾਅ
• ਸਰੀਰ ਵਿਚ ਪਾਣੀ ਦੀ ਘਾਟ ਦਾ ਹੋਣਾ
• ਵੱਡੀ ਆਂਤ ਦਾ ਫੱਟ ਜਾਣਾ
• ਜਿਗਰ ਦਾ ਖਰਾਬ ਹੋਣਾ
• ਗੁਰਦੇ ਦੀ ਪੱਥਰੀ
• ਹੱਡੀਆਂ ਦਾ ਕਮਜ਼ੋਰ ਹੋਣਾ
• ਜੋੜਾਂ ਦੀ ਸੋਜਸ਼ ਤੇ ਉਨ੍ਹਾਂ ਵਿਚ ਦਰਦ ਦਾ ਰਹਿਣਾ
• ਚਮੜੀ ਤੇ ਜ਼ਖਮਾਂ ਦਾ ਹੋਣਾ
• ਵੱਡੀ ਆਂਤ ਵਿਚ ਕੈਂਸਰ ਦਾ ਹੋਣਾ
• ਵੱਡੀ ਆਂਤ ਦਾ ਫੁੱਲਣਾ ਅਤੇ ਫਟਣਾ ਅਤੇ ਸਰੀਰ ਵਿਚ ਜ਼ਹਿਰ ਦਾ ਫੈਲਣਾ
ਰੋਗ ਨਿਦਾਨ
ਸਭ ਤੋਂ ਪਹਿਲਾਂ ਖੂਨ ਦਾ ਟੈੱਸਟ ਕੀਤਾ ਜਾਂਦਾ ਹੈ ਕਿ ਅਨੀਮੀਆ ਹੈ ਜਾਂ ਨਹੀਂ ਅਤੇ ਇਸ ਤੋਂ ਇਲਾਵਾ ਖੂਨ ਦੇ ਹੋਰ ਟੈੱਸਟ ਵੀ ਕੀਤੇ ਜਾਂਦੇ ਹਨ l ਜਿਗਰ ਦੇ ਟੈੱਸਟ ਵੀ ਕੀਤੇ ਜਾਂਦੇ ਹਨ ਕਿ ਜਿਗਰ ਖਰਾਬ ਤਾਂ ਨਹੀਂ ਹੋ ਰਿਹਾ l ਪਖਾਨੇ ਦਾ ਵੀ ਟੈੱਸਟ ਵੀ ਕੀਤਾ ਜਾਂਦਾ ਹੈ ਕਿ ਟੱਟੀ ਵਿਚ ਖੂਨ ਆਉਣ ਦਾ ਕਾਰਨ ਕੁੱਝ ਹੋਰ ਤਾਂ ਨਹੀਂ l
ਇਸ ਦਾ ਸਭ ਤੋਂ ਪੱਕਾ ਟੈੱਸਟ ਐਂਡੋਸਕੋਪੀ ਹੈ l ਜਿਸ ਵਿਚ ਵੱਡੀ ਆਂਤ ਵਿਚ ਇੱਕ ਦੂਰਬੀਨ (Colonoscope) ਪਾ ਕੇ ਦੇਖਿਆ ਜਾਂਦਾ ਹੈ ਕਿ ਅੰਦਰ ਜ਼ਖਮ ਜਾਂ ਸੋਜਸ਼ ਹੈ ਕਿ ਨਹੀਂ ਅਤੇ ਫਿਰ ਇਨ੍ਹਾਂ ਜ਼ਖਮਾਂ ਤੋਂ ਇੱਕ ਪੀਸ ਲਿਆ ਜਾਂਦਾ ਹੈ ਅਤੇ ਉਸ ਨੂੰ ਮਾਈਕਰੋਸਕੋਪ ਨੀਚੇ ਦੇਖਿਆ ਜਾਂਦਾ ਹੈ ਕਿ ਇਹ ਬਿਮਾਰੀ ਹੈ ਕਿ ਨਹੀਂ l ਇਸ ਤੋਂ ਇਲਾਵਾ ਇਹੋ ਜਿਹੇ ਲੱਛਣ ਵੱਡੀ ਆਂਤ ਦੇ ਕੈਂਸਰ ਵਿਚ ਵੀ ਹੋ ਸਕਦੇ ਹਨ ਅਤੇ ਐਂਡੋਸਕੋਪੀ ਨਾਲ ਇਹ ਵੀ ਦੇਖ ਲਿਆ ਜਾਂਦਾ ਹੈ l ਸੰਗ੍ਰਹਿਣੀ ਵੱਡੀ ਆਂਤ ਦੇ ਕੁੱਝ ਇੱਕ ਹਿੱਸੇ ਵਿੱਚ ਹੋ ਸਕਦੀ ਹੈ ਅਤੇ ਪੂਰੀ ਆਂਤ ਵਿੱਚ ਵੀ ਹੋ ਸਕਦੀ ਹੈ ਅਤੇ ਇਸ ਦਾ ਪਤਾ ਐਂਡੋਸਕੋਪੀ ਨਾਲ ਹੀ ਲਗਦਾ ਹੈ l
ਇਲਾਜ
ਇਸ ਦੇ ਇਲਾਜ ਦਾ ਮੰਤਵ ਵੱਡੀ ਆਂਤ ਵਿਚ ਸੋਜਸ਼ ਨੂੰ ਘਟਾਉਣਾ ਹੈ l ਇਸ ਦਾ ਇਲਾਜ ਦੋ ਤਰੀਕਿਆਂ ਨਾਲ ਹੋ ਸਕਦਾ ਹੈ l ਦਵਾਈਆਂ ਨਾਲ ਅਤੇ ਆਪਰੇਸ਼ਨ ਨਾਲ l ਦਵਾਈਆਂ ਨਾਲ ਮਰੀਜ਼ ਨੂੰ ਲੱਛਣਾਂ ਤੋਂ ਨਿਜਾਤ ਮਿਲਦੀ ਹੈ ਲੇਕਿਨ ਬਿਮਾਰੀ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੀ ਅਤੇ ਇਹ ਕੁੱਝ ਇੱਕ ਸਮੇਂ ਲਈ ਦੱਬ ਜਾਂਦੀ ਹੈ l ਇਹ ਸਮਾਂ ਕੁੱਝ ਇੱਕ ਮਹੀਨਿਆਂ ਤੋਂ ਕੁੱਝ ਇੱਕ ਸਾਲ ਵੀ ਹੋ ਸਕਦਾ ਹੈ l ਇਸ ਦੇ ਵਾਸਤੇ ਕਈ ਤਰ੍ਹਾਂ ਦੀਆਂ ਦਵਾਈਆਂ ਹੁੰਦੀਆਂ ਹਨ ਜੋ ਕਿ ਵੱਡੀ ਆਂਤ ਦੀ ਸੋਜਸ਼ ਘਟਾਉਂਦੀਆਂ ਹਨ l ਇਨ੍ਹਾਂ ਵਿਚ ਸਲਫਾਸੈਲਾਜ਼ੀਨ, ਸਟੀਰਾਇਡ, ਮੈਸਲਾਮੀਨ, ਐਜ਼ਾਥਾਈਪਰੀਨ, ਮਰਕੈਪਟੋਪਿਓਰੀਨ ਅਤੇ ਸਾਈਕਲੋਸਪੋਰਿਨ ਆਦਿਕ ਦਵਾਈਆਂ ਹਨ ਜਿਨ੍ਹਾਂ ਨਾਲ ਬਿਮਾਰੀ ਨੂੰ ਦਬਾਇਆ ਜਾ ਸਕਦਾ ਹੈ l ਇਹ ਦਵਾਈਆਂ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਘਟਾਉਂਦੀਆਂ ਹਨ l ਇਨ੍ਹਾਂ ਦਵਾਈਆਂ ਦੇ ਵੀ ਕਾਫੀ ਸਾਈਡ ਇਫੈਕਟਸ ਹੁੰਦੇ ਹਨ ਇਸ ਲਈ ਡਾਕਟਰ ਦੀ ਸਲਾਹ ਨਾਲ ਹੀ ਲੈਣੀਆਂ ਚਾਹੀਦੀਆਂ ਹਨ l ਇਸ ਤੋਂ ਇਲਾਵਾ ਪੇਟ ਦਰਦ ਦੀਆਂ, ਐਂਟੀਬਾਇਓਟਿਕਸ, ਟੱਟੀਆਂ ਦੀ ਦਵਾਈ, ਵਿਟਾਮਿਨ ਦੇ ਕੈਪਸੂਲ ਵੀ ਆਦਿਕ ਦਿੱਤੇ ਜਾਂਦੇ ਹਨ ਤਾਂ ਕਿ ਮਰੀਜ਼ ਦੇ ਸਰੀਰ ਵਿਚ ਜ਼ਰੂਰੀ ਤੱਤਾਂ ਦੀ ਘਾਟ ਨਾ ਹੋਵੇ l
ਸਰਜਰੀ
ਜੇ ਮਰੀਜ਼ ਨੂੰ ਦਵਾਈਆਂ ਨਾਲ ਅਰਾਮ ਨਾ ਹੋਵੇ ਜਾਂ ਦਵਾਈਆਂ ਦੇ ਸਾਈਡ ਇਫੈਕਟਸ ਬਹੁਤ ਜ਼ਿਆਦਾ ਹੋ ਜਾਣ ਤਾਂ ਆਪਰੇਸ਼ਨ ਕਰਨਾ ਜ਼ਰੂਰੀ ਹੋ ਜਾਂਦਾ ਹੈ l ਇਸ ਤੋਂ ਇਲਾਵਾ ਜੇਕਰ ਮਰੀਜ਼ ਨੂੰ ਬਹੁਤ ਜ਼ਿਆਦਾ ਮਾਤਰਾ ਵਿਚ ਖੂਨ ਰਿਸਣ ਲਗ ਜਾਵੇ ਜਾਂ ਵੱਡੀ ਆਂਤ ਫੱਟ ਜਾਵੇ ਜਾਂ ਵੱਡੀ ਆਂਤ ਵਿਚ ਕੈਂਸਰ ਉਤਪੰਨ ਹੋ ਜਾਵੇ ਤਾਂ ਵੀ ਆਪਰੇਸ਼ਨ ਜ਼ਰੂਰੀ ਹੋ ਜਾਂਦਾ ਹੈ l ਆਪਰੇਸ਼ਨ ਦੋ ਤਰ੍ਹਾਂ ਦੇ ਆਪਰੇਸ਼ਨ ਕੀਤੇ ਜਾਂਦੇ ਹਨ l ਇੱਕ ਵਿਚ ਵੱਡੀ ਆਂਤ ਸਾਰੀ ਦੀ ਸਾਰੀ ਕੱਢ ਦਿੱਤੀ ਜਾਂਦੀ ਹੈ ਅਤੇ ਨੀਚੇ ਤੋਂ ਲੈਟਰੀਨ ਦਾ ਰਸਤਾ ਬਿਲਕੁਲ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਲੈਟਰੀਨ ਦਾ ਰਸਤਾ ਪੇਟ ਦੇ ਉਤੇ ਹਮੇਸ਼ਾ ਲਈ ਬਣਾ ਦਿੱਤਾ ਜਾਂਦਾ ਹੈ l ਪਰ ਇਸ ਨਾਲ ਮਰੀਜ਼ ਦੀ ਦਵਾਈਆਂ ਤੋਂ ਛੁੱਟੀ ਹੋ ਜਾਂਦੀ ਹੈ l ਦੂਜੀ ਤਰ੍ਹਾਂ ਦੇ ਆਪਰੇਸ਼ਨ ਵਿਚ ਵੱਡੀ ਆਂਤ ਲਗਪਗ ਪੂਰੀ ਨਿਕਾਲ ਦਿੱਤੀ ਜਾਂਦੀ ਹੈ ਲੇਕਿਨ ਸਭ ਤੋਂ ਨੀਚੇ ਲੈਟਰੀਨ ਦਾ ਰਸਤਾ ਨਹੀਂ ਕੱਢਿਆ ਜਾਂਦਾ ਅਤੇ ਛੋਟੀ ਆਂਤ ਨੂੰ ਉਸ ਨਾਲ ਜੋੜ ਦਿੱਤਾ ਜਾਂਦਾ ਹੈ l ਇਸ ਆਪਰੇਸ਼ਨ ਦਾ ਸਾਈਡ ਇਫੈਕਟ ਇਹ ਹੁੰਦਾ ਹੈ ਕਿ ਮਰੀਜ਼ ਨੂੰ ਦਿਨ ਵਿਚ ਪੰਜ ਤੋਂ ਛੇ ਵਾਰ ਟੱਟੀ ਆ ਸਕਦੀ ਹੈ ਅਤੇ ਬਿਮਾਰੀ ਦੇ ਥੋੜ੍ਹੇ ਥੋੜ੍ਹੇ ਲੱਛਣ ਰਹਿ ਸਕਦੇ ਹਨ l
ਔਰਤਾਂ ਵਿਚ ਜਿਨ੍ਹਾਂ ਨੂੰ ਸੰਗ੍ਰਹਿਣੀ ਹੁੰਦੀ ਹੈ ਉਹ ਆਮ ਔਰਤਾਂ ਵਾਂਗ ਬੱਚਾ ਪੈਦਾ ਕਰ ਸਕਦੀਆਂ ਹਨ l ਲੇਕਿਨ ਉਨ੍ਹਾਂ ਦੀ ਬਿਮਾਰੀ ਦੱਬੀ ਰਹਿਣੀ ਚਾਹੀਦੀ ਹੈ l ਕਈ ਦਵਾਈਆਂ ਪਰੈਗਨੈਂਸੀ ਵਿਚ ਨਹੀਂ ਦੇ ਸਕਦੇ ਇਸ ਲਈ ਡਾਕਟਰ ਦੀ ਸਲਾਹ ਨਾਲ ਹੀ ਪਰੈਗਨੈਂਸੀ ਕਰਨੀ ਚਾਹੀਦੀ ਹੈ ਅਤੇ ਟਾਈਮ ਤੇ ਦਵਾਈਆਂ ਲੈਣੀਆਂ ਚਾਹੀਦੀਆਂ ਹਨ l
ਇਸ ਤੋਂ ਇਲਾਵਾ ਇਸ ਚੀਜ਼ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਮਰੀਜ਼ ਨੂੰ ਕੈਂਸਰ ਨਾ ਹੋਵੇ ਕਿਓਂਕਿ ਇਹ ਮਰੀਜ਼ ਨੂੰ ਵੱਡੀ ਆਂਤ ਦੇ ਕੈਂਸਰ ਹੋਣ ਦੀ ਸੰਭਾਵਨਾ ਬਹੁਤ ਹੀ ਜ਼ਿਆਦਾ ਹੁੰਦੀ ਹੈ l ਇਸ ਵਾਸਤੇ ਹਰ ਪੰਜ ਤੋਂ ਦਸ ਸਾਲ ਦੇ ਅਰਸੇ ਤੋਂ ਬਾਅਦ ਵੱਡੀ ਆਂਤ ਦੀ ਦੂਰਬੀਨ ਦੀ ਜਾਂਚ ਕਰਨੀ ਜ਼ਰੂਰੀ ਹੈ l
ਡਾਕਟਰ ਤੋਂ ਕੀ ਪੁੱਛਣਾ ਹੈ ?
ਜਦੋਂ ਤੁਸੀਂ ਡਾਕਟਰ ਨੂੰ ਦਿਖਾਉਣ ਜਾਵੋ ਤਾਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ l
1. ਜੋ ਵੀ ਤੁਹਾਡੇ ਲੱਛਣ ਹਨ ਉਨ੍ਹਾਂ ਨੂੰ ਚੰਗੀ ਤਰ੍ਹਾਂ ਲਿਖ ਲਵੋ ਤਾਂ ਕਿ ਡਾਕਟਰ ਨੂੰ ਦੱਸਣ ਲੱਗਿਆਂ ਕੁੱਝ ਭੁੱਲ ਨਾ ਜਾਵੇ
2. ਜੋ ਵੀ ਦਵਾਈਆਂ ਤੁਸੀਂ ਲਈਆਂ ਹਨ ਉਨ੍ਹਾਂ ਦੀ ਲਿਸਟ ਜਾਂ ਖਾਲੀ ਪੱਤੇ ਨਾਲ ਲਿਜਾਉਣਾ ਨਾ ਭੁੱਲੋ l ਜੇਕਰ ਦੇਸੀ ਦਵਾਈ ਵੀ ਤੁਸੀਂ ਲੈ ਰਹੇ ਹੋ ਉਹ ਵੀ ਡਾਕਟਰ ਨੂੰ ਦਸੋ l
3. ਕਈ ਵਾਰ ਤੁਸੀਂ ਕੋਈ ਗੱਲ ਕਰਨਾ ਜਾਂ ਪੁੱਛਣਾ ਭੁੱਲ ਜਾਂਦੇ ਹੋ ਇਸ ਲਈ ਆਪਣੇ ਸੰਗੀ ਸਾਥੀ ਨੂੰ ਨਾਲ ਰੱਖੋ l
4. ਪਹਿਲਾਂ ਲਿਖ ਲਵੋ ਕਿ ਡਾਕਟਰ ਤੋਂ ਕੀ ਪੁੱਛਣਾ ਹੈ l ਜਿਵੇਂ ਇਹ ਲੱਛਣ ਮੈਨੂੰ ਕਿਓਂ ਹੋ ਰਹੇ ਹਨ ਜਾਂ ਮੈਨੂੰ ਕੋਈ ਹੋਰ ਟੈੱਸਟਾਂ ਦੀ ਲੋੜ ਹੈ ਕਿ ਨਹੀਂ ਜਾਂ ਦਵਾਈਆਂ ਦੇ ਕੀ ਸਾਈਡ ਇਫੈਕਟਸ ਹੋਣਗੇ ਆਦਿਕ l
ਜੀਵਨ-ਸ਼ੈਲੀ ਵਿੱਚ ਬਦਲਾਅ
ਕਈ ਵਾਰ ਲੱਛਣ ਕਾਫੀ ਵੱਧ ਜਾਂਦੇ ਹਨ ਅਤੇ ਇਹ ਦੇਖਿਆ ਗਿਆ ਹੈ ਕਿ ਸਿਰਫ ਖੁਰਾਕ ਬਦਲਣ ਨਾਲ ਵੀ ਮਰੀਜ਼ ਨੂੰ ਕਾਫੀ ਅਰਾਮ ਮਿਲਦਾ ਹੈ l ਕਈ ਵਾਰ ਮਰੀਜ਼ ਨੂੰ ਦੁੱਧ ਨਾਲ ਐਲਰਜੀ ਹੁੰਦੀ ਹੈ ਅਤੇ ਮਰੀਜ਼ ਦੁੱਧ ਨਹੀਂ ਪਚਾ ਸਕਦਾ l ਉਨ੍ਹਾਂ ਹਾਲਾਤਾਂ ਵਿਚ ਦੁੱਧ ਦਾ ਸੇਵਨ ਘਟਾ ਦੇਣਾ ਚਾਹੀਦਾ ਹੈ l ਸਰੀਰ ਲਈ ਰੇਸ਼ੇ ਵਾਲੀ ਖੁਰਾਕ ( High Fiber Diet) ਅੱਛੀ ਹੁੰਦੀ ਹੈ ਲੇਕਿਨ ਕਈ ਵਾਰ ਸੰਗ੍ਰਹਿਣੀ ਦੇ ਮਰੀਜ਼ਾਂ ਨੂੰ ਇਸ ਖੁਰਾਕ ਨਾਲ ਪਤਲੀਆਂ ਟੱਟੀਆਂ ਲੱਗ ਜਾਂਦੀਆਂ ਹਨ ਅਤੇ ਪੇਟ ਵਿਚ ਅਸਿਹ ਦਰਦ ਹੋ ਸਕਦਾ ਹੈ l ਇਸ ਲਈ ਇਸ ਦਾ ਸੇਵਨ ਵੀ ਘੱਟ ਕਰਨਾ ਚਾਹੀਦਾ ਹੈ l ਇਸ ਤੋਂ ਇਲਾਵਾ ਜਿਸ ਭੋਜਨ ਨਾਲ ਤੁਹਾਨੂੰ ਲੱਛਣ ਵੱਧ ਰਹੇ ਹੋਣ, ਉਸ ਨੂੰ ਡਾਇਰੀ ਵਿਚ ਲਿਖ ਲਵੋ ਅਤੇ ਦੁਬਾਰਾ ਵਰਤ ਕੇ ਦੇਖੋ ਜੇਕਰ ਫਿਰ ਵੀ ਉਸ ਨਾਲ ਤਕਲੀਫ ਵੱਧਦੀ ਹੈ ਤਾਂ ਉਹ ਭੋਜਨ ਨਹੀਂ ਲੈਣਾ ਚਾਹੀਦਾ l ਇਸ ਤੋਂ ਇਲਾਵਾ ਬੰਦ ਗੋਭੀ, ਬੋਰੋਕਲੀ, ਫੁੱਲੜੇ, ਕਾਫੀ ਅਤੇ ਸੋਡਾਵਾਟਰ ਨਾਲ ਮਰੀਜ਼ ਨੂੰ ਪਰਾਬਲਮ ਆ ਸਕਦੀ ਹੈ l ਖੁੱਲ੍ਹਾ ਪਾਣੀ ਪੀਵੋ l ਕਾਫੀ, ਚਾਹ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ l ਮਰੀਜ਼ ਨੂੰ ਜ਼ਿਆਦਾ ਚਿੰਤਾ ਨਾਲ ਸਾਡੀ ਆਂਤੜੀ ਦੀ ਕੰਮ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ ਅਤੇ ਭੋਜਨ ਆਂਤੜੀ ਵਿਚ ਕਾਫੀ ਸਮੇਂ ਵਾਸਤੇ ਪਿਆ ਰਹਿੰਦਾ ਹੈ ਅਤੇ ਜ਼ਹਿਰੀਲੇ ਪਦਾਰਥ ਨਿਕਲਦੇ ਰਹਿੰਦੇ ਹਨ l ਚਾਹੇ ਕੋਈ ਵੀ ਚਿੰਤਾ ਅਸੀਂ ਆਪਣੀ ਮਰਜ਼ੀ ਨਾਲ ਨਾਲ ਨਹੀਂ ਕਰਦੇ ਲੇਕਿਨ ਕੁੱਝ ਇੱਕ ਸਾਧਨ ਵਰਤ ਕੇ ਇਸ ਦੇ ਪ੍ਰਭਾਵ ਨੂੰ ਘੱਟ ਕਰ ਸਕਦੇ ਹਾਂ ਜਿਵੇਂ ਕਸਰਤ ਕਰਕੇ, ਯੋਗਾ ਕਰਕੇ, ਅੱਛੀਆਂ ਕਿਤਾਬਾਂ ਪੜ੍ਹ ਕੇ, ਦੋਸਤਾਂ ਯਾਰਾਂ ਨੂੰ ਮਿਲ ਕੇ, ਅਤੇ ਸੰਗੀਤ ਸ੍ਰਵਣ ਕਰਕੇ l ਇਸ ਤੋਂ ਇਲਾਵਾ ਮੱਛੀ ਦਾ ਤੇਲ, ਐਲੋਵੀਰਾ, ਐਕੂਪੰਚਰ ਅਤੇ ਹਲਦੀ ਦੇ ਸੇਵਨ ਨਾਲ ਵੀ ਕਾਫੀ ਅਰਾਮ ਮਿਲਦਾ ਹੈ l ਕੁੱਝ ਇੱਕ ਖੋਜਾਂ ਤੋਂ ਪਤਾ ਲਗਦਾ ਹੈ ਕਿ ਹਲਦੀ ਨਾਲ ਵੱਡੀ ਆਂਤ ਦੀ ਸੋਜਸ਼ ਘੱਟਦੀ ਹੈ ਅਤੇ ਅੰਗਰੇਜ਼ੀ ਦਵਾਈਆਂ ਦੀ ਮਾਤਰਾ ਵੀ ਘੱਟਦੀ ਹੈ l
ਇਸ ਕਰਕੇ ਜਦੋਂ ਵੀ ਤੁਹਾਨੂੰ ਉਪਰ ਦਿੱਤੇ ਲੱਛਣ ਹੋਣ, ਤਾਂ ਉਸ ਸਮੇਂ ਆਪਣੇ ਫੈਮਲੀ ਡਾਕਟਰ ਨੂੰ ਤਰੰਤ ਮਿਲੋ ਤਾਂ ਕਿ ਇਸ ਬਿਮਾਰੀ ਦਾ ਜਲਦੀ ਤੋਂ ਜਲਦੀ ਇਲਾਜ ਸ਼ੁਰੂ ਹੋ ਸਕੇ ਅਤੇ ਤੁਸੀਂ ਇਸ ਦੇ ਮਾੜੇ ਪ੍ਰਭਾਵਾਂ ਤੋਂ ਬੱਚ ਸਕੋ l ਸਾਵਧਾਨੀਆਂ ਵਰਤ ਕੇ ਅਸੀਂ ਇਸ ਬਿਮਾਰੀ ਤੋਂ ਕਾਫੀ ਹੱਦ ਤੱਕ ਠੀਕ ਰਹਿ ਸਕਦੇ ਹਾਂ l ਇਸ ਬਿਮਾਰੀ ਵਾਸਤੇ ਹੋਰ ਜਾਣਨ ਲਈ ਤੁਸੀਂ ਹੇਠ ਲਿਖੀਆਂ ਵੈੱਬ-ਸਾਈਟਾਂ ਤੇ ਵੀ ਜਾ ਸਕਦੇ ਹੋ l
1. “Ulcerative Colitis: Should I Have Surgery?” HealthLink BC, www.healthlinkbc.ca/health-topics/uf4785#av2287.
2. “Bowel Disease: Caring for Your Ostomy.” HealthLink BC, www.healthlinkbc.ca/health-topics/ug2171#ug2172.
3. “Ulcerative Colitis.” HealthLink BC, www.healthlinkbc.ca/health-topics/uf6020.
-
ਡਾ. ਪਰਵਿੰਦਰ ਸਿੰਘ, ਕੈਨੇਡਾ, ਐਮ.ਡੀ. (ਕੈਨੇਡਾ)
drperrysingh@gmail.com
+1-(604) 802-9532
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.