ਦੁਹਾਈ ਓ ਦੁਹਾਈ...120 ਦਿਨਾਂ ਬਾਦ ਵੀ ਪੱਥਰ ਨਹੀਂ ਪਿਘਲੇ....ਗੁਰਭਜਨ ਗਿੱਲ ਦੀ ਕਲਮ ਤੋਂ
ਅੱਜ ਦੁੱਲਾ ਭੱਟੀ ਦਾ 432ਵਾਂ ਸ਼ਹਾਦਤ ਦਿਹਾੜਾ ਹੈ। ਏਧਰ ਕਿਰਤੀ ਕਿਸਾਨ ਸੰਘਰਸ਼ ਦਾ 120 ਵਾਂ ਦਿਨ ਹੈ। ਭਾਰਤ ਬੰਦ ਦਾ ਹੋਕਾ ਹੈ। ਕਰੋਨਾ ਕਹਿਰ ਢਾ ਰਿਹਾ ਹੈ। ਬੰਗਾਲ ਚ ਘਮਸਾਨ ਚੋਣ ਯੁੱਧ ਚੱਲ ਰਿਹਾ ਹੈ।
ਇਸ ਦਿਨ ਦੇ ਚੜ੍ਹਨ ਤੋਂ ਪਹਿਲੀ ਰਾਤ ਨੀਂਦ ਕਈ ਵਾਰ ਉੱਖੜੀ। ਸੋਚਾਂ ਚ ਨਹੀਂ ਸਹਿਮ ਦੇ ਘੇਰਿਆਂ ਚ। ਕਿੱਧਰ ਨੂੰ ਗੱਡਾ ਰੇੜ੍ਹੇ ਪੈ ਗਿਆ ਹੈ। ਡੂੰਘੇ ਟੋਇਆਂ ਵੱਲ।
ਅਜਾਇਬ ਚਿਤਰਕਾਰ ਦੀ ਗ਼ਜ਼ਲ ਦਾ ਇੱਕ ਸ਼ਿਅਰ ਚੇਤੇ ਆ ਰਿਹੈ।
ਨਾ ਨਮ ਹੋਣਾ ਨਾ ਖ਼ਮ ਹੋਣਾ ਹੈ ਜਿੰਨ੍ਹਾਂ ਦਾ ਸੁਭਾਅ ਹੋਇਆ।
ਅਜੇਹੇ ਪੱਥਰਾਂ ਦੇ ਸੰਗ ਸਾਡਾ ਵਾਸਤਾ ਹੋਇਆ।
ਸੱਚ ਜਾਣਿਉ! ਮਨੂਆ ਉਦਾਸ ਹੈ,ਆਉਂਦੇ ਦਿਨਾਂ ਦੇ ਨਕਸ਼ ਵੇਖ ਕੇ।
ਸ ਸ ਮੀਸ਼ਾ ਨੇ ਕਦੇ ਲਿਖਿਆ ਸੀ ਇਹੋ ਜਹੇ ਪਲ ਚਿਤਵਦਿਆਂ
ਚੰਗੇ ਨਹੀਂ ਆਸਾਰ ਨਗਰ ਦੇ।
ਊਂਘਣ ਪਹਿਰੇਦਾਰ ਨਗਰ ਦੇ।
ਪਰ ਹੁਣ ਤਾਂ ਊਂਘਦੇ ਨਹੀਂ, ਘੂਰਦੇ ਹਨ ਸ਼ੀਸ਼ਿਆਂ ਨੂੰ। ਹਰ ਖਿੜਕੀ ਬੰਦ ਹੋ ਰਹੀ ਹੈ। ਦਮ ਘੁੱਟਦਾ ਹੈ। ਕਰੋਨਾ ਨਾਲੋਂ ਵੀ ਵੱਧ ਖ਼ਤਰਾ ਹੈ, ਹਰ ਤਰ੍ਹਾਂ ਦੀ ਔਕਸੀਜਨ ਘਟ ਰਹੀ ਹੈ।
ਕੁਝ ਦਿਨ ਪਹਿਲਾਂ ਇੱਕ ਗੱਲ ਮਨ ਚ ਆਈ ਸੀ। ਪਤਾ ਨਹੀਂ ਇਹ ਗੀਤ ਹੈ, ਗ਼ਜ਼ਲ ਹੈ ਜਾਂ ਕੁਝ ਹੋਰ।
ਚਲੋ! ਇਸ ਦਾ ਨਾਮਕਰਣ ਰਹਿਣ ਦਿੰਦੇ ਹਾਂ। ਮਨ ਅੰਤਰਿ ਕੀ ਪੀੜ ਸਮਝ ਕੇ ਪੜ੍ਹ ਲੈਣਾ।
ਭਾਰਤ ਬੰਦ ਹੈ, ਜ਼ਬਾਨ ਤਾਂ ਨਹੀਂ।
ਮਨ ਅੰਤਰਿ ਕੀ ਪੀੜ
ਅਲੋਕਾਰ ਬਾਤ , ਕੇਹੀ ਰਾਤ ਕਮਜ਼ਾਤ,
ਜਿਸ ,ਚੰਗੇ ਭਲੇ ਵੱਸਦੇ ਸਾਂ ਧੱਕ ‘ਤੇ ਸਵਾਲੀਆਂ ‘ਚ।
ਧਰਤੀ ਲਕੀਰਾਂ ਮਾਰ, ਕੀਤਾ ਸਾਨੂੰ ਤਾਰ ਤਾਰ,ਸਹਿਮੇ ਸਹਿਮੇ ਫੁੱਲ, ਜਾਨ ਮੁੱਕ ਚੱਲੀ ਡਾਲੀਆਂ ‘ਚ।
ਬਾਗ ਤੇ ਬਗੀਚਿਆਂ ਨੂੰ ਆਪ ਕਰੇ ਤਹਿਸ ਨਹਿਸ,ਕਿਹੜਾ ਭਾਈ ਗਿਣੂ ਐਸੇ ਬੰਦਿਆਂ ਨੂੰ ਮਾਲੀਆਂ’ਚ।
ਦਾਣਾ ਨਾ ਉਗਾਇਆ ਜਿਸ, ਸੂਈ ਨਾ ਬਣਾਈ ਘੜੀ, ਅੱਠੇ ਪਹਿਰ ਰਹੇ ਗਲਤਾਨ ਜੋ ਦਲਾਲੀਆਂ, ਚ।
ਐਸਾ ਸੁਲਤਾਨ, ਜੀਹਦਾ ਦੀਨ ਨਾ ਈਮਾਨ ਸੁੱਚਾ, ਲੋਕ ਹਿਤਾਂ ਬਿਨਾ ਰਹੇ ਹੋਰ ਹੀ ਖ਼ਿਆਲੀਆਂ ‘ਚ।
ਕੱਲ੍ਹ ਰਾਤੀਂ ਸੁਣੀ ਏਦਾਂ ਤੁਰੇ ਜਾਂਦੇ ਬੰਦਿਆ ਤੋਂ, ਕਰਦੇ ਸੀ ਖੇਤਾਂ ਵਾਲੇ ਗੱਲਾਂ ਇਹ ਟਰਾਲੀਆਂ ‘ਚ।
ਜੋਸ਼ ਨਾਲ ਹੋਸ਼ ਭਰੋ, ਧੀਉ ਪੁੱਤੋ, ਖੁੰਝਣਾ ਨਾ,ਸਿਰ ਦਸਤਾਰਾਂ ਅਤੇ ਚੁੰਨੀਆਂ ਨਿਰਾਲੀਆਂ ‘ਚ।
ਬਦਲੇ ਦੀ ਗੱਲ ਜਿਹੜਾ ਸਾਡੇ ਮੱਥੇ ਬੀਜਦਾ ਹੈ,
ਕਦੇ ਵੀ ਨਾ ਪੀਣਾ ਜ਼ਹਿਰ ਐਸੀਆਂ ਪਿਆਲੀਆਂ ‘ਚ।
ਆਖ ਦਿਉ ਬਾਜ ਆਵੇ ਐਸੀਆਂ ਸ਼ਰਾਰਤਾਂ ਤੋਂ,
ਹੁੰਦੀ ਨਹੀਂ ਈਮਾਨਦਾਰੀ, ਇਹੋ ਜਹੇ ਪਲਾਲੀਆਂ ‘ਚ।
ਅੱਗ ਲਾ ਕੇ ਪਹਿਲਾਂ ਵੀ ਤਾਂ, ਡੱਬੂ ਕੰਧੀਂ ਬੈਠ ਗਏ ਸੀ,
ਉਹੀ ਸੇਕ ਕਾਇਮ ਅਜੇ, ਸਿਵੇ ਅੱਗਾਂ ਬਾਲੀਆਂ ‘ਚ।
ਦਸ ਗੁਰੂ ਸਾਹਿਬ ਸਣੇ ਦੁੱਲਾ, ਬੁੱਲ੍ਹਾ, ਬੋਲਦੇ ਨੇ,
ਨੂਰ ਪ੍ਰਕਾਸ਼ ਹੋਇਆ, ਤਾਂਹੀਂਉਂ ਹਾਲ਼ੀ ਪਾਲ਼ੀਆਂ ‘ਚ।
ਸਾਬਰੀ ਸਬੂਰੀ ਮਿੱਸੀ , ਸਿਦਕਾਂ ਦੇ ਸੇਕ ਨਾਲ,
ਦੇਂਦੀਆਂ ਪਕਾ ਕੇ ਮਾਵਾਂ,ਬੱਚਿਆਂ ਨੂੰ ਥਾਲ਼ੀਆਂ ‘ਚ।
ਥੋੜੀ ਕੀਤੇ ਟੁੱਟਦੇ ਨਾ, ਭੁਰਦੇ ਨਾ ਭੋਰਾ ਵੀ ਉਹ,
ਹਾੜ੍ਹ ਸਾੜੇ ਚੰਮ ਜੀਹਦਾ, ਪਲ਼ੇ ਮੰਦਹਾਲੀਆਂ ‘ਚ।
ਸੰਨ ਸੰਤਾਲੀ ਵੇਲੇ ਲੱਕੋਂ ਚੀਰੇ, ਫੇਰ ਉੱਗੇ,
ਇੱਕੋ ਹੀ ਤਾਸੀਰ ਹੈ ਪੰਜਾਬੀਆਂ ਬੰਗਾਲੀਆਂ ‘ਚ।
ਜਾਬਰਾਂ ਨੂੰ ਦੱਸ ਦੇਣਾ, ਸਮਾਂ ਸਭ ਵੇਖਦਾ ਹੈ,
ਏਸੇ ਦੇ ਗੀਤ,ਲੋਕਾਂ ਗਾਉਣੇ ਨੇ ਕੱਵਾਲੀਆਂ ‘ਚ।
ਪਾਟੀਆਂ ਬਿਆਈਆਂ ਵਾਲੇ ਪੈਰ ਨੇ ਫੌਲਾਦ ਪੂਰੇ,
ਸੂਹੇ ਅੰਗਿਆਰ ਵੇਖ ਅੱਖਾਂ ਦੀਆਂ ਲਾਲੀਆਂ ‘ਚ।
ਆਉਂਦੀ ਏ ਵੰਗਾਰ ਜਦੋਂ,ਹੱਸ ਪ੍ਰਵਾਨ ਕੀਤੀ,ਪੜ੍ਹ ਲੈ ਬਿਆਨ ਸਾਡੇ ਚਿਹਰੇ ਦੀਆਂ ਲਾਲੀਆਂ ‘ਚ।
ਧਰਤੀ ਦੇ ਪੁੱਤ ਅਸੀਂ ਸੁਤ ਦਸਮੇਸ਼ ਜੀ ਦੇ,
ਸਾਡਾ ਸਿਰਨਾਵਾਂ ਮਿਲੂ ਘਾਲਣਾਵਾਂ ਘਾਲੀਆਂ ‘ਚ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.