ਪੰਜਾਬ ਦਾ ਨਾਬਰ ਲੋਕ ਨਾਇਕ ਦੁੱਲਾ ਭੱਟੀ....ਧਰਮ ਸਿੰਘ ਗੋਰਾਇਆ, ਮੈਰੀਲੈਂਡ (ਅਮਰੀਕਾ)
ਦੁੱਲਾ ਭੱਟੀ ਸੂਰਮੇ ਦੀ ਕਹਾਣੀ ਕਰੀਬ ਪੌਣੇ ਪੰਜ ਸੌ ਸਾਲ ਪਹਿਲਾਂ ਤੁਰੀ। ਕਈ ਆਏ ਕਈ ਗਏ ਪਰ ਉਸ ਵਰਗਾ ਉਹੀ ਸੀ। ਜਿਸ ਨੂੰ ਅੱਜ ਵੀ ਲੋਕ ਦਿਲਾਂ ਵਿੱਚ ਲਈ ਬੈਠੇ ਨੇ। ਰਾਜਿਆਂ, ਮਹਾਰਾਜਿਆਂ ਨੂੰ ਲੋਕ ਚੇਤਿਆਂ ਵਿੱਚੋਂ ਮਨਫ਼ੀ ਕਰ ਦਿੰਦੇ ਨੇ ਪਰ ਕੁਝ ਐਸੇ ਜਾਂਬਾਜ਼ ਯੋਧੇ ਹਮੇਸ਼ਾ ਹੀ ਆਪਣੇ ਟੱਬਰਾਂ ਕੁਨਬਿਆਂ ਦੇ ਸ਼ਿੰਗਾਰ ਲੱਗਦੇ ਨੇ ਚਾਹੇ ਉਹ ਜੈਮਲ ਫੱਤਾ ਹੋਵਣ ਚਾਹੇ ਰਾਏ ਅਹਿਮਦ ਖਰਲ ਚਾਹੇ ਜੱਗਾ ਡਾਕੂ ਜਾਂ ਫਿਰ ਦੁੱਲਾ ਭੱਟੀ ਹੋਵੇ ।
ਮੰਗੋਲੀਆ ਤੋਂ ਮੰਗੋਲ ਮੰਗੋਲਾਂ ’ਚ ਚੰਗੇਜ਼ ਖ਼ਾਨ ਤੇ ਚੰਗੇਜ਼ ਤੋਂ ਚੁਗੱਤੇ ਰਾਜ ਦੀ ਗੱਲ ਤੁਰੀ। ਗੱਲ ਇੰਨੀ ਤੁਰੀ ਕਿ ਤੁਰਦੀ ਤੁਰਦੀ ਲਾਹੌਰ ਲਾਹੌਰ ਤੋਂ ਦਿੱਲੀ ਆਗਰਾ ਤੇ ਅਖੀਰ ਹਿੰਦੁਸਤਾਨ ਤੇ ਧੁਰ ਦੱਖਣ ਤਕ ਪਹੁੰਚ ਗਈ। ਕਿਸੇ ਵਿੱਚ ਹਿੰਮਤ ਨਾ ਪਈ ਇਨ੍ਹਾਂ ਧਾੜਵੀਆਂ ਨਾਲ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਨ ਦੀ। ਜੇ ਕਿਸੇ ਨੇ ਗੱਲ ਚਲਾਈ ਤਾਂ ਉਹ ਸਨ ਪੰਜਾਬ ਦੀ ਧਰਤੀ ਦੇ ਜਾਏ। ਉਨ੍ਹਾਂ ਸੂਰਬੀਰਾਂ ਦੀ ਗੱਲ ਤੁਰਦੀ ਅੱਜ ਵੀ ਦਿੱਲੀ ਦਰਬਾਰ ਦੁਆਲੇ ਗੱਜ ਰਹੀ ਏ।
700 ਸਾਲ ਪਹਿਲਾਂ ਜੈਸਲਮੇਰ (ਰਾਜਸਥਾਨ) ਤੋਂ ਇਕ ਰਾਜਪੂਤ ਕਬੀਲਾ ਹਿਜਰਤ ਕਰਕੇ ਸਾਂਦਲਬਾਰ ਦੇ ਇਲਾਕੇ ਚਨਾਬ ਕੰਢੇ ਆਣ ਡੇਰਾ ਲਾਉਂਦੀ ਹੈ। ਮੇਰੇ ਇਲਾਕੇ ਦੀ ਅਹਿਲਕਾਰੀ ਸ਼ੇਰੂ ਹੰਜਰਾ ਕੋਲ ਸੀ। ਉਸ ਦੀ ਇਜਾਜ਼ਤ ਨਾਲ ਭੱਟੀਆਂ ਦਾ ਇਸ ਇਲਾਕੇ ਵਿਚ ਪੱਕਾ ਮੁਕਾਮ ਹੋ ਗਿਆ। ਇਹ ਲੋਕ ਬਹੁਤ ਜੰਗਜੂ ਲੜਾਕੇ ਤੇ ਮਾਰਖੋਰੇ ਸਨ। ਹੌਲੀ ਹੌਲੀ ਆਲੇ ਦੁਆਲੇ ਕਬਜ਼ਾ ਕਰ ਲਿਆ ਦੋ ਤਿੰਨ ਸਦੀਆਂ ਬਾਅਦ ਭੱਟੀ ਰਾਜਪੂਤਾਂ ਦੀਆਂ ਮਾਲਕੀਆਂ ਬਣ ਗਈਆਂ। ਸਾਰੇ ਇਲਾਕੇ ਨੂੰ ਛੋਟੀਆਂ ਛੋਟੀਆਂ ਰਿਆਸਤਾਂ ਵਿੱਚ ਵੰਡ ਲਿਆ।
ਦਿੱਲੀ,ਲਾਹੌਰ,ਪੇਸ਼ੇਵਰ,ਕਾਬਲ,ਤੁਰਕਿਸਤਾਨ ਜਾਣ ਆਉਣ ਦਾ ਰਸਤਾ ਪਿੰਡ ਭੱਟੀਆਂ ਵਿੱਚ ਦੀ ਲੰਘਦਾ ਸੀ। ਇਸ ਇਲਾਕੇ ਵਿੱਚ ਚੰਗੀਆਂ ਫਸਲਾਂ, ਹਰਿਆਵਲ ਚਰਾਗਾਹਾਂ ਸਨ।
ਮੁਗਲ ਫੌਜਾਂ ਦੀ ਆਵਾਜਾਈ ਆਮ ਰਹਿੰਦੀ ਜਿਸ ਦੇ ਫਲਸਰੂਪ ਫ਼ਸਲਾਂ ਦਾ ਨੁਕਸਾਨ ਪਸ਼ੂਆਂ ਘੋੜਿਆਂ ਅਤੇ ਹੋਰ ਖੇਤੀਬਾੜੀ ਦੇ ਸਾਧਨਾਂ ਦਾ ਨੁਕਸਾਨ ਲੋਕਾਂ ਸ਼ਿਕਾਇਤ ਕਰਨੀ ਸੀ ਉਲਟਾ ਉਨ੍ਹਾਂ ਉਪਰ ਹੋਰ ਜ਼ੁਲਮ ਕਰਨਾ ਉਨ੍ਹਾਂ ਦੇ ਘਰਾਂ ਵਿੱਚੋਂ ਅਨਾਜ ਚੁੱਕ ਲੈਣਾ ਉਨ੍ਹਾਂ ਦੀਆਂ ਬਹੂ ਬੇਟੀਆਂ ਨੂੰ ਤੰਗ ਪ੍ਰੇਸ਼ਾਨ ਕਰਨਾ। ਕਿਉਂਕਿ ਬਿਜਲੀ ਖ਼ਾਂ ਸਾਂਦਲ ਖ਼ਾਨ ਆਪਣੇ ਇਲਾਕੇ ਦਾ ਖ਼ੁਦਮੁਖਤਾਰ ਸੀ ਜਿਸਨੇ ਆਪਣੀ ਪਰਜਾ ਦੀ ਹਿਫ਼ਾਜ਼ਤ ਦਾ ਅਹਿਦ ਲਿਆ ਹੋਇਆ ਸੀ। ਇਸ ਦੇ ਇਵਜ਼ਾਨੇ ਵਿੱਚ ਕਿਸਾਨ ਆਪਣੀ ਮਰਜ਼ੀ ਮੁਤਾਬਕ ਮਾਲੀਆ ਉਸਨੂੰ ਦੇਂਦੇ ਸਨ। ਇਹੀ ਮਾਲੀਆ ਗੁਰੀਲਾ ਫ਼ੌਜ ਤੇ ਨੌਜਵਾਨਾਂ ਵਿਚ ਵੰਡ ਦਿੱਤਾ ਜਾਂਦਾ ਸੀ ਟਕਰਾਅ ਦੀ ਹਾਲਤ ਪੈਦਾ ਹੋ ਚੁੱਕੀ ਸੀ। ਮੁਗ਼ਲ ਹਕੂਮਤ ਦੇ ਅਹਿਲਕਾਰਾਂ ਨੂੰ ਰੋਕਿਆ ਜਾਣ ਲੱਗਾ। ਗੱਲਾਂ ਲਾਹੌਰ ਤਖ਼ਤ ਅੰਦਰ ਹੋਣ ਲੱਗੀਆਂ। ਇੱਕ ਤਾਂ ਸਾਂਦਲ ਬਾਰ ਦੇ ਵੱਟੇ ਇਲਾਕੇ ਵਿਚੋਂ ਕੋਈ ਮਾਲੀਆ ਲਾਹੌਰ ਨਹੀਂ ਪਹੁੰਚਾਇਆ ਤੇ ਦੂਸਰਾ ਹੁਣ ਉਨ੍ਹਾਂ ਦੇ ਰਾਹ ਵੀ ਰੋਕੇ ਜਾਣ ਲੱਗੇ। ਭੱਟੀਆਂ ਦੀ ਬਗ਼ਾਵਤ ਅਤੇ ਮਰਦਾਨਗੀ ਦੀਆਂ ਗੱਲਾਂ ਦੂਰ ਤਕ ਹੋਣ ਲੱਗੀਆਂ।
ਮੁਗ਼ਲਾਂ ਦੇ ਚੌਧਰੀਆਂ ਨੇ ਬਿਜਲੀ ਖ਼ਾਂ ਅਤੇ ਉਸਦੇ ਪੁੱਤਰ ਫ਼ਰੀਦ ਖ਼ਾਨ ਨੂੰ ਕਈ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਪਰ ਇਹ ਪਿਉ ਪੁੱਤ ਮੁਗਲਾਂ ਦੀ ਤੱਕੜੀ ਨਾ ਚੜ੍ਹੇ ਇਹ ਜਾਗਰੂਕ ਹੋ ਚੁੱਕੇ ਸਨ ਅਤੇ ਆਪਣੇ ਗ਼ਰੀਬਾਂ ਹਮਾਤੜਾਂ ਛੋਟੇ ਕਿਸਾਨਾਂ ਦੁਕਾਨਦਾਰਾਂ ਲੁਹਾਰਾ ਤਰਖਾਣਾਂ ਦੇ ਚਿਹਰਿਆਂ ਉਤੇ ਖ਼ੁਸ਼ੀਆਂ ਵੇਖਣਾ ਚਾਹੁੰਦੇ ਸਨ ਤੇ ਜਿਵੇਂ ਹਮੇਸ਼ਾ ਹੁੰਦਾ ਆਇਆ ਚੁਗੱਤਾ ਸ਼ਾਹੀ ਦੀਆਂ ਫੌਜਾਂ ਨੇ ਪਿੰਡ ਭੱਟੀਆਂ ਦੇ ਦੋ ਸਿਰਲੱਥ ਬਾਗੀਆਂ ਨੂੰ ਫੜ ਕੇ ਲਾਹੌਰ ਲੈ ਆਂਦਾ ਅਤੇ ਸਿਰ ਕਲਮ ਕਰਕੇ ਉਨ੍ਹਾਂ ਦੇ ਧੜਾਂ ਅੰਦਰ ਘਾਹ ਫੂਸ ਭਰ ਕੇ ਕਈ ਦਿਨ ਕਿਲ੍ਹੇ ਦੇ ਪਿਛਲੇ ਦਰਵਾਜ਼ੇ ਟੰਗੀ ਰੱਖਿਆ ਤਾਂ ਕਿ ਕੋਈ ਹੋਰ ਐਸਾ ਮਾਈ ਦਾ ਲਾਲ ਪੈਦਾ ਨਾ ਹੋ ਸਕੇ।
ਪਰ ਇੰਜ ਨਾ ਹੋਇਆ ਤੇ ਠੀਕ ਪਿਓ ਦਾਦੇ ਦੀ ਸ਼ਹੀਦੀ ਤੋਂ ਬਾਅਦ ਇਕ ਐਸਾ ਲਾਲ ਪੈਦਾ ਹੋਇਆ ਜੋ ਸ਼ਾਇਦ ਆਪਣੇ ਸੀਨੇ ਅੰਦਰ ਕੁਝ ਇਹ ਕਹਿੰਦਾ ਕਹਿੰਦਾ ਝਨਾਅ ਨੂੰ ਇਕ ਬੇੜੀ ਵਿੱਚ ਬੈਠ ਕੇ ਪਾਰ ਕਰ ਰਿਹਾ ਸੀ
ਮੈਂ ਢਾਹਵਾਂ ਦਿੱਲੀ ਦੇ ਕਿੰਗਰੇ
ਤੇ ਕਰਾਂ ਲਾਹੌਰ ਤਬਾਹ
ਝਨਾਂ ਦੇ ਕੰਢੇ ਬਦਰ ਵਿਖੇ ਮਾਈ ਲੱਧੀ ਦੀ ਕੁੱਖੋਂ ਦੁੱਲਾ ਸੰਨ 1547 ਨੂੰ ਪੈਦਾ ਹੋਇਆ। ਥੋੜ੍ਹੇ ਚਿਰਾਂ ਬਾਅਦ ਇਹ ਪਿੰਡ ਦਰਿਆ ਝਨਾਂ ਬੁਰਦ ਹੋ ਗਿਆ ਤੇ ਮਾਈ ਲੱਧੀ ਦਾ ਪਰਿਵਾਰ ਰੋਹੀਵਾਲਾ ਖੂਹ ਤੇ ਆ ਗਏ ਜਿਸ ਨੂੰ ਅੱਜਕੱਲ੍ਹ ਪਿੰਡ ਚੂਚਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇੱਕ ਰਵਾਇਤ ਅਨੁਸਾਰ ਮਾਤਾ ਲੱਧੀ ਬੇੜੀ ਰਾਹੀਂ ਝਨਾਂ ਪਾਰ ਕਰ ਰਹੀ ਸੀ। ਜਦੋਂ ਦੁੱਲਾ ਪੈਦਾ ਹੋਇਆ ਅਤੇ ਤਲਵਾਰ ਨੂੰ ਝਨਾਂ ਅਤੇ ਵਗਦੇ ਪਾਣੀ ਵਿੱਚ ਡੋਬ ਕੇ ਦੁੱਲੇ ਨੂੰ ਗੁੜਤੀ ਦਿੱਤੀ ਗਈ।
ਗੱਲ ਕਰੀਏ ਪਿੰਡ ਭੱਟੀਆਂ ਦੀ ਜਿੱਥੇ ਪੰਜਾਬ ਦੀ ਮਿੱਟੀ ਦਾ ਮਾਣ, ਬੇਖ਼ੌਫ਼ ਦਿਲਦਾਰ ਦੇ ਸੁਭਾਅ ਦਾ ਅੜੀਅਲ ਦੁੱਲਾ ਹੌਲੀ ਹੌਲੀ ਜਵਾਨ ਹੋਇਆ। ਘਰੋਂ ਚੰਗੇ ਵੱਸਦੇ ਜ਼ਿਮੀਦਾਰ। ਖਾਣ ਪੀਣ ਨੂੰ ਖੁੱਲ੍ਹਾ ਡੁੱਲ੍ਹਾ। ਤੀਰਅੰਦਾਜ਼ੀ, ਘੋੜਿਆਂ ਦੀ ਸਵਾਰੀ ਤੇ ਝਨਾਅ ਤੋਂ ਰਾਵੀ ਦੀਆਂ ਖੁੱਲ੍ਹੀਆਂ ਜੂਹ ਜਿੱਥੇ ਆਪਣੇ ਸੰਗੀਆਂ ਸਾਥੀਆਂ ਨਾਲ ਸ਼ਿਕਾਰ ਕਰਦੇ ਲੜਦੇ ਭਿੜਦੇ ਰੁਸਦੇ ਫਿਰ ਮੰਨਦੇ ਬਸ ਜਿਵੇਂ ਆਉਣ ਵਾਲੇ ਵਕਤ ਦੇ ਹਾਣੀ ਬਣ ਖਲੋਵਣ।
ਇੱਕ ਪੰਡਿਤ ਨੇ ਕਿਹਾ ਚੰਗੇ ਕੰਮ ਕਰੋ ਲੋਕ ਯਾਦ ਰੱਖਣਗੇ ਮਸ਼ਹੂਰ ਬਣ ਜਾਵੋਗੇ। ਪੁੱਛਿਆ ਜਲਦੀ ਮਸ਼ਹੂਰ ਕਿੰਨਾ ਸੌਖਾ?
ਜਵਾਬ ਆਇਆ ਮਾੜੇ ਕੰਮੀਂ। ਪੜ੍ਹਨ ਲਈ ਮਸੀਤੇ ਗਿਆ ਜਿੱਥੇ ਮੌਲਵੀ ਨੂੰ ਕੁੱਟ ਘੱਤਿਆ। ਚਾਰ ਚੁਫ਼ੇਰੇ ਦੁੱਲਾ ਦੁੱਲਾ ਹੋ ਉੱਠਿਆ। ਪਰ ਦੁੱਲਾ ਭੱਟੀ ਪੂਰਨ ਵਿੱਚ ਹੋਰ ਵਕਤ ਦੀ ਉਡੀਕ ਸੀ।
ਲੋਕਾਂ ਦੇ ਤਾਅਨੇ ਮੇਹਣੇ, ਰਾਹਗੀਰਾਂ ਦੀਆਂ ਵਹੀਰਾਂ ਦਾ ਆਉਣ ਜਾਣ ਤੇ ਦਰਬਾਰੀ ਠੇਕੇਦਾਰਾਂ ਅਮੀਰਾਂ ਮਨਸਬਦਾਰਾਂ ਤੇ ਸੁਦਾਗਰਾਂ ਦਾ ਮੌਜ ਮਸਤੀ ਵਾਲਾ ਜੀਵਨ ਵਰਤਾਰਾ ਇਨ੍ਹਾਂ ਮੁੱਛ ਫੁੱਟ ਗੱਭਰੂਆਂ ਨੂੰ ਰਾਸ ਨਾ ਆਉਂਦਾ। ਮਾਂ ਲੱਧੀ ਕੋਲੋਂ ਉਹ ਸਭ ਕੁਝ ਜਾਣ ਚੁੱਕਾ ਸੀ। ਚਿਰਾਂ ਤੋਂ ਬੰਦ ਪਏ ਕੋਠਿਆਂ ਦੇ ਬੂਹੇ ਖੋਲ੍ਹੇ ਅੰਦਰੋਂ ਹਰ ਤਰ੍ਹਾਂ ਦੇ ਹਥਿਆਰ ਲੱਭੇ ਉਨ੍ਹਾਂ ਨੂੰ ਲੁਹਾਰਾਂ ਦੀਆਂ ਭੱਠੀਆਂ ਤੇ ਤਪਾ ਕੇ ਸਾਣਾਂ ਤੇ ਚਾੜ੍ਹਿਆ ਗਿਆ। ਹੱਥਾਂ ਵਿੱਚੋਂ ਗੁਲੇਲੇ ਛੁੱਟ ਗਏ ਤੀਰ ਕਮਾਨ ਤੇ ਮੋਢਿਆਂ ਤੇ ਭੱਥੇ।
ਮੁਗਲ ਚੁਗੱਤਾ ਸ਼ਾਹੀ ਨਾਲ ਸਿੱਧੀ ਟੱਕਰ ਲੈਣ ਤੋਂ ਪਹਿਲਾਂ ਦੁੱਲੇ ਅਤੇ ਉਸਦੇ ਸਾਥੀਆਂ ਨੇ ਇਹ ਕੰਮ ਘਰੋਂ ਹੀ ਸ਼ੁਰੂ ਕੀਤਾ।
ਆਪਣੇ ਨਾਨਕੇ ਪਿੰਡ ਚੰਨਿਓਟ ਆਪਣੀ ਬਰਾਦਰੀ ਦੇ ਚੁਗੱਤਿਆਂ ਦੇ ਹੱਥ ਠੋਕਿਆਂ ਨੂੰ ਹੱਥ ਪਾਇਆ। ਉਨ੍ਹਾਂ ਦਾ ਵਾਧੂ ਮਾਲ ਡੰਗਰ, ਘੋੜੀਆਂ ਊਠ ਉਨ੍ਹਾਂ ਦੀਆਂ ਗੋਲਕਾਂ ਭੰਨ ਕੇ ਜੋ ਕੁਝ ਲੱਭਾ ਗ਼ਰੀਬਾਂ, ਮਿਹਨਤੀ, ਮਜ਼ਦੂਰਾਂ ਵਿੱਚ ਵੰਡ ਦਿੱਤਾ। ਹੁਣ ਇਹ ਨਿੱਤ ਦਾ ਵਰਤਾਰਾ ਬਣ ਗਿਆ। ਲਾਗੇ ਬੰਨੇ ਦੇ ਝਗੜੇ ਝੇੜੇ ਚੋਰੀ ਦੀਆਂ ਵਾਰਦਾਤਾਂ ਜਾਂ ਸਰਕਾਰੀ ਤੰਤਰ ਦੀਆਂ ਮਾਲੀਆ ਧੱਕੇ ਨਾਲ ਲੈਣ ਦੀਆਂ ਵਧੀਕੀਆਂ ਲੋਕ ਕਚਹਿਰੀ ਲੱਗਦੀ। ਫ਼ੈਸਲੇ ਵੀ ਤੁਰੰਤ ਹੁੰਦੇ ਤੇ ਤੁਰੰਤ ਲਾਗੂ ਵੀ ਹੁੰਦੇ।
ਹਾਕਮ ਸ਼ਾਹੀ ਨੂੰ ਫ਼ਿਕਰ ਹੋਇਆ ਪਿੰਡਾਂ ਵਿੱਚ ਛਾਪੇ ਪੈਣ ਲੱਗੇ ਦੁੱਲੇ ਨੇ ਹੁਣ ਤਕ ਕਈ ਛੋਟੇ ਛੋਟੇ ਜਥੇ ਬਣਾ ਲਏ ਸਨ।
ਇਨ੍ਹਾਂ ਨੇ ਜੰਗਲਾਂ ਅੰਦਰ ਆਪਣੀਆਂ ਛੁਪਣਗਾਹਾਂ ਬਣਾਈਆਂ। ਉਥੇ ਹੀ ਖਾਂਦੇ ਪੀਂਦੇ ਤੇ ਰਾਤਾਂ ਕੱਟਦੇ। ਆਪਣਾ ਜੰਗੀ ਅਭਿਆਸ ਕਰਦੇ।
ਅਲੀ ਸੌਦਾਗਰ ਚੰਗੀ ਕਿਸਮ ਦੇ ਪੰਜ ਸੌ ਘੋੜੇ ਕੰਧਾਰ ਤੋਂ ਖ਼ਰੀਦ ਕੇ ਲਾਹੌਰ ਨੂੰ ਜਾ ਰਿਹਾ। ਰਾਤ ਪਿੰਡ ਭੱਟੀਆਂ ਕੱਟਣੀ ਪਈ। ਦੁੱਲੇ ਹੋਰਾਂ ਸਾਰੇ ਘੋੜੇ ਤਬੇਲੇ ਵਿੱਚੋਂ ਕੱਢ ਕੇ ਆਪਣੇ ਲੜਾਕੂ ਯੋਧਿਆਂ ਵਿੱਚ ਵੰਡ ਦਿੱਤੇ ਅਲੀ ਸੌਦਾਗਰ ਰੋਂਦਾ ਰਿਹਾ ਤੇ ਲਾਹੌਰ ਦੇ ਰਾਹੀਂ ਖਾਲੀ ਹੱਥ ਜਾ ਰਿਹਾ ਕਹਿੰਦਾ ਜਾ ਕੇ ਬਾਦਸ਼ਾਹ ਸਲਾਮਤ ਅੱਗੇ ਫਰਿਆਦ ਕਰਾਂਗਾ।
ਬਲਖ ਬੁਖਾਰੇ ਤੋਂ ਮੇਦਾ ਖੱਤਰੀ ਖੱਚਰਾਂ ਦੀਆਂ ਛੱਟਾ ਭਰੀ ਪਿੰਡੀ ਦੁੱਲੇ ਹੋਰਾਂ ਕੋਲ ਰਾਤ ਮੁਕਾਮ ਕਰਦਾ। ਦੁੱਲੇ ਦੇ ਸਾਥੀ ਉਸ ਦੀ ਚੰਗੀ ਸੇਵਾ ਵੀ ਕਰਦੇ ਪਰ ਪਤਾ ਲੱਗਣ ਤੇ ਕਿ ਇਹ ਸਾਰਾ ਮਾਲ ਸ਼ਾਹੀ ਕਿਲ੍ਹੇ ਅੰਦਰ ਜਾਣਾ ਹੈ ਤਾਂ ਉਹ ਸਭ ਕੁਝ ਲੁਟਾ ਬੈਠੇ ਗੁੱਸੇ ਵਿਚ ਮੇਦਾ ਦੁੱਲੇ ਦੇ ਬਾਪ ਦਾਦੇ ਦਾ ਵੀ ਮਿਹਣਾ ਮਾਰ ਗਿਆ। ਗੁੱਸੇ ਨਾਲ ਦੁੱਲੇ ਨੇ ਉਸ ਦੀ ਦਾੜ੍ਹੀ ਮੁੱਛ ਕੱਟ ਦਿੱਤੀ। ਕਿਹਾ ਜਾਹ ਕਹਿ ਦੇ ਆਪਣੇ ਰਾਜੇ ਨੂੰ ਜੋ ਕਰਨਾ ਕਰ ਲੈਣ।
ਬਾਪ ਦਾਦੇ ਦੀ ਮੌਤ ਮਗਰੋਂ ਸਾਂਦਲ ਬਾਰ ’ਚ ਕੁਝ ਜ਼ਮੀਨੀ ਮਾਲੀਆ ਲਾਹੌਰ ਦਰਬਾਰ ਜਾਣਾ ਸ਼ੁਰੂ ਹੋ ਗਿਆ ਸੀ ਪਰ ਦੁੱਲੇ ਤੇ ਜਬਰ ਦਸਤ ਲੜਾਕੂ ਦਸਤਿਆਂ ਨੇ ਉਹ ਵੀ ਬੰਦ ਕਰਵਾ ਦਿੱਤਾ ਸਾਂਦਲ ਬਾਰ ਅੰਦਰ ਮੁਗ਼ਲਾਂ ਦੀਆਂ ਫ਼ੌਜੀ ਟੁਕੜੀਆਂ ਨਾਲ ਰਾਜਪੂਤ ਜੱਟਾਂ ਦੇ ਪੁੱਤਰਾਂ ਲੁਹਾਰਾ ਤਰਖਾਣਾ, ਸੇਪੀਆਂ, ਮਰਾਸੀਆਂ, ਮੁਜ਼ਾਹਰਿਆਂ ਦੇ ਟਾਕਰੇ ਹੋਣ ਲੱਗੇ। ਆਡੀਜਜ਼ ਅਹਿਸਨ ਨੇ ਇਸੇ ਨੂੰ ਆਪਣੀ ਕਿਤਾਬ ਸਿੱਧ ਸਾਗਰ ਵਿੱਚ ਕਿਸਾਨ ਅੰਦੋਲਨ ਵੀ ਕਿਹਾ ਹੈ।
ਉਹੀ ਕਿਸਾਨ ਅੰਦੋਲਨ ਜੋ ਬਾਅਦ ਵਿੱਚ ਸਰਦਾਰ ਅਜੀਤ ਸਿੰਘ ਨੇ ਉਨੀ ਸੌ ਸੱਤ ਨੂੰ ਪੱਗੜੀ ਸੰਭਾਲ ਜੱਟਾ ਦੇ ਨਾਅਰੇ ਨਾਲ ਚਲਾਇਆ ਸੀ ਜਿਸ ਦੀ ਵਜ੍ਹਾ ਨਾਲ ਕਿਸਾਨੀ ਦੀ ਹਾਲਤ ਜ਼ਿਆਦਾ ਵਿਗੜਨ ਨੂੰ ਕੁਝ ਸਮਾਂ ਬਚੀ ਰਹੀ।
ਵੱਡੇ ਵੱਡੇ ਜਗੀਰਦਾਰਾਂ, ਸਰਕਾਰੀ ਅਹਿਲਕਾਰਾਂ ਵੱਲੋਂ ਕਰਵਾਏ ਜਾਂਦੇ ਮੁਫ਼ਤ ਕੰਮ ਜਿਸ ਨੂੰ ਵਗਾਰ ਵੀ ਕਿਹਾ ਜਾਂਦਾ ਬੰਦ ਹੋਏ।
ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਤਾਂ ਸਭ ਨੇ ਸੁਣਿਆ ਹੋਣੈ ਇਹ ਕਿੰਜ ਹੋਇਆ। ਸੁੰਦਰ ਮੁੰਦਰੀ ਇਕ ਗ਼ਰੀਬ ਹਿੰਦੂ ਮੂਲ ਚੰਦ ਦੁਕਾਨਦਾਰ ਦੀ ਬੇਟੀ ਪਿੰਡੀ ਲਾਗੇ ਪਿੰਡ ਕੋਟ ਨੱਕਾਂ ਤੋਂ। ਮੁਸਲਮਾਨ ਜਾਗੀਰਦਾਰ ਨੂੰ ਚੰਗੀ ਲੱਗੀ। ਬਾਪ ਨੂੰ ਵਿਆਹ ਨਿਕਾਹ ਲਈ ਮਜਬੂਰ ਕਰਨ ਲੱਗਾ। ਭਾਈ ਮੂਲ ਚੰਦ ਦੁੱਲੇ ਕੋਲ ਫਰਿਆਦੀ ਬਣਦਾ। ਦੁੱਲੇ ਨੇ ਉਸ ਦੀ ਧੀ ਨੂੰ ਆਪਣੀ ਬਣਾ ਕੇ ਇਕ ਚੰਗੇ ਹਿੰਦੂ ਪਰਿਵਾਰ ਵਿੱਚ ਵਿਆਹ ਕੀਤਾ ਤੇ ਜਗੀਰਦਾਰ ਨੂੰ ਉਸੇ ਧੱਕੇਸ਼ਾਹੀ ਦੀ ਸਜ਼ਾ ਦਿੱਤੀ।
ਦੁੱਲਾ ਭੱਟੀ ਹੁਣ ਆਪਣੇ ਬਾਪ ਦਾਦੇ ਦੀ ਮੌਤ ਦੇ ਬਦਲੇ ਤਖਤ ਨਹੀਂ ਸੀ ਸੋਚਦਾ। ਹੁਣ ਪੂਰੇ ਸਾਂਦਲ ਬਾਰ ਦਾ ਰਖਵਾਲਾ ਬਣ ਚੁੱਕਾ ਸੀ। ਉਸ ਦੀ ਮੰਜ਼ਿਲ ਹੁਣ ਜ਼ੁਲਮੀ ਰਾਜ ਦੀਆਂ ਜੜ੍ਹਾਂ ਉਖਾੜਨ ਤੱਕ ਸੀ। ਇਹ ਉਹ ਵਕਤ ਸੀ ਜਦੋਂ ਹਿੰਦੁਸਤਾਨ ਦੀ ਰਾਜਧਾਨੀ ਆਗਰਾ ਜਿੱਥੇ ਅਕਬਰ ਦਾ ਬਹੁਤਾ ਸਮਾਂ ਮੁਕਾਮ ਰਹਿੰਦਾ ਸੀ ਪੰਜਾਬ ਦੀ ਵਾਗਡੋਰ ਗਵਰਨਰੀ ਸ਼ਮਸਉੱਦਦੀਨ ਦੇ ਹੱਥਾਂ ਵਿੱਚ ਸੀ।
ਹੁਣ ਤਕ ਹਿੰਦੁਸਤਾਨ ਤੇ ਹਕੂਮਤ ਕਰਦਿਆਂ ਅਕਬਰ ਨੂੰ ਕਰੀਬ ਤੇਤੀ ਸਾਲ ਹੋ ਚੁੱਕੇ ਸਨ। ਸੂਹੀਆ ਖ਼ਬਰਾਂ ਨੇ ਉਸ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ। ਦੁੱਲੇ ਨੂੰ ਜਿਊਂਦਾ ਜਾਂ ਮੁਰਦਾ ਕਰਾਰ ਦਿੱਤਾ ਗਿਆ ਮਿਰਜ਼ਾ ਨਿਜ਼ਾਮੂਦੀਨ 12 ਹਜ਼ਾਰ ਹਥਿਆਰਬੰਦ ਫ਼ੌਜ ਨਾਲ ਪਿੰਡੀ ਭੱਟੀਆਂ ਨੂੰ ਧਾਵਾ ਬੋਲਦਾ। ਲੜਾਈ ਕਈ ਤਿੱਨ ਚੱਲਦੀ ਰਹੀ ਇਕ ਸਮਾਂ ਉਹ ਵੀ ਆਇਆ ਜਦ ਦੁੱਲਾ ਨਿਜ਼ਾਮੂਦੀਨ ਦਾ ਸਿਰ ਕਲਮ ਕਰਨ ਹੀ ਵਾਲਾ ਸੀ ਕਿ ਉਹ ਨਵਾਂ ਦਾਅ ਖੇਡ ਗਿਆ। ਮਾਈ ਲੱਧੀ ਦੇ ਪੈਰੀਂ ਜਾ ਪਿਆ ਦੁੱਲੇ ਦਾ ਪੱਗ ਵੱਟ ਭਰਾ ਬਣ ਗਿਆ ਪਰ ਅੰਦਰੋਂ ਕਿਸੇ ਚੰਗੇ ਮੌਕੇ ਦੀ ਭਾਲ ਵਿੱਚ ਸੀ। ਦੁੱਲੇ ਨੂੰ ਬੰਦੀ ਬਣਾ ਕੇ ਲਾਹੌਰ ਦਰਬਾਰ ਵਿੱਚ ਲਿਆਂਦਾ ਗਿਆ ਇਕ ਛੋਟੇ ਨੀਵੇਂ ਦਰਵਾਜ਼ੇ ਰਾਹੀਂ ਅੰਦਰ ਆਉਣਾ ਸੀ। ਪਰ ਦੁੱਲੇ ਨੇ ਆਪਣੇ ਪੈਰਾਂ ਨੂੰ ਪਹਿਲਾਂ ਅੰਦਰ ਕੀਤਾ ਸਿਰ ਨਹੀਂ ਝੁਕਿਆ। ਸਿਰ ਜੋ ਹੱਕ ਸੱਚ ਲਈ ਉੱਠਦੇ ਨੇ ਉਹ ਕੱਟੇ ਤਾਂ ਜਾਂਦੇ ਨੇ ਪਰ ਛੇਤੀ ਕੀਤਿਆਂ ਜ਼ਾਲਮਾਂ ਮੂਹਰੇ ਝੁਕਦੇ ਨਹੀਂ ਜੋ ਸਿਰ ਅੱਜ ਤੱਕ ਝੁਕੇ ਨਹੀਂ ਉਹ ਸਦਾ ਅਣਲਿਖਤੀ ਲੋਕ ਹਿਰਦਿਆਂ ਵਿੱਚ ਪੀੜ੍ਹੀ ਦਰ ਪੀੜ੍ਹੀ ਦਰਜ ਹੋਈ ਜਾਂਦੇ ਨੇ। ਉਨ੍ਹਾਂ ਦੀਆਂ ਬਾਤਾਂ ਕਦੇ ਬਜ਼ੁਰਗ ਬੁੱਕਲ ਵਿੱਚ ਲਈ ਪੁੱਤ ਪੋਤਰਿਆਂ ਨੂੰ ਸੁਣਾਉਂਦੇ ਨੇ ਜਾਂ ਫਿਰ ਮੈਦਾਨੀ ਜੰਗ ਵਿੱਚ ’ਚ ਖੜਕਦੀਆਂ ਢਾਲਾਂ ਤਲਵਾਰਾਂ ਨੇਜਿਆਂ ਵਿਚੋਂ ਗੂੰਜਦੀਆਂ ਨੇ।
ਉਹ ਮੁਗਲ ਤਖ਼ਤ ਲਾਹੌਰ ਦਾ ਬਾਗੀ ਨਾਬਰ ਜਿਸ ਨਾਲ ਪੂਰਾ ਰਾਵੀ ਤੇ ਚਨਾਬ ਦਾ ਹਰ ਜਣਾ ਨਾਲ ਖਲੋਤਾ। ਉਸ ਨੇ ਹਰ ਇਕ ਨੂੰ ਮਾਣ ਸਤਿਕਾਰ ਨਾਲ ਜੀਣ ਦਾ ਆਪਣੀ ਪਛਾਣ ਬਣਾਉਣ ਦਾ ਵਿਹਾਰ ਦੱਸਿਆ। ਕਿਸਾਨੀ ਮੁਸੀਬਤਾਂ ਨੂੰ ਆਪ ਹੰਢਾਇਆ ਅਤੇ ਉਸ ਦੇ ਹੱਲ ਲਈ ਖ਼ੁਦ ਲੜਿਆ ਦੁੱਲਾ ਭੱਟੀ ਨੇ ਜਨਤਕ ਲਹਿਰ ਖੜ੍ਹੀ ਕੀਤੀ। ਗੁਰੀਲਾ ਢੰਗ ਤਰੀਕੇ ਵਰਤੇ। ਉਹੀ ਤਰੀਕੇ ਜਿਹੜੇ ਬਾਅਦ ਵਿੱਚ ਸਿੱਖਾਂ ਬਾਬਾ ਬੰਦਾ ਬਹਾਦਰ ਚੀ ਗੁਵੇਰਾ ਤੇਜਾ ਸਿੰਘ ਸੁਤੰਤਰ ਪੈਪਸੂ ਲਹਿਰ ਜਾਂ ਤਿਲੰਗਾਨਾ ਵਿੱਚ ਅਪਣਾਏ ਗਏ।
ਲਾਹੌਰ ਦਰਬਾਰ ਵੱਲੋਂ ਦੁੱਲਾ ਭੱਟੀ ਬਾਗ਼ੀ ਸਾਬਤ ਹੋਣਾ ਹੀ ਸੀ। ਸਜ਼ਾਏ ਮੌਤ ਹੋਈ। ਦੁੱਲੇ ਨੂੰ ਫਾਂਸੀ ਤੇ ਚੜ੍ਹਨ ਲਈ ਕੋਤਵਾਲ ਮਲਿਕ ਅਲੀ ਨੂੰ ਚੁਣਿਆ ਗਿਆ। ਮੁਹੱਲਾ ਨਖਾਸ ਚੌਕ ਮੌਜੂਦਾ ਨਾਮ ਲੰਡਾ ਬਾਜ਼ਾਰ ਲਾਗੇ ਨੌਲੱਖਾ ਬਾਜ਼ਾਰ ਦੁੱਲੇ ਨੂੰ ਬੰਨ੍ਹ ਕੇ ਲਿਜਾਇਆ ਜਾ ਰਿਹਾ ਸੀ। ਜਦੋਂ ਸੂਫੀ ਫਕੀਰ ਸ਼ਾਹ ਹੁਸੈਨ ਆਪਣੇ ਰੰਗ ਵਿੱਚ ਰੰਗੇ ਝੂਮਦੇ ਹੋਏ ਕੁਝ ਰਮਜ਼ਾਂ ਨਾਲ ਕਹਿੰਦੇ ਹੋਏ ਲਾਗੇ ਆਏ। ਇੱਕ ਰਵਾਇਤ ਅਨੁਸਾਰ ਉਸ ਵਕਤ ਦੁੱਲਾ ਭੱਟੀ ਅਕਬਰ ਨੂੰ ਬੁਰਾ ਬੋਲ ਰਿਹਾ ਸੀ। ਅੱਗੋਂ ਮਲਿਕ ਅਲੀ ਨੇ ਦੁੱਲੇ ਨੂੰ ਮਾੜਾ ਬੋਲਣਾ ਸ਼ੁਰੂ ਕੀਤਾ ਤਾਂ ਸ਼ਾਹ ਹੁਸੈਨ ਨੇ ਕੋਤਵਾਲ ਨੂੰ ਤਾੜਨਾ ਕੀਤੀ ਤਾਂ ਉਸ ਨੇ ਸ਼ਾਹ ਹੋਰਾਂ ਨੂੰ ਵੀ ਨਾ ਬਖਸ਼ਿਆ। ਸ਼ਾਹ ਹੁਸੈਨ ਨੇ ਕੋਤਵਾਲ ਨੂੰ ਕਿਹਾ ਤੂੰ ਵੀ ਆਪਣੀ ਮੌਤ ਦਾ ਸਾਮਾਨ ਬੰਨ੍ਹ ਲਿਆ।
ਦੁੱਲਾ ਭੱਟੀ ਬੇਖੌਫ ਫਾਂਸੀ ਤੇ ਚੜ੍ਹ ਗਿਆ ਸੀ ਉਹ ਦਿਨ ਸੀ। 26 ਮਾਰਚ 1589 ਦਿਨ ਸ਼ੁੱਕਰਵਾਰ। ਜੋ ਸ਼ਾਹ ਹੁਸੈਨ ਨੇ ਆਖ਼ਰੀ ਬੋਲ ਦੁੱਲੇ ਭੱਟੀ ਨੂੰ ਸੁਣਾਈ, ਉਹ ਸਨ :
‘‘ਯਾ ਦਿਲਬਰ ਯਾ ਮਰ ਕੇ ਪਿਆਰਾ
ਦੁੱਲੇ ਦੇ ਲਾਲ ਲਬਾਂ ਦੇ ਲਾਰੇ
ਸੂਲੀ ਪਰ ਚੜ੍ਹ ਲੈ ਹੁਲਾਰੇ
ਆਣ ਮਿਲਾਸੀ ਦਿਲਬਰ ਯਾਰਾ
ਯਾ ਦਿਲਬਰ ਯਾ ਮਰ ਕਰ ਪਿਆਰਾ’’
ਕੋਤਵਾਲ ਨੂੰ ਵੀ ਉਸੇ ਸ਼ਾਮ ਨੂੰ ਕਿੱਲ ਠੁਕਵਾ ਕੇ ਮਾਰ ਦਿੱਤਾ ਗਿਆ। ਦਰਬਾਰ ਵਿੱਚ ਝੂਠੀ ਰਿਪੋਰਟ ਕਰਨ ਕਰਕੇ ਇਸ ਦੀ ਕਬਰ ਵੀ ਮਿਆਨੀ ਕਬਰਸਤਾਨ ਵਿਚ ਹੈ।
ਚੇਤੇ ਰੱਖਣਾ ਦੋਸਤੋ
ਇਤਿਹਾਸਕਾਰਾਂ ਦੀਆਂ ਆਪ ਹੁਦਰੀਆਂ
ਸਾਨੂੰ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਅੰਦਰ ਕਿੰਨਾ ਕੁਝ ਇਤਿਹਾਸਕਾਰਾਂ ਵੱਲੋਂ ਲਿਖਿਆ ਗਲਤ ਪੜ੍ਹਾਇਆ ਜਾਂਦਾ ਰਿਹਾ।
1. ਕਿਸੇ ਸ਼ੇਖੂ ਭਾਵ ਅਕਬਰ ਦੇ ਲੜਕੇ ਸਲੀਮ ਜਹਾਂਗੀਰ ਨੂੰ ਮਾਈ ਲੱਧੀ ਨੇ ਆਪਣਾ ਦੁੱਧ ਪਿਲਾ ਕੇ ਜਵਾਨ ਨਹੀਂ ਸੀ ਕੀਤਾ। ਦੁੱਲਾ ਸਾਂਦਲ ਬਾਰ ਵਿੱਚ 1547 ਨੂੰ ਪੈਦਾ ਹੋਇਆ ਸਲੀਮ ਜਹਾਂਗੀਰ 31ਅਗਸਤ 1569 ਨੂੰ ਫਤਿਹਪੁਰ ਸੀਕਰੀ ਪੈਦਾ ਹੋਇਆ ਸੀ। ਉਮਰ ਦਾ ਫ਼ਰਕ 21 -22 ਸਾਲ ਸੀ।
2. ਦੁੱਲਾ ਭੱਟੀ ਦੇ ਬਾਪ ਦਾਦੇ ਨੂੰ ਅਕਬਰ ਨੇ ਨਹੀਂ,ਲਾਹੌਰ ਦੇ ਮੁਗ਼ਲ ਸ਼ਾਹੀ ਅਹਿਲਕਾਰਾਂ ਵੱਲੋਂ ਫਾਂਸੀ ਦਿੱਤੀ ਗਈ ਸੀ। ਜਦੋਂ ਇਨ੍ਹਾਂ ਭੱਟੀਆਂ ਨੂੰ ਫਾਂਸੀ ਚਾਡ਼੍ਹਿਆ ਗਿਆ ਸੀ ਉਸ ਵਕਤ ਅਕਬਰ ਮਹਿਜ਼ ਪੰਜ ਸਾਲ ( ਜਨਮ 15 ਅਕਤੂਬਰ 1542) ਦਾ ਸੀ ।
3. ਨੰਦੀ ਮਿਰਾਸਣ ਦੇ ਮਿਹਣਿਆਂ ਤਾਨਿਆਂ ਨੇ ਦੁੱਲੇ ਭੱਟੀ ਨੂੰ ਬਦਲਾ ਲੈਣ ਲਈ ਨਹੀਂ ਸੀ ਜਗਾਇਆ। ਪਿੰਡ ਇਲਾਕੇ ਜੂਹ ਵਿੱਚ ਕਤਲ ਹੋਇਆ ਹੋਵੇ ਤਾਂ ਜੱਟਾਂ ਦੇ ਮੁੰਡਿਆਂ ਨੂੰ ਪਤਾ ਨਾ ਲੱਗੇ। ਇੰਜ ਪੰਜਾਬ ਅੰਦਰ ਤਾਂ ਨਹੀਂ ਸੀ ਹੋ ਸਕਦਾ।
4. ਦੁੱਲਾ ਭੱਟੀ ਫੜਿਆ ਜਾਂਦਾ ਲਾਹੌਰ ਕਿਲ੍ਹੇ ਅੰਦਰ ਮਹੁਰਾ ਚੱਟ ਕੇ ਆਪਣੇ ਆਪ ਨੂੰ ਖ਼ਤਮ ਕਰ ਲੈਂਦਾ ਦੱਸਣ ਵਾਲੇ ਇਤਿਹਾਸਕਾਰ ਜਾਂ ਤਾਂ ਰਾਜਪੂਤਾਂ ਦੇ ਇਤਿਹਾਸ ਤੋਂ ਅਨਜਾਣ ਸਨ ਤੇ ਜਾਂ ਹਾਕਮਾਂ ਵੱਲੋਂ ਦਿੱਤੀਆਂ ਮੋਹਰਾਂ ਦੀ ਚਮਕ ਮੂਹਰੇ ਅੱਖਾਂ ਚੁੰਧਿਆਈਆਂ ਗਈਆਂ ਸਨ।
5. ਦੁੱਲੇ ਭੱਟੀ ਨੂੰ ਡਾਕੂ,ਲੁਟੇਰਾ,ਧਾੜਵੀ ਲਿਖਿਆ ਗਿਆ। ਇਹ ਸਹੀ ਨਹੀਂ।
ਲੇਖਕ ਨੇ ਪਿੰਡ ਭੱਟੀਆਂ ਦੁੱਲਾ ਭੱਟੀ ਸੰਗਤ ਬਣਵਾਈ ਪਿੰਡੀ ਭੱਟੀਆਂ ਦੇ ਲਾਗਲੇ ਪਿੰਡ ਦੁੱਲੇਕੀ ਦੁੱਲਾ ਭੱਟੀ ਦਾ ਬੁੱਤ ਲਗਾਇਆ। ਮਾਰਚ 2008 ਦੇ ਸ਼ਹੀਦੀ ਮੇਲੇ ਨੂੰ 5000 ਲੋਕਾਂ ਨਾਲ ਵੱਡੇ ਮੇਲੇ ਵਿਚ ਪਹਿਲੀ ਵਾਰ ਦੁੱਲੇ ਭੱਟੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।
ਅੱਜ ਦੇ ਹਿੰਦੁਸਤਾਨ ਅੰਦਰ ਕਿਸਾਨੀ ਅੰਦੋਲਨ ਪਿੱਛੇ ਲੜੇ ਗਏ ਸੰਘਰਸ਼ਾਂ ਦਾ ਹੀ ਅਗਲਾ ਪੜਾਅ ਹੈ। ਲੋਕ ਜਿੱਤਣਗੇ।
-
ਧਰਮ ਸਿੰਘ ਗੋਰਾਇਆ, ਮੈਰੀਲੈਂਡ (ਅਮਰੀਕਾ), ਲੇਖਕ
*****************
001 301 653 7029
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.