ਫੋਟੋ- 1. ਸ਼ਹੀਦ ਭਗਤ ਸਿੰਘ
2. ਕਰਤਾਰ ਸਿੰਘ ਸਰਾਭਾ
3. ਰਾਜਾ ਮਹਿੰਦਰ ਪ੍ਰਤਾਪ
4.ਅਲੂਰੀ ਸੀਤਾਰਾਮ ਰਾਜੂ
5. ਟਿਰੌਤ ਸਿੰਘ
6. ਪਿੰਗਲੀ ਵੈਨਕੱਈਆ
7. ਵਿਰੰਪਨਦੀਆ ਕਾਟਾਵੋਮਾਨ
8. ਬੰਗਾਲ ਦੇ ਤਿੰਨ ਆਜ਼ਾਦੀ ਸੰਗਰਾਮੀਏਂ- ਬਾਦਲ ਗੁਪਤਾ, ਦਿਨੇਸ਼ ਗੁਪਤਾ, ਬਿਨੋਏ ਬਾਸੂ
9. ਸੂਰੀਆ ਸੈਨ
ਭਾਰਤ ਦੇਸ਼ ਦੀ ਆਜ਼ਾਦੀ ਲਈ, ਕਸ਼ਮੀਰ ਤੋਂ ਕੰਨਿਆਕੁਮਾਰੀ, ਅਸਾਮ ਤੋਂ ਗੁਜਰਾਤ, ਹਜ਼ਾਰਾਂ ਦੀ ਗਿਣਤੀ `ਚ ਔਰਤਾਂ, ਮਰਦਾਂ ਨੇ ਦੇਸ਼ ਦੀ ਖਾਤਰ ਜਾਨਾਂ ਵਾਰੀਆਂ। ਲੱਖਾਂ ਦੀ ਗਿਣਤੀ `ਚ ਲੋਕਾਂ ਨੇ, ਆਪਣੀ ਮਾਂ-ਭੂਮੀ ਨੂੰ, ਵਿਦੇਸ਼ੀਆਂ ਦੀ ਜਕੜ ਤੋਂ ਛੁਟਕਾਰਾ ਪਾਉਣ ਲਈ ਸੰਘਰਸ਼ ਕੀਤਾ।
ਆਜ਼ਾਦੀ ਦੇ ਇਸ ਸੰਗਰਾਮ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ ਆਜ਼ਾਦ, ਰਾਮ ਪ੍ਰਸਾਦ ਬਿਸਮਿਲ, ਸੁਭਾਸ਼ ਚੰਦਰ ਬੋਸ, ਮੋਹਨ ਦਾਸ ਕਰਮ ਚੰਦ ਗਾਂਧੀ ਵਲੋਂ ਪਾਏ ਵਿਸ਼ੇਸ਼ ਯੋਗਦਾਨ ਕਾਰਨ ਅਸੀਂ ਉਹਨਾ ਨੂੰ ਯਾਦ ਕਰਦੇ ਹਾਂ। ਸ਼ਹੀਦ-ਏ-ਆਜ਼ਮ ਭਗਤ ਸਿੰਘ ਨੌਜਵਾਨਾਂ ਦਾ ਅੱਜ ਵੀ ਹੀਰੋ ਹੈ।
ਆਜ਼ਾਦੀ ਦੇ ਸੰਗਰਾਮ ਵਿੱਚ ਆਪਣੀਆਂ ਜਾਨਾਂ ਦੀ ਆਹੂਤੀ ਦੇਣ ਵਾਲੇ ਹਜ਼ਾਰਾਂ ਨਾਮ ਇਹੋ ਜਿਹੇ ਹਨ, ਜਿਹਨਾਂ ਦੇ ਆਜ਼ਾਦੀ ਪ੍ਰਾਪਤੀ `ਚ ਕੰਮ ਤਾਂ ਵੱਡੇ ਸਨ, ਪਰ ਜਿਹਨਾਂ ਨੂੰ ਅਸਾਂ ਲੋਕਾਂ ਨੇ ਅਸਲੋਂ ਭੁਲਾ ਛੱਡਿਆ ਜਾਂ ਜਿਹਨਾਂ ਦੇ ਕੀਤੇ ਕੰਮਾਂ ਪ੍ਰਤੀ ਆਜ਼ਾਦੀ ਇਤਿਹਾਸ ਲਿਖਣ ਲੱਗਿਆਂ ਇਤਹਾਸਕਾਰਾਂ ਕੋਈ ਤਵੱਜੋਂ ਨਹੀਂ ਦਿੱਤੀ। ਸਿੱਟੇ ਵਜੋਂ ਉਹ ਸ਼ਹੀਦ, ਬਲੀਦਾਨ ਦੇਣ ਦੇ ਬਾਵਜੂਦ ਵੀ, ਇਤਿਹਾਸ ਦੇ ਹਾਸ਼ੀਏ `ਤੇ ਹੀ ਰਹੇ।
ਮਿਸਾਲ ਵਜੋਂ ਸ਼ਹੀਦ ਭਗਤ ਸਿੰਘ ਵਲੋਂ ਆਪਣਾ ਗੁਰੂ ਸਮਝਣ ਵਾਲੇ ਕਰਤਾਰ ਸਿੰਘ ਸਰਾਭਾ ਦੀ ਗੱਲ ਕਰਦੇ ਹਾਂ। ਕਰਤਾਰ ਸਿੰਘ ਸਰਾਭਾ ਗਦਰ ਲਹਿਰ ਦੇ ਮੋਢੀਆਂ ਵਿੱਚੋਂ ਇੱਕ ਸੀ। 1896 `ਚ ਸਰਾਭਾ (ਲੁਧਿਆਣਾ) `ਚ ਜੰਮਿਆਂ ਕਰਤਾਰ ਸਿੰਘ ਸਰਾਭਾ,ਅਮਰੀਕਾ ਚਲਿਆ ਗਿਆ ਅਤੇ ਉਥੇ 1913 `ਚ ਗਦਰ ਪਾਰਟੀ ਦੀ ਸਥਾਪਨਾ `ਚ ਉਸਨੇ ਮੋਹਰੀ ਰੋਲ ਅਦਾ ਕੀਤਾ। ਗਦਰ ਪਾਰਟੀ ਵਲੋਂ ਅਰੰਭੇ ਗਦਰ ਪਰਚੇ, ਜੋ ਪਸ਼ਤੋਂ, ਹਿੰਦੀ, ਪੰਜਾਬੀ, ਬੰਗਾਲੀ, ਉਰਦੂ, ਗੁਜਰਾਤੀ `ਚ ਛਾਪਿਆ ਜਾਂਦਾ ਸੀ, ਉਸ `ਚ ਉਸਨੇ ਵਿਸ਼ੇਸ਼ ਯੋਗਦਾਨ ਦਿੱਤਾ। ਪਹਿਲੀ ਵਿਸ਼ਵ ਜੰਗ ਦਾ ਫਾਇਦਾ ਲੈਂਦਿਆਂ ਗਦਰ ਦੇ ਇਨਕਲਾਬੀਆਂ ਅੰਗਰੇਜ਼ਾਂ ਵਿਰੁੱਧ ਬਗਾਵਤ ਦਾ ਝੰਡਾ ਚੁੱਕਿਆ। ਇਸ ਅਮਨ ਦੀ ਪੂਰਤੀ ਲਈ ਸਰਾਭਾ ਅਮਰੀਕਾ ਛੱਡ ਪੰਜਾਬ ਆ ਗਿਆ। ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ। ਸਿਰਫ 19 ਵਰ੍ਹਿਆਂ ਦੀ ਉਮਰ `ਚ ਹੀ ਉਸ ਨੂੰ 16 ਨਵੰਬਰ 1915 ਨੂੰ ਲਾਹੌਰ ਸੈਂਟਰਲ ਜੇਲ੍ਹ `ਚ ਫਾਂਸੀ ਦੇ ਦਿੱਤੀ ਗਈ। ਇਹ ਉਹੋ ਜੇਲ ਹੀ ਹੈ, ਜਿਥੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ 23 ਮਾਰਚ, 1931 ਨੂੰ ਫਾਂਸੀ ਟੰਗੇ ਗਏ ਸਨ।
ਇਸੇ ਤਰ੍ਹਾਂ ਦਾ ਇੱਕ ਵੱਡਾ ਨਾਮ ਹਾਥਰਸ ਅਲੀਗੜ੍ਹ, ਦੇ ਰਾਜਾ ਮਹਿੰਦਰ ਪ੍ਰਤਾਪ ਦਾ ਹੈ। ਉਹ ਦੇਸ਼ ਦਾ ਪਹਿਲਾ ਮਾਰਕਸੀ ਕ੍ਰਾਂਤਕਾਰੀ ਸੀ। ਅਸਲ `ਚ ਪ੍ਰਤਾਪ, ਅਫਗਾਨਿਸਤਾਨ `ਚ ਬਣਾਈ ਪਹਿਲੀ ਭਾਰਤ ਸਰਕਾਰ ਦਾ ਪਹਿਲਾ ਆਰਜ਼ੀ ਪ੍ਰਧਾਨ ਸੀ। ਉਹ 1906 `ਚ ਕਲਕੱਤਾ `ਚ ਕਾਂਗਰਸ ਸੈਸ਼ਨ `ਚ ਸ਼ਾਮਲ ਹੋਇਆ। ਦੇਸ਼ ਦੀ ਸਵਦੇਸ਼ੀ ਲਹਿਰ ਨਾਲ ਜੁੜੇ ਨੇਤਾਵਾਂ ਨੂੰ ਮਿਲਿਆ। ਪ੍ਰੰਤੂ ਛੇਤੀ ਹੀ ਉਸਨੂੰ ਅਹਿਸਾਸ ਹੋ ਗਿਆ ਕਿ ਕਾਂਗਰਸ ਉਹਨਾਂ ਦੇ ਦੇਸ਼ ਆਜ਼ਾਦੀ ਦੇ ਸੁਪਨੇ ਨੂੰ ਪੂਰਿਆਂ ਕਰਨ `ਚ ਸਹਾਈ ਨਹੀਂ ਹੋ ਸਕਦੀ। ਉਹ 1915 `ਚ ਦੇਸ਼ ਤੋਂ ਬਾਹਰ ਸਵਿੱਜ਼ਰਲੈਂਡ ਰਾਹੀਂ ਜਰਮਨੀ ਪੁੱਜਿਆ। ਬਰਲਿਨ ਕਮੇਟੀ ਦੇ ਭਾਰਤੀ ਭਾਈਚਾਰੇ ਰਾਹੀਂ ਉਹ ਜਰਮਨ ਦੇ ਬਾਦਸ਼ਾਹ ਵੇਲਿਹਮ-ਟੂ ਨੂੰ ਮਿਲਿਆ। ਜਿਸਨੇ ਪ੍ਰਤਾਪ ਨੂੰ ਅਫਗਾਨਿਸਤਾਨ ਦੀ ਸਰਹੱਦ ਰਾਹੀਂ ਭਾਰਤ ਵਿਚਲੇ ਬਿਟ੍ਰਿਸ਼ ਸਮਰਾਜ ਨੂੰ ਕੁਚਲਣ ਲਈ ਮਦਦ ਦਾ ਭਰੋਸਾ ਦਿੱਤਾ। ਪ੍ਰਤਾਪ, ਜਿਸਦੇ ਭਾਰਤੀ ਰਿਆਸਤਾਂ ਜੀਂਦ, ਨਾਭਾ, ਪਟਿਆਲਾ ਆਦਿ ਨਾਲ ਨੇੜਲੇ ਪਰਿਵਾਰਿਕ ਰਿਸ਼ਤੇ ਸਨ, ਦੀ ਸਹਾਇਤਾ ਲੈ ਕੇ ਭਾਰਤ ਨੂੰ ਅੰਗਰੇਜ਼ਾਂ ਤੋਂ ਮੁਕਤੀ ਦਾ ਨਿਸ਼ਾਨਾ ਬੰਨ੍ਹੀ ਬੈਠਾ ਸੀ। ਪਰ ਜਰਮਨੀ ਦੀ ਪਹਿਲੇ ਵਿਸ਼ਵ ਯੁੱਧ `ਚ ਹਾਰ ਕਾਰਨ ਇਹ ਯੋਜਨਾ ਸਿਰੇ ਨਾ ਚੜ੍ਹੀ। ਉਸਨੇ ਬਾਅਦ `ਚ ਰੂਸ ਦੀ ਮਦਦ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਲੈਣੀ ਚਾਹੀ, ਉਹ ਕ੍ਰਾਂਤੀਕਾਰੀ ਲੈਨਿਨ ਨੂੰ ਵੀ ਮਿਲਿਆ।
ਰਾਜਾ ਮਹਿੰਦਰ ਪ੍ਰਤਾਪ ਆਪਣੇ ਆਪ ਨੂੰ ਨਿਤਾਣਿਆ ਅਤੇ ਕੰਮਜੋਰਾਂ ਦਾ ਦਾਸ ਸਮਝਦਾ ਸੀ। ਉਸਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੂੰ ਆਪਣੀ ਬਹੁਤੀ ਜ਼ਮੀਨ ਦਾਨ ਕਰ ਦਿੱਤੀ। ਬਰਿੰਦਾਵਨ `ਚ ਇੱਕ ਟੈਕਨੀਕਲ ਕਾਲਜ ਵੀ ਸਥਾਪਿਤ ਕੀਤਾ। ਉਸਨੇ ਆਪਣੀ ਉਮਰ ਦੇ ਬਹੁਤੇ ਵਰ੍ਹੇ ਦੇਸ਼ ਦੀ ਆਜ਼ਾਦੀ ਦੀ ਪ੍ਰਾਪਤੀ ਲਈ ਲਗਾ ਦਿੱਤੇ।
ਅਣਗੌਲੇ, ਆਜ਼ਾਦੀ ਪ੍ਰਵਾਨਿਆਂ `ਚ ਜੁੜਿਆ ਇਕ ਹੋਰ ਨਾਮ ਅਲੂਰੀ ਸੀਤਾਰਾਮ ਰਾਜੂ ਦਾ ਹੈ। ਅੰਗਰੇਜ਼ ਸਾਮਰਾਜ ਨੇ 1924 ਵਿੱਚ ਉਸਨੂੰ ਗ੍ਰਿਫਤਾਰ ਕੀਤਾ ਅਤੇ ਮਾਰ ਸੁੱਟਿਆ। ਆਂਧਰਾ ਪ੍ਰਦੇਸ਼ ਦਾ ਇਹ ਯੋਧਾ ਸਾਲ 1887 `ਚ ਜਨਮਿਆ। ਸਾਲ 1922-24 ਦੌਰਾਨ ਉਸਨੇ ਅੰਗਰੇਜ਼ਾਂ ਵਿਰੁੱਧ ਝੰਡਾ ਚੁੱਕਿਆ। ਉਸਨੂੰ ਸਥਾਨਕ ਲੋਕਾਂ ਜੰਗਲ ਦਾ ਰਾਜਾ ਦਾ ਖਿਤਾਬ ਦਿੱਤਾ। ਉਸਨੇ ਉਹਨਾਂ ਜੰਗਲੀ ਕਬੀਲਿਆਂ ਨਾਲ ਰਲਕੇ, ਅੰਗਰੇਜ਼ ਹਕੂਮਤ ਵਿਰੁੱਧ ਕ੍ਰਾਂਤੀਕਾਰੀ ਹਥਿਆਰਬੰਦ ਲਹਿਰ ਚਲਾਈ, ਜਿਹਨਾਂ ਨੂੰ ਅੰਗਰੇਜ਼ ਅਧਿਕਾਰੀ ਜੰਗਲਾਤ ਕਾਨੂੰਨ ਅਨੁਸਾਰ ਪ੍ਰੇਸ਼ਾਨ ਕਰਦੇ ਸਨ। 37 ਵਰ੍ਹਿਆਂ ਦੀ ਉਮਰ `ਚ ਇਹ ਯੋਧਾ ਆਜ਼ਾਦੀ ਸੰਗਰਾਮ ਲਈ ਬਲੀਦਾਨ ਦੇ ਗਿਆ।
18ਵੀਂ ਸਦੀ ਵਿੱਚ ਅਸਾਮ ਦੇ ਖਾਸੀ ਪਹਾੜਾਂ ਨੂੰ ਕਾਬੂ ਕਰਨ ਲਈ ਅੰਗਰੇਜ਼ ਸਾਮਰਾਜ ਨੇ ਯਤਨ ਕੀਤਾ। ਇਸ ਸਮੇਂ 1835 ਵਿੱਚ ਟਿਰੌਤ ਸਿੰਘ ਨੇ ਇਸ ਯਤਨ ਨੂੰ ਕਾਮਯਾਬ ਨਾ ਹੋਣ ਦੇਣ ਵਿਰੁੱਧ ਲੜਾਈ ਲੜੀ। ਅਸਲ ਵਿੱਚ ਅੰਗਰੇਜ਼ ਹਕੂਮਤ ਅਸਾਮ ਦੇ ਗੁਹਾਟੀ ਖੇਤਰ ਨੂੰ ਸਿਲਹਟ ਖੇਤਰ ਨਾਲ ਜੋੜਨਾ ਚਾਹੁੰਦੀ ਸੀ। ਇਸ ਮੁਹਿੰਮ ਦਾ ਟਿਰੌਤ ਸਿੰਘ ਦੇ ਕਬੀਲੇ ਦੇ ਲੋਕਾਂ ਨੇ ਵਿਰੋਧ ਕੀਤਾ, ਕਿਉਂਕਿ ਉਹ ਅੰਗਰੇਜ਼ਾਂ ਨੂੰ ਆਪਣੇ ਪਹਾੜੀ ਖਿੱਤੇ ਨੂੰ ਹਥਿਆਉਣ ਦੀ ਸਾਜਿਸ਼ ਤੋਂ ਜਾਣੂ ਹੋ ਚੁੱਕੇ ਸਨ। ਸਿੱਟੇ ਵਜੋਂ ਖਾਸੀ ਲੋਕਾਂ ਅਤੇ ਅੰਗਰੇਜ ਹਕੂਮਤ ਵਿਚਕਾਰ ਗਹਿਗਚ ਖੂਨੀ ਲੜਾਈ ਹੋਈ। ਇਸ ਲੜਾਈ ਵਿੱਚ ਟਿਕੌਤ ਸਿੰਘ ਨੂੰ ਆਪਣੇ ਕਬੀਲੇ ਅਤੇ ਧਰਤੀ ਖਾਤਰ ਜਾਨ ਤੋਂ ਹੱਥ ਧੋਣੇ ਪਏ।
ਪਿੰਗਲੀ ਵੈਨਕੱਈਆ ਉਹ ਸਖਸ਼ ਸੀ, ਜਿਸਨੇ ਭਾਰਤੀ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਤਿਆਰ ਕੀਤਾ ਸੀ। ਅਜ਼ਾਦੀ ਤੋਂ ਪਹਿਲਾਂ ਬਹੁਤ ਸਾਰੇ ਵਿਅਕਤੀਆਂ ਨੇ ਝੰਡੇ ਡਿਜ਼ਾਈਨ ਕੀਤੇ ਅਤੇ ਅੰਗਰੇਜ਼ਾਂ ਲਈ ਲੜ ਰਹੇ ਗਰੁੱਪਾਂ ਨੇ ਇਹਨਾਂ ਦੀ ਵਰਤੋਂ ਕੀਤੀ, ਪਰ ਵੈਨਕੱਈਆ ਨੇ ਇੰਡੀਅਨ ਨੈਸ਼ਨਲ ਕਾਂਗਰਸ ਲਈ ਤਿਰੰਗਾ ਝੰਡਾ ਡਿਜ਼ਾਈਨ ਕੀਤਾ, ਜਿਹੜਾ ਬਾਅਦ `ਚ ਕੁਝ ਸੋਧਾਂ ਜਾਂ ਤਬਦੀਲੀਆਂ ਨਾਲ ਦੇਸ਼ ਦਾ ਰਾਸ਼ਟਰੀ ਝੰਡਾ ਪ੍ਰਵਾਨਿਆ ਗਿਆ।
ਦੀ ਹਿੰਦੂ ਅਖਬਾਰ ਅਨੁਸਾਰ ਪਿੰਗਲੀ ਵੈਨਕੱਈਆ ਇਕ ਉੱਘਾ ਖੇਤੀ ਜਿਉਲੌਜਿਸਟ ਅਤੇ ਸਿੱਖਿਆ ਸ਼ਾਸਤਰੀ ਸੀ, ਜਿਸਨੇ ਮਿਚਾਲੀ ਪਟਨਮ ਵਿਖੇ ਸਿੱਖਿਆ ਅਦਾਰੇ ਖੋਲ੍ਹੇ। ਉਹ 1963 `ਚ ਘੋਰ ਗਰੀਬੀ ਦੀ ਹਾਲਤ `ਚ ਮਰਿਆ, ਜਿਸ ਨੂੰ ਉਸਦੀ ਆਪਣੀ ਪਾਰਟੀ ਕਾਂਗਰਸ ਅਤੇ ਲੋਕਾਂ ਵਲੋਂ ਵੀ ਭੁਲਾ ਦਿੱਤਾ ਗਿਆ। 2009 ਅਤੇ 2011 ਵਿੱਚ ਉਸਦੇ ਨਾਮ ਉਤੇ ਭਾਰਤ ਸਰਕਾਰ ਨੇ ਡਾਕ ਟਿਕਟ ਜਾਰੀ ਕੀਤੇ ਅਤੇ ਮਰਨ ਉਪਰੰਤ ਭਾਰਤ ਰਤਨ ਦਾ ਖਿਤਾਬ ਦੇਣ ਲਈ ਉਸਦਾ ਨਾਮ ਤਜਵੀਜ਼ ਵੀ ਹੋਇਆ, ਪਰ ਉਸ ਤਜਵੀਜ਼ ਦਾ ਕੀ ਬਣਿਆ, ਕਿਸੇ ਨੂੰ ਵੀ ਕੁਝ ਪਤਾ ਨਹੀਂ।
1857 ਦੀ ਦੇਸ਼ ਦੀ ਆਜ਼ਾਦੀ ਦੀ ਪਹਿਲੀ ਜੰਗ ਤੋਂ 60 ਵਰ੍ਹੇ ਪਹਿਲਾਂ ਵਿਰੰਪਨਦੀਆ ਕਾਟਾਵੋਮਾਨ ਨੇ ਅੰਗਰੇਜ਼ ਸਾਮਰਾਜ ਵਿਰੁੱਧ ਬਗਾਵਤ ਕਰਕੇ ਟੈਕਸ ਦੇਣ ਤੋਂ ਇਨਕਾਰ ਕੀਤਾ। 18ਵੀਂ ਸਦੀ ਦੇ ਤਾਮਿਲ ਪਾਲੀਕਾਰ ਕਬੀਲੇ ਦੇ ਮੁਖੀ ਦੇ ਨਾਤੇ ਉਸਨੇ ਆਪਣੇ ਭਾਈਚਾਰੇ ਦੀ ਧਰਤੀ ਦੀ ਰੱਖਿਆ ਲਈ ਜੰਗ ਲੜੀ ਅਤੇ ਅੰਗਰੇਜਾਂ ਵਿਰੁੱਧ ਲੜੀ ਇਸ ਲੜਾਈ `ਚ ਉਹ ਮਾਰਿਆ ਗਿਆ। ਉਹ ਤਾਮਿਲਨਾਡੂ ਦੇ ਕਸਬੇ ਪੰਚਾਲਨਕਰੁਚੀ ਵਿਖੇ 3 ਜਨਵਰੀ 1760 `ਚ ਪੈਦਾ ਹੋਇਆ ਅਤੇ 16 ਅਕਤੂਬਰ 1799 `ਚ ਦੇਸ਼ ਲਈ ਜਾਨ ਕੁਰਬਾਨ ਕਰ ਗਿਆ। ਮਰਨ ਤੋਂ ਪਹਿਲਾਂ ਦੇ ਉਸਦੇ ਬੋਲ ਸੁਨਣ, ਪੜ੍ਹਨ ਵਾਲੇ ਹਨ, "ਅਸੀਂ ਇਸ ਧਰਤੀ ਦੇ ਜਾਏ ਹਾਂ। ਅਸੀਂ ਆਣ, ਅਣਖ ਨਾਲ ਇਸ ਧਰਤੀ ਤੇ ਰਹਿੰਦੇ ਹਾਂ। ਅਸੀਂ ਵਿਦੇਸ਼ੀਆਂ ਅੱਗੇ ਸਿਰ ਨਹੀਂ ਝੁਕਾ ਸਕਦੇ। ਅਸੀਂ ਉਹਨਾਂ ਵਿਰੁੱਧ ਲੜਾਂਗੇ, ਜਿੱਤ ਪ੍ਰਾਪਤ ਕਰਾਂਗੇ ਜਾਂ ਮਰਾਂਗੇ"।
ਜਿਵੇਂ ਦੇਸ਼ ਦੀ ਆਜ਼ਾਦੀ `ਚ ਪੰਜਾਬ ਦੀ ਜਰਖੇਜ਼ ਧਰਤੀ ਨੇ ਸ਼ਹੀਦ ਜੰਮੇ, ਉਵੇਂ ਹੀ ਬੰਗਾਲ ਦੀ ਧਰਤੀ ਨੇ ਆਜ਼ਾਦੀ ਖਾਤਰ ਲੜਨ ਵਾਲੇ ਪ੍ਰਵਾਨਿਆਂ ਨੂੰ ਜਨਮ ਦਿੱਤਾ। ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਤਰ੍ਹਾਂ ਬੰਗਾਲ ਦੇ ਤਿੰਨ ਆਜ਼ਾਦੀ ਸੰਗਰਾਮੀਏ ਬਾਦਲ ਗੁਪਤਾ, ਦਿਨੇਸ਼ ਗੁਪਤਾ, ਬਿਨੋਏ ਬਾਸੂ ਨੇ ਅੰਗਰੇਜ਼ ਅਧਿਕਾਰੀ ਕਰਨਲ ਐਨ ਐਸ ਸਿਮਪਸਨ ਇੰਸਪੈਕਟਰ ਜਨਰਲ (ਜੇਲਾਂ) ਦੀ ਹੱਤਿਆ ਕਰ ਦਿੱਤੀ ਸੀ। ਉਹਨਾਂ ਉਤੇ ਹਮਲਾ ਕਰਨ ਉਪਰੰਤ ਉਹ ਰਾਈਟਰਜ਼ ਬਿਲਡਿੰਗ ਇੰਨ ਡਿਲਹੌਜ਼ੀ ਸੁਕੈਅਰ, ਕਲਕੱਤਾ ਵਿਖੇ ਅੰਗਰੇਜ਼ਾਂ ਦਾ ਪਹਿਰਾਵਾ ਪਾ ਕੇ ਗਏ। ਬਾਦਲ ਗੁਪਤਾ ਨੇ ਉਥੇ ਜਾ ਕੇ ਜ਼ਹਿਰ ਨਿਗਲ ਲਿਆ, ਦਿਨੇਸ਼ ਗੁਪਤਾ ਤੇ ਬਿਨੋਏ ਬਾਸੂ ਨੇ ਆਪਣੇ ਆਪ ਨੂੰ ਪਿਸਤੌਲ ਦੀਆਂ ਗੋਲੀਆਂ ਨਾਲ ਭੁੰਨ ਲਿਆ। ਕਿਉਂਕਿ ਉਹ ਅੰਗਰੇਜ਼ਾਂ ਹੱਥ ਨਹੀਂ ਸਨ ਆਉਣਾ ਚਾਹੁੰਦੇ। ਇਹ ਘਟਨਾ 8 ਦਸੰਬਰ 1930 ਦੀ ਹੈ।
ਇਸੇ ਤਰ੍ਹਾਂ ਹੀ ਇਕ ਬੰਗਾਲੀ ਸੂਰੀਆ ਸੈਨ ਹਨ। ਜਿਹੜੇ ਇਕ ਅਧਿਆਪਕ ਸਨ। ਉਹਨਾਂ ਨੂੰ ਅੰਗਰੇਜ਼ ਹਕੂਮਤ ਨੇ ਫਾਂਸੀ ਤੇ ਟੰਗਿਆ ਸੀ। ਉਹ ਬੰਗਾਲੀ ਇੰਡੀਅਨ ਅਜ਼ਾਦੀ ਘੁਲਾਟੀਏ ਸਨ। ਸੇਨ ਨੇ ਸ਼ਹਿਰ ਚਿਟਾਂਗਾਓ ਨੂੰ ਅੰਗਰੇਜ਼ਾਂ ਤੋਂ ਅਜ਼ਾਦ ਕਰਾਉਣ ਲਈ ਕ੍ਰਾਤੀਕਾਰੀਆਂ ਦਾ ਇਕ ਗਰੁੱਪ ਬਣਾ ਲਿਆ। ਇਸ ਗਰੁੱਪ ਨੇ ਸੇਨ ਦੀ ਅਗਵਾਈ `ਚ 18 ਅਪ੍ਰੈਲ 1930 ਨੂੰ ਪੁਲਿਸ ਦੀ ਇਕ ਟੁਕੜੀ ਨਾਲ ਟੱਕਰ ਲਈ। ਗਰੁੱਪ ਦਾ ਮੰਤਵ ਸਰਕਾਰੀ ਇਮਾਰਤ ਉਤੇ ਅਜ਼ਾਦੀ ਦਾ ਝੰਡਾ ਝੁਲਾਉਣਾ ਸੀ। ਪਰੰਤੂ ਅੰਗਰੇਜ਼ਾਂ ਨੇ ਗਰੁੱਪ ਦੇ ਬਹੁਤ ਸਾਰੇ ਮੈਂਬਰਾਂ ਨੂੰ ਫੜ ਲਿਆ ਪਰ ਸੂਰੀਆ ਸੇਨ ਬਚ ਨਿਕਲਿਆ ਅਤੇ ਜਲਾਲਾਬਾਦ ਦੇ ਜੰਗਲਾਂ `ਚ ਪਨਾਹ ਲੈ ਗਿਆ। ਉਸਦੇ ਬਹੁਤੇ ਸਾਥੀ ਕ੍ਰਾਤੀਕਾਰੀ ਮਾਰੇ ਗਏ। ਪਰ ਤਿੰਨ ਵਰ੍ਹਿਆਂ ਬਾਅਦ ਉਹ ਅੰਗਰੇਜ਼ਾਂ ਦੇ ਹੱਥ ਆ ਗਿਆ। ਉਸ ਉਤੇ ਬੇਇੰਤਹਾ ਤਸ਼ੱਦਦ ਕੀਤਾ ਗਿਆ ਅਤੇ ਫਿਰ ਫਾਂਸੀ ਤੇ ਟੰਗ ਦਿੱਤਾ ਗਿਆ।
-ਗੁਰਮੀਤ ਸਿੰਘ ਪਲਾਹੀ
-9815802070
-
ਗੁਰਮੀਤ ਸਿੰਘ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
+19815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.