ਮੇਰੇ ਪਿੰਡ ਬਸੰਤਕੋਟ ਤੋਂ ਚੰਗੀ ਖ਼ਬਰ ਆਈ ਹੈ
ਉਦੋਂ ਮੈਂ ਅਠਵੀਂ ਚ ਪੜ੍ਹਦਾ ਸੀ ਜਦ ਸਾਡੇ ਪਿੰਡ ਦੀ ਨੌਜਵਾਨ ਸਭਾ ਨੇ 1967 ਚ ਪਹਿਲੀ ਵਾਰ ਪਿੰਡ ਪੱਧਰ ਦੀਆਂ ਖੇਡਾਂ ਕਰਵਾਈਆਂ ਸਨ। ਪ੍ਰਾਇਮਰੀ ਸਕੂਲ ਦੀ ਗਰਾਉਂਡ ਤੇ ਸੰਘੇੜਿਆਂ ਨੂੰ ਜਾਂਦੀ ਸੜਕ ਹੀ ਖੇਡ ਮੈਦਾਨ ਸੀ। ਮੇਰੇ ਵੱਡੇ ਭਾ ਜੀ ਸੁਖਵੰਤ ਸਿੰਘ ਗਿੱਲ ਪਿੰਡ ਦੇ ਨੌਜਵਾਨਾਂ ਦੀਆਂ ਸਰਬ ਪੱਖੀ ਵਿਕਾਸ ਸਰਗਰਮੀਆਂ ਲਈ ਅਗਵਾਈ ਕਰਦੇ ਸਨ। ਪਿੰਡ ਦੇ ਸਰਪੰਚ ਸ: ਰਤਨ ਸਿੰਘ ਸਹਿਯੋਗੀ ਵਤੀਰੇ ਵਾਲੇ ਵਡਾਰੂ ਸਨ। ਬਹੁਤ ਹੀ ਚੰਗੇ ਦਿਨ ਸਨ ਕਿਉਂਕਿ ਪਿੰਡ ‘ਚ ਬਾਲਗ ਸਿੱਖਿਆ ਜਮਾਤਾਂ ਵੀ ਚੱਲਦੀਆਂ, ਨਾਟਕ ਵੀ ਖੇਡੇ ਜਾਂਦੇ। ਉਦੋਂ ਸਾਡੇ ਦੋ ਪਿੰਡਾਂ ਬਸੰਤਕੋਟ ਤੇ ਸ਼ਾਹ ਸ਼ਮਸ ਦੀ ਸਾਂਝੀ ਪੰਚਾਇਤ ਸੀ। ਸਕੂਲ ਵੀ ਇੱਕੋ ਸੀ।
ਪਿੰਡ ਕਾਹਦੇ ਦੋ ਸਨ, ਇੱਕੋ ਹੀ ਸਮਝੋ। ਵਿੱਚੋਂ ਦੀ ਸਿਰਫ਼ ਸੜਕ ਲੰਘਦੀ ਸੀ। ਕਾਗ਼ਜ਼ਾਂ ‘ਚ ਹੀ ਦੋ ਪਿੰਡ ਸਨ। ਦੋਹਾਂ ਪਿੰਡਾਂ ਦੇ ਮੁੰਡੇ ਆਪਸ ਚ ਇਕੱਠੇ ਕਬੱਡੀ ਖੇਡਦੇ, ਜ਼ੋਰ ਕਰਦੇ। ਸਕੂਲੇ ਇੱਕ ਦੂਜੇ ਦੀ ਰੋਟੀ ਖੋਹ ਖੋਹ ਖਾਂਦੇ। ਸੈਮੂਅਲ, ਬਿੰਦਾ, ਰਣਜੀਤ, ਲੱਖਾ, ਸੁਲੱਖਣ ਤੇ ਕਿੰਨੇ ਹੋਰ ਮੁੰਡੇ ਸਾਡੇ ਨਾਲ ਜਾਂ ਅੱਗੇ ਪਿੱਛੇ ਪੜ੍ਹਦੇ। ਕੁਝ ਅਠਵੀਂ ਨਾ ਟੱਪੇ ਕੁਝ ਦਸਵੀਂ।
ਧਿਆਨਪੁਰ ਸਾਡਾ ਸਾਂਝਾ ਹਾਈ ਸਕੂਲ ਸੀ। ਦੀਨ ਸ਼ਾਹ ਦੀ ਕੁੱਲੀ ਵਾਲੇ ਬਾਗ ਚੋਂ ਰਲ਼ ਕੇ ਚੋਰੀ ਅੰਬੀਆਂ ਤੋੜਦੇ। ਖੱਟੀਆਂ ਟੀਟ। ਮੂੰਹ ਪੱਕ ਜਾਂਦੇ ਅੰਬ ਦੇ ਦੁੱਧ ਨਾਲ। ਅੱਖਾਂ ਆ ਜਾਂਦੀਆਂ।
ਖੇਡਾਂ ਲਈ ਇਨਾਮ ਵੰਡਣ ਕੋਈ ਬਾਹਰੋਂ ਨਹੀਂ ਸੀ ਆਉਂਦਾ। ਸਰਪੰਚ ਸਾਹਿਬ ਹੀ ਇਹ ਕੰਮ ਕਰ ਦੇਂਦੇ। ਆਪਣੇ ਪਿੰਡ ਚ ਮੈਂ ਪਹਿਲੇ ਸਿਆਸਤਦਾਨ ਸ: ਨੱਥਾ ਸਿੰਘ ਦਾਲਮ ਵੇਖੇ। ਉਦੋਂ ਐੱਮ ਐੱਲ ਏ ਸਨ। ਆਪਣੇ ਭਰਾ ਬਾਵਾ ਸਿੰਘ ਦੇ ਮੋਟਰ ਸਾਈਕਲ ਮਗਰ ਬਹਿਕੇ ਆਏ ਸਨ। ਪੰਜਾਬੀ ਕਵੀ ਜਸਵੰਤ ਸਿੰਘ ਰਾਹੀ ਵੀ ਸਨ ਸਾਡੇ ਪਿੰਡ ਵਾਲਿਆਂ ਬੁਲਾਏ ਹੋਏ। ਮੌਕਾ ਇਹ ਸੀ ਕਿ ਸਾਡੇ ਪਿੰਡ ਨੂੰ ਉਨ੍ਹਾਂ ਨਹਿਰੀ ਪਾਣੀ ਦਾ ਮੋਘਾ ਲੁਆ ਕੇ ਦਿੱਤਾ ਸੀ। ਪ੍ਰਾਇਮਰੀ ਸਕੂਲੇ ਸਮਾਗਮ ਚ ਅਸੀਂ ਸਭ ਪਿੰਡ ਵਾਲੇ ਤੱਪੜਾਂ ਤੇ ਬੈਠੇ ਸਾਂ। ਭਾਜੀ ਸੁਖਵੰਤ ਦਾ ਹੀ ਪ੍ਰਬੰਧ ਸੀ ਸਾਰਾ ਕਿਉਂਕਿ ਸ: ਨੱਥਾ ਸਿੰਘ ਦਾ ਸਪੁੱਤਰ ਰਾਜਿੰਦਰ ਸਿੰਘ ਮੇਰੇ ਭਾ ਜੀ ਤੋਂ ਪਿੱਛੇ ਬੇਰਿੰਗ ਕਾਲਿਜ ਬਟਾਲੇ ਪੜ੍ਹਦਾ ਸੀ। ਭਾ ਦੀ ਉਸ ਨੂੰ ਪੜ੍ਹਨ ਪੱਖੋਂ ਅਗਵਾਈ ਦਿੰਦੇ ਹੋਣ ਕਾਰਨ ਸ: ਦਾਲਮ ਬਹੁਤ ਪਿਆਰ ਕਰਦੇ ਸਨ।
ਮੈਂ ਭਾਵੇਂ ਬਹੁਤ ਨਿੱਕਾ ਸਾਂ ਪਰ ਮੈਨੂੰ ਇਹ ਪਿੰਡ ਚ ਹੋ ਰਹੀਆਂ ਸਰਗਰਮੀਆਂ ਚੰਗੀਆਂ ਚੰਗੀਆਂ ਲੱਗਦੀਆਂ। ਮੈਂ ਸਭਾ ਦਾ ਹਿੱਸਾ ਨਹੀਂ ਸਾਂ ਪਰ ਮੀਟਿੰਗਜ਼ ਸਾਡੇ ਘਰ ਚ ਹੀ ਹੋਣ ਕਰਕੇ ਸਾਰੇ ਕੁਝ ਤੋਂ ਵਾਕਿਫ਼ ਸਾਂ।
ਸਕੂਲ ਦੀ ਕਾਪੀ ਚ ਹੋਮ ਵਰਕ ਦੀ ਥਾਂ ਮੈਂ ਪਿੰਡ ਸੁਧਾਰ ਕਾਰਜਾਂ ਬਾਰੇ ਕੁਝ ਲਿਖਿਆ ਤਾਂ ਪੜ੍ਹ ਕੇ ਬਹੁਤ ਪਿਆਰ ਕੀਤਾ ਭਾ ਜੀ ਨੇ। ਮੈਨੂੰ ਲੇਖਕ ਹੋਣ ਦਾ ਪਹਿਲਾ ਭੁਲੇਖਾ ਇਸੇ ਲੇਖ ਨੇ ਪਾਇਆ।
ਉਸ ਵੇਲੇ ਸਾਡੇ ਗੁਆਂਢੀ ਤੇ ਮੇਰੇ ਬਾਪੂ ਜੀ ਦੇ ਨਿਕਟ ਸਨੇਹੀ ਸ: ਦਲੀਪ ਸਿੰਘ ਮੈਂਬਰ ਪੰਚਾਇਤ ਸਨ। ਹੁਣ ਉਨ੍ਹਾਂ ਦਾ ਪੋਤਰਾ ਲਖਵਿੰਦਰ ਹੁਣ ਪਿੰਡ ਦਾ ਸਰਪੰਚ ਹੈ। ਸ: ਦਲੀਪ ਸਿੰਘ ਹਮੇਸ਼ਾਂ ਸ: ਸੰਤੋਖ ਸਿੰਘ ਰੰਧਾਵਾ ਦੇ ਪਿਆਰ ਪਾਤਰ ਰਹੇ ਹੁਣ ਸੁਖਜਿੰਦਰ ਸਿੰਘ ਰੰਧਾਵਾ ਨਾਲ ਲਖਵਿੰਦਰ ਦਾ ਸਨੇਹ ਹੈ। ਮੈਨੂੰ ਅੱਜ ਸਵੇਰੇ ਹੀ ਭਾ ਜੀ ਵੱਲੋਂ ਭੇਜੇ ਪੋਸਟਰ ਤੋਂ ਪਤਾ ਲੱਗਾ ਕਿ ਸਾਡੇ ਪਿੰਡ ਚਾਰ ਰੋਜ਼ਾ ਟੂਰਨਾਮੈਂਟ ਦਾ ਆਖਰੀ ਦਿਨ ਹੈ। ਮੰਤਰੀ ਤੇ ਹਲਕਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਇਨਾਮ ਵੰਡਣ ਜਾਣਾ ਹੈ। ਮੈਨੂੰ ਚੰਗਾ ਲੱਗਾ ਕਿ ਐਤਕੀਂ ਪੰਦਰਵਾਂ ਸਾਲਾਨਾ ਟੂਰਨਾਮੈਂਟ ਹੈ। ਪਿੰਡ ਦੀ ਸੋਹਣੀ ਫੁੱਟਬਾਲ ਟੀਮ ਹੈ। ਰੋਜ਼ ਪਰੈਕਟਿਸ ਕਰਦੇ ਨੇ ਨੌਜਵਾਨ।
ਪਿੰਡ ਚੋਂ ਬਦੇਸ਼ਾਂ ਚ ਗਏ ਪੁੱਤਰ ਉਤਸ਼ਾਹਤ ਕਰਦੇ ਹਨ। ਮੈਂ ਆਪਣੇ ਪਿੰਡ ਦੀ ਊਰਜਾ ਤਾਂ ਵਰਤਦਾ ਹਾਂ ਪਰ ਬੀਬੀ ਜੀ ਦੀ ਮੌਤ ਮਗਰੋਂ ਚਾਚੀ ਜੀ ਦੇ ਵਿਛੋੜੇ ਬਾਦ ਪੰਡ ਦੀ ਮਿੱਟੀ ਨਾਲੋਂ ਬੁਰੀ ਤਰ੍ਹਾਂ ਟੁੱਟ ਗਿਆ ਹਾਂ।
ਪਿੰਡੋਂ ਨਿਕਲਿਆਂ ਵੀ ਅੱਧੀ ਸਦੀ ਬੀਤ ਗਈ ਹੈ। 1971 ਤੋਂ 2021 ਹੋ ਗਿਆ।
ਪਿੰਡ ਤੋਂ ਸੋਹਣੀ ਖ਼ਬਰ ਦਿੱਤੀ ਹੈ ਭਾ ਜੀ ਸੁਖਵੰਤ ਨੇ। ਉਹ ਅੱਜ ਇਨਾਮ ਵੰਡ ਸਮਾਗਮ ਵੇਲੇ ਜਾ ਕੇ ਆਏ ਨੇ। ਮੰਤਰੀ ਜੀ ਵੀ ਪਿੰਡ ਆਏ ਸਨ। ਹਰ ਮੰਗ ਪੂਰੀ ਕਰਨ ਦਾ ਵਿਸ਼ਵਾਸ ਦੇ ਗਏ ਹਨ। ਪਹਿਲਾਂ ਚੱਲਦੇ ਵਿਕਾਸ ਕੰਮਾਂ ਦਾ ਰੀਪੋਰਟ ਕਾਰਡ ਪੁੱਛ ਗਏ ਹਨ। ਦੁਵੱਲਾ ਵਿਸ਼ਵਾਸ ਕਾਇਮ ਹੈ, ਕੱਚ ਦੀ ਗੁੰਜਾਇਸ਼ ਨਹੀਂ। ਭਾ ਜੀ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ 15ਵੇਂ ਫੁੱਟਬਾਲ ਟੂਰਨਾਮੈਂਟ ਦਾ ਸੈਮੀਫਾਈਨਲ ਅਤੇ ਫਾਈਨਲ ਮੈਚ ਹੋਇਆ ਸੀ। ਇਸ ਟੂਰਨਾਮੈਂਟ ਵਿੱਚ 45 ਟੀਮਾਂ ਨੇ ਭਾਗ ਲਿਆ। ਫਾਈਨਲ ਮੈਚ ਬਸੰਤ ਕੋਟ ਅਤੇ ਤੇਜਾ ਕਲਾਂ ਦੀਆਂ ਟੀਮਾਂ ਨੇ ਖੇਡਿਆ। ਖੇਡ ਦੇ ਮਿਥੇ ਸਮੇਂ ਵਿੱਚ ਦੋਵੇਂ ਟੀਮਾਂ ਬਰਾਬਰ ਰਹੀਆਂ। ਅੰਤ ਵਿੱਚ ਫੈਸਲਾ ਪੈਨਲਟੀਆਂ ਨਾਲ ਹੋਇਆ ਅਤੇ ਬਸੰਤ ਕੋਟ ਦੀ ਟੀਮ 5-4 ਗੋਲਾਂ ਦੇ ਫ਼ਰਕ ਨਾਲ ਜੇਤੂ ਰਹੀ। ਪੜ੍ਹਨ ਸਾਰ ਮੈਂ ਗੁੜ ਦੀ ਡਲੀ ਮੂੰਹ ਚ ਪਾ ਲਈ ਤੇ ਸੁਰਿੰਦਰ ਕੌਰ ਦਾ ਰੇਡੀਉ ਤੋਂ ਸੁਣਿਆ ਗੀਤ ਚੇਤੇ ਕੀਤਾ।
ਪਾਵੇ!
ਰੱਬਾ ਮੇਰੇ ਪੇਕਿਆਂ ਵੱਲੋਂ, ਸਦਾ ਵਾਅ ਠੰਢੜੀ ਜਹੀ ਆਵੇ।
ਰੱਬ ਸੁੱਖ ਰੱਖੇ, ਅਗਲੇ ਸਾਲ ਪਿੰਡ ਦੇ ਪੁੱਤ ਭਤੀਜਿਆਂ ਨਾਲ ਹੱਥ ਵਟਾਵਾਂਗਾ, ਆਖ਼ਰ ਉਹ ਮੇਰੇ ਪਿੰਡ ਦੀ ਦਸਤਾਰ ਬੇ ਦਾਗ਼ ਰੱਖ ਰਹੇ ਨੇ।
ਗੁਰਭਜਨ ਗਿੱਲ
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ,
gurbhajangill@gmail.com
1111111111
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.